Wednesday, September 2, 2009

ਬਿਨਾਂ ਪਤੇ ਵਾਲਾ ਖ਼ਤ ਬਾਰੇ

ਜ਼ਿੰਦਗੀ ਅਤੇ ਆਲੇ ਦੁਆਲੇ ਬਾਰੇ ਨਜ਼ਮਾਂ

ਬਿਨਾਂ ਪਤੇ ਵਾਲਾ ਖ਼ਤ ਬਾਰੇ

ਕੰਵਲਜੀਤ ਢੁੱਡੀਕੇ ਦਾ ਇਹ ਪਲੇਠਾ ਕਾਵਿ ਸੰਗ੍ਰਹਿ 1997 ਵਿਚ ਛਪਿਆ।
ਪੰਜਾਬ ਦੇ ਹਾਲਾਤਾਂ ਤੋਂ ਲੈ ਕੇ ਜ਼ਿੰਦਗੀ ਦੀਆਂ ਘੁੰਮਣਘੇਰੀਆਂ ਬਾਰੇ ਲਿਖੀਆਂ ਇਨ੍ਹਾਂ ਨਜ਼ਮਾਂ ਦਾ ਕਈ ਜ਼ੁਬਾਨਾਂ ਵਿਚ ਤਰਜਮਾ ਹੋ ਚੁੱਕਿਆ ਹੈ। ਰਿਲੀਜ਼ ਸਮਾਰੋਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਦਿਆਰਥੀ ਭਵਨ ਵਿਚ ਹੋਇਆ। ਗੋਸ਼ਟੀ ਦੌਰਾਨ ਡਾ. ਸੁਤਿੰਦਰ ਸਿੰਘ ਨੂਰ, ਸੁਰਜੀਤ ਪਾਤਰ, ਨਿਰੰਜਣ ਤਸਨੀਮ, ਸਵ. ਨਰੂਲਾ ਸਾਹਿਬ ਪ੍ਰਧਾਨਗੀ ਮੰਡਲ ਵਿਚ ਸ਼ਾਮਲ ਹੋਏ। ਅਮਰਜੀਤ ਗਰੇਵਾਲ, ਡਾ. ਸਰਬਜੀਤ ਸਿੰਘ ਅਤੇ ਪ੍ਰੋ. ਰਮਨ ਨੇ ਪਰਚੇ ਪੜ੍ਹੇ। ਸਟੇਜ ਸੰਚਾਲਨ ਜਸਵੰਤ ਜ਼ਫਰ ਨੇ ਕੀਤਾ। ਗਾਇਕ ਵੀਰ ਸੁਖਵੰਤ ਤੇ ਕੁਝ ਹੋਰ ਦੋਸਤਾਂ ਨੇ ਕੁਝ ਗੀਤਾਂ ਤੇ ਗਜ਼ਲਾਂ ਨੂੰ ਖੂਬਸੂਰਤੀ ਨਾਲ ਗਾਇਆ। ਬਲਦੇਵ ਸਿੰਘ 'ਸੜਕਨਾਮਾ', ਪ੍ਰਿੰ. ਗੁਰਮੇਲ ਸਿੰਘ, ਲੇਖਕ ਦੇ ਪਿਤਾ ਗਿਆਨੀ ਕਿਰਪਾਲ ਸਿੰਘ, ਪ੍ਰਿੰ. ਹਰੀ ਸਿੰਘ, ਜਗਦੇਵ ਸਿੰਘ ਜੱਸੋਵਾਲ, ਗੁਰਭਜਨ ਗਿੱਲ, ਸੰਤੋਖ ਔਜਲਾ, ਦਲਜੀਤ ਸਿੰਘ ਜੱਸਲ, ਸਵਰਨਜੀਤ ਸਵੀ, ਪ੍ਰਿੰ. ਸੁਰਿੰਦਰਬੀਰ ਸਿੰਘ ਤੇ ਕਈ ਹੋਰ ਸਾਹਿਤਕ ਦੋਸਤ ਮਿੱਤਰ ਸ਼ਾਮਲ ਹੋਏ। ਇਸ ਬਲਾਗ ਵਿਚ ਇਸ ਕਾਵਿ ਸੰਗ੍ਰਹਿ ਵਿਚਲੀਆਂ ਨਜ਼ਮਾਂ ਨੂੰ ਪੇਸ਼ ਕੀਤਾ ਗਿਆ ਹੈ।


ਸਮਰਪਣ
ਸਿਰੜੀ ਤੇ ਅਣਥੱਕ ਮਾਂ
ਸਵਰਗੀ ਸ੍ਰੀ ਮਤੀ ਅਮਰ ਕੌਰ
ਦੀ ਯਾਦ ਦੇ ਨਾਮ

ਬਿਨਾਂ ਪਤੇ ਵਾਲਾ ਖ਼ਤ : ਆਦਿਕਾ

ਆਦਿਕਾ : - ਸੁਰਜੀਤ ਪਾਤਰ, ਜੂਨ 1997

ਕੰਵਲਜੀਤ, ਜਿਸਦੇ ਨੈਣ ਨਕਸ਼, ਦੂਰਦਰਸ਼ਨ ਦਾ ਨਿਊਜ਼ ਰੀਡਰ ਹੋਣ ਦੇ ਨਾਤੇ, ਪੰਜਾਬ ਲਈ ਜਾਣੇ ਪਛਾਣੇ ਹਨ, ਸਿਰਫ਼ ਖ਼ਬਰਾਂ ਪੜ੍ਹਨ ਦੇ ਹੀ ਸਮਰਥ ਨਹੀਂ, ਖ਼ਬਰਾਂ ਸਿਰਜਣ ਦੇ ਵੀ ਸਮਰਥ ਹੈ। ਆਪਣੇ ਵਿਦਿਆਰਥੀ ਜੀਵਨ ਤੋਂ ਲੈ ਕੇ ਹੁਣ ਤੱਕ ਉਸਨੇ ਮੰਚ-ਅਦਾਕਾਰੀ, ਨਿਰਦੇਸ਼ਨ, ਫੋਟੋਗ੍ਰਾਫੀ ਤੇ ਸਕੈਚਿੰਗ ਦੇ ਖੇਤਰ ਦੀਆਂ ਅਨੇਕਾਂ ਪ੍ਰਤੀਯੋਗਤਾਵਾਂ ਵਿੱਚ ਅੱਵਲ ਰਹਿ ਕੇ ਖ਼ਬਰਾਂ ਸਿਰਜੀਆਂ ਹਨ। ਉਸਦੇ ਅਕਸੀ-ਚਿੱਤਰਾਂ ਦੀਆਂ ਇਕ-ਪੁਰਖੀ ਨੁਮਾਇਸ਼ਾਂ, ਸਲਾਈਡ ਸ਼ੋਅ ਤੇ ਹੁਣ ਉਸਦੇ ਪ੍ਰਥਮ ਕਾਵਿ ਸੰਗ੍ਰਹਿ ਦਾ ਪ੍ਰਕਾਸ਼ਨ ਵੀ ਇਕ ਅਜਿਹੀ ਖ਼ਬਰ ਹੀ ਹੈ।
ਖ਼ਬਰਾਂ ਪੜ੍ਹਨ ਤੇ ਖ਼ਬਰਾਂ ਸਿਰਜਣ ਤੋਂ ਇਲਾਵਾ ਕੰਵਲਜੀਤ ਖ਼ਬਰਾਂ ਨੂੰ ਆਪਣੇ ਸੀਨੇ 'ਤੇ ਝੱਲਣ ਦੀ ਸੰਵੇਦਨਾ ਦਾ ਧਾਰਨੀ ਵੀ ਹੈ। ਉਹ ਖ਼ਬਰਾਂ ਪਿਛਲੇ ਇਤਿਹਾਸ ਨੂੰ ਵੀ ਜਾਣਦਾ ਹੈ ਤੇ ਉਨ੍ਹਾਂ ਦੇ ਭਵਿੱਖ-ਮੁਖੀ ਪਰਛਾਂਵਿਆਂ ਤੋਂ ਵੀ ਸੁਚੇਤ ਹੈ। ਮਰ ਗਿਆਂ ਦੀ ਗਿਣਤੀ ਦੱਸਣ ਵੇਲੇ ਉਹ ਇੱਕ ਇੱਕ ਮ੍ਰਿਤਕ ਨਾਲ ਮਰੇ ਇੱਕ ਇੱਕ ਜਹਾਨ ਦਾ ਮਰਮ ਵੀ ਜਾਣਦਾ ਹੈ। ਏਹੀ ਨਹੀਂ, ਉਸ ਲਈ ਤਾਂ ਇੱਕ ਪੱਤੇ ਦਾ ਟੁੱਟਣਾ ਵੀ ਖ਼ਬਰ ਹੈ, ਇੱਕ ਫੁੱਲ ਦਾ ਖਿੜਨਾ ਵੀ ਤੇ ਰਸਤੇ 'ਤੇ ਸੱਜਰੀ ਪੈੜ ਦਾ ਪੈਣਾ ਵੀ। ਤਦੇ ਹੀ ਤਾਂ ਉਹ ਅਕਸਰ ਸੂਰਜ ਚੜ੍ਹਨ ਤੋਂ ਵੀ ਪਹਿਲਾਂ ਆਪਣਾ ਕੈਮਰਾ ਮੋਢੇ ਲਟਕਾਈ ਅਜਿਹੇ ''ਇਤਿਹਾਸਕ ਛਿਣਾਂ'' ਨੂੰ ਪਕੜਨ ਲਈ ਨਿਕਲ ਤੁਰਦਾ ਹੈ।
ਕਿ ਉਸ ਲਈ ਤਿਤਲੀ ਦਾ ਮੁਰਝਾਏ ਫੁੱਲ ਕੋਲ ਬੈਠਣਾ ਵੀ ਇਕ ਖ਼ਬਰ ਹੈ, ਖ਼ਬਰ ਹੀ ਨਹੀਂ ਪੂਰਾ ਅਧਿਆਇ ਹੈ, ਅਧਿਆਇ ਹੀ ਨਹੀਂ ਪੂਰਾ ਦਰਸ਼ਨ ਹੈ, ਇਸ ਗੱਲ ਦਾ ਪਤਾ ਮੈਨੂੰ ਇਕ ਕਾਵਿ-ਸੰਗ੍ਰਹਿ ਦੀਆਂ ਕਵਿਤਾਵਾਂ ਪੜ੍ਹ ਕੇ ਲੱਗਾ। ਇਸ ਕਾਵਿ-ਸੰਗ੍ਰਹਿ ਵਿੱਚ ਕਈ ਰੰਗਾਂ ਦੀਆਂ ਕਵਿਤਾਵਾਂ ਹਨ, ਪਰ ਹਰੇਕ ਰੰਗ ਵਿੱਚ ਉਸ ਦੀਆਂ ਆਪਣੀਆਂ ਮੌਲਿਕ ਤੇ ਸੱਜਰੀਆਂ ਛੋਹਾਂ ਹਨ। ਕੁਝ ਕਵਿਤਾਵਾਂ ਵਿੱਚ ਤਾਂ ਉਹ ਬਿਲਕੁਲ ਨਿਵੇਕਲੇ ਤੇ ਨਿੱਜੀ ਅੰਦਾਜ਼ ਵਿੱਚ ਉਦੈ ਹੁੰਦਾ ਹੈ। ਇਨ੍ਹਾਂ ਕਵਿਤਾਵਾਂ ਵਿੱਚ ''ਫਿਰ ਤੋਂ ਖਿੜ'', 'ਚਿੜੀ ਦਾ ਐਲਾਨ'', ''ਔਰਤ ਬਨਾਮ ਔਰਤ'', ''ਕਸੂਤੀ ਜਿਹੀ ਗਾਲ੍ਹ'', ''ਇੱਕ ਸਵੇਰ'', ''ਚੀਕ'', ''ਪੰਖੇਰੂ ਤੇ ਪਰਵਾਜ਼'', ''ਪੀ ਸੀ ਓ ਕਵਿਤਾ'' ਪ੍ਰਮੁੱਖ ਹਨ।
ਸਿਰਫ਼ ਅੰਦਾਜ਼ ਹੀ ਨਹੀਂ ਇਨ੍ਹਾਂ ਕਵਿਤਾਵਾਂ ਦੀ ਸੰਵੇਦਨਾ ਤੇ ਸੁਨੇਹਾ ਵੀ ਬਹੁਤ ਵੱਖਰਾ, ਨਵਾਂ ਤੇ ਹਾਂ-ਮੁਖੀ ਹੈ। ਮਿਸਾਲ ਦੇ ਤੌਰ ਤੇ ਕਵਿਤਾ ''ਫਿਰ ਤੋਂ ਖਿੜ'' ਇਹ ਸੁਨੇਹਾ ਦਿੰਦੀ ਪ੍ਰਤੀਤ ਹੁੰਦੀ ਹੈ ਕਿ ਜ਼ਿੰਦਗੀ ਨੂੰ ਯੋਗਦਾਨ ਸਿਰਫ਼ ਜਾਂਬਾਜ਼ੀ, ਬਹਾਦਰੀ ਤੇ ਬਲੀਦਾਨ ਨਾਲ ਹੀ ਨਹੀਂ ਦਿੱਤਾ ਜਾਂਦਾ, ਕਿਸੇ ਨੂੰ ਖ਼ੂਬਸੂਰਤ ਪ੍ਰੇਰਣਾ ਦੇ ਕੇ ਵੀ ਦਿੱਤਾ ਜਾ ਸਕਦਾ ਹੈ। ਤਿਤਲੀ ਝੱਖਣ ਨਾਲ ਮੱਥਾ ਨਹੀਂ ਲਾ ਸਕਦੀ ਪਰ ਉਹ ਕਿਸੇ ਫੁੱਲ ਨੂੰ ਖਿੜਨ ਦੀ ਪ੍ਰੇਰਣਾ ਤਾਂ ਦੇ ਹੀ ਸਕਦੀ ਹੈ-
ਉਸ ਨੇ ਝੱਖੜ ਨਾਲ ਮੱਥਾ ਨਹੀਂ ਲਾਇਆ
ਲਿਖ ਭੇਜਿਆ ਐਲਾਨਨਾਮਾ
ਹਾਰ ਮੰਨਣ ਦਾ-
ਤੇ ਲਿਖ ਭੇਜਿਆ
ਕਿ ਉਸ ਕੋਲ ਕਰਨ ਲਈ
ਹੈ ਇੱਕ ਬਹੁਤ ਜ਼ਰੂਰੀ ਕੰਮ

