ਨੌ ਕੁ ਵਰ੍ਹੇ ਪਹਿਲਾਂ ਗੀਤਾਂ ਨਾਲ ਪ੍ਰੀਤਾਂ ਰੇਡੀਓ ਵਾਲੇ ਨਿੱਘੇ ਮਿੱਤਰ ਟੋਨੀ ਮਰਵਾਹਾ ਹੁਰਾਂ ਨੇ ਰੇਡੀਓ ਦੀ ਸਾਲਗਿਰਹਾ 'ਤੇ ਮੈਨੂੰ, ਗਾਇਕ ਸੁਖਵਿੰਦਰ ਨੂੰ ਤੇ ਰਾਜ ਬਰਾੜ ਨੂੰ ਪ੍ਰੋਗਰਾਮ ਮੌਕੇ ਸੱਦਾ ਪੱਤਰ, ਆਉਣ ਜਾਣ ਦੀ ਟਿਕਟ ਅਤੇ ਸਪਾਂਸਰਸ਼ਿਪ ਘੱਲੀ ਸੀ। ਇਸੇ ਸਦਕਾ ਕਨੇਡਾ ਜਾਣ ਦਾ ਸਬੱਬ ਬਣਿਆ। ਇਸ ਡੇਢ ਕੁ ਮਹੀਨੇ ਦੀ ਫੇਰੀ ਦੌਰਾਨ ਮੀਡੀਆ ਵਾਲੇ ਦੋਸਤਾਂ ਦੀ ਪ੍ਰਾਹੁਣਚਾਰੀ ਸਦਕਾ ਮੈਂ ਓਨਾ ਕੁ ਕਨੇਡਾ ਘੁੰਮ ਲਿਆ, ਜਿੰਨਾ ਆਮ ਜਾਣ ਵਾਲਾ ਛੇ ਮਹੀਨੇ ਵਿਚ ਵੀ ਸ਼ਾਇਦ ਨਾ ਘੁੰਮ ਸਕੇ। ਇਹ ਕਥਾਵਾਂ ਕਨੇਡਾ ਤੁਰੇ ਫਿਰਦੇ ਹੀ ਮਨ ਦੇ ਵਰਕਿਆਂ 'ਤੇ ਨੋਟ ਹੋ ਗਈਆਂ ਸਨ, ਪਰ ਇੰਨਾ ਸਮਾਂ ਕੰਪਿਊਟਰ ਦੇ ਢਿੱਡ ਵਿਚ ਹੀ ਖਰੜੇ ਦੇ ਰੂਪ ਵਿਚ ਪਈਆਂ ਰਹੀਆਂ। ਹੁਣ ਸੋਧ ਕੇ ਕਾਂਟ ਛਾਂਟ ਕਰਕੇ ਕੁਝ ਹੋਰ ਮੁਲਕਾਂ ਦੇ ਨਵੇਂ ਤਜਰਬੇ ਸ਼ਾਮਲ ਕਰਕੇ ਕਿਤਾਬ ਦੇ ਰੂਪ ਵਿਚ ਢਾਲ ਰਿਹਾ ਹਾਂ।
ਆਪਣੀ ਇਸ ਫੇਰੀ ਦੌਰਾਨ ਬਹੁਤ ਕੁਝ ਦੇਖਿਆ, ਮਾਣਿਆ, ਖਾਸ ਕਰਕੇ ਉਹ ਵੀ ਜਿਹੜਾ ਅਕਸਰ ਇਧਰੋਂ ਗਏ ਪੰਜਾਬੀਆਂ ਤੋਂ ਰਹਿ ਜਾਂਦਾ ਹੈ। ਉਥੇ ਤੁਰਦਿਆਂ ਫਿਰਦਿਆਂ ਰੱਬ ਦੀ ਧੁੰਨੀ 'ਚ ਖੁੱਭਦੀ ਸੂਈ ਵਰਗਾ ਸੀ. ਐਨ. ਟਾਵਰ ਅੰਦਰੋਂ ਬਾਹਰੋਂ ਦੇਖਿਆ। ਮਨੁੱਖ ਦੇ ਕੱਦ ਨੂੰ ਬੌਣਾ ਬਣਾਉਂਦੇ ਨਿਆਗਰਾ ਝਰਨੇ ਦੀਆਂ ਫੁਹਾਰਾਂ ਦੀ ਕਿਣਮਿਣੀ ਬਰਸਾਤ ਦਾ ਆਨੰਦ ਮਾਣਿਆ। ਬਲਵੰਤ ਰਾਮੂਵਾਲੀਆ ਦੇ ਭਰਾ ਇਕਬਾਲ ਰਾਮੂਵਾਲੀਆ ਤੋਂ ਉਸ ਦੇ ਅੰਗਰੇਜ਼ੀ ਸਕੂਲ ਵਿਚ ਪੜ੍ਹਾਉਣ ਦੇ ਪਹਿਲੇ ਦਿਨਾਂ ਦੀ ਨਸਲੀ ਭੇਦਭਾਵ ਵਾਲੀ ਦਾਸਤਾਨ ਸੁਣੀ। ਉਨ੍ਹਾਂ ਦੇ ਪਿਤਾ ਤੇ ਉਘੇ ਕਵੀਸ਼ਰ (ਸਵ.) ਕਰਨੈਲ ਪਾਰਸ ਹੁਰਾਂ ਦੇ ਘਰ ਉਨ੍ਹਾਂ ਵਲੋਂ ਮਿਣਤੀ ਕਰਕੇ ਲਾਏ ਜਾਂਦੇ ਪੈਗ ਨਾਲ ਸਾਂਝ ਕੀਤੀ।
