ਮੇਰੇ ਡੈਡੀ ਜੀ ਦੇ ਜਮਾਤੀ
30 ਵਰ੍ਹੇ ਪਹਿਲਾਂ ਕਨੇਡਾ ਆਏ
ਔਲਾਦ ਦੋ ਬੇਟੇ, ਇਕ ਬੇਟੀ
ਛੋਟਾ ਯਹੂਦਣ ਨਰਸ ਲਿਆਇਆ
ਕੁੜੀ ਨੇ ਬੇਵਾਹਰੀ ਹੋ
ਨਾਲ ਪੜ੍ਹਦੇ ਗੋਰੇ ਨਾਲ ਘਰ ਵਸਾਇਆ
ਵੱਡਾ ਹੀ ਮੇਰੀ ਜ਼ਿੱਦ ਨਾਲ ਇੰਡੀਆ ਵਿਆਹਿਆ
ਉਸੇ ਤੋਂ ਹੀ ਸਭ ਦੁੱਖ ਪਾਇਆ
ਨੂੰਹ ਨੇ ਗਲ ਕਨੂੰਨ ਦਾ ਅੰਗੂਠਾ ਰੱਖ
ਸਾਰਾ ਟੱਬਰ ਸਪਾਂਸਰ ਕਰਵਾਇਆ
ਹੁਣ ਮੁੰਡੇ ਨੂੰ ਵੀ ਮਿਲਣੋਂ ਕਾਟਾ ਫਿਰਵਾਇਆ....
ਮੇਰੇ ਇਕ ਸੁਆਲ 'ਤੇ
ਉਹ ਮਿੰਨ੍ਹਾ ਜਿਹਾ ਮੁਸਕਰਾਉਂਦੇ ਨੇ
-ਬਚਾਇਆ ਬਚੂਇਆ ਕੁਝ ਨਹੀਂ,
ਬਸ ਵਤਨੋਂ ਆਇਆਂ ਲਈ
ਜਾਂ ਵਤਨ ਜਾ ਕੇ ਦਿਖਾਉਣ ਲਈ
ਕੁਝ ਹਾਸੇ ਵਾਲੇ ਮੁਖੌਟੇ ਰੱਖੇ ਨੇ ਬਚਾ ਕੇ।'
-ਹੋਰ ਸੁਣ, ਗਾਂ ਬਲਦ ਬੁੱਢੇ ਹੋ ਜਾਣ
ਤਾਂ ਗਊਸ਼ਾਲਾ ਭੇਜ ਦਿੰਦੇ ਨੇ।
ਨਿਆਣੇ ਲੈ ਰਹੇ ਬਦਲਾ
ਛੋਟੇ ਹੁੰਦੇ ਤੁਸੀਂ ਸਾਨੂੰ ਕਰੈਚ ਵਿਚ ਰੱਖਿਆ,
ਹੁਣ ਅਸੀਂ ਵਾਰੀ ਦਾ ਵੱਟਾ ਲਾਹੁੰਦੇ ਹਾਂ..
ਸੋ, ਹੁਣ ਅਸੀਂ ਗਊਸ਼ਾਲਾ ਰਹਿੰਦੇ ਹਾਂ।'
Subscribe to:
Post Comments (Atom)
No comments:
Post a Comment