ਖੰਭਾਂ ਤੇ ਉਸਨੇ
ਲਿਖਿਆ ਸਿਰਨਾਵਾਂ
ਆਕਾਸ਼ ਦਾ ਅਤੇ ਝਰਨੇ ਦਾ
ਉੱਡੀ ਉਹ ਨਦੀਆਂ ਤੋਂ ਦੀ
ਉੱਡੀ ਉਹ ਪਹਾੜਾਂ ਤੋਂ ਦੀ
ਉਹ ਨਿੱਕੀ ਜਿਹੀ ਜਾਨ ਤਿਤਲੀ
ਬਗੈਰ ਅੱਕਿਓਂ
ਬਗੈਰ ਥੱਕਿਓਂ
ਪਹੁੰਚੀ ਇੱਕ ਮੁਰਝਾਏ ਫੁੱਲ ਕੋਲ......
ਬੇਸ਼ਕ ਕੰਵਲਜੀਤ ਦੀ ਇੱਕ ਹੋਰ ਨਜ਼ਮ ''ਬਲਦਾ ਜੰਗਲ'' ਕਲਾਕਾਰ ਦੀ ਓੜਕੀ ਪ੍ਰਤੀਬੱਧਤਾ ਵਲ ਵੀ ਸੰਕੇਤ ਕਰਦੀ ਹੈ ਜਿਸ ਮੁਤਾਬਿਕ ਇੱਕ ਕਲਾਕਾਰ ਪਹਿਲਾਂ ਸਾਜ਼, ਕਲਮ ਤੇ ਬੁਰਸ਼ ਨਾਲ ਕੋਸ਼ਿਸ਼ ਕਰਦਾ ਹੈ ਪਰ ਅੰਤ ਉਹ ਸਾਜ਼, ਕਲਮ ਤੇ ਬੁਰਸ਼ ਇੱਕ ਪਾਸੇ ਰੱਖ ਕੇ ਬਲਦੇ ਜੰਗਲ ਵੱਲ ਤੁਰ ਪੈਂਦਾ ਹੈ। ਏਹੀ ਭਾਵਨਾ ''ਕਵੀ'' ਨਾਮੀ ਇੱਕ ਹੋਰ ਕਵਿਤਾ ਵਿੱਚ ਵੀ ਪ੍ਰਗਟ ਕੀਤੀ ਗਈ ਹੈ। ਪਰ ਜਿਵੇਂ ਕਿ ਬ੍ਰੈਖ਼ਤ ਦੀ ਇੱਕ ਕਵਿਤਾ ਦੀਆਂ ਸਤਰਾਂ ਹਨ :
ਬਦਨਸੀਬ ਹੈ ਉਹ ਧਰਤੀ ਜਿਸ ਕੋਲ ਨਾਇਕ ਨਹੀਂ
ਬਦਨਸੀਬ ਹੈ ਉਹ ਧਰਤੀ ਜਿਸ ਨੂੰ ਨਾਇਕਾਂ ਦੀ ਲੋੜ ਹੈ
ਨਾਇਕਤਵ, ਬਲੀਦਾਨ ਤੇ ਕੁਰਬਾਨੀਆਂ ਦੀ ਮਹੱਤਤਾ ਤੋਂ ਕੋਈ ਇਨਕਾਰ ਨਹੀਂ ਕਰ ਸਕਦਾ ਪਰ ਨਿੱਕੀਆਂ ਨਿੱਕੀਆਂ ਮਿਹਰਬਾਨੀਆਂ ਦੇ ਕਾਰਜ ਵੀ ਜ਼ਿੰਦਗੀ ਨੂੰ ਕਿੰਨੀ ਖ਼ੂਬਸੂਰਤ ਤੇ ਜਿਊਣ ਜੋਗੀ ਬਣਾਉਂਦੇ ਹਨ। ਕੰਵਲਜੀਤ ਦੀ ਇੱਕ ਕਵਿਤਾ ''ਔਰਤ ਬਨਾਮ ਔਰਤ'' ਵਿੱਚ ਆਰਥਿਕ ਮਜਬੂਰੀ ਵੱਸ ਆਪਣੀ ਵਿਆਹ ਦੀ ਫੁਲਕਾਰੀ ਵੇਚਣ ਆਈ ਔਰਤ ਕੋਲੋਂ ਮਾਂ ਫੁਲਕਾਰੀ ਖਰੀਦ ਲੈਂਦੀ ਹੈ, ਪੈਸੇ ਗਿਣ ਕੇ ਉਸ ਦੇ ਹੱਥ ਤੇ ਰੱਖਦੀ ਹੈ ਪਰ ਨਾਲ ਹੀ ਉਹ ਫੁਲਕਾਰੀ ਵੀ ਉਸ ਗਰੀਬ ਔਰਤ ਦੇ ਸਿਰ 'ਤੇ ਰੱਖ ਦਿੰਦੀ ਹੈ ।
''ਪੰਖੇਰੂ ਤੇ ਪਰਵਾਜ਼'' ਵਿੱਚ ਰੁੱਖ ਸੁੰਨੇ ਵਿਹੜੇ ਨੂੰ ਦਿਲਾਸਾ ਦਿੰਦਾ ਹੈ। ''ਕਸੂਤੀ ਜਿਹੀ ਗਾਲ੍ਹ'' ਵਿੱਚ ਸਿਪਾਹੀ ਪਤਨੀ ਲਈ ਖਾਧੇ ਪੀਤੇ ਦੀ ਸਿਰਫ਼ ਹਵ੍ਹਾੜ ਲੈ ਕੇ ਆਉਂਦਾ ਹੈ। ਸ਼ੀਸ਼ਾ ਦੇਖਦਾ ਹੈ ਤਾਂ ਸ਼ੀਸ਼ੇ ਨੂੰ ਗਾਲ੍ਹ ਕੱਢਦਾ ਹੈ। ਨਿੱਕੇ ਨਿੱਕੇ ਦ੍ਰਿਸ਼ਾਂ ਜਾਂ ਅਵਲੋਕਨਾਂ (Observations)ਰਾਹੀਂ ਕਵਿਤਾ ਉਸਾਰਨੀ ਕੰਵਲਜੀਤ ਦਾ ਵਿਸ਼ੇਸ਼ ਅੰਦਾਜ਼ ਹੈ। ਇਹ ਦ੍ਰਿਸ਼ ਇੱਕੋ ਸਮੇਂ ਯਥਾਰਥਕ ਵੀ ਹੁੰਦੇ ਹਨ ਤੇ ਪ੍ਰਤੀਕਮਈ ਵੀ :
ਛੋਟੀਆਂ ਬੱਚੀਆਂ ਦੇ
'ਘਰ ਘਰ ਖੇਡਦਿਆਂ ਤੋਂ
ਉਨ੍ਹਾਂ ਦੇ ਪਟੋਲਿਆਂ ਉਪਰੋਂ
ਲੰਘ ਜਾਂਦਾ ਹੈ
ਇੱਕ ਫੌਜੀ ਟਰੱਕ ਦਾ ਟਾਇਰ (ਜੁਗਨੀ)
ਉਸਦੀਆਂ ਹੋਰ ਕਵਿਤਾਵਾਂ ਵਿੱਚ ਵੀ ਅਛੂਤੇ ਖ਼ਿਆਲ, ਬਿੰਬ, ਭਾਵਨਾਵਾਂ ਤੋਂ ਸੰਵੇਦਨਾਵਾਂ ਹਨ :
ਰ ਹੁਣ ਮੇਰੇ ਗਰਾਂ ਵਿੱਚ
ਸਿਰਫ਼ ਦੋ ਤਰ੍ਹਾਂ ਦੇ ਲੋਕ ਬਚੇ ਹਨ
ਇੱਕ ਉਹ
ਜਿਨ੍ਹਾਂ ਨਾਲ ਹਾਦਸਾ 'ਹੋ ਚੁੱਕਾ' ਹੈ
ਤੇ ਇੱਕ ਉਹ
ਜਿਨ੍ਹਾਂ ਨਾਲ ਹਾਦਸਾ 'ਹੋਣ ਵਾਲਾ' ਹੈ (ਹਾਦਸੇ)

ਰ ਦੇ ਦੇ ਨ੍ਹੇਰਾ ਸਾਰਾ ਬੁੱਕਲ ਮਾਰਨ ਲਈ
ਨਹੀਂ ਬਚੀ ਕੋਈ ਛੁਪਣ ਦੀ ਪਿੰਡ 'ਚ ਥਾਂ ਮੇਰੇ। (ਮੌਤ ਪ੍ਰਾਹੁਣੀ)

ਰ ਅੱਜ ਹਥਿਆਰ ਆਪਣੇ ਫਲਾਂ ਤੋਂ
ਮਾਸੂਮ ਨਾਂ ਪੜ੍ਹ ਕੇ
ਬੜੇ ਸਹਿਮੇ ਨੇ ਪੁੱਛਦੇ ਫਿਰਦੇ ਨੇ
ਹਰ ਇੱਕ ਨੂੰ ਫੜ ਫੜ ਕੇ
ਉਨ੍ਹਾਂ ਤੋਂ ਕਿਉਂ, ਕਿਵੇਂ, ਕਿੱਥੇ
ਤੇ ਕੀ ਕਰਵਾ ਗਿਆ ਕੋਈ (ਤੇਰਾ ਸ਼ਹਿਰ)

