(ਲਿਖਤੁਮ ਨਸੀਬ ਕੌਰ)
ਮੇਰੇ ਪਿਆਰੇ ਬੇਟੇ-
ਕਿੰਨਾ ਚੰਗਾ ਲੱਗਿਆ ਹੈ
ਅੱਜ ਤੇਰਾ 'ਮਦਰਜ਼ ਡੇਅ' ਵਾਲਾ ਕਾਰਡ
ਡਾਕ ਵਿਚ ਆਇਆ ਹੈ।
-ਖੋਲ੍ਹਣ ਤੋਂ ਪਹਿਲਾਂ ਹੀ
ਚਿੱਠੀ ਦੇ ਮਗਰ
ਆਪਣੀ ਪੋਤੀ 'ਮੈਂਡੀ' ਦੇ ਹੱਥ ਨਾਲ ਲਿਖਿਆ
ਤੇਰਾ ਨਾਮ ਕਿੰਨਾ ਚੰਗਾ ਲੱਗਾ।
ਮੈਂ ਦੱਸ ਵੀ ਨਹੀਂ ਸਕਦੀ, ਮੇਰੇ ਬਚੜਿਆ।'
ਯਾਦ ਕਰਦੀ ਹਾਂ
ਕਿਵੇਂ ਅਧਖੜ ਉਮਰੇ ਤੇਰੇ ਭਵਿੱਖ ਲਈ
ਮੇਰੇ ਨਾਂਹ ਨਾਂਹ ਕਹਿੰਦਿਆਂ
ਵਸਦਾ ਰਸਦਾ, ਦੇਸ ਛੱਡ
ਰੋਂਦਿਆਂ ਕੁਰਲਾਉਂਦਿਆਂ
ਵਰ੍ਹਿਆਂ ਉਡੀਕ ਕੇ ਮਿਲੀ
ਇਮੀਗਰੇਸ਼ਨ ਦੀ ਦਾਤ ਕਬੂਲਦਿਆਂ
ਤੇਰਾ ਬਾਪੂ ਇਥੇ ਆਇਆ
ਕੁਨਬਾ ਵਸਾਇਆ।
ਤਿਲ ਤਿਲ ਨਪੀੜ, ਆਪ ਖਪਿਆ,
ਤੈਨੂੰ ਪੜ੍ਹਾਇਆ
ਅੰਗ੍ਰੇਜ਼ਾਂ ਬਰਾਬਰ ਬਣਾਇਆ।
ਅਖੇ-ਆਪਣੀ ਜ਼ਿੰਦਗੀ ਤਾਂ ਕਰਤਾਰ ਕੁਰੇ ਗਈ
(ਕਿਵੇਂ ਉਥੇ ਮੈਨੂੰ ਤਾਰੋ ਕਹਿੰਦਾ
ਇਥੇ ਕਰਤਾਰ ਕੌਰ ਕਹਿਣ ਲੱਗਾ ਸੀ)
ਉਹਦੀ ਸੋਚ ਸੀ-
ਪਿੰਡ ਦੀਆਂ ਗਲੀਆਂ 'ਚ
ਅਵਾਰਾ ਹੇੜ੍ਹ ਨਾਲ ਫਿਰਦਾ
ਆਪਣਾ 'ਕੱਲਾ ਮਿੰਦਰ -ਤੂੰ
ਕਿਤੇ ਕੁਲ ਨੂੰ ਵੱਟਾ ਨਾ ਲਾ ਦੇਵੇ।
ਦੇਖਿਆ ਤੈਨੂੰ ਪੜ੍ਹਾ ਅਫ਼ਸਰ ਬਣਾ 'ਤਾ
ਡਾਲਰ ਲਾਹੁਣ ਲਾ 'ਤਾ
ਪਟਰ ਪਟਰ ਅੰਗ੍ਰੇਜ਼ੀ ਬੋਲਣ ਲਾ 'ਤਾ,
ਆਪਣਾ ਆਪ ਦਾਅ 'ਤੇ ਲਾ
ਤੈਨੂੰ ਜਿੰਨੀ ਪੌੜ੍ਹੀ ਚੜ੍ਹਾ ਸਕਿਆ ਚੜ੍ਹਾ 'ਤਾ,
ਇਥੇ ਜੰਮੀ ਕੁੜੀ ਨਾਲ ਵਿਆਹ 'ਤਾ।
ਅਗਾਂਹ ਜਿਉਂਦੀ ਵਸਦੀ ਰਹੇ ਆਪਣੀ ਵੱਡੀ ਮੈਂਡੀ
ਤੇ ਛੋਟਾ ਗੈਰੀ।
ਇਹਨਾਂ ਦੇ ਨਾਮ ਨਾਲ ਕੌਰ ਤੇ ਸਿੰਘ ਲਾਉਣ ਲਈ
ਨੂੰਹ ਰਾਣੀ ਨੂੰ ਕਹੀਂ -
ਇਹ ਤਾਂ ਬਾਬੇ ਨੇ ਬਖਸ਼ੇ ਨੇ।
ਪਰ ਇਹ ਨਾ ਦੱਸੀਂ ਕਿ ਮੈਂ ਕਿਹਾ,
ਗੁੱਸਾ ਕਰ ਜੂ ਗੀ।'
-ਮੈਨੂੰ ਪਤਾ ਹੈ
ਤੂੰ ਵੀ ਉਦਾਸ ਹੋਵੇਂਗਾ
ਤੇਰੀ ਜੜ੍ਹ ਲਾ ਤੇਰਾ ਬਾਪ,
ਜੀਹਦਾ ਮੈਂ ਤਾਂ ਕਦੇ ਨਾਮ ਵੀ ਨਹੀਂ ਲੈਂਦੀ।
ਕਿਵੇਂ -ਵਿਤੋਂ ਵੱਧ ਕੰਮ ਕਰਨ ਦੀਆਂ
ਬੀਮਾਰੀਆਂ ਕਰਕੇ ਤੁਰ ਗਿਆ।
ਨਾਲੇ ਸੱਚ............
ਚੱਲ ਛੱਡ ਪਰ੍ਹਾਂ....!'
-ਅੱਛਾ ਤੂੰ ਤੇ ਨੂੰਹ ਰਾਣੀ ਖੁਸ਼ ਹੋ ਨਾ।
ਵਾਹਿਗੁਰੂ ਮਿਹਰ ਰੱਖੇ, ਤੱਤੀ 'ਵਾ ਨਾ ਲਾਵੇ।
ਮੈਂ ਇਥੇ ਬਹੁਤ ਖੁਸ਼ ਹਾਂ....
ਮੈਂਡੀ ਨੇ ਕਿੰਨੀ ਸੋਹਣੀ ਲਿਖਤ ਵਿਚ
ਐਡਰੈਸ ਲਿਖ ਕੇ ਮੈਨੂੰ
'ਤੇਰੇ ਵੱਲੋਂ'
ਮਦਰਜ਼ ਡੇਅ ਦਾ ਕਾਰਡ ਘੱਲਿਆ ਹੈ।
ਜਿਉਂਦੇ ਵਸਦੇ ਰਹੋ ਸਾਰੇ।
ਮੈਂ ਠੀਕ ਠਾਕ ਹਾਂ!!
ਮੈਂਡੀ ਨੂੰ ਕਹਿਓ -
(ਕਿੰਨੀ ਪਿਆਰੀ ਬੱਚੀ ਹੈ)
ਜਦੋਂ ਅਗਲੇ ਸਾਲ ਤੇਰੇ ਵੱਲੋਂ
ਮੈਨੂੰ ਮਦਰਜ਼ ਡੇਅ ਦਾ ਕਾਰਡ ਭੇਜੇ,
ਤਾਂ ਕਾਰਡ ਹੇਠੋਂ, ਕੀਮਤ ਵਾਲਾ
ਸਟਿਕਰ ਲਾਹ ਲਿਆ ਕਰੇ।
ਉਹਨੂੰ ਦੱਸੀਂ
ਕਿਵੇਂ 'ਆਪਾਂ' ਕਿਸੇ ਨੂੰ ਤੋਹਫਾ ਦੇਣ ਲੱਗੇ
ਰੇਟ ਵਾਲੇ ਸਟਿਕਰ ਨੂੰ
ਲਾਹ ਦਿੰਦੇ ਸੀ....
ਮਾਣ ਹੀ ਹੁੰਦਾ।'
-ਨਾਲੇ ਕਿੰਨਾ ਕੁ ਟਾਈਮ ਲਗਦਾ ਹੈ
ਕਾਰਡ ਤੇ ਆਪਣੇ ਹੱਥਾਂ ਨਾਲ
ਉਸ ਜਗ੍ਹਾ ਉਪਰ ਖੁਦ ਪੈਨ ਨਾਲ
ਆਪਣਾ ਨਾਮ ਲਿਖਣਾ
ਜਿਥੇ ਲਿਖਿਆ ਹੁੰਦਾ
'ਤੇਰੇ ਪਿਆਰੇ ਪੁੱਤਰ ਵਲੋਂ।'
ਕਾਰਡ ਸ਼ੈਲਫ 'ਤੇ ਰੱਖਿਆ
ਕਿਸੇ ਕਹਿਣਾ -
ਬੁੜ੍ਹੀ ਨੇ ਆਪੇ ਖਰੀਦ ਕੇ ਰੱਖਿਆ ਹੋਊ।
ਤੇਰੇ ਹੱਥਾਂ ਨਾਲ ਤੇਰਾ ਨਾਮ ਲਿਖਿਆ ਹੋਊ
ਤਾਂ ਸਭ ਨੂੰ ਦਿਖਾਊਂ ....!
-ਗੁੱਸਾ ਨਾ ਕਰੀਂ
ਅਗਲੀ ਵਾਰ ਇੰਜ ਹੀ ਕਰੀਂ
ਕਿ ਇਹਦੇ ਨਾਲ ਇਥੇ
ਓਲਡ ਹੋਮ ਵਿਚ
ਮੇਰੀ ਟੌਹਰ ਬਣ ਜਾਵੇ -
ਕਿ ਬੁੱਢੜੀ ਨਿਪੁੱਤੀ ਨਹੀਂ।'
(ਐਡਰੈਸ-ਘਰ ਦਾ ਪਤਾ, ਮਦਰਜ਼ ਡੇਅ-ਮਾਤਾਵਾਂ ਦੇ ਸਤਿਕਾਰ ਵਿਚ ਮਨਾਇਆ ਜਾਣ ਵਾਲਾ ਦਿਵਸ)
Subscribe to:
Post Comments (Atom)
Bahut khub ji
ReplyDelete