Tuesday, October 13, 2009

ਕੂੰਜਾਂ : ਯਾਦਾਂ ਦੀ ਲਾਲਟੈਣ


(ਟਰਾਂਟੋਂ, ਵੈਨਕੂਵਰ ਤੇ ਸਰੀ 'ਚ ਦੋਸਤਾਂ ਦੀਆਂ ਮਹਿਫਿਲਾਂ ਚੇਤੇ ਕਰਦਿਆਂ)
ਮਹਿਫਲਾਂ ਦੇ ਸੁਭਾਅ ਮੁਤਾਬਕ
ਉਨ੍ਹਾਂ ਦੇ ਰੰਗ ਰੂਪ ਹੁੰਦੇ ਨੇ।
ਕਨੇਡਾ ਗਏ ਨੂੰ,
ਮੀਡੀਆ ਵਾਲਿਆਂ, ਪੁਰਾਣੇ ਜਮਾਤੀਆਂ,
ਖ਼ਬਰਾਂ ਅਤੇ ਲਿਖਤਾਂ ਰਾਹੀਂ
ਫੋਨ ਜ਼ਰੀਏ ਬਣੇ
ਦੋਸਤਾਂ ਮਿੱਤਰਾਂ, ਲੇਖਕਾਂ ਨੇ ਮਹਿਫਲਾਂ ਸਜਾਈਆਂ।
ਮੇਰੇ ਵਰਗੇ ਨੂੰ ਨਾਲ ਦਾ ਦੋਸਤ ਹੀ ਦੱਸਦਾ,
-ਆਹ ਵਾਈਨ ਘੈਂਟ ਹੈ,
-ਆਹ ਰਾਈ ਏ
-ਲਾਲ, ਕਾਲੇ, ਨੀਲੇ ਲੇਬਲਾਂ ਵਾਲੀ ਸਕਾਚ ਹੈ।
ਕਈ ਥਾਈਂ ਮੇਜ਼ਬਾਨ ਹਰੇਕ ਦਾ ਭਾਰ ਚੁਕਦਾ
ਕਈ ਥਾਈਂ ਮੇਜ਼ਬਾਨ ਲਈ, ਸਾਰੇ ਭਾਰ ਚੁੱਕਦੇ
ਪਰ ਮਹਿਫਲ ਜਦ ਜੁੜਦੀ, ਗਹਿਗੱਚ ਜੁੜਦੀ।