ਆਪਣੇ ਪਿਤਾ ਸਵ. ਗਿਆਨੀ ਕਿਰਪਾਲ ਸਿੰਘ ਦੇ ਚੇਲੇ ਰਿਚੀ ਦੀ ਵਰਕਸ਼ਾਪ ਵਿਚ ਪੁਰਾਣੀਆਂ ਯਾਦਾਂ ਫਰੋਲੀਆਂ। ਕਿਲ੍ਹਾ ਰਾਏਪੁਰ ਦੇ ਗੈਰੀ ਸਿੰਘ ਦੀ ਗੈਰ ਮੁਲਕ 'ਚ ਸਰਦਾਰੀ ਦੇਖੀ। ਹਕੀਮਪੁਰ ਵਾਲੇ ਗੁਰਜੀਤ ਪੁਰੇਵਾਲ ਅਤੇ ਉਨ੍ਹਾਂ ਦੇ ਭਰਾਵਾਂ ਦੇ ਬਲਿਊ ਬੇਰੀ ਦੇ ਨਾਰਥ ਅਮਰੀਕਾ ਦੇ ਸਭ ਤੋਂ ਵੱਡੇ ਫਾਰਮ ਵਿਚ ਕੰਮ ਕਰਦੇ ਪੰਜਾਬੋਂ ਗਏ ਪੜ੍ਹੇ ਲਿਖੇ ਰੁਤਬੇਦਾਰੀਆਂ ਛੱਡ ਕੇ ਗਏ ਬਜ਼ੁਰਗਾਂ ਨੂੰ ਬੇਰੀਆਂ ਤੋੜਦੇ ਦੇਖਿਆ। ਮਨਫੀ 40 ਡਿਗਰੀ ਵਾਲੇ ਕੋਲਡ ਸਟੋਰ ਵਿਚ ਕੁਝ ਕੁ ਕਦਮ ਤੁਰਦਿਆਂ ਆਪਣੇ ਆਪ ਨੂੰ ਜੁੜਦਿਆਂ ਮਹਿਸੂਸ ਕੀਤਾ।
ਪ੍ਰਾਹੁਣਚਾਰੀ ਦੇ ਥੰਮ੍ਹ ਨਰਿੰਦਰ ਸਿੱਧੂ ਅਤੇ ਉਸ ਦੇ ਮੀਡੀਆ ਦੋਸਤਾਂ ਨਾਲ ਗਰਾਊਜ਼ ਪਹਾੜੀ ਉਪਰ ਬਣੇ ਲੱਕੜ ਦੇ ਬੁੱਤਾਂ ਦੀ ਗੂਫਤਗੂ ਸੁਣੀ। ਸਾਗਰ ਕਿਨਾਰੇ ਚਲਦੇ ਫਿਰਦੇ ਬਾਰ ਬੀ. ਕਿਊ. ਅਤੇ ਟਰੱਕ ਦੇ ਸਟੀਰੀਓ 'ਤੇ ਮਲਕੀਤ ਦੇ ਗਾਣੇ ਲਾ ਕੇ ਪਿਕਨਿਕਾਂ ਮਨਾਈਆਂ। ਵਿਕਟੋਰੀਆ ਦੇ ਪਾਰਲੀਮੈਂਟ ਭਵਨ ਵਿਚ ਉਸ ਵੇਲੇ ਦੇ ਟਰਾਂਸਪੋਰਟ ਮੰਤਰੀ ਹੈਰੀ ਲਾਲੀ ਨਾਲ ਮੁਲਾਕਾਤ ਕੀਤੀ ਤੇ ਪਾਰਲੀਮੈਂਟ 'ਚ ਪੰਜਾਬੀਆਂ ਦੀ ਸਰਦਾਰੀ ਦਾ ਅਹਿਸਾਸ ਕੀਤਾ। ਟੋਰਾਂਟੋ ਦੇ ਕਲਮਾਂ ਦੇ ਕਾਫਲੇ ਅਤੇ ਵੈਨਕੂਵਰ ਦੀ ਲਿਖਾਰੀ ਸਭਾ ਦੇ ਸਾਹਿਤਕਾਰ ਦੋਸਤਾਂ ਨਾਲ ਗੁਫਤਗੂ ਕੀਤੀ। ਪ੍ਰੋ. ਪ੍ਰੀਤਮ ਸਿੰਘ ਦੇ ਦਰਸ਼ਨ ਕੀਤੇ।
ਟੋਨੀ ਹੁਰਾਂ ਦੀ 'ਕੈਡੇਲਿਕ' ਕਾਰ ਵਿਚ ਗੁਰਦਿਲਬਾਗ ਸਿੰਘ ਬਾਘੇ ਤੇ ਸੁਖਵਿੰਦਰ ਨਾਲ ਹਾਈਵੇਅ 'ਤੇ ਬਲੈਕ ਲੇਬਲ ਦੇ ਪੈਗ ਲਾਉਂਦਿਆਂ ਹਾਲੇ ਉਦੋਂ ਰਿਲੀਜ਼ ਹੋਣ ਵਾਲੀ ਲਗਾਨ ਫਿਲਮ ਦੇ ਗੀਤ ਸੁਖਵਿੰਦਰ ਦੀ ਬੁਲੰਦ ਆਵਾਜ਼ ਵਿਚ ਲਗਾਤਾਰ ਸੁਣੇ। ਉਸ ਨਾਲ ਦੂਰਦਰਸ਼ਨ ਜਲੰਧਰ ਵੇਲੇ ਦੀਆਂ ਯਾਦਾਂ ਦੇ ਸ਼ੀਸ਼ੇ ਤੋਂ ਗਰਦ ਉਤਾਰੀ। ਤੇਜਪਾਲ ਨਾਲ ਉਸ ਦੀ ਤੜੱਕ ਹੋਈ ਕਹਾਣੀ ਉਸ ਦੇ ਮੂੰਹੋਂ ਤੜਕੇ ਲਾ ਲਾ ਕੇ ਸੁਣੀ। ਇਕਬਾਲ ਮਾਹਲ ਦੇ ਘਰ ਉਸ ਦੇ ਦਿਲ ਵਿਚ ਟੁਣਕਦੇ ਰਿਕਾਰਡ ਸੁਣੇ, ਮੋਗਿਓਂ ਟੋਰਾਂਟੋ ਗਏ ਆਪਣੇ ਦੋਸਤ ਡਾ. ਜਸਮਿੰਦਰ ਦੇ ਸਟੋਰ 'ਤੇ ਉਸ ਦੇ ਅਤੇ ਉਸ ਦੀ ਘਰਵਾਲੀ ਦੇ ਲਗਾਤਾਰ 18-18 ਘੰਟੇ ਡਿਊਟੀ 'ਤੇ ਖੜ੍ਹੇ ਰਹਿਣ ਦੇ ਦਰਦ ਨੂੰ ਪਛਾਣਿਆ। ਪੀ. ਏ. ਯੂ. ਤੋਂ ਪ੍ਰੋਫੈਸਰੀ ਛੱਡ ਕੇ ਗਏ ਨਿਰਮਲ ਰੰਧਾਵੇ ਹੁਰਾਂ ਦੇ ਪੀਜ਼ਾ ਸਟੋਰ 'ਤੇ ਉਸ ਨੂੰ ਪੀਜ਼ੇ ਬਣਾਉਂਦੇ ਦੇਖਿਆ।
