Monday, October 12, 2009

ਕੂੰਜਾਂ : ਪਾਖਰ ਸਿੰਹੁ ਦਾ ਚਿੱਤ


(ਸਰੀ ਦੀ ਇਕ ਸ਼ਾਮ)
ਪਾਖਰ ਸਿੰਹੁ ਨੂੰ ਪੈਨਸ਼ਨ ਲੱਗੀ ਹੈ
ਰੋਜ਼ ਦੀ ਤਰਾਂ
ਅੱਜ ਫਿਰ ਸਿਟੀਜ਼ਨ ਹਾਲ ਆਇਆ ਹੈ।
ਰੋਜ਼ ਤੀ ਤਰਾਂ
ਆਉਂਦਾ ਆਉਂਦਾ
ਪੱਬ 'ਚੋਂ ਤਿੰਨ ਗਿਲਾਸੀਆਂ ਲਾ ਆਇਆ ਹੈ
ਨਚਦੀ ਗੋਰੀ ਤੇ ਨਿਹਾਲ ਹੋ ਆਇਆ ਹੈ।
ਰੋਟੀ ਖਾਣ ਜੋਗਾ ਹੋਣ, ਦਾ ਸਮਾਨ ਲੈ ਆਇਆ ਹੈ।
ਰੋਜ਼ ਦੀ ਤਰਾਂ
ਛਤਰੀ ਨਾਲ ਲਿਆਇਆ ਹੈ।
ਰੋਜ਼ ਦੀ ਤਰਾਂ
ਸਿਟੀਜ਼ਨ ਹਾਲ ਵਿਚ
ਮੇਜ਼ਾਂ ਤੇ ਬੁੜ੍ਹਕ ਰਹੀ ਹੈ ਤਾਸ਼
ਨੱਚ ਰਿਹਾ ਹੈ ਟੈਲੀਵੀਜ਼ਨ
ਤੇ ਕਰ ਰਹੇ ਨੇ ਜਵਾਨ ਦਿਲ ਬੁੜ੍ਹੇ
ਕੁਝ ਚੌੜ।
ਰੋਜ਼ ਦੀ ਤਰਾਂ
ਖੂੰਡੀਆਂ ਦੇ ਮੁੱਠਿਆਂ 'ਤੇ
ਠੋਡੀਆਂ ਧਰੀ ਬੈਠੀਆਂ ਨੇ ਕੁਝ ਉਦਾਸੀਆਂ।
ਰੋਜ਼ ਦੀ ਤਰਾਂ
ਸਿਆਸਤ ਨੂੰ ਲੱਗ ਰਿਹਾ ਹੈ ਰਿੜਕਾ।

ਪਰ ਅੱਜ ਰੋਜ਼ ਤੋਂ ਉਲਟ
ਉਹਦੀ ਮਸ਼ਕਰੀ ਕੁਝ ਸਲਾਬ੍ਹੀ ਹੈ।
ਚੁੱਪ ਦੇ ਕੋਨੇ ਬੈਠੇ ਬੈਠੇ
ਅਚਾਨਕ ਚੱਲ ਪਈ ਪਿਛਲੀ ਰੀਲ੍ਹ।
ਬੜੇ ਯਾਦ ਆਏ ਪਿੰਡ ਦੇ ਜੁੱਟ
ਲਾਹਣ ਦੀ ਪਹਿਲੀ ਘੁੱਟ।
ਮੁੰਡੇ ਨੂੰ ਕਨੇਡਾ ਵਿਆਹੁਣਾ
ਪੈਲੀ ਵੇਚ ਕੇ ਦੋਹਾਂ ਦਾ ਕਨੇਡਾ ਆਉਣਾ।
ਚੁੱਪ ਚੁੱਪ ਕੁਰਲਾਉਣਾ-ਹੁਭਕੀਂ ਹੁਭਕੀਂ ਰੋਣਾ।

ਫਿਰ ਪਿੰਡ 'ਚ ਘਰ ਢਾਹ
ਸ਼ਰੀਕਾਂ ਦੀ ਹਿੱਕ ਤੇ ਸੱਪ ਲਿਟਾ
ਕਿਲ੍ਹੇ ਜਿੱਡੀ ਕੋਠੀ ਪਾਉਣਾ।
ਉਹ ਬੁੜਬੁੜਾਇਆ
-ਹੁਣ ਕਿਵੇਂ ਗਏ ਤੋਂ ਅੱਗੇ ਪਿਛੇ ਫਿਰਦੇ ਨੇ
ਪਹਿਲਾਂ ਬੁਖਾਰ ਨੀਂ ਸੀ ਮੰਗਿਆ ਦਿੰਦੇ।'

