Tuesday, September 1, 2009

ਬਿਨਾਂ ਪਤੇ ਵਾਲਾ ਖ਼ਤ : ਜੁਗਨੀ


ਪੰਜਾਬ -1989

ਜੁਗਨੀ ਹੁਣ ਕਿਤੇ ਨਹੀਂ ਜਾਵੇਗੀ
ਨਾ ਲੁਧਿਆਣੇ, ਨਾ ਪਟਿਆਲੇ, ਨਾ ਬੰਬਈ, ਨਾ ਕਲਕੱਤੇ...
ਉਹ ਤਾਂ ਬੱਸ ਚੁੱਪਚਾਪ
ਆਪਣੇ ਗਰਾਂ ਵੱਲ ਜਾਂਦੇ ਰਾਹ ਪੈ ਜਾਵੇਗੀ......

ਪਿਛਲੀ ਵਾਰ ਵਾਂਗ
ਉਸਦਾ ਸਵਾਗਤ
ਤ੍ਰਿੰਞਣ ਦੀ ਘੂਕਰ
ਜਾਂ ਪੀਂਘ ਦੇ ਹੁਲਾਰੇ ਨਹੀਂ-
ਬਲਕਿ ਘੁਟੇ ਮੀਚੇ ਬੁੱਲ੍ਹ
ਤੇ ਮੱਥੇ ਤੇ ਸ਼ੱਕ ਵਾਂਗ ਚਿਪਕੀਆਂ ਤਿਉੜੀਆਂ ਕਰਨਗੀਆਂ
............................

ਜੁਗਨੀ ਨੂੰ ਕਦੇ ਸਮਝ ਨਹੀਂ ਲੱਗਣੀ
ਕਿ ਕਿਉਂ
ਦਿੱਲੀ, ਪੰਜਾਬ, ਅੰਬਰਸਰ
ਕੌਮੀ ਏਕਤਾ ਦੀਆਂ ਇਬਾਰਤਾਂ ਨੇ !

ਉਹ ਜਦ ਦੇਖੇਗੀ
ਕਿ ਜਿਸ ਪਿੰਡ ਬਹਿ ਉਹ ਸਾਂਈ ਦਾ ਨਾਮ ਲੈਂਦੀ ਸੀ
ਉਸ ਪਿੰਡ ਦੀ ਹੱਡਾਰੇੜੀ
ਘਰਾਂ ਦੀਆਂ ਬਰੂਹਾਂ ਤੱਕ ਵਧ ਆਈ ਹੈ
ਤੇ ਗਿਰਝਾਂ ਦੇ ਖੰਭਾਂ ਦੀ ਛਾਂ ਹੇਠ
ਪਿੰਡ ਸਹਿਕ ਰਿਹਾ ਹੈ
ਤਾਂ ਉਹਦਾ ਦਮ ਘੁਟਣ ਲੱਗ ਜਾਵੇਗਾ

ਉਹਦੇ ਲਈ ਅਚੰਭਾ ਹੋਵੇਗਾ
-ਕਿ ਜਿਹੜੇ ਖ਼ਤਾਂ ਦੇ ਆਉਣ ਤੇ
ਈਦ ਮਨਾਈ ਜਾਂਦੀ ਸੀ
ਉਹ ਹੁਣ ਕਿਉਂ ਪਾਟੀਆਂ ਚਿੱਠੀਆਂ ਬਣ ਆਉਂਦੇ ਨੇ
ਤੇ ਘਰ-ਘਰ ਸੋਗੀ ਤ੍ਰੇਲ ਜਮਾ ਦਿੰਦੇ ਨੇ
-ਕਿ ਬੰਦਾ ਬੰਦੇ ਨੂੰ ਲਕੀਰਾਂ ਦੇ ਆਰ-ਪਾਰ
ਕਿਉਂ ਜਲਾਵਤਨ ਕਰੀ ਰੱਖਦਾ ਹਉਂ
-ਕਿ ਮਾਸ ਖਾਣ ਵਾਲੇ ਪਰਿੰਦਿਆਂ ਦੇ
ਆਲ੍ਹਣੇ ਕਿਉਂ ਧੁਆਂਖੀਆਂ ਕੰਧੋਲੀਆਂ ਉਪਰ ਬਣੇ
ਮੋਰ ਚਿੜੀਆਂ ਵੈਣ ਪਾਉਂਦੇ ਨੇ