ਉਘੇ ਸਾਹਿਤਕਾਰ ਗੁਰਚਰਨ ਰਾਮਪੁਰੀ ਹੁਰਾਂ ਨਾਲ ਉਨ੍ਹਾਂ ਦੀ ਕਵਿਤਾ ਦੇ ਅੱਜ ਤੋਂ ਆਰੰਭ ਤੱਕ ਦੀ ਸਾਂਝ ਪਾਈ। ਅਜਮੇਰ ਰੋਡੇ, ਸੁਰਜੀਤ ਕਲਸੀ ਅਤੇ ਦਰਸ਼ਨ ਮਾਨ ਹੁਰਾਂ ਦੇ ਘਰ ਸ਼ਾਮ ਬਿਤਾਈ। ਡਾ. ਸਾਧੂ ਸਿੰਘ ਦੇ ਹਰੇ ਭਰੇ ਬਾਗ ਵਾਲੇ ਘਰੇ ਉਨ੍ਹਾਂ ਦੇ ਪਰਿਵਾਰ ਅਤੇ ਕੁਝ ਮੀਡੀਆ ਵਾਲੇ ਦੋਸਤਾਂ ਨਾਲ ਪੰਜਾਬ ਦੇ ਹਾਲਾਤਾਂ ਬਾਰੇ ਚੁੰਝ ਚਰਚਾ ਹੋਈ। ਉਘੇ ਮੀਡੀਆ ਕਰਮੀ ਹਰਜਿੰਦਰ ਥਿੰਦ ਨਾਲ ਉਸ ਦੇ ਪ੍ਰੋਗਰਾਮ ਲਈ 'ਟਾਕ ਸ਼ੋਅ' ਦਿੱਤਾ। ਟੀ. ਵੀ. ਹੋਸਟ ਬਲਜਿੰਦਰ ਅਟਵਾਲ ਹੁਰਾਂ ਦੇ ਘਰ ਰੱਖੀ ਪਾਰਟੀ 'ਤੇ ਸਵੇਰ ਚੜ੍ਹਾਈ। ਕਲਮਾਂ ਦੇ ਕਾਫਲੇ ਵਾਲੇ ਭੁਪਿੰਦਰ ਦੁਲੇ ਹੁਰਾਂ ਨੇ ਕੁਲਦੀਪ ਮਾਨ ਦੇ ਘਰੇ ਸਾਹਿਤਕ ਮਹਿਫਿਲ ਸਜਾਈ।
ਕੈਨਸਿੱਖ ਸੁਸਾਇਟੀ ਵਾਲੇ ਗੁਰਦੀਸ਼ ਦੀਸ਼ਾ, ਪ੍ਰਤੀਕ ਸਿੰਘ ਤੇ ਹੋਰ ਮਿੱਤਰਾਂ ਨੇ ਨੁਮਾਇਸ਼ਾਂ ਵੇਲੇ ਤਸਵੀਰਾਂ ਅਤੇ ਤਸਵੀਰਾਂ ਦੇਖਣ ਆਉਣ ਵਾਲਿਆਂ ਨੂੰ ਤਰਤੀਬ ਦਿੱਤੀ। ਗਦਰੀ ਬਾਬਿਆਂ ਦੇ ਮੇਲੇ ਵਾਲੇ ਸਾਹਿਬ ਥਿੰਦ ਹੁਰਾਂ ਵਲੋਂ ਰੱਖੇ ਪ੍ਰੋਗਰਾਮ ਦੌਰਾਨ ਸਲਾਈਡ ਸ਼ੋਅ 'ਜ਼ਿੰਦਗੀ ਦੀਆਂ ਰੁੱਤਾਂ' ਪੇਸ਼ ਕੀਤਾ। ਟੋਰਾਂਟੋ ਦੇ ਮਾਲਟਨ ਕਮਿਊਨਿਟੀ ਸੈਂਟਰ 'ਚ 'ਮੇਰੀ ਧਰਤੀ ਮੇਰੇ ਲੋਕ' ਵਾਲੀ ਨੁਮਾਇਸ਼ ਲਾਈ ਤਾਂ ਪੰਜਾਬੀਆਂ ਦਾ ਜਿਵੇਂ ਹੜ੍ਹ ਆ ਗਿਆ। ਇਹ ਉਥੋਂ ਦੇ ਮੀਡੀਆ ਕਰਮੀ ਮਿੱਤਰਾਂ ਦੇ ਸਹਿਯੋਗ ਸਦਕਾ ਸੀ ਜਿਨ੍ਹਾਂ ਨੇ ਆਪਣੇ ਰੇਡੀਓ ਅਤੇ ਅਖਬਾਰਾਂ ਦੇ ਪੂਰੇ ਪੂਰੇ ਪੇਜ 'ਤੇ ਇਸ ਨੁਮਾਇਸ਼ ਬਾਰੇ ਲਿਖਿਆ। ਸਰੀ ਵਿਚ ਗਰੈਂਡ ਤਾਜ ਬੈਂਕੁਐਟ ਹਾਲ ਵਾਲੇ ਹਰਪਾਲ ਹੁਰਾਂ ਨੇ ਉਚੇਚੇ ਤੌਰ 'ਤੇ ਇਹੀ ਨੁਮਾਇਸ਼ ਲਵਾਈ ਤਾਂ ਸਾਰੇ ਸਾਹਿਤਕਾਰ, ਕਲਾਕਾਰ ਮਿੱਤਰ ਪਹੁੰਚੇ। ਫੋਟੋ ਕਲਾਕਾਰ ਜੈਤੇਗ ਸਿੰਘ ਅਨੰਤ ਅਤੇ ਆਰਟਿਸਟ ਜਰਨੈਲ ਸਿੰਘ ਹੁਰੀਂ ਉਦੋਂ ਨਵੇਂ ਨਵੇਂ ਗਏ ਅਜੇ ਜੜ੍ਹਾਂ ਲਾਉਣ ਲਈ ਗਮਲਾ ਲੱਭ ਰਹੇ ਸਨ।