ਕੰਵਲਜੀਤ ਪੇਸ਼ੇ ਵਜੋਂ ਇਲੈਕਟ੍ਰਾਨਿਕਸ ਇੰਜਨੀਅਰਿੰਗ ਦਾ ਪ੍ਰੋਫੈਸਰ ਹੈ। ਉਸ ਦੀ ਖ਼ੂਬਸੂਰਤ ਫੋਟੋ ਕਲਾ, ਸਕੈਚਿੰਗ, ਅਦਾਕਾਰੀ, ਨਿਰਦੇਸ਼ਨ ਤੇ ਸ਼ਾਇਰੀ ਉਸ ਦੀ ਬਹੁ-ਮੁਖੀ ਪ੍ਰਤਿਭਾਠ ਕਾਵਿਕ-ਦ੍ਰਿਸ਼ਟੀ, ਕਰੁਣਾ, ਕਾਮਨਾ ਤੇ ਸ੍ਰਿਸ਼ਟੀ ਨਾਲ ਉਸ ਦੀ ਸਾਂਝ ਦੇ ਵੱਖਰੇ ਵੱਖਰੇ ਪਸਾਰ ਹਨ ਜਿਹੜੇ ਇੱਕ ਦੂਜੇ ਨੂੰ ਯੋਗਦਾਨ ਦੇ ਰਹੇ ਹਨ। ਉਸ ਦੀ ਸ਼ਾਇਰੀ ਨੂੰ ਵੀ ਉਸ ਦੀ ਬਾਕੀ ਕਲਾ ਖੇਤਰਾਂ ਵਿੱਚੋਂ ਆਉਂਦੀ ਲੋਅ ਰੌਸ਼ਨ ਕਰ ਰਹੀ ਹੈ। ਉਸ ਦੀਆਂ ਨਿਵੇਕਲੀਆਂ ਸਕੈੱਚ-ਕਵਿਤਾਵਾਂ ਏਸੇ ਦੀ ਮੂੰਹ ਬੋਲਦੀ ਤਸਵੀਰ ਹਨ।
ਇਹ ਸੰਗ੍ਰਹਿ ਸਮਕਾਲੀ ਪੰਜਾਬੀ ਕਵਿਤਾ ਵਿੱਚ ਇੱਕ ਸੁਹਜਮਈ, ਸੱਜਰਾ ਤੇ ਮੌਲਿਕ ਵਾਧਾ ਹੈ। ਇਸ ਦੀਆਂ ਕਵਿਤਾਵਾਂ ਕਾਵਿ-ਰਸੀਆਂ ਦਾ ਧਿਆਨ ਆਪਣੀ ਨਿਵੇਕਲੀ ਸਾਰਥਕਤਾ ਵੱਲ ਜ਼ਰੂਰ ਆਕਰਸ਼ਿਤ ਕਰਨਗੀਆਂ ਤੇ ਇਨ੍ਹਾਂ ਨਾਲ ਪੰਜਾਬੀ ਕਾਵਿਕ ਸੰਵੇਦਨਾ, ਜੀਵਨ-ਦ੍ਰਿਸ਼ਟੀ, ਭਾਸ਼ਾ ਯੋਗਤਾ, ਕਾਵਿ-ਤਕਨੀਕਾਂ, ਅਨੁਭਵਾਂ ਤੇ ਹਮਦਰਦੀਆਂ ਦਾ ਘੇਰਾ ਵਿਸ਼ਾਲ ਹੋਵੇਗਾ।
ਕਵਿਤਾ ਕਿਸੇ ਕੌਮ, ਦੇਸ਼ ਜਾਂ ਧਰਤੀ ਦੇ ਲੋਕਾਂ ਨੂੰ ਵਧੇਰੇ ਸੰਵੇਦਨਸ਼ੀਲ ਬਣਾਉਣ, ਉਨ੍ਹਾਂ ਨੂੰ ਆਪਣੀ ਹੋਂਦ ਦੇ ਅਰਥਾਂ ਤੇ ਸੰਭਾਵਨਾਵਾਂ ਪ੍ਰਤੀ ਸੁਚੇਤ ਕਰਨ, ਸੁਪਨਿਆਂ, ਡਰਾਂ ਤੇ ਆਸਾਂ ਨੂੰ ਤਹਿ ਤੇ ਲੈ ਕੇ ਆਉਣ, ਜ਼ਿੰਦਗੀ ਦੀ ਜੰਗ ਤੇ ਜਸ਼ਨ ਵਿੱਚ ਸ਼ਾਮਿਲ ਹੋਣ ਤੇ ਵਧੇਰੇ ਪ੍ਰਮਾਣਿਕ ਜੀਵਨ ਜਿਊਣ ਲਈ ਟੁੰਬਣ ਦੇ ਕਾਰਜ ਵਿਚ ਸਹਾਈ ਹੁੰਦੀ ਹੈ।
ਇਹ ਕਾਰਜ ਕਰਨ ਲਈ ਕਵਿਤਾ ਨੂੰ ਕੋਈ ਉਚੇਚ ਨਹੀਂ ਕਰਨਾ ਪੈਂਦਾ, ਇਹ ਉਸਦਾ ਸਹਿਜ ਜੀਵਨ ਹੈ। ਦਰਖ਼ਤ ਛਾਂ ਤੇ ਫਲ ਦੇਣ ਤੇ ਹਵਾ ਦੀ ਜ਼ਹਿਰ ਨੂੰ ਅੰਮ੍ਰਿਤ ਵਿੱਚ ਬਦਲਣ ਵਿੱਚ ਕੋਈ ਉਚੇਚ ਨਹੀਂ ਕਰਦੇ, ਇਹ ਉਨ੍ਹਾਂ ਦਾ ਸਹਿਜ ਕਰਮ ਹੈ, ਇਸ ਬਿਨਾਂ ਉਹ ਜੀਵਿਤ ਹੀ ਨਹੀਂ ਰਹਿ ਸਕਦੇ।
ਮੈਂ ਕੰਵਲਜੀਤ ਦੀਆਂ ਕਵਿਤਾਵਾਂ ਵਿਚੋਂ ਵੀ ਇਨ੍ਹਾਂ ਦਰੱਖ਼ਤਾਂ ਦੇ ਪੱਤਿਆਂ ਦੀ ਸਰਸਰਾਹਟ ਸੁਣੀ ਹੈ। ਮੈਂ ਉਸਨੂੰ ਮੁਬਾਰਕਬਾਦ ਦਿੰਦਾ ਹਾਂ ਤੇ ਉਸ ਦੇ ਪ੍ਰਥਮ ਕਾਵਿ-ਸੰਗ੍ਰਹਿ ਨੂੰ ਜੀ ਆਇਆਂ ਆਖਦਾ ਹਾਂ।

ਬਿਨਾਂ ਪਤੇ ਵਾਲਾ ਖ਼ਤ : ਤਾਰਿਆਂ ਦੀ ਛਾਂ


ਸੂਰਜ ਛਿਪਣ ਤੋਂ ਪਿੱਛੋਂ ਤੇ ਨ੍ਹੇਰਾ ਹੋਣ ਤੋਂ ਪਹਿਲਾਂ
ਰਿਹਰਸਲ ਹੋਣ ਤੋਂ ਪਿੱਛੋਂ ਤੇ ਨਾਟਕ ਹੋਣ ਤੋਂ ਪਹਿਲਾਂ
ਖ਼ਬਰ ਦੇ ਛਪਣ ਤੋਂ ਪਿੱਛੋਂ ਤੇ ਸੈਂਸਰ ਹੋਣ ਤੋਂ ਪਹਿਲਾਂ
ਗੀਤ ਦੇ ਲਿਖਣ ਤੋਂ ਪਿੱਛੋਂ ਤੇ ਸੁਰ ਵਿੱਚ ਹੋਣ ਤੋਂ ਪਹਿਲਾਂ



ਇਹ ਨਜ਼ਮਾਂ ਜ਼ਿੰਦਗੀ ਦੇ ਸੱਚ ਬਾਰੇ

ਬਿਨਾਂ ਪਤੇ ਵਾਲਾ ਖ਼ਤ :ਚਿੜੀ ਦਾ ਐਲਾਨ


ਇਥੇ ਝੱਖੜ ਨਹੀਂ ਲੱਗਦੇ
ਇਥੇ ਮੀਂਹ ਦਾ ਪਾਣੀ ਨਹੀਂ ਅੱਪੜਦਾ
ਇਥੇ ਬਿੱਲੀ ਨਹੀਂ ਆਉਂਦੀ
ਇਥੇ ਕਾਂ-ਜਨੌਰ ਨਹੀਂ ਆਉਂਦੇ -

'ਇਸ ਤੋਂ ਵੱਧ ਮਹਿਫ਼ੂਜ਼ ਜਗ੍ਹਾ
ਹੋਰ ਕਿਹੜੀ ਹੋ ਸਕਦੀ ਹੈ'
ਚਿੜੀ ਨੇ ਐਲਾਨ ਕੀਤਾ....

ਤੇ ਤੋਪ ਦੇ ਮੂੰਹ 'ਚ ਬਣਾਏ
ਆਪਣੇ ਆਲ੍ਹਣੇ 'ਚ
ਬੋਟਾਂ ਨੂੰ ਚੋਗਾ ਦੇਣ ਉੱਤਰ ਗਈ।

Tuesday, September 1, 2009

ਬਿਨਾਂ ਪਤੇ ਵਾਲਾ ਖ਼ਤ : ਬਲਦਾ ਜੰਗਲ

ਜੰਗਲ ਬਲ ਰਿਹਾ ਸੀ
ਉਸ ਕਲਮ ਚੁੱਕੀ
ਨਗ਼ਮਾ ਰੁਮਕਦਾ ਆ ਗਿਆ

ਸਾਜ਼ ਚੁੱਕਿਆ
ਧੁਨ ਥਰਥਰਾਉਂਦੀ
ਲਰਜ਼ਾ ਗਈ

ਬੁਰਸ਼ ਚੁੱਕਿਆ
ਧੁਨ ਵਿੱਚ ਰੰਗ ਭਰੇ ਗਏ

ਉਸ ਰੰਗਲੀ ਧੁਨ ਛੋਹੀ
ਤੇ ਭਰਪੂਰ ਨਗ਼ਮਾ ਗਾਇਆ
ਪੂਰੀ ਤਾਨ ਨਾਲ
ਪੂਰੇ ਰੌਂਅ ਵਿੱਚ
ਅੰਬਰ ਤੋਂ ਧਰਤੀ ਤੱਕ ਗੂੰਜਦਾ...

ਫਿਰ ਰੱਖ ਕੇ ਸਾਜ਼
ਰੱਖ ਕੇ ਬੁਰਸ਼
ਰੱਖ ਕੇ ਕਲਮ
ਉਹ ਬਲਦੇ ਜੰਗਲ ਵੱਲ ਨੂੰ ਤੁਰ ਪਿਆ।

ਬਿਨਾਂ ਪਤੇ ਵਾਲਾ ਖ਼ਤ : ਪੰਖੇਰੂ ਤੇ ਪਰਵਾਜ਼

ਸੁੰਨੇ ਘਰ ਦਾ ਵਿਹੜਾ ਉਦਾਸ ਹੈ
ਤੱਕਦਾ ਹੈ
ਸੁੰਨੀਆਂ ਦਹਿਲੀਜ਼ਾਂ ਵੱਲ
ਘੁਣ ਖਾਧੀਆਂ ਚੀਜ਼ਾਂ ਵੱਲ
ਛੱਤ ਨੂੰ ਚੁੰਬੜੇ ਜਾਲਿਆਂ ਵੱਲ
ਜੰਗਾਲੇ ਕੁੰਡੇ-ਤਾਲਿਆਂ ਵੱਲ।

ਸੁੰਨੇ ਘਰ ਦਾ ਵਿਹੜਾ
ਕਦੋਂ ਦਾ ਸੁੰਨਾ ਜਿਹੜਾ

ਠੰਢਾ ਸਾਹ ਭਰਦਾ ਹੈ
ਤੇ ਯਾਦ ਕਰਦਾ ਹੈ -
ਚੀਚ ਮਚੋਲੇ-ਚੋਲ੍ਹ ਮੋਲ੍ਹ
ਪੋਲੇ ਨਿੱਕੇ ਪੈਰਾਂ ਦੀ ਥਾਪ
ਹਿੱਕ ਤੇ ਖੁਦੇ ਘੋਰ ਕੰਡੇ
ਪੈੜ ਚਾਪ.......।

ਵਿਹੜੇ ਲੱਗੇ ਰੁੱਖ ਦੀ
ਬੁੱਕਲ 'ਚ ਸਿਰ ਰੱਖਦਾ ਹੈ
ਸਿਸਕਦਾ ਹੈ

ਵਿਹੜੇ ਲੱਗਾ ਰੁੱਖ
ਆਪਣੇ ਹੰਝੂ ਡੱਕਦਾ ਹੈ
ਉਸਨੂੰ ਥਾਪੜਦਾ ਹੈ
ਪੀਂਘ ਦੇ ਨਿਸ਼ਾਨ ਵਾਲੀ
ਆਪਣੀ ਬਾਂਹ ਤੱਕਦਾ ਹੈ
ਤਾਰ ਛੇੜਦਾ ਹੈ
ਹਵਾ ਦੇ ਸਾਜ਼ ਦੀ
ਤੇ
ਸੁੰਨੇ ਵਿਹੜੇ ਨੂੰ
ਲੋਰੀ ਸੁਣਾਉਂਦਾ ਹੈ
ਪੰਖੇਰੂ ਤੇ ਪਰਵਾਜ਼ ਦੀ.......