ਤੇ ਕਿਉਂ ਜਦੋਂ ਦਾ 'ਜਾਗਰ'
ਦਿਨ ਦਿਹਾੜੇ ਛਾਨਣੀ ਹੋਇਆ ਹੈ
ਬੁੱਢੇ ਬਰੋਟੇ ਦੀਆਂ ਦਾਹੜੀਆਂ ਨਾਲ ਲਮਕਣ
ਕੋਈ ਜੁਆਕ ਨਹੀਂ ਆਉਂਦਾ।

ਜੁਗਨੀ ਪਿੰਡ ਦੀ ਸੁੰਨੀ ਸੱਥ 'ਚ ਪਲੋਅ
ਗੁੰਮ ਸੁੰਮ ਤੁਰਦੇ ਫਿਰਦੇ ਬੁੱਤਾਂ ਉਪਰੋਂ
ਸੋਗੀ ਰੁੱਤ ਦੀ ਪਤਝੜ ਲੰਘਦੀ ਵੇਖੇਗੀ
ਕਿਸੇ ਪਰਿੰਦੇ ਦੀ ਫੜਫੜਾਹਟ
ਕਿਸੇ ਕੂਕ ਨੂੰ ਤਰਸੇਗੀ.....
ਕਿਸੇ ਰੰਧ ਦੀ ਧੁੱਦਲ 'ਚੋਂ
ਗੱਡਿਆਂ ਦੀ ਚੀਂ ਚੀਂ
ਜਾਂ ਕਿਸੇ ਪਿੜ 'ਚੋਂ
ਢੋਲੇ, ਮਾਹੀਏ, ਗਿੱਧੇ, ਭੰਗੜੇ ਲੱਭੇਗੀ
ਪਰ ਉਸਦੀ ਮੁੱਠੀ 'ਚ
ਲਾਲ ਵੰਗਾਂ ਦੇ ਟੁਕੜਿਆਂ ਦੇ ਸਿਵਾਏ
ਕੁਝ ਨਹੀਂ ਆਉਣਾ.......।

ਜੁਗਨੀ ਕਿਤੇ ਨਹੀਂ ਜਾਵੇਗੀ
ਉਹ ਤਾਂ ਕਿਸੇ ਸੜਕ ਕਿਨਾਰੇ ਖਲੋਤੀ
ਉਲਝ ਜਾਵੇਗੀ
ਉਨ੍ਹਾਂ ਲਹੂ ਦੀਆਂ ਪੈੜਾਂ ਵਿੱਚ
ਜੋ ਕਿਸੇ 'ਸ਼ਾਤੀ-ਮਾਰਚ' ਦੇ ਗੁਜਰਨ ਪਿੱਛੋਂ
ਖੁਦ ਜਾਂਦੀਆਂ ਨੇ ਸੜਕ ਦੀ ਹਿੱਕ ਤੇ।
ਜਾਂ ਫਿਰ ਉਹ ਤੱਕੇਗੀ
ਕਿ ਕਿਵੇਂ ਛੋਟੀਆਂ ਬੱਚੀਆਂ ਦੇ
'ਘਰ ਘਰ' ਖੇਡਦਿਆਂ ਤੋਂ
ਉਨ੍ਹਾਂ ਦੇ ਪਟੋਲਿਆਂ ਉਪਰੋਂ
ਲੰਘ ਜਾਂਦਾ ਹੈ
ਇੱਕ ਫੌਜੀ ਟਰੱਕ ਦਾ ਟਾਇਰ.....!

ਤੇ ਫਿਰ ਜੁਗਨੀ
ਜ਼ਿਹਨ ਦੇ ਕਿਸੇ ਉਜਾੜ ਖੂਹ ਦੀ
ਮੌਣ ਤੇ ਬਹਿ
ਜੰਗਾਲੀ ਚਾਨਣੀ 'ਚ
ਮਰਸੀਏ ਗਾ
ਉਸ ਉਦਾਸੇ ਖੂਹ 'ਚ
ਪੀੜਾਂ ਦੀਆਂ ਪੌੜੀਆਂ ਉੱਤਰ ਜਾਵੇਗੀ
ਤੇ ਕਿਸੇ ਚਾਨਣ ਦੀ ਛਿੱਟ ਨੂੰ ਉਡੀਕੇਗੀ
.........................
ਜੁਗਨੀ ਕਿਤੇ ਨਹੀਂ ਜਾਵੇਗੀ
ਨਾ ਲੁਧਿਆਣੇ, ਨਾ ਪਟਿਆਲੇ, ਨਾ ਬੰਬਈ, ਨਾ ਕਲਕੱਤੇ.....

ਬਿਨਾਂ ਪਤੇ ਵਾਲਾ ਖ਼ਤ : ਮਨ ਅੰਤਰ ਕੀ ਪੀੜ

80 ਦੇ ਦਹਾਕੇ ਦੇ ਇੱਕ ਦਿਨ

ਪੰਜ ਸਾਲ ਦਾ ਛੋਟਾ ਪੁੱਤਰ
ਰੇਡੀਓ ਤੋਂ ਖ਼ਬਰਾਂ ਸੁਣਦਾ ਸੁਣਦਾ
ਉਸ ਤੋਂ ਧਰਮ ਦਾ ਅਰਥ ਪੁੱਛਦਾ ਹੈ
ਧਰਮ ਬਦਲੀ ਦਾ -
ਹਿਜਰਤ ਦਾ -
ਪੱਗ ਤੇ ਬੋਦੀ ਦਾ ਅਰਥ ਪੁੱਛਦਾ ਹੈ।
ਜਵਾਬ ਦਿੰਦਾ ਦਿੰਦਾ ਉਹ
ਗੋਡੇ ਗੋਡੇ ਜ਼ਮੀਨ 'ਚ ਧੱਸ ਜਾਂਦਾ ਹੈ

ਰ ਰਸੋਈ 'ਚ ਆਟਾ ਗੁੰਨ੍ਹਦੀ
ਉਸ ਦੀ ਘਰਵਾਲੀ
ਆਟੇ ਲਿੱਬੜੇ ਹੱਥਾਂ ਨਾਲ
ਖ਼ਬਰ ਦੇ ਵੈਣ ਸੁਣ
ਤ੍ਰਭਕੀ ਹੋਈ
ਕਮਰੇ 'ਚ ਪਹੁੰਚਦੀ ਹੈ
ਫਟਾ ਫਟ ਟੈਲੀਵੀਜ਼ਨ ਬੰਦ ਕਰਦਾ ਉਹ
ਲੱਕ ਲੱਕ ਜ਼ਮੀਨ 'ਚ ਗੱਡਿਆ ਜਾਂਦਾ ਹੈ

ਰ ਟੁੱਟੇ ਮੰਜੇ ਤੇ ਬੈਠੀ
ਨਿਗ੍ਹਾ ਵਿਹੂਣੀ ਮਾਂ
ਪੈੜ-ਚਾਲ ਪਛਾਣਦੀ ਹੈ
ਡੰਗੋਰੀ ਟੋਂਹਦੀ ਹੈ
ਪੁੱਛਦੀ ਹੈ -
ਪੁੱਤ ਸ਼ਹਿਰ ਦਾ ਕੀ ਹਾਲ ਹੈ ?
ਉਸਨੂੰ ਜਵਾਬ ਨਹੀਂ ਔੜਦਾ
ਬੇਆਵਾਜ਼ ਹੋ ਜਾਂਦਾ ਹੈ
ਤੇ ਗਲ ਤੱਕ ਜ਼ਮੀਨ 'ਚ ਧੱਸ ਜਾਂਦਾ ਹੈ।

ਬਿਨਾਂ ਪਤੇ ਵਾਲਾ ਖ਼ਤ : ਤੇਰਾ ਸ਼ਹਿਰ

ਵੇ ਸੱਜਣਾ ਸ਼ਹਿਰ ਤੇਰਾ ਸੀ....
ਵੇ ਹਾਕਮ ਕਹਿਰ ਤੇਰਾ ਸੀ....
ਜਾਮ ਵਿੱਚ ਰੱਤ ਸੀ ਮੇਰਾ
ਤੇ ਸੱਜਣਾ ਜਸ਼ਨ ਤੇਰਾ ਸੀ
ਜੇ ਗੱਲ ਕੁਝ ਵੀ ਨਹੀਂ ਸੀ
ਤਾਂ ਸ਼ਹਿਰ ਦੀ ਫਿਜ਼ਾ ਕਿਉਂ ਰੋਈ

ਵੇ ਸੱਜਣਾ ਸ਼ਹਿਰ ਤੇਰੇ ਵਿੱਚ
ਦੇਖੀ ਅਜਬ ਅਣਹੋਣੀ
ਕਿ ਚਾਵਾਂ ਤੇ ਮਲਾਰਾਂ ਨਾਲ ਪਾਲੇ
ਚੰਨ ਦੇ ਟੋਟੇ ਲਈ
ਸੁਲਘਦੇ ਘਰਾਂ ਵਿਚੋਂ ਸਹਿਕਦੀ

ਇੱਕ ਮਾਂ ਦੀ ਅਰਜ਼ੋਈ
ਜੇ ਗੱਲ ਕੁਝ ਵੀ ਨਹੀਂ ਸੀ.....

ਵੇ ਅੱਜ ਹਥਿਆਰ ਆਪਣੇ ਫਲਾਂ ਤੋਂ
ਮਾਸੂਮ ਨਾਂ ਪੜ੍ਹਕੇ
ਬੜੇ ਸਹਿਮੇ ਨੇ, ਪੁਛਦੇ ਫਿਰਦੇ ਨੇ
ਹਰ ਇੱਕ ਨੂੰ ਫੜ ਫੜ ਕੇ
ਉਨ੍ਹਾਂ ਤੋਂ ਕਿਉਂ, ਕਿਵੇਂ, ਕਿੱਥੇ,
ਤੇ ਕੀ ਕਰਵਾ ਗਿਆ ਕੋਈ ?
ਜੇ ਗੱਲ ਕੁਝ ਵੀ ਨਹੀਂ ਸੀ......

ਡੰਗੋਰੀ ਕਿਸੇ ਦੀ ਟੁੱਟੀ
ਕਿਸੇ ਦੇ ਖੁਰ ਗਏ ਸਭ ਚਾਅ
ਵੇ ਸੱਜਣਾ ਸ਼ਹਿਰ ਤੇਰੇ ਵਿੱਚ
ਵਗੀ ਇਹ ਕੈਸੀ ਚੰਦੋਰੀ ਵਾ
ਉਡਾ ਕੇ ਲੈ ਗਈ
ਧੀਆਂ ਭੈਣਾਂ ਦੀ ਇੱਜ਼ਤ ਦੀ ਲੋਈ
ਜੇ ਗੱਲ ਕੁਝ ਵੀ ਨਹੀਂ ਸੀ.....

ਵੇ ਇਹ ਦਸਤੂਰ ਕੀ ਹੋਇਆ
ਤੇ ਹੈ ਕਿਹੜੀ ਵਫ਼ਾ ਸੱਜਣਾ
ਕਿ ਪਹਿਲਾਂ ਕਤਲ ਕਰ ਦੇਣਾ
ਫੇਰ ਸੱਥਰ ਤੇ ਆ ਬਹਿਣਾ,
ਤੇ ਫਿਰ ਮਸੂਮੀਅਤ ਦੇ ਨਾਲ ਪੁੱਛਣਾ
ਗੱਲ ਕੀ ਹੋਈ।
ਜੇ ਗੱਲ ਕੁਝ ਵੀ ਨਹੀਂ ਸੀ......

ਬਿਨਾਂ ਪਤੇ ਵਾਲਾ ਖ਼ਤ : ਜਿਗਰੇ ਵਾਲੀ

ਉਸਨੇ ਆਪਣੇ ਆਲ੧
ਤੀਲਾ ਤੀਲਾ ਹੁੰਦੇ ਜਰਿਆ ਸੀ.......
-ਉਸਨੇ ਵਹਿਸ਼ਤ ਦੇ ਦਰਿਆ ਵਿੱਚ
ਰੁੜ੍ਹਦੇ ਵੇਖੇ ਸਨ
ਆਪਣੇ ਬੱਚੇ, ਆਪਣਾ ਘਰ
-ਕਿ ਉਸਦੇ ਹੋਣ ਵਾਲੇ ਬੱਚੇ ਦੇ
ਬਾਪ ਦੀ ਚਰਬੀ ਨਾਲ
ਕਿਸੇ ਸੜਕ ਕਿਨਾਰੇ
'ਕਿਸੇ' ਨੇ ਹੱਥ ਸੇਕ ਲਏ ਸਨ....।
-ਕਿ ਉਸਦੀਆਂ ਖਿਲਰੀਆਂ ਲਿਟਾਂ 'ਚ
ਹਾਲੇ ਤੱਕ ਘਾਹ ਦੀ ਤਿੜਾਂ ਅਟਕੀਆਂ ਨੇ !!
-ਕਿ ਉਸਨੇ ਆਪਣੇ ਸ਼ਹਿਰ 'ਚ
ਆਪਣੀ ਖ਼ਾਤਿਰ
ਆਪਣਿਆਂ ਵੱਲੋਂ
ਤੇ 'ਆਪਣਿਆਂ' ਕਰਕੇ
ਲਾਏ ਗਏ ਸ਼ਰਨਾਰਥੀ ਕੈਂਪ ਦੇ ਟੁੱਕਰ ਖਾਧੇ ਸਨ.......
-ਕਿ ਉਸਦੀ ਚੁੰਨੀ
ਉਸਦੇ ਆਪਣੇ ਮਹਾਂਨਗਰ ਦੀਆਂ
ਸੜਕਾਂ ਦੀ ਲੁੱਕ ਵਿੱਚ
ਜੰਮੀ ਰਹਿ ਗਈ ਸੀ.......