ਐਬਟਸਫੋਰਡ ਵਿਖੇ ਢੁੱਡੀਕਿਆਂ ਦੇ ਵਾਸੀਆਂ ਨੇ ਮੇਰੇ ਲਈ ਉਚੇਚੇ ਤੌਰ 'ਤੇ ਪਾਰਟੀ ਰੱਖੀ ਅਤੇ ਕਿ ਮੈਂ ਉਸ ਬਾਬੇ ਡਾ. ਜੀਵਾ ਸਿਹੁੰ ਦਾ ਪੋਤਾ ਸਾਂ, ਜਿਨ੍ਹਾਂ ਦੇ ਡਾਕਟਰੀ ਕਿੱਤੇ ਦੇ ਅਹਿਸਾਨਾਂ ਨੂੰ ਪੇਂਡੂ ਨਾਲ ਹੀ ਇਥੋਂ ਤੱਕ ਚੁੱਕੀ ਆਏ ਸਨ। ਢੁੱਡੀਕਿਆਂ ਦੇ ਹੀ ਲੇਖਕ ਡਾ. ਦਰਸ਼ਨ ਗਿੱਲ ਹੁਰਾਂ ਦੇ ਘਰ ਹਰਜੀਤ ਦੌਧਰੀਆ, ਨਦੀਮ ਪਰਮਾਰ, ਮਹਿੰਦਰ ਸੂਮਲ, ਮੰਗਾ ਬਾਸੀ ਤੇ ਕਈ ਹੋਰ ਸਾਹਿਤਕ ਮਿੱਤਰਾਂ ਨਾਲ ਮਖਮਲੀ ਫਰਸ਼ 'ਤੇ ਰੰਗੀਨ ਸਾਹਿਤਕ ਮਹਿਫਿਲ ਸਜਾਈ, ਵਿਚੋਂ ਹੀ ਉਠ ਕੇ ਦਰਸ਼ਨ ਹੁਰਾਂ ਦੇ ਮਾਤਾ ਜੀ ਤੋਂ ਆਸ਼ੀਰਵਾਦ ਲਿਆ। ਪੱਤਰਕਾਰ ਸੁਖਮਿੰਦਰ ਸਿੰਘ ਚੀਮਾ ਤੇ ਮੱਲ੍ਹੀ ਹੁਰਾਂ ਦੀ ਨੋਕ ਝੋਕ ਦਾ ਸਵਾਦ ਲਿਆ।
ਵੈਨਕੂਵਰ ਦੇ ਵੱਖੋ ਵੱਖਰੀਆਂ ਵਿਚਾਰਧਾਰਾਵਾਂ ਯਾਨੀ ਤੱਪੜਾਂ ਅਤੇ ਕੁਰਸੀਆਂ ਵਾਲੇ ਗੁਰੂ ਘਰਾਂ ਵਿਚ ਚੁੱਪ ਚੁਪੀਤੇ ਬਗੈਰ ਸਿਰੋਪਾ ਲਇਓਂ ਮੱਥਾ ਟੇਕਿਆ। ਰੌਸ ਗੁਰੂ ਘਰ ਵਿਚ ਪੰਜਾਬ ਦੇ ਹਾਲਾਤਾਂ 'ਤੇ ਤੱਤੀ ਬਹਿਸ ਦੀ ਥਾਂ 'ਤੇ ਪੰਜਾਬ ਬਾਰੇ ਲਿਖੀਆਂ ਕਵਿਤਾਵਾਂ ਸੁਣਾ ਆਇਆ। ਸੜਕਾਂ ਅਤੇ ਹਾਈਵੇਅ 'ਤੇ ਜੂਝਦੇ ਪੰਜਾਬੀ ਟੈਕਸੀਆਂ ਵਾਲਿਆਂ ਦੇ ਦੁੱਖ ਦਰਦ ਜਾਣੇ। ਰੈਡ ਇੰਡੀਅਨਜ਼ ਦੇ ਇਲਾਕਿਆਂ ਵਿਚ ਉਨ੍ਹਾਂ ਵਲੋਂ ਘੜੇ ਜਾਂਦੇ ਟੋਟਮ ਪੋਲ ਅਤੇ ਕਈ ਹੋਰ ਰਸਮੋ ਰਿਵਾਜ ਦੇਖੇ। ਵੈਸਟ ਐਂਡ ਵੀਡੀਓ ਵਾਲੇ ਬਲਵਿੰਦਰ ਰਿਹਾਲ ਦੇ ਘਰੇ ਉਨ੍ਹਾਂ ਚਾਰਾਂ ਭਰਾਵਾਂ ਤੇ ਪਰਿਵਾਰ ਨਾਲ ਸਾਂਝ ਪਾਈ। ਨਿਆਗਰਾ ਕੈਸੀਨੋ ਦੀਆਂ ਜਗਦੀਆਂ ਬੱਤੀਆਂ ਵਿਚ ਛਣਕਦੀ ਮਾਇਆ ਦੀ ਚਕਾਚੌਂਧ ਦੇਖੀ। ਮੀਡੀਆ ਵਾਲੇ ਦੋਸਤਾਂ ਦੇ ਅਖਬਾਰਾਂ ਅਤੇ ਰੇਡੀਓ ਸਟੇਸ਼ਨਾਂ ਦਾ ਦੌਰਾ ਕੀਤਾ ਤੇ ਇੰਟਰਵਿਊਆਂ ਦਿੱਤੀਆਂ।