ਬਿਨਾਂ ਪਤੇ ਵਾਲਾ ਖ਼ਤ : ਔਰਤ ਬਨਾਮ ਔਰਤ

ਮਾਂ ਮੇਰੀ ਕੋਲੇ ਇਕ ਔਰਤ
ਆਪਣੀ ਕੱਢੀ
ਇੱਕ ਫੁਲਕਾਰੀ ਲੈ ਕੇ ਆਈ

ਉਪਰ ਪਾਈਆਂ
ਝੂਟੇ-ਮਾਈਆਂ
ਸੱਗੀ-ਫੁੱਲ ਤੇ ਪਿੱਪਲ-ਪੱਤੀਆਂ
ਚਿੜੀਆਂ, ਤੋਤੇ, ਨੱਢੇ-ਨੱਢੀਆਂ
ਸੁਪਨੇ, ਸੋਚਾਂ, ਘੋੜੇ-ਬੱਘੀਆਂ
ਉਸ ਤੇ ਸਾਉਣ ਬਹਾਰਾਂ ਕੱਢੀਆਂ.....

ਹੁਣ ਉਹ ਵੇਚੇ ਬਿਪਤਾ ਮਾਰੀ

'ਬੀਜੀ, ਮੇਰੇ ਆਪਣੇ ਵਿਆਹ ਦੀ-
ਪੰਜ ਵੀਹ ਦੇ ਦੇ
ਜਾਂ ਜੋ ਮਰਜ਼ੀ'

ਮਾਂ ਮੇਰੀ ਨੇ ਪੈਸੇ ਗਿਣ ਕੇ
ਉਸ ਔਰਤ ਦੇ ਹੱਥ ਤੇ ਰੱਖੇ
ਨਾਲੇ ਉਹੋ ਹੀ ਫੁਲਕਾਰੀ
ਉਸ ਔਰਤ ਦੇ ਸਿਰ ਤੇ ਦੇ 'ਤੀ

'ਜਾ ਨੀ ਭੈਣੇ
ਘਰ ਜਾ ਆਪਣੇ.........।'

ਬਿਨਾਂ ਪਤੇ ਵਾਲਾ ਖ਼ਤ : ਫਿਰ ਤੋਂ ਖਿੜ

ਉਸਨੇ ਝੱਖੜ ਨਾਲ ਮੱਥਾ ਨਹੀਂ ਲਾਇਆ
ਲਿਖ ਭੇਜਿਆ ਐਲਾਨਨਾਮਾ
ਹਾਰ ਮੰਨਣ ਦਾ-
ਤੇ ਲਿਖ ਭੇਜਿਆ
ਕਿ ਉਸ ਕੋਲ ਕਰਨ ਲਈ
ਹੈ ਇੱਕ ਬਹੁਤ ਜ਼ਰੂਰੀ ਕੰਮ

ਖੰਭਾਂ ਤੇ ਉਸਨੇ
ਲਿਖਿਆ ਸਿਰਨਾਵਾਂ
ਆਕਾਸ਼ ਦਾ ਅਤੇ ਝਰਨੇ ਦਾ
ਉੱਡੀ ਉਹ ਨਦੀਆਂ ਤੋਂ ਦੀ
ਉੱਡੀ ਉਹ ਪਹਾੜਾਂ ਤੋਂ ਦੀ
ਉਹ ਨਿੱਕੀ ਜਿਹੀ ਜਾਨ ਤਿਤਲੀ !
ਬਗੈਰ ਅੱਕਿਓਂ....
ਬਗੈਰ ਥੱਕਿਓਂ....
ਪਹੁੰਚੀ ਇੱਕ ਮੁਰਝਾਏ ਫੁੱਲ ਕੋਲ
ਤੇ ਪੂਰੇ ਜ਼ੋਰ ਨਾਲ ਗਾ
ਉਸ ਨੂੰ ਕਿਹਾ
ਫਿਰ ਤੋਂ ਖਿੜ.......।

ਬਿਨਾਂ ਪਤੇ ਵਾਲਾ ਖ਼ਤ : ਦਾਦੀ ਦੀ ਬਾਤ


ਅਸੀਂ ਜਦੋਂ ਛੋਟੇ ਛੋਟੇ ਸੀ
ਦਾਦੀ ਹਰ ਰੋਜ਼ ਰਾਤ
ਸੁਣਾਉਂਦੀ ਹੁੰਦੀ ਸੀ ਇੱਕ ਬਾਤ
ਤੇ ਅਸੀਂ ਬੜੇ ਸ਼ੌਕ ਨਾਲ ਸੁਣਦੇ ਸੀ.....
....ਕਦੇ ਪਰੀਆਂ ਦੀ ਬਾਤ
....ਕਦੇ ਰਾਜ ਕੁਮਾਰੀ ਦੀ ਬਾਤ
....ਤੇ ਕਦੇ ਕਦੇ
ਡਰਾਉਣਾ ਜਿਹਾ ਮੂੰਹ ਬਣਾ
ਸੁਣਾਉਂਦੀ ਸੀ ਦਾਦੀ
ਕਾਲੇ ਦਿਓ ਦੀ ਬਾਤ
ਜਿਸਨੂੰ ਪੇਸ਼ ਕਰਨੀ ਪੈਂਦੀ ਸੀ
ਹਰ ਸਵੇਰ ਤੇ ਹਰ ਰਾਤ
ਮਨੁੱਖ ਦੀ ਬਲੀ ਦੀ ਸੌਗਾਤ।
ਡਰ ਤੇ ਹੈਰਾਨੀ ਨਾਲ
ਫੈਲ ਜਾਂਦੀਆਂ ਹਨ ਸਾਡੀਆਂ ਅੱਖਾਂ
ਮੂੰਹ ਰਹਿ ਜਾਂਦਾ ਸੀ ਅੱਡਿਆ
ਤੇ ਸਾਰੀ ਸਾਰੀ ਰਾਤ ਸਾਡੇ ਦਿਲਾਂ 'ਚ
ਘੁੰਮਦਾ ਸੀ -
ਆਦਮ-ਬੋ, ਆਦਮ-ਬੋ
................
ਦਾਦੀ ਹਰ ਰੋਜ਼ ਰਾਤ
ਸੁਣਾਉਂਦੀ ਸੀ ਇੱਕ ਬਾਤ
ਤੇ ਅਸੀਂ ਬੜੇ ਸ਼ੌਕ ਨਾਲ ਸੁਣਦੇ ਸੀ
................
ਹੁਣ ਉਹ ਪੜਦਾਦੀ ਬਣ ਗਈ ਹੈ
ਤੇ ਹੁਣ ਉਹ
ਆਪਣੇ ਪੜਪੋਤੇ ਨੂੰ ਬਾਤਾਂ ਸੁਣਾਉਂਦੀ ਹੈ
....ਕਦੇ ਪਰੀਆਂ ਦੀ ਬਾਤ
....ਕਦੇ ਰਾਜ ਕੁਮਾਰੀ ਦੀ ਬਾਤ
ਪਰ ਕਾਲੇ ਦਿਓ ਵਾਲੀ ਬਾਤ
ਹੁਣ ਉਹ ਕਦੇ ਨਹੀਂ ਸੁਣਾਉਂਦੀ

ਬਲਕਿ ਉਸਦਾ ਪੜਪੋਤਾ
ਉਸਨੂੰ ਸੁਣਾਉਂਦਾ ਹੈ
ਆਪਣੇ ਅੱਖੀਂ ਦੇਖੀ ਸੁਣੀ
ਉਹੀ ਕਾਲੇ ਦਿਓ ਵਾਲੀ ਬਾਤ......
ਤੇ ਡਰ ਤੇ ਹੈਰਾਨੀ ਨਾਲ
ਫੈਲ ਜਾਂਦੀਆਂ ਨੇ ਦਾਦੀ ਦੀਆਂ ਅੱਖਾਂ
ਮੂੰਹ ਰਹਿ ਜਾਂਦਾ ਹੈ ਅੱਡਿਆ
ਤੇ ਸਾਰੀ ਸਾਰੀ ਰਾਤ ਉਸ ਦੇ ਦਿਲ 'ਚ
ਘੁੰਮਦਾ ਹੈ -
ਆਦਮ-ਬੋ, ਆਦਮ-ਬੋ......

ਬਿਨਾਂ ਪਤੇ ਵਾਲਾ ਖ਼ਤ : ਜਹਾਜ਼ ਤੇ ਬੱਚੇ

ਉਹ ਵੀ ਧੁੱਪ 'ਚ
ਚਾਂਦੀ ਵਾਂਗ ਚਮਕਦਾ ਹੋਵੇਗਾ
ਉਸਨੂੰ ਦੇਖ ਵੀ
ਜੁਆਕ ਘਰਾਂ 'ਚੋਂ
ਬਾਹਰ ਨਿਕਲੇ ਹੋਣਗੇ....
ਛੱਤਾਂ ਤੇ ਚੜ੍ਹੇ ਹੋਣਗੇ
ਤੇ ਚਾਂਈਂ ਚਾਂਈਂ
ਉਸਨੂੰ ਟਾਟਾ ਕੀਤੀ ਹੋਵੇਗੀ....

ਉਸ ਜਹਾਜ਼ ਨੂੰ
ਜੋ ਹੀਰੋਸ਼ੀਮਾ ਤੇ ਬੰਬ ਸੁੱਟ ਗਿਆ.......!!