ਇਨ੍ਹਾਂ ਮਹਿਫਲਾਂ ਵਿਚ
ਜਦੋਂ ਚਲਦੇ ਦੌਰ
ਤਾਂ ਗੱਲਾਂ ਦੀ ਕਿਣ ਮਿਣ ਸ਼ੁਰੂ ਹੁੰਦੀ
ਬਣ ਜਾਂਦੀ ਯਾਦਾਂ ਦੀ ਬਰਸਾਤ
ਤੇ ਇਸ ਬਰਸਾਤ ਦੌਰਾਨ
ਕਈ ਕੁਝ ਵਾਪਰਦਾ
-ਕਦੇ ਕਾਰਲ ਮਾਰਕਸ ਆ ਬਹਿੰਦਾ,
ਕਿਤਾਬਾਂ ਵਾਲੀ ਸ਼ੈਲਫ ਤੋਂ ਉਤਰ ਕੇ
ਚੁੱਪ ਚਾਪ ਆਪਣੇ 'ਚ ਹੀ ਗਵਾਚੇ ਸੰਤ ਵਾਂਗ ਸਾਡੇ ਵਿਚਾਲੇ।
-ਕਦੇ ਸੋਟੀ ਦੀ ਠੱਕ ਠੱਕ ਕਰਦਾ ਗਾਂਧੀ
ਧੋਤੀ ਦਾ ਲੜ ਸਾਂਭਦਾ
ਬਾਹਰਲੀ ਗਲੀ 'ਚੋਂ ਲੰਘ ਜਾਂਦਾ।
-ਕਦੇ ਨਰਮ ਗਰਮ ਸਿਆਸਤ
ਦੇ ਪੂਦਨੇ ਨੂੰ ਪੱਥਰ ਦੇ ਕੂੰਡੇ 'ਚ
ਕੁੱਟਿਆ ਜਾਂਦਾ ਘੁੰਗਰੂਆਂ ਵਾਲੇ ਘੋਟਣੇ ਨਾਲ।
ਤੇ ਇਸ ਵਿਚ ਹਰ ਕੋਈ ਪਾਉਂਦਾ
ਆਪਣੇ ਹਿਸਾਬ ਨਾਲ ਲੂਣ, ਮਿਰਚਾਂ, ਅਨਾਰਦਾਣਾ।
-ਕਦੇ ਸੁਨਹਿਰੀ ਅੰਬਰਸਰ ਦੇ ਗੁੰਬਦ 'ਚੋਂ
ਸਰਰਰ ਕਰਦੀ ਗੋਲੀ ਲੰਘਦੀ ਤਾਂ
ਮਹਿਫਲ ਦੇ ਗਲੇ ਵਿਚ ਅਟਕ ਜਾਂਦੀ ਇਕ ਚੀਕ।
-ਕਦੇ ਕਲਹਿਣੀ ਚੁਰਾਸੀ ਵਾਲੀ ਦਿੱਲੀ ਦੀ
ਭੱਠੀ ਦੇ ਸੇਕ ਨਾਲ
ਮਹਿਫਲ ਦੀ ਅੱਖ ਵਿੱਚ ਉਭਰ ਆਉਂਦੇ ਲਾਲ ਡੋਰੇ।
-ਕਦੇ ਓਸ਼ੋ ਰਜਨੀਸ਼ ਉਤਰ ਆਉਂਦਾ ਅਰਸ਼ ਦੀਆਂ ਪੌੜੀਆਂ
ਫਰੀਦ, ਨਾਨਕ, ਬੁੱਲ੍ਹੇ, ਹਾਸ਼ਮ, ਮੀਰਾ ਦੇ ਗਰੰਥਾਂ ਨੂੰ
ਆਪਣੀ ਬੀਬੀ ਦਾਹੜੀ ਵਿਚ ਵਸਾਈ....!
-ਕਦੇ ਸੰਤ ਰਾਮ ਉਦਾਸੀ 'ਪੁਲਸੀਏ ਝੱਖੜ' ਵਿੱਚ
ਗਵਾਚੀ ਨਿਗਾਹ ਲਭਦਾ
ਹੌਲੀ ਹੌਲੀ ਪਹਾੜੋਂ ਸੂਰਜ ਚੁੱਕੀ
ਕੰਮੀਆਂ ਦੇ ਵਿਹੜੇ 'ਚੋਂ ਦੀ ਹੁੰਦਾ
ਮਹਿਫਲ ਵਿਚ ਆ ਬਹਿੰਦਾ.... !
-ਕਦੇ ਪਾਸ਼ ਘਾਹ ਦੀ ਤਿੜ੍ਹ ਚਿਥਦਾ
ਮੇਜ ਉਪਰ ਪੱਠਿਆਂ ਦੀ ਭਰੀ ਲਿਆ ਸੁੱਟਦਾ
ਤੇ ਸਾਰੇ ਆਪਣੇ ਆਪਣੇ ਪੈਗ ਬਚਾਉਂਦੇ
-ਕਦੇ ਸ਼ਿਵ ਦਾਣੇ ਭੁੰਨਦਾ
ਫਕੀਰਾਂ ਦੇ ਹਾਲ ਦੀ ਦੁਹਾਈ ਦਿੰਦਾ।
-ਕਦੇ ਪਾਤਰ ਕਬਰਾਂ ਦੇ ਰੁੱਖ ਹੇਠਾਂ ਜਾ ਖੜ੍ਹਾਉਂਦਾ।

ਪਰ ਜਿਉਂ ਜਿਉਂ ਰਾਤ ਬੀਤਦੀ
ਬਾਤਾਂ ਦੀ ਬਰਸਾਤ ਬੀਤਦੀ
ਹੌਲੀ-ਹੌਲੀ ਸਾਰੇ ਹੀ ਗੱਲਾਂ ਕਰਦੇ ਕਰਦੇ
ਆਪਣੇ-ਆਪਣੇ ਪਿੰਡ
ਬਚਪਨ ਦੇ ਘਰ ਦੇ ਵਿਹੜੇ ਜਾ ਉਤਰਦੇ -
ਬਾਲ ਲੈਂਦੇ ਆਪਣੀ ਆਪਣੀ ਯਾਦਾਂ ਵਾਲੀ ਲਾਲਟੈਣ
ਤੇ ਦੇਰ ਤੱਕ ਉਸ ਨੂੰ ਧੂਣੀ ਵਾਂਗ ਸੇਕਦੇ।

ਸੁੱਕਣ ਨਹੀਂ ਦਿੰਦੇ ਉਹ ਕਦੇ ਵੀ
ਜਿਸ ਵਿਚਲਾ ਉਮੀਦਾਂ ਵਾਲਾ ਤੇਲ
(ਰਾਈ : 'ਕਨੇਡੀਅਨ ਰਾਇਲ ਵਿਸਕੀ ਦਾ ਦੇਸੀ ਰੱਖਿਆ ਨਾਮ')

No comments:

Post a Comment