Monday, October 12, 2009

ਕੂੰਜਾਂ : ਭੂਆ ਕੇ ਫੋਨ


(ਬਲਰਾਜ ਦੀ ਜ਼ੁਬਾਨੀ, ਮਾਲਟਨ)
ਵੈਸੇ ਤਾਂ ਆਪ ਹੀ ਕਰੀਦਾ,
ਪਰ ਅੱਜ
ਪਿੰਡੋਂ ਫੋਨ ਆਇਆ ਹੈ
-ਜੰਟਿਆ ਫੋਨ ਕਰੀਂ, ਭੂਆ ਕੇ.... ਜ਼ਰੂਰੀ ਹੈ।'

ਫੋਨ ਕਾਹਦਾ
ਮਨ ਵਿੱਚ ਚੱਲ ਪੈਂਦੀ ਫਿਲਮ
-ਨਿੱਕੀ ਮੰਗੀ ਹੋਈ ਸੀ
ਉਹਦਾ ਵਿਆਹ ਤਾਂ ਨੀ
ਮੰਗ ਲਿਆ ਹੋਊ ਅਗਲਿਆਂ।
-ਬੇਬੇ ਤਾਂ ਠੀਕ ਹੀ ਸੀ
-ਫੱਤਾ ਵੀ ਦਸਵੀਂ 'ਚ ਏ
ਕਾਲਜ ਤਾਂ ਹਾਲੇ ਦੂਰ ਦੀ ਗੱਲ ਏ।
-ਨਾਲ ਵਾਲੇ ਦੋ ਕਿੱਲੇ ਤਾਂ ਪਿਛਲੇ ਸਾਲ ਲੈ ਲਏ ਸਨ
ਨਾਲੇ ਪੈਲੀ ਤਾਂ ਹੈ ਵੀ ਠੇਕੇ 'ਤੇ।
-ਕਿਤੇ ਛੋਟਾ ਭਿੰਦਰ
ਚੜ੍ਹ ਨਾ ਗਿਆ ਹੋਵੇ ਕਿਸੇ ਏਜੰਟ ਦੇ ਢੇਕੇ।

ਪਿੰਡੋਂ ਆਏ ਹਰ ਅਜਿਹੇ ਫੋਨ 'ਤੇ
ਅਕਸਰ ਲਗਦਾ, ਇਹੀ ਕਹਿਣਗੇ
-ਪੈਸੇ ਘਲਾਈਂ ਮਾੜੇ ਜਿਹੇ ....।'

ਮਨ ਵਿਚ ਫਿਲਮ ਬੜੀ ਤੇਜ਼ੀ ਨਾਲ ਚਲਦੀ ਹੈ।
ਨਹੀਂ ਨਹੀਂ, ਹੋਰ ਵੀ ਕੋਈ ਕਾਰਨ ਹੋ ਸਕਦਾ।
-ਵੱਡਾ ਪ੍ਰਾਹੁਣਾ ਬਾਹਲੀ ਪੀਣ ਲੱਗ ਗਿਆ ਸੀ
ਕੋਈ ਚੰਦ ਨਾ ਚਾੜ੍ਹ ਲਿਆ ਹੋਵੇ।
-ਪਸ਼ੂ ਡੰਗਰ ਨਾ ਕੋਈ ਭੁਗਤ ਗਿਆ ਹੋਵੇ।
-ਕਿਤੇ ਕੋਈ ਐਕਸੀਡੈਂਟ ਨਾ ਹੋ ਗਿਆ ਹੋਵੇ।

ਫਿਰ ਇਕ ਦਮ ਮਨ ਵਿੱਚ ਆਉਂਦਾ ਖਿਆਲ
ਕਿ ਬੀਬੀ ਹੁਰਾਂ ਦੇ ਕਾਗਜ਼ ਭਰੇ ਸੀ,
ਮੈਡੀਕਲ ਆਉਣਾ ਸੀ,
ਉਹੀ ਨਾ ਆ ਗਿਆ ਹੋਵੇ....।

ਮਨ ਦੇ ਰੁੱਖ ਦੀ ਟਾਹਣੀ 'ਤੇ ਅਚਾਨਕ
ਇਕ ਸੂਹੀ ਕਰੂੰਬਲ ਜਿਹੀ ਫੁੱਟਦੀ ਹੈ।
ਉਹ ਆਵਾਜ਼ ਦਿੰਦਾ ਹੈ
-ਹਨੀ, ਫੋਨ ਫੜਾਈਂ
ਪਿੰਡ ਕਰ ਲੀਏ।'

No comments:

Post a Comment