ਰੱਸੀਆਂ ਵਾਲੇ ਝੂਲਦੇ ਕੈਪਲੀਨੋ ਬ੍ਰਿਜ ਉਪਰ ਹੁਜਕੇ ਖਾਧੇ। ਵੈਨਕੂਵਰ ਤੇ ਵਿਕਟੋਰੀਆ ਵਿਚਲੇ ਅਜਾਇਬਘਰਾਂ 'ਚੋਂ ਕਨੇਡਾ ਦਾ ਇਤਿਹਾਸ ਫਰੋਲਿਆ। ਰੌਇਲ ਐਲਬਰਟ ਮਿਊਜ਼ੀਅਮ ਵਿਚ ਸਿੱਖੀ ਦੇ 300 ਸਾਲਾਂ ਸਬੰਧੀ ਇੰਗਲੈਂਡ ਤੋਂ ਮੰਗਵਾਈ ਗਈ ਨੁਮਾਇਸ਼ ਵਿਚ ਦਰਬਾਰ ਸਾਹਿਬ ਦੀਆਂ ਦੁਰਲੱਭ ਤਸਵੀਰਾਂ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਸੋਨੇ ਦੀ ਕੁਰਸੀ ਨੂੰ ਨੇੜਿਉਂ ਤੱਕਿਆ। ਇਸ ਨੁਮਾਇਸ਼ ਦੀ ਬੀਮਾ ਰਾਸ਼ੀ ਪੱਲਿਓਂ ਭਰਨ ਵਾਲੇ ਕਿਲ੍ਹਾ ਰਾਏਪੁਰੋਂ ਉਥੇ ਜਾ ਕੇ ਵਸੇ ਗੈਰੀ ਸਿੰਘ ਦੀ ਗੈਰ ਮੁਲਕ ਵਿਚ ਸਰਦਾਰੀ ਦੇਖੀ। ਕੈਰਾਸਾਗਾ ਵਾਲੇ ਮਨਮੋਹਨ ਸਿੰਘ ਦੇ ਨਾਲ ਸੱਪ ਸਲੂਤੀਆਂ ਵਾਲਾ ਚੀਨੀ ਸੀ ਫੂਡ ਖਾਣ ਦਾ ਪੰਗਾ ਲਿਆ। ਮਾਫੀਏ 'ਚ ਖੇਡਦੀ ਜਵਾਨੀ ਦੀਆਂ ਇਬਾਰਤਾਂ ਸੁਣੀਆਂ।
ਬੇਰੀਆਂ ਤੋੜਦਾ ਬੁਢਾਪਾ ਤੇ ਲੋੜ ਵੇਲੇ ਬੇਬੇ ਨੂੰ ਲੱਭਦੀ ਨੌਜਵਾਨ ਪੀੜ੍ਹੀ ਦੀ ਮਾਨਸਿਕਤਾ ਸਮਝੀ। ਮਾਪਿਆਂ ਨੂੰ ਦਰ ਕਿਨਾਰ ਕਰਕੇ ਆਪਣੇ ਰਾਹ ਚਲਦੀ ਨਵੀਂ ਪੀੜ੍ਹੀ ਕਰਕੇ ਘਰਾਂ ਵਿਚ ਫੈਲੇ ਤਣਾਅ ਨਾਲ ਸਿੱਲ੍ਹੀਆਂ ਹੋਈਆਂ ਅੱਖੀਆਂ ਵਿਚੋਂ ਦੀ ਤੱਕਿਆ। ਟੁੱਟਦੇ ਘਰਾਂ ਦੀ ਚਰਚਾ ਸੁਣੀ, ਹੰਢਾਈ। ਏਅਰਪੋਰਟਾਂ ਦੀਆਂ ਚਮਕਦੀਆਂ ਫਰਸ਼ਾਂ ਅਤੇ ਵਾਸ਼ਰੂਮਾਂ ਵਿਚ ਪੰਜਾਬੀਆਂ ਦਾ ਕਿੰਨਾ ਹਿੱਸਾ ਹੈ, ਇਸ ਬਾਰੇ ਵੀ ਜਾਣਿਆ।
ਵੈਨਕੂਵਰ ਦੇ ਸਟੈਨਲੇ ਅਤੇ ਵਿਕਟੋਰੀਆ ਦੇ ਬੁਸ਼ਾਰਟ ਗਾਰਡਨਜ਼ ਵਿਚ ਫੁੱਲਾਂ ਦੇ ਤਾਣੇ ਪੇਟੇ ਨਾਲ ਵਿਛੀਆਂ ਹੋਈਆਂ ਫੁਲਕਾਰੀਆਂ ਦੇਖੀਆਂ। ਹੋਰ ਵੀ ਇੰਨੇ ਵਿਉਂਤੇ ਬਾਗ ਨੇ ਕਿ ਰਹੇ ਰੱਬ ਦਾ ਨਾਮ। ਪੱਕੇ ਪਾਥ ਵੇਅ, ਕਲੀਨ ਵਰਗਾ ਘਾਹ, ਵਿਚ ਦੀ ਨਿੱਕੇ ਨਿੱਕੇ ਪੁਲ, ਕਿਤੇ ਖੜ੍ਹੇ ਪਾਣੀ ਕਿਨਾਰੇ ਫੁੱਲਾਂ ਦੀ ਛਹਿਬਰ, ਰਾਣੀਹਾਰਾਂ ਵਰਗੇ ਫੁੱਲ, ਚਿੱਟੇ-ਗੁਲਾਬੀ, ਗੂੜ੍ਹੇ ਤੇ ਫਿੱਕੇ ਹਰੇ ਬੂਟਿਆਂ ਦੇ ਸੁਮੇਲ, ਵਿਚ ਵਿਚ ਨੀਲੇ ਪੀਲੇ ਫੁੱਲਾਂ ਦਾ ਛਿੜਕਾਅ ਜਿਵੇਂ ਕਲਾਕਾਰ ਨੇ ਕੈਨਵਸ 'ਤੇ ਬੁਰਸ਼ ਭਿਉਂ ਕੇ ਛਿੱਟੇ ਮਾਰ ਦਿੱਤੇ ਹੋਣ। ਇਕ ਪਾਸੇ ਰੁੱਖ ਉਸ ਤੋਂ ਪਿਛੇ ਵੱਡੇ ਰੁੱਖ ਉਸ ਤੋਂ ਪਿਛੇ ਹਰੇ ਪਹਾੜ, ਇਨ੍ਹਾਂ ਪਹਾੜਾਂ ਤੋਂ ਉਪਰ ਚਿੱਟੇ ਪਰਬਤ ਤੇ ਫਿਰ ਨੀਲਾ ਅੰਬਰ। ਬਾਗਾਂ ਵਿਚ ਚਿੜੀਆਂ-ਜਨੌਰ ਚਹਿਚਹਾਉਂਦੇ ਨੇ। ਫੁੱਲ ਹਿਕੜੀ ਕੱਢ ਜੋਬਨ ਉਭਾਰਦੇ ਨੇ। ਫੁੱਲ, ਪੱਤੇ, ਘਾਹ ਤਰੇਲ ਧੋਤੇ ਚਮਕਦੇ ਨੇ। ਹਰੇਕ ਕਨੇਡੀਅਨ ਵਾਸੀ ਦੀ ਕਿਸੇ ਨਾ ਕਿਸੇ ਪ੍ਰੇਮ ਕਲੋਲ ਜਾਂ ਇਸ਼ਕ ਪੇਚਿਆਂ ਦੇ ਇਹ ਬਾਗ ਗਵਾਹ ਨੇ।
ਉਚੀਆਂ ਉਚੀਆਂ ਧੁਰ ਤੋਂ ਧੁਰ, ਸ਼ੀਸ਼ੇ ਕੱਜੀਆਂ ਇਮਾਰਤਾਂ 'ਚੋਂ ਦੂਸਰੀਆਂ ਇਮਾਰਤਾਂ ਦੇ ਅਕਸ ਤੇ ਨੀਲਾ ਅਸਮਾਨ ਇੰਜ ਦਿਸਦਾ ਹੈ ਕਿ ਉਹ ਖੁਦ ਬੇਪਛਾਣ ਲਗਦੀਆਂ। ਪਰ ਇਥੇ ਵਸਦੇ ਲੋਕਾਂ ਦੇ ਦਿਲਾਂ 'ਚੋਂ ਕੋਈ ਅਕਸ ਬਾਹਰ ਨਹੀਂ ਦਿਸਦਾ। ਸਿਰਫ ਮੂੰਹ 'ਤੇ ਚੜ੍ਹਾਏ ਮੁਸਕਰਾਹਟਾਂ ਦੇ ਮਖੌਟੇ ਹੀ ਦਿਸਦੇ ਹਨ।
ਇਧਰ ਤੁਸੀਂ ਮਾੜੇ ਤੋਂ ਮਾੜਾ ਤੇ ਤਕੜੇ ਤੋਂ ਤਕੜਾ ਪੰਜਾਬੀ ਲੱਭ ਸਕਦੇ ਹੋ। ਉਹ ਵੀ ਹਨ ਜਿਨ੍ਹਾਂ ਨੇ ਸਿੱਖੀ ਤੇ ਪੰਜਾਬੀਪੁਣੇ ਦੀ ਭੱਲ ਬਣਾਈ, ਕੰਪਨੀਆਂ ਖੋਲ੍ਹੀਆਂ, ਉਚੇ ਅਹੁਦਿਆਂ 'ਤੇ ਪਹੁੰਚੇ ਅਤੇ ਉਹ ਵੀ ਹਨ ਜਿਹੜੇ ਡਰੱਗ ਮਾਫੀਏ ਦੀਆਂ ਸਰਦਾਰੀਆਂ ਕਰਦੇ ਗੋਲੀਓ-ਗੋਲੀ ਹੁੰਦੇ, ਭਾਈਚਾਰੇ ਦੀ ਸੋਹਣੀ ਕੰਬਲੀ 'ਤੇ ਕਾਲੀਆਂ ਟਾਕੀਆਂ ਲਾ ਰਹੇ ਹਨ।
ਕਈਆਂ ਨੇ ਸਿੱਖੀ ਅਸੂਲਾਂ ਵੇਸ਼ਭੂਸ਼ਾ ਨੂੰ ਇੰਨਾ ਸਾਂਭਿਆ ਕਿ ਪੰਜਾਬ ਨਾਲੋਂ ਵੱਧ ਸਾਬਤ ਸੂਰਤ ਦਿਸਦੇ ਨੇ, ਪਰ ਕਈਆਂ ਨੇ ਪੱਗਾਂ ਨੂੰ ਕਿਸੇ ਖੂੰਜੇ ਸੁੱਟਣ ਦੇ ਨਾਲ ਨਾਲ ਨਾਵਾਂ ਨੂੰ ਵੀ ਇਸ ਕਦਰ ਬਦਲਿਆ ਹੈ ਕਿ ਪਛਾਣ ਨਹੀਂ ਆਉਂਦੀ। ਜਸਵਿੰਦਰ ਹੈ ਬਣਿਆ ਜੈਸੀ, ਗੁਰਬਿੰਦਰ ਤੋਂ ਗੈਰੀ ਹੋਏ, ਤਰਵਿੰਦਰ ਤੋਂ ਟੈਰੀ ਹੋਏ। ਸਮੇਂ ਦੀ ਚੱਕੀ ਨਾਲ ਸਭ ਗਿੜਦੇ ਨੇ, ਇਸ ਚੱਕੀ ਦੇ ਪੁੜ੍ਹਾਂ ਦੇ ਉਪਰ ਵਾਹੋ ਦਾਹੀ 'ਚਿੱਟਿਆਂ' ਨਾਲੋਂ ਕਿਤੇ ਤੇਜ਼ ਹੋ ਰਿੜ੍ਹਦੇ ਨੇ। ਜਿਵੇਂ ਚੰਡੀਗੜ੍ਹ ਵੜਦਿਆਂ ਆਪਣੇ ਪੰਜਾਬੀ ਪਹਿਲਾਂ ਪ੍ਰਦੂਸ਼ਣ ਚੈਕ ਵਾਲੀ ਪਰਚੀ ਲੈਣਾ ਨਹੀਂ ਭੁਲਦੇ ਤੇ ਫਿਰ ਸਪੀਡ ਦਾ ਵੀ ਖਿਆਲ ਰੱਖਦੇ ਨੇ, ਉਵੇਂ ਹੀ ਕਨੇਡਾ ਪਹੁੰਚੇ ਆਪਣੇ ਪੰਜਾਬੀ ਹਰ ਕਾਨੂੰਨ ਮੰਨਦੇ, ਸੱਜ ਵਿਆਹੀ ਵਾਂਗ ਬੋਚ ਬੋਚ ਪੱਬ ਧਰਦੇ, ਰਾਹ ਚਲਦੇ ਨੱਕ ਨਹੀਂ ਸੁਣਕਦੇ, ਕਿਸੇ ਖੂੰਜੇ ਲੱਗ ਸ਼ਰਲਾ ਨਹੀਂ ਮਾਰਦੇ, ਭੋਰਾ ਪਰਚੀ ਸੁੱਟਣੀ ਹੋਵੇ 'ਗਾਰਬੇਜ ਬਿੰਨ' ਲੱਭੀ ਜਾਣਗੇ, ਕਿਸੇ ਦੇ ਘਰ ਟਾਈਮ ਲੈ ਕੇ ਜਾਣਗੇ, ਅਗਲੇ ਦੇ ਘਰ ਅੰਦਰ ਵੜਦੇ ਸਾਰ ਸਫਾਈ ਖਾਤਰ ਜੁੱਤੀਆਂ ਲਾਹੁਣਗੇ।
ਕਨੇਡਾ ਬਾਰੇ ਮਸ਼ਹੂਰ ਹੈ ਕਿ ਇਥੇ ਫੁੱਲਾਂ 'ਚ ਖੁਸ਼ਬੋ ਨਹੀਂ, ਸੱਪ 'ਚ ਵਿਹੁ ਨਹੀਂ, ਰਿਸ਼ਤਿਆਂ 'ਚ ਮੋਹ ਨਹੀਂ। ਖੰਡ ਵੀ ਗੰਨੇ ਦੀ ਥਾਂ ਕੇਲੇ ਤੋਂ ਬਣਦੀ ਹੈ। ਮਿੱਠਾ ਘੱਟ ਹੁੰਦਾ ਹੈ। ਲੋਕਾਂ ਨੂੰ ਵੀ ਘੱਟ ਮਿੱਠੇ ਵਾਲੇ ਰਿਸ਼ਤੇ ਹੀ ਚੰਗੇ ਲਗਦੇ ਨੇ। ਤਿੰਨ ਡਬਲਿਊ ਤੋਂ ਡਰਦੇ ਨੇ-ਵੈਦਰ, ਵਾਈਫ ਤੇ ਵਰਕ (ਮੌਸਮ, ਘਰਵਾਲੀ ਤੇ ਕੰਮ) ਪਤਾ ਨਹੀਂ ਇਧਰ ਕਦੋਂ ਵਿਗੜ ਜਾਣ, ਸਿਆਣੇ ਬੰਦੇ ਹਰ ਤਰ੍ਹਾਂ ਦੀ ਛਤਰੀ ਨਾਲ ਹੀ ਰਖਦੇ ਨੇ।
ਕੰਮ ਧੰਦਿਆਂ ਲਈ ਕੋਈ ਸੰਗ ਸ਼ਰਮ ਨਹੀਂ। ਕੋਈ ਮਿਹਣਾ ਨਹੀਂ। ਬਰਾੜ ਸਵੀਟ ਹਾਊਸ ਹੈ, ਗਿੱਲ ਸ਼ੂਅ ਸਟੋਰ ਹੈ, ਗੁੱਜਰਵਾਲ ਦੇ ਗਰੇਵਾਲਾਂ ਦੇ ਮੁੰਡੇ ਦੀ ਝਟਕਈ ਦੀ ਦੁਕਾਨ ਹੈ, ਸਿੱਧੂਆਂ ਦੀ ਨੂੰਹ ਦੀ ਵੱਡੇ ਸਾਰੇ ਪਲਾਜ਼ੇ ਵਿਚ 'ਨੈਣ' ਦੀ ਦੁਕਾਨ ਹੈ, ਸਦਿਓੜਿਆਂ ਦੀ ਟਰਾਂਸਪੋਰਟ ਕੰਪਨੀ ਹੈ, ਟਰਾਲੇ ਟੋਰਾਂਟੋ ਤੋਂ ਕੈਲੀਫੋਰਨੀਆ ਜਾਂਦੇ ਨੇ। ਧਾਲੀਵਾਲ ਕਾਰਾਂ ਦੀ ਮੁਰੰਮਤ ਕਰਦਾ ਹੈ। ਸਭ ਪਾਸੇ ਜਦ ਪੈਂਦਾ ਮੰਦਾ, ਤਾਂ ਟੈਕਸੀ ਹੈ 'ਆਲੂ' ਵਰਗਾ ਧੰਦਾ।
ਬੋਲ ਚਾਲ ਦਾ ਸਟਾਈਲ ਵੀ ਆਪਣਾ ਹੀ ਹੈ, ਪੁਛੋ, 'ਘਰ ਕਿੰਨੀ ਦੂਰ ਹੈ?', ਕਹਿਣਗੇ, 'ਬਸ 40 ਕੁ ਮਿੰਟ ਦੂਰ ਹੈ।' ਜਾਂ ਫਿਰ 'ਸਕਾਰਬਰੋ 'ਚ ਗੱਡੀ ਹਿੱਟ ਕਰੀਂ, ਫਿਰ ਰਾਈਟ ਲੈ ਲੀਂ, ਜਾਂਦਾ ਹੀ ਫੋਨ ਮਾਰੀਂ, ਜਾਂਦਾ-ਜਾਂਦਾ ਜੌਬ ਤੋਂ ਮੌਮ ਨੂੰ ਪਿੱਕ ਕਰ ਲੀਂ, ਗੈਰੀ ਤੋਂ ਪੇਮੈਂਟ ਵੀ ਪਿੱਕ ਕਰ ਲੀਂ।' ਕਈ ਤਾਂ ਸਸਤਾ ਰਾਸ਼ਨ ਲੈਣ ਨਿਆਗਰਾ ਪਾਰ ਕਰਕੇ ਅਮਰੀਕਾ ਜਾਣਗੇ, ਆ ਕੇ ਚਾਲੀ ਡਾਲੇ ਵਾਲੀ ਬੋਤਲ ਲੈ ਲੈਣਗੇ। ਕਈ ਮਹਾਤੜ ਹਾਲੇ ਵੀ 50 ਸਾਲ ਪਿਛੇ ਜਿਉਂਦੇ ਨੇ, ਅੱਗ ਬੁਝਾਊ ਯੰਤਰ ਕੋਲ ਖੜ੍ਹੇ ਵੀ ਕਹਿਣਗੇ- 'ਸਿਗਰਟ ਨਾ ਬਾਲੀਂ, ਪਟਾਕਾ ਪੈ ਜੂ।' ਜਾਂ ਫਿਰ 'ਹੁਣ ਤਾਂ ਕੈਨੇਡਾ ਸਰਕਾਰ ਨੇ ਵੀ ਬੋਰਡ ਪੰਜਾਬੀ 'ਚ ਲੁਆ 'ਤੇ ਹੁਣ ਤਾਂ ਫੋਟੋਆਂ ਦੇਖਣੀਆਂ ਛੱਡ ਪੰਜਾਬੀ ਸਿੱਖ ਹੀ ਲਈਏ।' ਸਿਆਣੀ ਬੁੜ੍ਹੀ ਵਾਂਗ ਮੱਤ ਦੇਣਗੇ, 'ਜੇ ਘੁੱਟ ਲਾਓ, ਗੱਡੀ ਹੌਲੀ ਚਲਾਓ।' ਇਕ ਸੁਣਾਵੇ, 'ਭੋਲਿਆ, ਸਟੇਰਿੰਗ ਡੋਲਿਆ, ਆਰ. ਸੀ. ਐਮ. ਪੀ. ਵਾਲਾ ਬੜਾ ਸਾਊ, ਕੁਝ ਨਾ ਬੋਲਿਆ, ਲਾਈਸੈਂਸ ਖੋਹ ਲਿਆ।'
ਉਥੇ ਜਾ ਕੇ ਮੇਰੀ ਧਾਰਨਾ ਇਹ ਬਣੀ ਕਿ ਪੰਜਾਬੀ ਬਾਰੀ ਤੋਂ ਪਰਦਾ ਹਟਾਉਂਦੇ ਨੇ ਤਾਂ ਸੂਰਜ ਚੜ੍ਹਦਾ ਹੈ, ਆਪਣੇ ਘਰ ਦਾ ਦਰਵਾਜ਼ਾ ਖੋਲ੍ਹਦੇ ਨੇ ਤਾਂ ਸੜਕਾਂ ਉਬਾਸੀ ਲੈਂਦੀਆਂ ਉਠ ਪੈਂਦੀਆਂ ਨੇ। ਘਰੋਂ ਤੁਰਦੇ ਨੇ ਤਾਂ ਇਹ ਮੁਲਕ ਜਾਗ ਜਾਂਦਾ ਹੈ ਅਤੇ ਇਥੋਂ ਤੱਕ ਕਿ ਜੇ ਇਹ ਛਤਰੀ ਖੋਲ੍ਹਦੇ ਨੇ ਤਾਂ ਹੀ ਮੀਂਹ ਪੈਣ ਲਗਦਾ ਹੈ।
ਉਂਜ ਉਥੇ ਬਹੁਤੇ ਇਹੋ ਜਿਹੇ ਵੀ ਨੇ, ਜਿਹੜੇ ਪਿੰਡੋਂ ਉਡ ਕੇ 12 ਹਜ਼ਾਰ ਮੀਲ ਆ ਗਏ ਨੇ, ਪਰ ਪਿੰਡ ਨੂੰ ਵੀ ਨਾਲ ਹੀ ਚੁੱਕ ਲਿਆਏ ਨੇ ਤੇ ਸੁਭਾਅ ਵਿਚ 12 ਸੂਤ ਦਾ ਵੀ ਫਰਕ ਨਹੀਂ ਪਿਆ। ਇਹੀ ਪੁਆੜੇ ਦੀ ਜੜ੍ਹ ਹੈ।
ਆਪਣੇ ਇਸ ਛੋਟੇ ਪ੍ਰਵਾਸ ਦੌਰਾਨ ਪੱਕਾ ਪ੍ਰਵਾਸ ਕਰ ਗਏ ਪੰਜਾਬੀਆਂ ਦੇ ਸੁਭਾਅ, ਚਿੰਤਾਵਾਂ, ਮਾਨਸਿਕਤਾ ਤੇ ਖਾਸ ਕਰਕੇ ਉਦਰੇਵੇਂ ਵਰਗੇ ਪਹਿਲੂਆਂ ਬਾਰੇ ਇਸ ਕਿਤਾਬ ਨੇ ਆਪਣੇ ਆਪ ਹੀ ਰੂਪ ਲੈ ਲਿਆ। ਕੁਝ ਥਾਂਵਾਂ 'ਤੇ ਦੋਸਤਾਂ ਮਿੱਤਰਾਂ ਦੇ ਨਾਮ ਬਦਲੇ ਗਏ ਹਨ, ਬਹੁਤੀਆਂ ਥਾਂਵਾਂ 'ਤੇ ਸਹੀ ਹੀ ਰੱਖੇ ਗਏ ਹਨ। ਇਸ ਕਿਤਾਬ ਵਿਚ ਹੰਢਾਏ ਹੋਏ ਪਲਾਂ ਅਤੇ ਅਹਿਸਾਸਾਂ ਨੂੰ ਪੇਸ਼ ਕਰ ਰਿਹਾ ਹਾਂ। ਆਸ ਹੈ ਤੁਹਾਨੂੰ ਚੰਗਾ ਲੱਗੇਗਾ।
Subscribe to:
Post Comments (Atom)
No comments:
Post a Comment