ਯਾਦਾਂ ਦੀ ਰੀਲ੍ਹ ਉਧੇੜਦਿਆਂ ਯਾਦ ਆਇਆ
-ਕਿਵੇਂ ਉਹਦੀ ਸੀਬੋ
'ਪਾਣੀ' ਤੋਂ 'ਕਾਗਜ਼ਾਂ' 'ਤੇ ਆਈ
ਪਹਿਲਾਂ ਪਹਿਲ ਕਿਵੇਂ ਕੁਰਲਾਈ
-ਅਖੇ ਮੈਂ ਨੀਂ ਡੈਪਰ ਬਦਲਣੇ
ਨੂੰਹ ਦੀ ਗੋਲੀ ਬਣ ਕੇ....!
-ਕਿਵੇਂ ਗੋਲ ਮੋਰੀ 'ਚ ਚੌਰਸ ਗੀਟੀ ਫਿੱਟ ਆਈ।
-ਪਹਿਲੀ ਵਾਰ ਬਰਾਂਡੀ ਪੀ ਕੇ ਕਿਵੇਂ ਲੋਰ 'ਚ ਆਈ।
-ਕਿਵੇਂ ਪੈਂਟ ਪਾ, ਸੱਜ ਵਿਆਹੀ ਵਾਂਗ ਸ਼ਰਮਾਈ।
-ਕਿਵੇਂ ਸੋਨੇ ਦੇ ਫਰੇਮ ਵਾਲੀ ਐਨਕ ਲਵਾ
ਪਿੰਡ 'ਚ ਸਰਦਾਰਨੀ ਅਖਵਾਈ।'
ਹੁਣ ਪੋਤੇ ਲਈ ਸਾਕ ਲੱਭਣ
ਪਿੰਡ ਗਈ ਹੈ।
ਅਚਾਨਕ ਉਹ ਤ੍ਰਭਕਿਆ
ਐਵੇਂ ਕਿਸੇ ਲੰਡੀ ਬੁੱਚੀ ਨੂੰ
ਮੁਫਤ 'ਚ ਹੀ ਨਾਂ ਹਾਂ ਕਰ ਆਵੇ ......

ਉਹਦੇ ਅੰਦਰ ਰਿਕਾਰਡ ਜਿਹਾ ਵੱਜਣ ਲੱਗਾ
-ਸਾਰੀ ਉਮਰ ਹੀ ਧੰਦ ਪਿੱਟੀ ਤੂੰ
ਪਾਖਰਾ ਕੁਝ ਨਾ ਜਹਾਨ ਵਿਚੋਂ ਖੱਟਿਆ।'
ਉਹਦਾ ਜੀਅ ਕੀਤਾ
ਹੁਣੇ ਪਿੰਡ ਫੋਨ ਕਰੇ
ਪਰ ਐਸ ਵੇਲੇ ? ਚਲ ਛੱਡ!
ਉਸਦਾ ਮਨ ਦਿਲਾਸਾ ਦਿੰਦਾ ਹੈ
-ਹੋਰ ਬੰਦੇ ਨੇ ਖੱਟਣਾ ਵੀ ਕੀ ਹੁੰਦਾ?'
ਅੰਦਰ ਚਲਦਾ ਰਿਕਾਰਡ ਬੰਦ ਹੋ ਗਿਆ....!

ਸੋਚਾਂ ਦਾ ਗਿਲਾਫ ਉਥੇ ਹੀ ਲਾਹ
ਉਹ ਘਰ ਨੂੰ ਤੁਰ ਪਿਆ।
ਹਨ੍ਹੇਰਾ ਡੂੰਘਾ ਹੋ ਗਿਆ।
ਇਕ ਗੋਰੀ-ਗੋਰਾ ਚੁੰਬੜੇ ਜਾ ਰਹੇ ਨੇ।
ਬੱਤੀਆਂ ਦੀ ਜਾਗੋ ਨਿਕਲੀ ਹੋਈ ਹੈ।

-ਜਗਮਗ ਜਗਮਗ ਕਰਦੇ ਸ਼ਹਿਰਾਂ 'ਚ ਰਹਿਨੇ ਹਾਂ
ਕੋਈ ਫਿਕਰ ਨੀ
ਪਿੰਡ ਹੁੰਦੇ ਹਾਲੇ ਵੀ ਬਲਦਾਂ ਦੇ ਚੱਡਿਆਂ 'ਚ
ਪਰਾਣੀ ਤੁੰਨੀ ਜਾਣੀ ਸੀ,
ਹੋਰ ਕੀ ਖੱਟਣਾ ਹੁੰਦਾ ਬੰਦੇ ਨੇ....।'

ਤੁਰਿਆ ਜਾਂਦਾ ਉਹ ਆਮ ਵਾਂਗ
ਸਾਈਡ ਵਾਕ 'ਤੇ ਬਹਿ ਜਾਂਦਾ ਹੈ
ਛਤਰੀ 'ਚ ਲਕੋਇਆ ਪਊਆ ਕੱਢ
ਚੁੱਪਚਾਪ ਮੂੰਹ ਨੂੰ ਲਾਉਂਦਾ ਹੈ
ਇਕੋ ਸਾਹੇ ਅੰਦਰ ਲੰਘਾਉਂਦਾ ਹੈ।
ਉਹਦਾ ਚਿੱਤ ਸੂਤ ਹੋ ਜਾਂਦਾ ਹੈ
ਤੇ ਅੰਦਰ ਰਿਕਾਰਡ ਵੱਜਣ ਲੱਗ ਜਾਂਦਾ ਹੈ
-ਤੇਰੇ ਵਰਗਾ ਨੀ ਕਿਸੇ ਬਣ ਜਾਣਾ
ਘਰ ਘਰ ਪੁੱਤ ਜੰਮਦੇ....ਓ ਪਾਖਰਾ....।'
ਉਹਦੀਆਂ ਉਂਗਲਾਂ ਗੋਡੇ ਤੇ ਤਾਲ ਦੇਣ
ਲੱਗ ਜਾਂਦੀਆਂ ਹਨ,
ਪਾਖਰ ਸਿਹੁੰ ਨੂੰ ਕੈਨੇਡਾ ਨਾਲ
ਫਿਰ ਮੋਹ ਜਿਹਾ ਹੋ ਜਾਂਦਾ ਹੈ.....!
(ਡੈਪਰ-ਪੋਤੜੇ )
(ਸਾਈਡ ਵਾਕ-ਸੜਕ ਕਿਨਾਰੇ ਪੈਦਲ ਚੱਲਣ ਵਾਲਿਆਂ ਲਈ ਬਣਿਆ ਉਚਾ ਰਸਤਾ)

No comments:

Post a Comment