ਪਰ ਉਸਨੇ
ਹਾਲਾਤਾਂ ਦੇ ਵਾਵਰੋਲੇ ਮਗਰੋਂ ਬਚੇ-
ਆਪਣੇ ਇੱਕੋ ਇੱਕ ਬੱਚੇ ਨੂੰ
ਬੰਦੂਕ ਨਹੀਂ
ਕਲਮ ਫੜਾਈ ਏ......।

ਕਿ ਉਹ ਬੜੀ ਜਿਗਰੇ ਵਾਲੀ ਏ।

ਬਿਨਾਂ ਪਤੇ ਵਾਲਾ ਖ਼ਤ : ਹਾਦਸੇ

ਲੋਕ ਉਦਾਸ ਨੇ
ਕਲਮਾਂ ਉਦਾਸ ਨੇ
ਨਜ਼ਮਾਂ ਉਦਾਸ ਨੇ.....

ਮੇਰੇ ਗਰਾਂ ਅੱਜ ਕੱਲ
ਹਾਦਸਿਆਂ ਦੀ
ਰੇਤ ਦਾ ਝੱਖੜ ਝੁਲਦਾ ਹੈ.....।
ਹਾਦਸੇ
ਜੋ ਕਿ ਹਾਲਾਤ ਤੋਂ ਟੁੱਟ ਕੇ ਡਿਗਦੇ
੍ਵਕਾਲਖ਼ ਤੇ ਟੁਕੜੇ ਨੇ
ਹਾਦਸੇ
ਜੋ ਕਿ ਸੁੰਨੀਆਂ ਅੱਖਾਂ 'ਚੋਂ ਸਿੰਮਦੇ
ਸੰਧੂਰੀ ਕਤਰੇ ਨੇ -
ਦਰਖ਼ਤਾਂ ਦੇ ਪੱਤਿਆਂ 'ਚੋਂ -
ਭੂਤ ਸੀਟੀਆਂ ਮਾਰਦੇ ਨੇ,
ਗਲੀਆਂ 'ਚ ਸਰਕਾਰੀ ਸਾਹਨਾਂ ਵਾਂਗ ਹੌਂਕਦੇ ਨੇ।
ਸੁੰਨੀਆਂ ਗਲੀਆਂ 'ਚ ਕੁੱਤਿਆਂ ਵਾਂਗ ਭੌਂਕਦੇ ਨੇ।
ਵੈਣ ਬਣ ਪੀੜ ਤਰੌਂਕਦੇ ਨੇ
ਤੇ
ਬੰਦ ਬੂਹਿਆਂ ਦੀਆਂ ਝੀਥਾਂ ਵਿੱਚੋਂ ਦੀ ਵੀ
ਸੱਪਾਂ ਵਾਂਗ ਅੰਦਰ ਸਰਕ ਆਉਂਦੇ ਨੇ.....!!
.........................
ਜਦੋਂ
ਸ਼ਹਿਰ ਤੇ ਬੰਬ ਡਿੱਗਦੇ ਨੇ
ਤਾਂ ਪਿੱਤਲ ਇਕੱਲਾ ਕਰਨਾ
ਲੋਕਾਂ ਦਾ ਸ਼ੌਕ ਨਹੀਂ
ਧੰਦਾ ਹੋ ਨਿਬੜਦਾ ਹੈ.......।
ਹਾਦਸਿਆਂ ਨੂੰ
ਦਿਲਾਂ ਨਾਲ
ਰਿਸ਼ਤਿਆਂ ਨਾਲ
ਜਾਂ ਪੁੜਪੁੜੀਆਂ ਨਾਲ
ਕੋਈ ਵਾਸਤਾ ਨਹੀਂ ਹੁੰਦਾ।
ਉਹ ਤਾਂ 'ਸੈਕੂਲਰ' ਹੁੰਦੇ ਨੇ.....।
ਉਹ ਰੁੱਤਾਂ ਵਾਂਗ ਆਉਂਦੇ ਨੇ
ਤੇ ਬਦਲਦੇ ਨੇ.......