ਬਿਨਾਂ ਪਤੇ ਵਾਲਾ ਖ਼ਤ : ਚੀਕ

ਚੀਕ
ਸਿਰ ਤੋਂ ਪੈਰ ਛੱਕ ਦਾ ਰੋਹ ਹੈ
ਚੀਕ ਨਾਲ
ਮਨੁੱਖਤਾ ਦਾ ਓੜਕਾਂ ਦਾ ਮੋਹ ਹੈ
ਚੀਕ ਵਿੱਚ
ਹਿੰਮਤ ਹੈ ਟਕਰਾਉਣ ਦੀ
ਤੇ ਅਨੰਤ ਇੱਛਾ
ਆਪਣੇ ਵਜੂਦ ਦਾ
ਅਹਿਸਾਸ ਕਰਾਉਣ ਦੀ।

ਹਨ੍ਹੇਰੇ 'ਚ ਚੀਕ ਦੂਰ ਤੱਕ ਸੁਣਦੀ ਏ
ਪੱਥਰਾਂ ਨੂੰ ਆਰ-ਪਾਰ ਕਰਦੀ ਏ
ਪਹਾੜਾਂ 'ਚ ਟਕਰਾ ਕੇ ਵਾਪਸ ਆਉਂਦੀ ਏ .....
ਪੱਤਿਆਂ ਨਾਲ, ਮਿੱਟੀ ਨਾਲ
ਟਕਰਾਉਂਦੀ ਏ
ਤੇ ਹਨ੍ਹੇਰੇ 'ਚ
ਉਹ ਇੱਕ ਆਵਾਜ਼ ਨਹੀਂ
ਵਜੂਦ ਬਣ ਜਾਂਦੀ ਏ।

ਇੱਕ ਕੰਮੀਂ ਦੀ ਕੁੱਲੀ 'ਚੋਂ
ਚੀਕ ਉੱਠਦੀ ਹੈ.......
ਫ਼ਿਜ਼ਾ ਨੂੰ ਚੀਰਦੀ ਹੋਈ
ਹਰ ਚੌਂਕ ਨੂੰ ਸੁਣਦੀ ਹੈ
ਹਰ ਸੜਕ ਨੂੰ ਸੁਣਦੀ ਹੈ
ਕਾਇਨਾਤ ਨੂੰ ਸੁਣਦੀ ਹੈ

ਪਰ ਨਾਲ ਵਾਲੀ ਕੁੱਲੀ 'ਚ
ਕਿਸੇ ਨੂੰ ਵੀ ਉਹ ਚੀਕ ਨਹੀਂ ਸੁਣੀ.......।

ਬਿਨਾਂ ਪਤੇ ਵਾਲਾ ਖ਼ਤ : ਨਸੀਹਤ

ਹੋ ਸਕੇ ਤਾਂ ਵੀਰਨਾ
ਖੇਡਣ ਉਮਰੇ
ਕਿਸੇ 'ਭਰਮ-ਦੁਆਰੇ' ਨਾ ਚੜ੍ਹੀਂ
ਪੜ੍ਹਨ ਦੀ ਉਮਰੇ
ਰਾਜਨੀਤੀ ਨਾ ਪੜ੍ਹੀਂ
ਭੁੱਲ ਕੇ ਵੀ
ਕਿਸੇ ਕਲਹਿਣੀ ਛਾਂ ਦੇ
ਥੱਲੇ ਨਾ ਖੜ੍ਹੀਂ
ਪਰ ਯਕੀਨਨ-
ਹਰ ਹਾਲੇ
ਇਨਸਾਨੀਅਤ ਦੀ ਪੌੜੀ ਚੜ੍ਹੀਂ।

ਬਿਨਾਂ ਪਤੇ ਵਾਲਾ ਖ਼ਤ : ਅਗਿਆਨਤਾ

ਧਰਮ ਨਾਲ
ਮੈਨੂੰ ਹਾਲੇ ਤੱਕ ਪਤਾ ਨਹੀਂ ਸੀ
ਕਿ ਭਗਤ ਸਿੰਘ
'ਸਿੱਖ' ਸੀ
ਤੇ ਰਾਜਗੁਰੂ ਤੇ ਸੁਖਦੇਵ
'ਹਿੰਦੂ'..........!!

ਬਿਨਾਂ ਪਤੇ ਵਾਲਾ ਖ਼ਤ : ਕਵੀ


ਹਰ ਹਰਫ਼ ਹੋਇਆ ਇੱਕ ਟੀਸ
ਹਰ ਸਤਰ ਹੋਈ ਇੱਕ ਚੀਸ
ਹਰ ਨਜ਼ਮ ਬਣੀ ਕਚੀਚ
ਤਾਂ
ਕਵੀ ਨੇ
ਕਲਮ ਰੱਖੀ
ਰੱਖਿਆ ਤਲੀ ਤੇ ਸੀਸ

ਬਿਨਾਂ ਪਤੇ ਵਾਲਾ ਖ਼ਤ : ਸੋਨ ਚਿੜੀ

ਇਨਾਮ ਪਾਵੇਗੀ
ਸੋਨੇ ਦੇ ਪਿੰਜਰੇ 'ਚ ਜਾਵੇਗੀ
ਹਰੇਕ ਉਹ ਚਿੜੀ
ਜੋ ਆਜ਼ਾਦੀ ਦਾ
ਸੋਹਣਾ, ਮਿੱਠਾ ਗੀਤ
ਉੱਚੀ ਹੇਕ 'ਚ ਗਾਵੇਗੀ।

ਬਿਨਾਂ ਪਤੇ ਵਾਲਾ ਖ਼ਤ : ਯਾਦ

ਦਿਲ ਦੇ ਕੋਨੇ
ਸੌਂ ਸਕਦੀ
ਪਰ ਕਦੇ ਨਾ ਮਰਦੀ
ਕਿਸੇ ਕੌੜੀ ਯਾਦ ਦੀ ਘੁੰਮਣ ਘੇਰੀ

ਡੱਸਣ ਵਾਲੇ ਸੱਪ ਦੀ ਉਮਰਾ
ਜਿਉਂ ਕਰ ਹੁੰਦੀ
ਬਹੁਤ ਲੰਮੇਰੀ।

ਬਿਨਾਂ ਪਤੇ ਵਾਲਾ ਖ਼ਤ : ਕਸੂਤੀ ਜਿਹੀ ਗਾਲ੍ਹ

ਇੱਕ ਪਲ
ਚੌਂਕ 'ਚ ਖੜ੍ਹੀ
ਸਿਪਾਹੀ ਦੀ ਵਰਦੀ
ਕਿਸੇ ਭਈਏ ਨੂੰ ਘੁਰਕਦੀ
ਅਗਲੇ ਪਲ-
ਕਿਸੇ ਪਿਓ ਵਰਗੇ ਬੁੜ੍ਹੇ ਨੂੰ
ਜੇ ਕਰ ਰਿਹਾ ਸੜਕ ਪਾਰ-
ਸੁਸਤ ਚਾਲ
ਉਸਦਾ ਡੰਡਾ ਕੁੜ੍ਹਦਾ ਹੈ
ਕੱਢਦਾ ਹੈ
ਮਾਂ ਦੀ ਕਸੂਤੀ ਜਿਹੀ ਗਾਲ੍ਹ....

ਅਗਲੇ ਪਲઠ-
ਕੋਈ ਜਾਣੂੰ ਲੰਘਦਾ ਹੈ
ਲਾਲ ਬੱਤੀ ਉਲੰਘਦਾ ਹੈ
ਉਸਦੀ ਖੜ੍ਹੀ ਮੁੱਛ
ਮਾੜਾ ਜਿਹਾ ਮੁਸਕਰਾਉਂਦੀ ਹੈ

ਅਗਲੇ ਕਿਸੇ ਪਲ -
ਉਸ ਦੇ ਕੰਨੀ
ਦੂਰੋਂ ਹੂਟਰ ਦੀ ਆਵਾਜ਼ ਪੈਂਦੀ ਹੈ
ਉਸ ਦੀ ਮਿਚਦੀ ਅੱਖ
ਤ੍ਰਭਕ ਕੇ ਖੁੱਲ੍ਹਦੀ ਹੈ
ਢਿੱਡ ਸਾਂਭਦੀ ਮੋਟੀ ਬੈਲਟ ਕੱਸਦਾ ਹੈ
ਤਣ ਕੇ ਖਲੋਂਦਾ ਹੈ
ਖੋਖੇ ਤੋਂ ਮੁਫ਼ਤ ਆਈ ਚਾਹ ਦਾ
ਹਥਲਾ ਕੱਪ ਲਕੋਂਦਾ ਹੈ
ਬੱਤੀ ਵਾਲੀ ਗੱਡੀ ਸ਼ੂਟ ਵੱਟੀ ਲੰਘਦੀ ਹੈ
ਜਾਂਦੀ ਜਾਂਦੀ ਗੱਡੀ ਤੇ ਉਸ ਦੀ 'ਰਫ਼ਲ'
ਇੱਕ ਮੋਟਾ ਸਲੂਟ ਟੰਗਦੀ ਹੈ
ਬੁੱਲ੍ਹ ਕੁਝ ਬੁੜ ਬੁੜ ਕਰਦੇ ਨੇ
ਬਚੀ ਚਾਹ ਦੀ ਠੰਢੀ ਚੁਸਕੀ ਭਰਦੇ ਨੇ

ਉਸ ਦੀ ਅੱਖ ਕੋਈ ਸਾਮੀ ਤਾੜਦੀ ਹੈ
ਵਰਦੀ ਤੇ ਜੰਮੀ ਕਿਸੇ ਗਾਲ੍ਹ ਨੂੰ ਝਾੜਦੀ ਹੈ
..............
ਸ਼ਾਮੀਂ 'ਦਿਹਾੜੀ' ਗਿਣਦਾ ਹੈ
ਘਰ ਦਾ ਰਾਹ ਮਿਣਦਾ ਹੈ
ਵਗਾਰ 'ਚ ਆਏ ਡਰਾਈ ਫਰੂਟ
ਉਹ ਜੁੱਟਾਂ ਨਾਲ ਬਹਿ ਖਾ ਆਇਆ ਹੈ
ਘਰ ਵਾਲੀ ਲਈ
ਬਚਦੀ ਹਵ੍ਹਾੜ ਲਿਆਇਆ ਹੈ

ਕਰੜ ਬਰੜਾ ਸ਼ੀਸ਼ੇ ਦਾ ਮੂੰਹ
ਉਸ ਵੱਲ ਡਰਾਉਣਾ ਜਿਹਾ ਤੱਕਦਾ ਹੈ
ਮੋਚਨੇ ਨਾਲ ਚਿੱਟਾ ਵਾਲ ਖਿੱਚਦਾ ਹੈ
ਖੇਹ ਪੈਂਦੀ ਹੈ, ਅੰਦਰੋਂ ਕੁਝ ਮੱਚਦਾ ਹੈ
ਉਹ ਸ਼ੀਸ਼ੇ ਨੂੰ ਗਾਲ੍ਹ ਕੱਢਦਾ ਹੈ
ਸਕੂਟਰ ਦੀ ਡਿੱਕੀ 'ਚੋਂ
ਬਚਿਆ 'ਮਾਲ' ਕੱਢਦਾ ਹੈ
ਗਲਾਸ ਭਰਦਾ
ਬੁੜ ਬੁੜ ਕਰਦਾ ਹੈ
ਤੇ ਇਕੋ ਸਾਹੇ ਹਾੜਾ ਅੰਦਰ ਕਰਦਾ ਹੈ

ਬੈਲਟ ਲਾਹ ਕੇ
ਬਾਬੇ ਦੀ ਫੋਟੋ ਅੱਗੇ ਧਰਦਾ ਹੈ
ਤੇ ਘਰਵਾਲੀ ਨੂੰ
ਉਸ ਲਹਿਜ਼ੇ 'ਚ
ਰੋਟੀ ਛੇਤੀ ਪਕਾਉਣ ਦੀ
ਤਾਕੀਦ ਕਰਦਾ ਹੈ
ਜਿਸ ਲਹਿਜ਼ੇ 'ਚ
ਸਵੇਰੇ
ਉਸ ਦੇ ਡੰਡੇ ਨੇ
ਪਿਓ ਵਰਗੇ ਬੁੜ੍ਹੇ ਨੂੰ
ਕੱਢੀ ਸੀ
ਮਾਂ ਦੀ ਕਸੂਤੀ ਜਿਹੀ ਗਾਲ੍ਹ।

ਬਿਨਾਂ ਪਤੇ ਵਾਲਾ ਖ਼ਤ : ਬਾਪੂ ਦੀ ਖੰਘ ਅਤੇ ਸ਼ਹਿਰ

ਘੁੱਗ ਵੱਸਦਾ ਸ਼ਹਿਰ

ਭੀੜੀਆਂ ਭੀੜੀਆਂ ਗਲੀਆਂ
ਖੁੱਲ੍ਹੇ ਖੁੱਲ੍ਹੇ ਦਿਲ......
ਚੁਭਦੀ ਹੈ
ਪੁੱਤ ਨੂੰ
ਬੁੱਢੇ ਪਿਓ ਦੀ ਖੰਘ

ਭੀੜੀਆਂ ਭੀੜੀਆਂ ਗਲੀਆਂ
ਲੋਕਾਂ ਦਾ ਦਿਲ ਘੁਟਦਾ ਹੈ....
ਸ਼ਹਿਰ ਬਾਹਰਵਾਰ ਨੂੰ ਕਦਮ ਪੁੱਟਦਾ ਹੈ

ਅਸਲੀ ਸ਼ਹਿਰ ਪੁਰਾਣਾ
ਪਸਰਿਆ ਸ਼ਹਿਰ ਨਵਾਂ

ਹੁਣ
ਨਵਾਂ ਸ਼ਹਿਰ
ਨਵਾਂ ਨਾਮ
ਬਾਪੂ ਦੀ ਖੰਘ ਨਹੀਂ

ਖੁਲ੍ਹੀਆਂ ਖੁਲ੍ਹੀਆਂ ਸੜਕਾਂ .....
ਭੀੜੇ ਭੀੜੇ ਦਿਲ
ਚੁੱਪ ਵੱਸਦਾ ਸ਼ਹਿਰ !!

