Tuesday, September 1, 2009

ਬਿਨਾਂ ਪਤੇ ਵਾਲਾ ਖ਼ਤ : ਹਾਦਸੇ

ਲੋਕ ਉਦਾਸ ਨੇ
ਕਲਮਾਂ ਉਦਾਸ ਨੇ
ਨਜ਼ਮਾਂ ਉਦਾਸ ਨੇ.....

ਮੇਰੇ ਗਰਾਂ ਅੱਜ ਕੱਲ
ਹਾਦਸਿਆਂ ਦੀ
ਰੇਤ ਦਾ ਝੱਖੜ ਝੁਲਦਾ ਹੈ.....।
ਹਾਦਸੇ
ਜੋ ਕਿ ਹਾਲਾਤ ਤੋਂ ਟੁੱਟ ਕੇ ਡਿਗਦੇ
੍ਵਕਾਲਖ਼ ਤੇ ਟੁਕੜੇ ਨੇ
ਹਾਦਸੇ
ਜੋ ਕਿ ਸੁੰਨੀਆਂ ਅੱਖਾਂ 'ਚੋਂ ਸਿੰਮਦੇ
ਸੰਧੂਰੀ ਕਤਰੇ ਨੇ -
ਦਰਖ਼ਤਾਂ ਦੇ ਪੱਤਿਆਂ 'ਚੋਂ -
ਭੂਤ ਸੀਟੀਆਂ ਮਾਰਦੇ ਨੇ,
ਗਲੀਆਂ 'ਚ ਸਰਕਾਰੀ ਸਾਹਨਾਂ ਵਾਂਗ ਹੌਂਕਦੇ ਨੇ।
ਸੁੰਨੀਆਂ ਗਲੀਆਂ 'ਚ ਕੁੱਤਿਆਂ ਵਾਂਗ ਭੌਂਕਦੇ ਨੇ।
ਵੈਣ ਬਣ ਪੀੜ ਤਰੌਂਕਦੇ ਨੇ
ਤੇ
ਬੰਦ ਬੂਹਿਆਂ ਦੀਆਂ ਝੀਥਾਂ ਵਿੱਚੋਂ ਦੀ ਵੀ
ਸੱਪਾਂ ਵਾਂਗ ਅੰਦਰ ਸਰਕ ਆਉਂਦੇ ਨੇ.....!!
.........................
ਜਦੋਂ
ਸ਼ਹਿਰ ਤੇ ਬੰਬ ਡਿੱਗਦੇ ਨੇ
ਤਾਂ ਪਿੱਤਲ ਇਕੱਲਾ ਕਰਨਾ
ਲੋਕਾਂ ਦਾ ਸ਼ੌਕ ਨਹੀਂ
ਧੰਦਾ ਹੋ ਨਿਬੜਦਾ ਹੈ.......।
ਹਾਦਸਿਆਂ ਨੂੰ
ਦਿਲਾਂ ਨਾਲ
ਰਿਸ਼ਤਿਆਂ ਨਾਲ
ਜਾਂ ਪੁੜਪੁੜੀਆਂ ਨਾਲ
ਕੋਈ ਵਾਸਤਾ ਨਹੀਂ ਹੁੰਦਾ।
ਉਹ ਤਾਂ 'ਸੈਕੂਲਰ' ਹੁੰਦੇ ਨੇ.....।
ਉਹ ਰੁੱਤਾਂ ਵਾਂਗ ਆਉਂਦੇ ਨੇ
ਤੇ ਬਦਲਦੇ ਨੇ.......

ਜੇ ਕਰਨਾ ਏ ਜ਼ਿਆਦਾ ਪਤਾ
ਮੇਰੇ ਗਰਾਂ ਦੇ ਕਿਸੇ
ਮਾਸੂਮ ਬੱਚੇ ਕੋਲੋਂ ਪੁੱਛਣਾ
(ਬਾਕੀ ਸਭ ਦੇ ਬੁੱਲ੍ਹਾਂ ਤੇ ਚਿਪਕੇ ਹੋਏ ਨੇ ਹਾਦਸੇ)
ਉਹ ਬੱਚਾ ਹੀ ਤੁਹਾਨੂੰ ਸਮਝਾ ਦੇਵੇਗਾ
ਕਿਸੇ 'ਪਟਾਖੇ' ਤੇ 'ਗੋਲੀ' ਦੀ ਆਵਾਜ਼ ਦਾ ਫ਼ਰਕ.........
ਖੈਰ!
ਹੁਣ ਤਾਂ ਬਹੁਤ ਬਦਲ ਗਏ ਨੇ
ਹਾਦਸਿਆਂ ਦੇ ਅਰਥ -
ਕੇਰਾਂ ਜਿਹੇ ਬਾਪੂ ਦੱਸਦਾ ਸੀ
ਵੱਢ ਖਾਣੇ ਕੇ ਬੰਤ ਦੇ
ਸਰਪੰਚ ਨੇ ਚਪੇੜ ਮਾਰੀ ਸੀ
ਤਾਂ ਪਿੰਡ ਲਈ ਇਹ ਬਹੁਤ ਵੱਡਾ ਹਾਦਸਾ ਸੀ।
ਹੁਣ ਹਰ ਘਰ ਦਾ
ਹਾਦਸਿਆਂ ਦਾ 'ਰਾਸ਼ਨ ਕਾਰਡ' ਬਣ ਗਿਆ ਏ
ਤਾਂ ਕੋਈ ਅਚੰਭੇ ਵਾਲੀ ਗੱਲ ਨਹੀਂ......।

ਹੁਣ ਮੇਰੇ ਗਰਾਂ
ਸਿਰਫ਼ ਦੋ ਤਰ੍ਹਾਂ ਦੇ ਲੋਕ ਬਚੇ ਨੇ
ਇਕ ਉਹ
ਜਿਨ੍ਹਾਂ ਨਾਲ ਹਾਦਸਾ 'ਹੋ ਚੁੱਕਾ' ਹੈ
ਤੇ ਇਕ ਉਹ
ਜਿਨ੍ਹਾਂ ਨਾਲ ਹਾਦਸਾ 'ਹੋਣ ਵਾਲਾ' ਏ।

ਹੁਣ ਤਾਂ ਪਛਾਣਾਂ ਤੇ ਵੀ
ਹਾਦਸਿਆਂ ਦੀ ਉੱਲੀ ਚੜ੍ਹੀ ਹੈ
ਤੇ ਨਕਾਬਪੋਸ਼ੀ ਦੀ ਰੁੱਤ ਉੱਤਰ ਆਈ ਹੈ
ਤੇ ਜਦੋਂ ਦਾ ਅਸੀਂ ਕੰਧਾਂ 'ਚੋਂ ਦੀ
ਸੁਨਣਾ ਸਿੱਖ ਲਿਆ ਹੈ
ਦੋਸਤੀਆਂ ਦੇ ਵੀ ਹਾਦਸੇ ਵੀ ਹੋ ਗਏ ਨੇ
ਤੇ ਹਰ ਦਿਲ ਉੱਪਰ ਜੰਮ ਗਿਆ ਹੈ
ਇੱਕ ਬਰਫ਼ ਵਰਗਾ ਹਾਦਸਾ........।

ਲੋਕ ਉਦਾਸ ਨੇ
ਕਲਮਾਂ ਉਦਾਸ ਨੇ
ਨਜ਼ਮਾਂ ਉਦਾਸ ਨੇ

No comments:

Post a Comment