ਜੇ ਕਰਨਾ ਏ ਜ਼ਿਆਦਾ ਪਤਾ
ਮੇਰੇ ਗਰਾਂ ਦੇ ਕਿਸੇ
ਮਾਸੂਮ ਬੱਚੇ ਕੋਲੋਂ ਪੁੱਛਣਾ
(ਬਾਕੀ ਸਭ ਦੇ ਬੁੱਲ੍ਹਾਂ ਤੇ ਚਿਪਕੇ ਹੋਏ ਨੇ ਹਾਦਸੇ)
ਉਹ ਬੱਚਾ ਹੀ ਤੁਹਾਨੂੰ ਸਮਝਾ ਦੇਵੇਗਾ
ਕਿਸੇ 'ਪਟਾਖੇ' ਤੇ 'ਗੋਲੀ' ਦੀ ਆਵਾਜ਼ ਦਾ ਫ਼ਰਕ.........
ਖੈਰ!
ਹੁਣ ਤਾਂ ਬਹੁਤ ਬਦਲ ਗਏ ਨੇ
ਹਾਦਸਿਆਂ ਦੇ ਅਰਥ -
ਕੇਰਾਂ ਜਿਹੇ ਬਾਪੂ ਦੱਸਦਾ ਸੀ
ਵੱਢ ਖਾਣੇ ਕੇ ਬੰਤ ਦੇ
ਸਰਪੰਚ ਨੇ ਚਪੇੜ ਮਾਰੀ ਸੀ
ਤਾਂ ਪਿੰਡ ਲਈ ਇਹ ਬਹੁਤ ਵੱਡਾ ਹਾਦਸਾ ਸੀ।
ਹੁਣ ਹਰ ਘਰ ਦਾ
ਹਾਦਸਿਆਂ ਦਾ 'ਰਾਸ਼ਨ ਕਾਰਡ' ਬਣ ਗਿਆ ਏ
ਤਾਂ ਕੋਈ ਅਚੰਭੇ ਵਾਲੀ ਗੱਲ ਨਹੀਂ......।

ਹੁਣ ਮੇਰੇ ਗਰਾਂ
ਸਿਰਫ਼ ਦੋ ਤਰ੍ਹਾਂ ਦੇ ਲੋਕ ਬਚੇ ਨੇ
ਇਕ ਉਹ
ਜਿਨ੍ਹਾਂ ਨਾਲ ਹਾਦਸਾ 'ਹੋ ਚੁੱਕਾ' ਹੈ
ਤੇ ਇਕ ਉਹ
ਜਿਨ੍ਹਾਂ ਨਾਲ ਹਾਦਸਾ 'ਹੋਣ ਵਾਲਾ' ਏ।

ਹੁਣ ਤਾਂ ਪਛਾਣਾਂ ਤੇ ਵੀ
ਹਾਦਸਿਆਂ ਦੀ ਉੱਲੀ ਚੜ੍ਹੀ ਹੈ
ਤੇ ਨਕਾਬਪੋਸ਼ੀ ਦੀ ਰੁੱਤ ਉੱਤਰ ਆਈ ਹੈ
ਤੇ ਜਦੋਂ ਦਾ ਅਸੀਂ ਕੰਧਾਂ 'ਚੋਂ ਦੀ
ਸੁਨਣਾ ਸਿੱਖ ਲਿਆ ਹੈ
ਦੋਸਤੀਆਂ ਦੇ ਵੀ ਹਾਦਸੇ ਵੀ ਹੋ ਗਏ ਨੇ
ਤੇ ਹਰ ਦਿਲ ਉੱਪਰ ਜੰਮ ਗਿਆ ਹੈ
ਇੱਕ ਬਰਫ਼ ਵਰਗਾ ਹਾਦਸਾ........।