ਬਿਨਾਂ ਪਤੇ ਵਾਲਾ ਖ਼ਤ : ਅਨੰਤ ਰਿਸ਼ਤੇ


ਰਿਸ਼ਤੇ ਕੁਝ
ਅਕਹਿ, ਅਦਿੱਖ, ਅਨੰਤ ......
ਰਿਸ਼ਤਾ
ਆਦਮ ਤੇ ਵਰਜਿਤ ਫਲ ਦਾ
ਵਰਜਿਤ ਫਲ ਤੇ ਹੱਵਾ ਦਾ
ਹੱਵਾ ਤੇ ਤਪਸ਼ ਦਾ
ਤਪਸ਼ ਤੇ ਤ੍ਰਿਪਤੀ ਦਾ
ਤ੍ਰਿਪਤੀ ਤੇ ਜਿਉਣ ਦਾ
ਜਿਉਣ ਤੇ ਦੁੱਖ ਦਾ
ਦੁੱਖ ਤੇ ਭੁੱਖ ਦਾ
ਭੁੱਖ ਤੇ ਆਦਮ ਦਾ
ਆਦਮ ਤੇ ਵਰਜਿਤ ਫਲ ਦਾ
ਵਰਜਿਤ ਫਲ ਤੇ ਹੱਵਾ ਦਾ
ਹੱਵਾ ਤੇ..........
...................

ਬਿਨਾਂ ਪਤੇ ਵਾਲਾ ਖ਼ਤ : ਆਦਮ, ਹੱਵਾ ਤੇ ਹਵਸ

ਯਕੀਨਨ
ਹੱਵਾ ਸੰਗ ਹਵਸ ਤੋਂ ਮਗਰੋਂ
ਆਦਮ -
ਤੁਰਿਆ ਹੋਵੇਗਾ
ਕਿਸੇ ਹੋਰ ਹੱਵਾ ਦੀ ਭਾਲ 'ਚ !

ਬਿਨਾਂ ਪਤੇ ਵਾਲਾ ਖ਼ਤ : ਹੱਵਾ ਤੇ ਅਜ਼ਾਦੀ

ਹੱਵਾ ਜਦ
ਆਦਮ ਦੀ ਦਾਸੀ ਹੋ ਗਈ
ਜ਼ਿੰਦਗੀ ਉਦਾਸੀ ਹੋ ਗਈ
ਤਾਂ
ਹੱਵਾ ਨੂੰ ਵਡਿਆਉਣ ਲਈ
ਆਦਮ ਨੇ
ਸੋਚਾਂ ਦੇ ਘੋੜੇ ਭਜਾਏ
ਤੇ ਉੱਚੀ ਸੁਰ 'ਚ ਐਲਾਨ ਕੀਤਾ

ਐ ਹੱਵਾ
ਤੂੰ ਪੂਰਨ ਅਜ਼ਾਦ ਹੈਂ
ਸਿਰਫ਼
ਹੱਥਾਂ ਪੈਰਾਂ ਤੋਂ ਸਿਵਾਏ
ਸੋਚ ਤੋਂ ਸਿਵਾਏ
ਕਰਮ ਤੋਂ ਸਿਵਾਏ ਤੇ
ਜਿਸਮ ਤੋਂ ਸਿਵਾਏ।

ਬਿਨਾਂ ਪਤੇ ਵਾਲਾ ਖ਼ਤ : ਰਿਸ਼ਤੇ

ਰਿਸ਼ਤੇ ਸਿਰਫ਼
ਕਲਮਾਂ ਤੇ ਕਾਗ਼ਜ਼ਾਂ ਦੇ ਹਾਦਸੇ ਨਹੀਂ ਹੁੰਦੇ
ਸਿਰਫ਼ ਖ਼ਤਾਂ ਦੇ ਜਵਾਬ ਆਉਣ ਤੱਕ ਸੀਮਤ ਨਹੀਂ ਹੁੰਦੇ
ਰੂਹ ਤੱਕ ਅਪੜਦੇ ਹੱਥ ਵੀ ਹੁੰਦੇ ਨੇ

ਰਿਸ਼ਤੇ ਮਹਿਜ਼
ਵਾਲਾਂ 'ਚ ਫਿਰਦੇ ਉਂਗਲਾਂ ਦੇ ਸਪੋਲੀਏ ਨਹੀਂ ਹੁੰਦੇ
ਜੇਠ ਹਾੜ ਦੇ ਵਾ-ਵਰਲੇ ਵੀ
ਤੇ ਗੱਡੇ ਦੇ ਪਹੀਆਂ ਨਾਲ
ਪਹੇ ਤੋਂ ਉੱਡਦੀ
ਭੁੱਬਲ ਵਰਗੇ ਵੀ ਹੁੰਦੇ ਨੇ

ਰਿਸ਼ਤੇ
ਉਸ ਲਿਓੜ ਲੱਥੀ
ਕੱਚੀ ਕੰਧ ਵਰਗੇ ਵੀ
ਜਿਸਨੂੰ ਲਿੱਪਣਾ ਭੁੱਲੇ ਭੁੱਲੇ
ਯਾਦ ਆਵੇ
ਜਦ ਕੰਧ ਢਹਿ ਪਵੇ

ਕਦੇ ਕੋਈ ਸੁਪਨੇ ਵਿੱਚ ਆਵੇ
ਰਿਸ਼ਤੇ ਦੀ ਤੰਦ ਪਾਵੇ-
ਜੀ ਕਰੇ
ਸਾਰੀ ਉਮਰਾ ਜਾਗ ਨਾ ਆਵੇ ....
ਤੇ ਕਦੇ
ਕਿਸੇ ਦੀ ਯਾਦ ਆਉਂਦਿਆਂ ਹੀ
ਕੁਸੈਲੀਆਂ ਹੋ ਜਾਂਦੀਆਂ ਜਲੇਬੀਆਂ......

ਕਦੇ ਪਲ ਭਰ ਦੀ ਮਿਲਣੀ
ਸਾਂਝ ਬਣੇ ਉਮਰ ਭਰ ਦੀ
ਕਦੇ ਉਮਰ ਭਰ ਮਿਲ ਕੇ ਵੀ
ਸਾਂਝ ਨਾ ਪਵੇ ਪਲ ਦੀ
..............
ਕਈ ਵੱਡੇ ਰਿਸ਼ਤੇ
ਨਿੱਕੇ ਨਿੱਕੇ ਨਾਮ
ਕਈ ਰਿਸ਼ਤੇ ਅਰਥਹੀਣ
ਵੱਡੇ ਵੱਡੇ ਨਾਮ
ਕੋਈ ਰਿਸ਼ਤਾ
ਬੱਲਦ ਦੀ ਪਿੱਠ ਅਤੇ ਪਰਾਣੀ ਵਰਗਾ-
ਤੇ ਕੋਈ
ਕਿਸੇ ਸੁਪਨਮਈ
ਖ਼ੂਬਸੂਰਤ ਕਹਾਣੀ ਵਰਗਾ

ਰਿਸ਼ਤਾ
ਆਪੇ ਚੋਂ ਫੁੱਟੀ ਮਹਿਕ ਦਾ
ਮਹਿਕ 'ਚੋਂ ਫੁੱਟੇ ਸੇਕ ਦਾ
ਤੇ ਸੇਕ ਚੋਂ ਫੁੱਟੀ ਮਹਿਕ ਦਾ

ਰਿਸ਼ਤਾ
ਤਾਜ ਮਹਿਲ ਸਿਰਜਣ ਦਾ ਖ਼ਿਆਲ ਵੀ
ਤੇ ਕਿਸੇ ਰਾਹ ਕੰਢੇ ਬਣੀ
ਮੜ੍ਹੀ ਕੋਲੋਂ ਲੰਘਦਿਆਂ-
ਸਭ ਤੋਂ ਚੋਰੀ
ਹਉਕਾ ਭਰਨ ਦਾ ਨਾਮ ਵੀ
...............
ਪਰ ਅਸਲ ਰਿਸ਼ਤਾ
ਮੈਂ ਤੇ ਮੈਂ ਦਾ
ਤੇ ਮੈਂ ਨੂੰ
ਮੈਂ ਤੱਕ ਲਿਜਾਣ ਦੇ ਸਫ਼ਰ ਦਾ
ਸਫ਼ਰ
ਜੋ ਬਣਦਾ ਹੈ
ਰੂਹ ਜਿਸਮ ਦੀ
ਜੋ ਬਣਦਾ ਹੈ
ਖ਼ੂਬਸੂਰਤੀ ਖ਼ਿਆਲ ਵਰਗੀ
ਤੇ ਜੋ ਬਣਦਾ ਹੈ
ਜ਼ਿੰਦਗੀ ਦਾ
ਬੋਸਕੀ ਤੇ ਬਾਦਲਾ।

ਬਿਨਾਂ ਪਤੇ ਵਾਲਾ ਖ਼ਤ : ਜੰਡ ਦੁਆਲੇ

ਜੰਡ ਦੁਆਲੇ ਮੌਲੀ ਲਪੇਟ
ਉਸ ਨੇ ਪਤਾ ਨਹੀਂ
ਕਿਸਦੀ ਸੁੱਖ ਮੰਗੀ ਹੈ
ਉਹ-
ਕਿ ਜਿਸਦੇ
ਖੇਤੋਂ ਮੁੜਦੀ ਦੇ
ਜਿਸਮ ਤੇ
ਸਿਰ ਦੀ ਥਾਂ ਪੰਡ ਲੱਗੀ ਸੀ।

ਬਿਨਾਂ ਪਤੇ ਵਾਲਾ ਖ਼ਤ : ਸੋਚਾਂ ਦੀ ਬੀਅ


ਸੋਚਾਂ ਦੇ ਬੀਅ
ਬਰੀਕ ਬਰੀਕ.....

ਉਮਰਾ ਦੇ ਵਾਹਣ
ਦੇ ਵਿੱਚ ਖਿੰਡ ਜਾਵਣ
ਤੇ ਲੱਗੇ ਨਹੀਂ ਲੱਭਣੇ
ਕਦੇ ਵੀ ਇਹ ਹੁਣ ਤਾ

ਪਰ ਵਕਤ ਦੀ ਝੋਲੀ
'ਚੋਂ ਹੌਲੀ ਹੌਲੀ
ਫੁੱਲ ਬਣ ਜਾਂ ਭੱਖੜਾ
ਇਹ ਬੀਅ ਉੱਗ ਪੈਣੇ
ਤੇ ਜਾਣੇ ਪਛਾਣੇ.......

ਸੋਚਾਂ ਦੇ ਬੀਅ
ਬਰੀਕ ਬਰੀਕ.........

