ਮੈਪਲ ਦੇ ਪੱਤਿਆਂ ਵਿਚਦੀ
ਦਿਸਦਾ ਹੈ ਡਿਕਸੀ ਗੁਰੂ ਘਰ ਦਾ ਸੁਨਹਿਰਾ ਗੁੰਬਦ
ਮਿਸੀਸਾਗਾ ਦਾ ਓਨਟਾਰੀਓ ਖਾਲਸਾ ਦਰਬਾਰ
ਬਾਹਰ ਬੈਠੇ ਨੇ ਸੀਮੈਂਟੀ ਸ਼ੇਰ
ਹਰੇਕ ਵੀਕਐਂਡ ਨੂੰ
ਵੱਡੀਆਂ ਵੱਡੀਆਂ ਕਾਰਾਂ 'ਚੋਂ ਨਿਕਲਦੇ
ਪੂਰੇ ਗੁਰਸਿੱਖ ਨਿਤਨੇਮੀ
ਕਲੀਨ ਸ਼ੇਵ ਗੋਰੇ ਚਿੱਟੇ ਵੀ
ਤੇ ਪੂਰਨ ਗੁਰਸਿੱਖ ਗੱਭਰੂ ਵੀ
ਤਿੰਨ ਲੱਤੇ ਬੁੱਢੇ ਬੁੱਢੀਆਂ ਵੀ
ਤੇ ਤਿਤਲੀਆਂ ਵਰਗੇ ਨਿਆਣੇ ਵੀ
ਗੁਰਮੁਖ ਸਿਆਣੇ ਵੀ....
ਦੁੱਖ ਸੁੱਖ ਕਰਨ
ਰਗੜਨ ਨੱਕ
ਕਰਨ ਅਰਦਾਸਾਂ ਕਮਾਈ 'ਚ ਵਾਧੇ ਦੀਆਂ
ਭਰਨ ਜੇਬ੍ਹਾਂ ਪੰਜਾਬੋਂ ਗਏ ਰਾਗੀਆਂ ਦੀਆਂ।
ਲੰਗਰ ਹਾਲ 'ਚ ਲੱਗੀਆਂ ਸ਼ਹੀਦਾਂ ਦੀਆਂ ਫੋਟੋਆਂ
ਪ੍ਰਸ਼ਾਦ ਲੈਣ ਤੋਂ ਪਹਿਲਾਂ ਕਲੀਨਿਕਸ ਹੈ
ਸੰਗਮਰਮਰੀ ਰਹਿਮਤ ਹੈ।
ਲੰਗਰ ਚਲਦੇ ਅਤੁੱਟ
ਲੰਗਰ ਗੁਰਬਾਣੀ ਦੇ,
ਲੰਗਰ ਕੀਰਤਨ ਦੇ
ਲੰਗਰ ਹਰਮੋਨੀਅਮ ਤਬਲੇ ਦੇ
ਲੰਗਰ ਰੱਬੀ ਰਹਿਮਤ ਦੇ।
ਨਿੱਕੀ ਨਿੱਕੀ ਕਣੀ ਦਾ ਮੀਂਹ ਪਿਆ ਪੈਂਦਾ
ਡਾਲਰ ਡਾਲਰ, ਕਿਣਕਾ ਕਿਣਕਾ
ਵਰ੍ਹਦੀ ਰਹੀ ਤੇ ਵਰ੍ਹਦੀ ਰਹਿਣੀ
ਇਵੇਂ ਹੀ ਸ਼ਰਧਾ....।
ਪੰਜਾਬੀਆਂ ਸਿਰਜ ਲਿਆ ਇਥੇ ਵੀ
ਘਰ ਬਾਬੇ ਨਾਨਕ ਦਾ
ਇੱਟ ਇੱਟ ਏਕੜ ਏਕੜ....।
ਰੋੜਾਂ ਵਾਲੀ ਧਰਤੀ 'ਤੇ
ਉਗਾ ਲਿਆ ਸੂਹਾ ਗੁਲਾਬ।
(ਮੈਪਲ-ਕਨੇਡਾ ਦਾ ਰੁੱਖ, ਜਿਸ ਦਾ ਪੱਤਾ ਰਾਸ਼ਟਰੀ ਚਿੰਨ੍ਹ ਹੈ।)
(ਕਲੀਨਿਕਸ-ਹੱਥ ਪੂੰਝਣ ਲਈ ਕਾਗਜ਼ੀ ਰੁਮਾਲ।)
Subscribe to:
Post Comments (Atom)
No comments:
Post a Comment