ਲੋਕ ਉਦਾਸ ਨੇ
ਕਲਮਾਂ ਉਦਾਸ ਨੇ
ਨਜ਼ਮਾਂ ਉਦਾਸ ਨੇ

ਬਿਨਾਂ ਪਤੇ ਵਾਲਾ ਖ਼ਤ : ਇੱਕ ਸਵੇਰ

ਸਵੇਰੇ ਪੰਜ ਵਜੇ :
ਬੂਹੇ ਹੇਠੋਂ ਸਰਕਦੀ ਹੈ
ਅਖ਼ਬਾਰ ਦੀ ਕਲੱਤਣ
ਕਮਰੇ 'ਚ ਫੈਲ ਜਾਂਦੀ ਹੈ
ਲਹੂ ਦੇ ਛੱਪੜ ਵਰਗੀ ਕੁੜੱਤਣ।

ਸਵੇਰੇ ਛੇ ਵਜੇ :
ਰਸੋਈ 'ਚ ਚਾਹ ਬਣਦੀ ਹੈ,
ਉਸ ਛੱਪੜ ਵਿੱਚ ਦੀ
ਛਲੱਪ-ਛਲੱਪ ਕਰਦੀ
ਪੈਰ ਪੁੱਟਦੀ
ਮੇਜ ਤੇ ਆ ਟਿਕਦੀ ਹੈ.....।

ਸਵੇਰੇ ਸੱਤ ਵਜੇ :
ਡਰਾਇੰਗ ਰੂਮ 'ਚ
ਮੈਂ ਤੇ ਦੋਸਤ ਗੱਲੀਂ ਲੱਗੇ ਹਾਂ
ਟੈਲੀਵਿਜ਼ਨ 'ਚ ਖ਼ਬਰਾਂ ਸ਼ੁਰੂ ਹੁੰਦੀਆਂ ਨੇ......
ਲੋਥਾਂ ਦੇ ਜੰਗਲ 'ਚ
ਵਤਨ ਦੀ ਕੋਈ ਧੀ
ਕਿਸੇ ਬੰਬ ਸਰਾਹਣੇ ਬੈਠੀ
ਵੈਣ ਪਿੱਟ ਰਹੀ ਹੈ।

ਮੇਰਾ ਦੋਸਤ ਰਿਮੋਟ ਚੁੱਕਦਾ ਹੈ
ਆਵਾਜ਼ ਮੱਧਮ ਕਰਦਾ ਹੈ।
ਅਸੀਂ ਚਾਹ ਦੀ ਚੁਸਕੀ ਭਰਦੇ ਹਾਂ
ਤੇ ਮੇਰਾ ਦੋਸਤ
ਮੈਨੂੰ ਸੁਣਾਉਣ ਲੱਗ ਜਾਂਦਾ ਹੈ
ਇੱਕ ਤਾਜ਼ਾ ਮਸਾਲੇਦਾਰ ਚੁਟਕਲਾ......!

ਬਿਨਾਂ ਪਤੇ ਵਾਲਾ ਖ਼ਤ : ਸੋਗੀ ਸ਼ਹਿਰ

ਰੂਹ ਦੀ ਹਰ ਗਲੀ ਸੁੰਨਸਾਨ
ਲਗਦਾ ਸ਼ਹਿਰ ਬੀਆਬਾਨ
ਹਰ ਇੱਕ ਘਰ ਜੀਹਦਾ ਵੀਰਾਨ
ਦਿੰਦੀ ਮੌਤ ਜਿਉਂਦੇ ਬਿਆਨ

ਜਵਾਨੀ ਦਾ ਉਹ ਹੋਇਆ ਘਾਣ
ਵਿਕਿਆ ਕੌਡੀਆਂ ਦੇ ਭਾਅ ਮਾਣ
ਹਰ ਹੱਥ ਭੁੱਖੀ ਉਹ ਕਿਰਪਾਣ
ਜਿਸਤੇ ਸੁਰਖ਼ ਜ਼ਹਿਰੀ ਪਾਣ

ਹਰ ਦਿਲ ਵੱਸਿਆ ਇੱਕ ਤੂਫ਼ਾਨ
ਜਿਉਣਾ ਮੌਤ ਦਾ ਅਹਿਸਾਨ
ਬਚੀ ਕਪੜੇ ਦੀ ਇੱਕ ਦੁਕਾਨ
ਓਸ ਵਿੱਚ ਸਿਰਫ਼ ਚਿੱਟੇ ਥਾਨ