ਬਿਨਾਂ ਪਤੇ ਵਾਲਾ ਖ਼ਤ : ਕਿਸਮਤ

ਕਿਸਮਤ
ਹੱਥਾਂ 'ਚ ਉਕਰੀ ਕੋਈ ਲਕੀਰ ਹੈ
ਧੁਰੋਂ ਲਿਖਿਆ ਜਗ ਦਾ ਸੀਰ ਹੈ
ਜਾਂ
ਸੜਕ ਦੀ ਪਟੜੀ ਤੇ ਬੈਠੇ
ਤਿਲਕਧਾਰੀਏ - ਕਿਸ਼ਤੀ ਟੋਪੀਏ
ਭਈਏ-ਪੰਡਤ ਦੇ
ਪਿੰਜਰੇ 'ਚ ਪਾ ਕੇ ਰੱਖੋ
ਕਿਸਮਤਮਾਰੇ
ਤੋਤੇ ਦੇ ਚੁੱਕੋ
ਕਾਗਜ਼ ਦੇ ਟੁਕੜੇ ਦੀ ਤਾਸੀਰ ਹੈ......।

ਇਰਾਦੇ ਹੋਣ ਮਜ਼ਬੂਤ
ਉੱਘੜ-ਦੁੱਘੜੇ ਰਾਹਾਂ ਤੇ ਵੀ
ਪਹੀਏ ਹੋ ਜਾਂਦੇ
ਰੁੜ੍ਹਨ ਲਈ ਮਜਬੂਰ

ਜਦੋਂ ਅਸੀਂ ਰਾਮ ਬਣਨਾ ਲੋਚਦੇ
ਤਾਂ ਉਹ ਕੀ ਹੁੰਦਾ ਹੈ
ਜੇ ਬਣਾ ਦਿੰਦਾ ਹੈ ਸਾਨੂੰ
ਸਮਾਜ ਦੇ ਮਰੀਚ*

ਅੰਨ੍ਹੇ ਦੇ ਪੈਰ ਹੇਠਾਂ ਬਟੇਰ ਆਉਂਦਾ ਹੈ
ਸੁਜਾਖਾ ਵੀ ਅੱਖਾਂ ਤੇ ਪੱਟੀ ਬੰਨ੍ਹ ਲੈਂਦਾ ਹੈ।

ਮਾਰੀਚ : ਰਮਾਇਣ ਦਾ ਪਾਤਰ ਜਿਸ ਨੂੰ ਰਾਵਣ ਨੇ ਸੋਨੇ ਦਾ ਹਿਰਨ ਬਣਨ ਲਈ ਮਜਬੂਰ ਕੀਤਾ।

ਬਿਨਾਂ ਪਤੇ ਵਾਲਾ ਖ਼ਤ : ਜ਼ਿੰਦਗੀ


ਕੁੱਝ ਕੁ ਖ਼ਾਹਿਸ਼ਾਂ - ਕੰਮ ਹਰਦਮ
ਚੁਟਕੀ ਕੁ ਹਾਸੇ -ਥੱਬਾ ਸਾਰਾ ਗ਼ਮ
ਕਦੇ ਸੁੱਕੀ ਕਦੇ ਨਮ -ਕਦੇ ਧੁਖਦੀ ਗਰਮ
ਕਦੇ ਰੁੱਖੀ ਪਤਝੜ - ਕਦੇ ਮੀਂਹ ਛਮ-ਛਮ
ਇਹ ਹੁਣ ਦਾ ਇਲਮ
ਜਾਂ ਪਿਛਲੇ ਕਰਮ !

ਜਿਉਣਾ ਨਦੀ ਦਾ
ਜਿਸ ਦੇ ਕੰਢਿਆਂ ਮੁੜ ਨਾ ਡਿੱਠਾ
ਉਹ ਪਾਣੀ ਜੇ 'ਕੇਰਾਂ ਲੰਘਿਆ
ਕਰਦਾ ਕਲ ਕਲ

ਇੱਕ ਅਸੀਂ ਕਿ ਜੇ ਕੋਈ ਵਿਛੜੇ
ਸਾਰੀ ਉਮਰਾ ਸਹਿਕ ਸਹਿਕ ਕੇ
ਮਰਦੇ ਪਲ ਪਲ

ਜੇ ਕਿਸੇ ਸੁੱਕੇ ਰੁੱਖ ਨਾਲ
ਸੁੱਕੇ ਪੱਤ ਵਾਂਗ ਚਿੰਬੜੇ
ਅਟਕੇ ਰਹਿ ਜਾਣ ਨੂੰ ਕਹਿੰਦੇ ਨੇ
ਜਿਉਣ ਦੀ ਬਹਾਰ
ਤੇ ਕਿਸੇ ਹਰੇ ਭਰੇ ਰੁੱਖ 'ਚੋਂ
ਝੱਖੜ ਨਾਲ ਜੂਝ ਕੇ ਡਿੱਗਣਾ ਹੈ
ਮੌਤ ਦੀ ਪਤਝੜ
ਤਾਂ ਕੀ ਕਹੀਏ
ਕਿਸੇ ਦੀ ਬਹਾਰ ਦੀ ਖ਼ਾਤਰ
ਖੁਦ
ਪਤਝੜ ਦੀ ਜੂਨ ਹੰਢਾਉਣ ਨੂੰ

ਬਿਨਾਂ ਪਤੇ ਵਾਲਾ ਖ਼ਤ : ਸ਼ਹਿਰ ਤੇ ਬੱਚਾ

ਸ਼ਹਿਰ
ਚਿਮਨੀਆਂ ਦਾ ਧੂੰਆਂ ਜਿਸਦੀ ਫਿਜ਼ਾ
ਸੜਕਾਂ ਦੀ ਅੰਬਰਵੇਲ
ਸੋਚਾਂ ਦਾ ਮੱਕੜਜਾਲ
ਨਕਾਬਾਂ ਦੇ ਕਾਫ਼ਲੇ

ਗਲੀਆਂ ਦੀਆਂ ਕਤਾਰਾਂ ਨੂੰ
ਚੁੰਬੜੇ ਡੱਬੀਆਂ ਵਰਗੇ ਘਰ
ਜਿਥੇ ਸਾਂਝ ਦੀ ਹਰੇਕ ਕੰਧ 'ਚ
ਇੱਟ ਇੱਟ ਦਾ ਕੋਰਾ ਹਿਸਾਬ
ਹਰ ਪਲ ਸਰਪਟ ਭੱਜਦੀ ਗੱਡੀ ਨੂੰ
ਮਸਾਂ ਫੜਨ ਵਰਗਾ ਅਹਿਸਾਸ

ਸਹਿਰ
ਟਿੱਡੀ ਦੀਆਂ ਟੇਹ ਲੈਂਦੀਆਂ ਮੁੱਛਾਂ ਵਾਂਗਰ
ਕਦੇ ਨਾ ਟਿਕ ਕੇ ਬਹਿੰਦਾ
ਜਾਗਦਾ ਰਹਿੰਦਾ
ਕਦੇ ਨਾ ਸੌਂਦਾ
ਉਪਰੋਂ ਗਾਉਂਦਾ
ਅੰਦਰੋਂ ਰੋਂਦਾ

ਪੁੱਠੇ ਤਵੇ ਵਾਂਗ -
ਜਾਗਦਾ ਹੈ, ਤਾਂ ਸਾੜਦਾ ਹੈ
ਸੌਂਦਾ ਹੈ,
ਤਾਂ ਮੂੰਹ ਸਿਰ ਕਾਲਖ ਮਲਦਾ ਹੈ
ਨਾ ਦੋਸਤੀ ਦੀ ਇਜ਼ਤ
ਨਾ ਇਜ਼ਤ ਦੀ ਦੋਸਤੀ ਵਰਗੀ ਗੱਲ

ਸ਼ਹਿਰ
ਬੇਸ਼ਰਮ, ਬੇਕਿਰਕ, ਬੇਦਰਦ ਹੈ
ਪਾਬੰਦ ਹੈ ਬੱਸ ਵਕਤ ਦਾ
ਵਾਹੋ ਦਾਹ ਭੱਜਦਾ
ਘੜੀ ਦੀਆਂ ਸੂਈਆਂ ਤੋਂ ਅੱਗੇ ਲੰਘਣ ਲਈ
ਦਿਨ 'ਚੋਂ ਲੱਭਦਾ 25ਵਾਂ ਘੰਟਾ
ਹਫ਼ਤੇ 'ਚ ਅੱਠਵਾਂ ਦਿਨ
..............
ਸ਼ਹਿਰ ਦੀ ਉਂਗਲ ਫੜੀ
ਮੈਂ ਕਦੋਂ ਦਾ ਘੜੀਸਿਆ ਤੁਰਿਆ ਜਾ ਰਿਹਾ ਹਾਂ
ਪਰ ਹਾਲੇ ਵੀ ਬੱਚਿਆਂ ਵਾਂਗ
ਮੁੜ ਮੁੜ ਪਿਛਾਂਹ ਤੱਕੀ ਜਾ ਰਿਹਾ ਹਾਂ।

ਬਿਨਾਂ ਪਤੇ ਵਾਲਾ ਖ਼ਤ : ਸਾਹਾਂ ਦੀ ਮਹਾਂਭਾਰਤ

ਅੰਤਰਮਨ ਦੀ ਮਹਾਂਭਾਰਤ
ਚਲਦੀ ਹੈ ਨਿਰੰਤਰ
ਜਿਥੇ ਸਾਹਾਂ ਲਈ
ਰੋਜ਼ ਲੜੀ ਜਾਂਦੀ ਹੈ ਇੱਕ ਲੜਾਈ

ਇਸ ਸ਼ਹਿਰ 'ਚ
ਕਿੰਨੇ ਹੀ ਸ਼ਕੁਨੀ ਨੇ
ਜਿਨ੍ਹਾਂ ਲਈ
ਸਾਰੀਆਂ ਧੀਆਂ ਦਰੋਪਦੀਆਂ

ਧ੍ਰਿਤਰਾਸ਼ਟਰ ਦੇ ਉੱਗ ਆਈਆਂ ਨੇ ਅੱਖਾਂ
ਦਰੋਪਦੀ ਦੇ ਚੀਰਹਰਨ ਵੇਲੇ
ਉਹ ਮਾਰਦਾ ਹੈ ਤਾੜੀਆਂ
ਤੇ ਟੈਲੀਵੀਜ਼ਨ ਦੇ ਪ੍ਰਾਈਮ-ਟਾਈਮ ਤੇ
ਇਹ ਤਮਾਸ਼ਾ ਦਿਖਾਉਣ ਲਈ
ਦਿੰਦਾ ਹੈ ਇੱਕ ਇਸ਼ਤਿਹਾਰ

ਭਗਵਾਨ ਨੂੰ ਵਿਹਲ ਨਹੀਂ ਲੱਗਦੀ-
ਉਸ ਨੂੰ ਤਾਂ ਉਲਝਾਈ ਰੱਖਦਾ ਏ
ਕਿਸੇ ਮੰਦਰ ਜਾਂ ਦਵਾਰੇ ਚੋਂ
ਚੜ੍ਹਾਵਾ ਸਾਂਭਦਾ
ਧਰਮ ਦਾ ਕੋਈ ਮਸ਼ਹੂਰ ਠੇਕੇਦਾਰ

ਸ਼ਹਿਰ 'ਚ ਘਰ ਨੇ ਲਾਖ਼ ਦੇ
ਜਿਨ੍ਹਾਂ ਨੂੰ ਕਰਨ ਲਈ ਰਾਖ਼ ਦੇ
ਭਾੜੇ ਤੇ ਮਿਲਦਾ ਹੈ
ਕਲੈਸ਼ਨੀਕੋਵ*

ਦਰੋਪਦੀ ਦੀਆਂ ਕਈ 'ਕਿਸਮਾਂ' ਨੇ
ਮੋਟੇ ਤੌਰ ਤੇ ਘਰੇਲੂ ਤੇ ਬਾਜ਼ਾਰੂ
ਤੇ ਵਿਚ ਵਿਚਾਲੇ ਕਿੰਨੀਆਂ ਹੀ ਹੋਰ
ਅਲੱਗ ਅਲੱਗ ਰੰਗ ਰੂਪ ਤੇ ਤੋਰ

