Monday, October 12, 2009

ਕੂੰਜਾਂ : ਫੈਰੀਆਂ ਦੀਆਂ ਫੇਰੀਆਂ






(ਵਿਕਟੋਰੀਆ, ਬ੍ਰਿਟਿਸ਼ ਕੋਲੰਬੀਆ 'ਚ ਇਕ ਦੁਪਹਿਰ)
ਵਿਕਟੋਰੀਆ ਦੇ ਮੋਮ ਦੇ ਬੁੱਤਾਂ ਵਾਲੇ
ਤੁਸਾਦ ਅਜਾਇਬ ਘਰ 'ਚ
ਨਾਲ ਨਾਲ ਖੜ੍ਹੀਆਂ ਨੇ ਚੁਪਚਾਪ
ਸ਼ਾਹੀ ਜਲੌਅ ਵਾਲੀ ਰਾਣੀ ਇਲੈਜ਼ਬੈਥ
ਤੇ ਹਸਦੀ ਲੇਡੀ ਡਿਆਨਾ-
ਸਾਰੇ ਗਿਲੇ ਸ਼ਿਕਵੇ ਭੁਲਾਈ।
ਡਿਆਨਾ ਆਪਣੀ ਗੁਲਾਬੀ ਮੁਸਕਾਨ ਹੇਠਾਂ
ਸਾਰੇ ਰਹੱਸ ਛੁਪਾਈ
ਛਿੜਕ ਰਹੀ ਆਲੇ ਦੁਆਲੇ ਓਹੀ ਮੁਸਕਾਣ
ਜਿਸ ਤੋਂ ਮੋਹੀ ਗਈ ਦੁਨੀਆ।

ਬਗੈਰ ਹਿੱਲਿਓਂ ਡੁੱਲਿਓਂ
ਇਕੱਠੀ ਖੜ੍ਹੀ ਹੈ-
ਇੰਗਲੈਂਡ ਦੀ ਗੱਦੀ ਦੇ ਸਾਰੇ ਰਾਜਿਆਂ ਦੀ ਫੌਜ
ਪਥਰਾਈਆਂ ਨਜ਼ਰਾਂ ਨਾਲ ।

ਮੈਨੂੰ ਗੁਲਾਬੀ ਭਾਅ ਮਾਰਦੀ ਮੋਮ ਦਾ ਟੁਕੜਾ
ਦਿਖਾਉਂਦਾ ਗਾਈਡ ਦੱਸਦਾ ਹੈ -
ਇਹ ਆਮ ਮੋਮਬੱਤੀਆਂ ਵਾਲੀ ਮੋਮ ਨਹੀਂ
ਇਹ ਗਿੱਲੀ ਮਿੱਟੀ ਵਰਗੀ -ਮੁੜ ਤੁੜ ਜਾਂਦੀ ਹੈ।
ਵੀਹ ਡਾਲਰ ਦੇ ਕੇ ਚਾਹੇ ਆਪਣਾ ਸਿਰ ਬਣਵਾ ਲਓ।

ਮੋਮ-ਘਰ ਦੀ ਕਾਲੀ ਸੁਰੰਗ ਵਿਚ ਘੁੰਮਦਿਆਂ
ਲਗਦਾ ਹੈ, ਘੁੰਮ ਰਹੇ ਹਾਂ ਇਤਿਹਾਸ ਦੀ
ਹਨੇਰੀ ਗੁਫ਼ਾ ਵਿਚ
ਨਜ਼ਰੀ ਪੈਂਦੇ ਨੇ
ਸੋਟੀ ਫੜੀ, ਐਨਕਾਂ ਲਾਈ ਧੋਤੀ ਧਾਰੀ ਮਹਾਤਮਾ ਗਾਂਧੀ
ਨੀਲੀ ਕਿਨਾਰੀ ਵਾਲੀ ਸਾੜ੍ਹੀ ਪਈ ਮਦਰ ਟੈਰੇਸਾ
ਕੋਲੰਬਸ ਅਤੇ ਵਾਸਕੋਡੇਗਾਮਾ ਵੀ ਦੂਰਬੀਨਾਂ ਫੜੀ
ਲਗਾਈ ਬੈਠੇ ਨੇ ਟਿਕਟਿਕੀ
ਵਾਲਟ ਡਿਜ਼ਨੀ ਬੈਠਾ ਹੈ
ਮਿੱਕੀ ਚੂਹੇ ਸਣੇ, ਸ਼ਰਾਰਤੀ ਚੁੱਪ ਵਿਚ।

ਅਤਰ ਫੁਲੇਲ 'ਚ ਕਲਿਓਪੇਟਰਾ
ਨੰਗੇ ਧੜ ਨਹਾ ਰਹੀ ਹੈ
ਈਸਾ ਮਸੀਹ ਲਾਸਟ ਡਿਨਰ ਖਾ ਰਿਹਾ ਹੈ
ਤੇਰ੍ਹਾਂ ਦੇ ਤੇਰ੍ਹਾਂ ਜਣੇ ਨਾਲ ਨੇ....!
....

ਆਪਣੇ ਬਹੁਤੇ ਪੰਜਾਬੀ
ਇਸ ਅਜਾਇਬ ਘਰ ਦੀ ਟਿਕਟ
ਮਹਿਮਾਨ ਨੂੰ ਹੀ ਲੈ ਦਿੰਦੇ ਨੇ,
-ਮੈਂ ਫੈਰੀਆਂ ਦੇਖਦਾ
ਤੂੰ ਅੰਦਰ ਹੋ ਆ।
ਟਿਕਟ ਤੇ ਸੱਤ ਡਾਲਰ ਲੱਗਦੇ ਨੇ
ਫੈਰੀਆਂ ਮੁਫਤ ਦਿਸਦੀਆਂ ਨੇ....
(ਕੈਲਿਓਪੈਟਰਾ - ਈਸਾ ਪੂਰਵ ਸਮੇਂ ਵਿਚ ਮਿਸਰ ਦੀ ਰਾਣੀ)

No comments:

Post a Comment