ਇੱਕ ਦਰੋਪਦੀ
ਕਿਸੇ ਕੌਰਵ ਦੇ
ਦੂਰ ਤੱਕ ਵਿਛੇ
ਚੌਸਰ ਦੇ ਖ਼ਾਨਿਆਂ ਵਾਲੇ ਮਹਿਲ ਦੇ
ਕਾਲੇ ਖ਼ਾਨਿਆਂ 'ਚ ਪੈਰ ਰੱਖਦੀ
ਮਟਕਦੀ
ਗੁੰਮ ਹੋ ਜਾਂਦੀ ਹੈ

ਭਗਵਾਨ ਨੂੰ ਅੰਦਰ ਜਾਣ ਤੋਂ
ਰੋਕ ਦਿੰਦਾ ਹੈ
ਇੱਕ ਵਰਦੀਧਾਰੀ ਕਮਾਂਡੋ

ਸ਼ਕੁਨੀ ਯੁਧਿਸ਼ਟਰ ਤੋਂ
ਜਿੱਤਦਾ ਹੈ ਹਰ ਵਾਰ
ਯੁਧਿਸ਼ਟਰ ਹਾਰਦਾ ਹੈ
ਸਭ ਕੁਝ ਵਾਰ ਵਾਰ
ਕੋਈ ਵਿਦੁਰ ਨਹੀਂ
ਜੋ ਸਮਝਾਵੇ ਪਾਂਡਵਾਂ ਨੂੰ
ਕੌਰਵਾਂ ਦੀ ਹਰ ਨਵੀਂ ਚਾਲ

ਭੀਸ਼ਮ ਦੀਆਂ ਪਲਕਾਂ ਵਧ ਕੇ
ਢਕ ਲੈਂਦੀਆਂ ਨੇ ਅੱਖਾਂ -
ਜਦ ਉਹ ਦੇਖਦਾ ਹੈ
ਪੁਲਿਸ ਦੀ ਹਿਫ਼ਾਜ਼ਤ 'ਚ
ਕੈਮਰਿਆਂ ਦੀ ਭੀੜ 'ਚੋਂ ਦੀ
ਧੱਕੇ ਮੁੱਕੇ ਸਹਿੰਦਾ
ਅਦਾਲਤ ਨੂੰ ਜਾਂਦਾ
ਕੋਈ ਕੌਰਵ ਜਾਂ ਕੋਈ ਪਾਂਡਵ

ਪਿਤਾਮਾ ਸਭ ਦੇਖਦਾ ਹੈ
ਸਭ ਸੁਣਦਾ ਹੈ
ਗਾਂਧੀ ਦੇ ਤਿੰਨ ਬਾਂਦਰਾਂ ਨੂੰ
ਟੈਲੀਵਿਜ਼ਨ ਉੱਪਰ
ਮੂਧੇ ਕਰਕੇ ਰੱਖਦਾ ਹੈ
ਤੋਂ ਅੱਗੇ ਤੋਂ ਕਦੇ ਵੀ
ਕਿਸੇ ਵੀ ਕਿਸਮ ਦੀ
ਕੋਈ ਵੀ ਪ੍ਰਤੀਗਿਆ
ਨਾ ਕਰਨ ਦੀ
ਪ੍ਰਤਿਗਿਆ ਕਰਦਾ ਹੈ।

ਇਸ ਮਹਾਂਭਾਰਤ ਵਿਚ
ਬਹੁਤ ਕੁਝ
ਅਚਾਨਕ ਹੀ ਵਾਪਰ ਜਾਂਦਾ ਹੈ
ਤੇ ਜੋ ਅਚਾਨਕ ਨਹੀਂ ਵਾਪਰਦਾ
ਉਹ ਅੰਤਰਮਨ 'ਚ
ਬਹੁਤ ਦੇਰ ਸੁਲਘਦਾ ਹੈ।

ਬਿਨਾਂ ਪਤੇ ਵਾਲਾ ਖ਼ਤ : ਕੁੰਭਕਰਣ ਤੇ ਚੂਹੇ

ਵਕਤ ਦੀ ਸ਼ਤਰੰਜ ਤੋਂ
ਸਮੇਂ ਦੀ ਮਿਆਦ ਮੁੱਕਣ ਵਾਲੀ ਹੈ
ਢੋਲ ਢਮਾਕੇ ਵੱਜ ਰਹੇ ਨੇ
ਖਾਣ-ਸਮੱਗਰੀ ਇਕੱਠੀ ਕੀਤੀ ਜਾ ਰਹੀ ਹੈ
ਕੁੰਭਕਰਣ ਉੱਠਣ ਵਾਲਾ ਹੈ......

ਸ਼ਹਿਰ ਤੇ ਪਿੰਡ ਚਮਕ ਰਹੇ ਨੇ
ਰੰਗਲੇ ਲਾਟੂਆਂ ਦੇ ਜਲੌਅ ਨਾਲ
ਬਸਤੀਆਂ ਵਿੱਚ ਪਹੁੰਚ ਗਏ ਨੇ ਟੈਲੀਵਿਜ਼ਨ
ਹਰ ਰੁੱਖ, ਹਰ ਖੰਭਾ
ਬਣ ਗਿਆ ਹੈ ਇੱਕ ਸਪੀਕਰ
ਮੀਡੀਏ ਦਾ ਰਿਮੋਟ ਕੰਟਰੋਲ
ਪਿਛਲੇ ਵਾਰ ਦੀ ਜੂਠ ਤੇ ਪਲੇ
ਵਫਾਦਾਰ ਚੂਹਿਆਂ ਦੇ ਹੱਥਾਂ 'ਚ ਹੈ।

ਵਕਤ ਦੀ ਸ਼ਤਰੰਜ ਤੋਂ
ਸਮੇਂ ਦੀ ਮਿਆਦ ਮੁੱਕਣ ਵਾਲੀ ਹੈ
ਸੋ ਸਿਰਫ਼ ਉਹੀ ਪ੍ਰੋਗਰਾਮ ਪੇਸ਼ ਕੀਤੇ ਜਾਣਗੇ
ਜਿਨ੍ਹਾਂ 'ਚ ਚੂਹਿਆਂ ਲਈ ਹੋਵੇਗੀ
ਪੀਪਣੀ ਦੀ ਕੋਈ ਸੁਰੀਲੀ ਤਾਨ ......
ਨੰਗ ਮਲੰਗ
ਪੜ੍ਹੇ-ਲਿਖੇ, ਬੇਦਿਮਾਗ, ਬੇਵਕੂਫ਼ ਚੂਹੇ.....!
ਜਿਸਨੇ 'ਜਾਦੂ ਦੀ ਪੀਪਣੀ' ਵਜਾਈ
ਉਸ ਦੇ ਪਿਛੇ ਹੋ ਤੁਰੇ।
ਪੀਪਣੀ ਵੱਜਣੀ ਹੈ
ਪਹਿਲੀ ਤਾਣ ਨਾਲ
ਚੂਹਿਆਂ ਰੱਜ ਕੇ ਆਫਰ ਜਾਣਾ ਹੈ
ਕੁੰਭਕਰਣ ਨੂੰ ਪਤਾ ਹੈ
ਕਿ ਪੇਟ ਆਫ਼ਰ ਜਾਵੇ
ਤਾਂ ਦਿਮਾਗ ਬੰਦ ਹੋ ਜਾਂਦਾ ਹੈ .....

ਇੱਕ ਤਾਣ ਸਿਰ ਤੇ ਰੱਖੇਗੀ ਤਾਜ
ਤੇ ਇੱਕ ਤਾਣ ਚੂਹਿਆਂ ਨੂੰ
ਸ਼ਾਹੀ ਪੁਸ਼ਾਕਾਂ ਵਿੱਚ ਲੱਦ ਦੇਵੇਗੀ......

ਕੁੰਭਕਰਣ ਉੱਠਣ ਵਾਲਾ ਹੈ
ਉਠਣ ਤੇ ਬਹੁਤ ਜ਼ੋਰ ਲੱਗਦਾ ਹੈ.......
ਪਰ ਕੁੰਭਕਰਣ ਦਾ
ਇਹ ਕੁਝ ਚਿਰ ਲਈ ਉਠਣਾ ਹੀ ਤਾਂ
ਮਿਹਨਤਨਾਮਾ ਹੈ......
ਅਗਲੇ ਪੰਜਾਂ ਵਰ੍ਹਿਆਂ ਲਈ
ਫਿਰ ਤੋਂ ਸੌਣ ਦਾ।

ਕੁੰਭਕਰਣ ਉਠਣ ਵਾਲਾ ਹੈ
ਤਿਆਰ ਰਹੋ।
ਕੁੰਭਕਰਣ ਕੋਲ ਵਕਤ ਬਹੁਤ ਘੱਟ ਹੈ
ਖ਼ਬਰਦਾਰ ਰਹੋ !!
ਕੁੰਭਕਰਣ ਨੇ ਉੱਠ ਕੇ
ਪੀਪਣੀ ਵਜਾਉਣੀ ਹੈ
ਹੋਸ਼ਿਆਰ ਰਹੋ !!!

* ਜਾਦੂ ਦੀ ਪੀਪਣੀ ਵਜਾ, ਚੂਹਿਆਂ ਨੂੰ ਮਗਰ ਲਾ, ਸਮੁੰਦਰ 'ਚ ਡੁਬੋਣ ਵਾਲੀ ਸਵੀਡਿਸ਼ ਲੋਕ-ਕਥਾ

ਬਿਨਾਂ ਪਤੇ ਵਾਲਾ ਖ਼ਤ : ਕੁਰਸੀ

ਕੁਰਸੀ
ਜੋ ਤਰਸਾਉਂਦੀ-
ਤਾਕਤ ਦੀ ਬਣ ਨੁਮਾਇੰਦੀ
ਜੋ ਭਰਮਾਉਂਦੀ
ਲੱਗਦੀ ਜੋ ਨਸ਼ਿਆਉਂਦੀ
ਤੇ ਬੇਫ਼ਿਕਰੀ ਦੇ ਗੀਤ ਗਾਉਂਦੀ

ਕੁਰਸੀ ਉਹ,
ਇਕਲਾਪੇ 'ਚ
ਆਪਣੇ ਪਾਵਿਆਂ ਗਲ ਲੱਗ
ਜ਼ਾਰ ਜ਼ਾਰ ਰੋਂਦੀ
ਚਾਹੁੰਦੀ ਨਾ ਚਾਹੁੰਦੀ -
ਸਿਰ ਪਿਆ ਭਾਰ ਢੋਂਦੀ
ਕਦੇ ਨਾ ਸੌਂਦੀ

ਕੁਰਸੀ ਉਹ,
ਦਰਅਸਲ
ਚਾਹੁੰਦੀ
ਕਿ ਕਦੇ ਉਹ ਵੀ
'ਵਿਕਰਮਾਦਿਤਿਆ ਦਾ ਸਿੰਘਾਸਣ'
ਬਣ ਜਿਉਂਦੀ !

ਬਿਨਾਂ ਪਤੇ ਵਾਲਾ ਖ਼ਤ : ਉਹ ਤੇ ਉਹ


ਸ਼ਾਮੀਂ ਉਹ ਪਰਤਦਾ
ਪੁਲ ਹੇਠਾਂ ਬੋਰੀ ਸੁੱਟ ਮੱਲੇ ਆਪਣੇ ਘਰ ਨੂੰ
ਪਿੰਡੇ ਤੋਂ ਝਾੜਦਾ ਦਿਨੇ ਹੰਢਾਈ ਜਹਾਲਤ
ਦੇਰ ਰਾਤ ਤੱਕ ਕਰਦਾ
ਅੱਟਣਾਂ ਤੇ ਬਿਆਈਆਂ ਦਾ ਹਿਸਾਬ -
ਤਾਰਿਆਂ ਦੀ ਜਮ੍ਹਾ ਘਟਾਓ ਨਾਲ
ਉਲਝਦਾ
ਕੱਢਦਾ ਕਾਰ ਵਾਲੇ ਮਾਲਕ ਨੂੰ ਮੋਟੀ ਜਿਹੀ ਗਾਲ੍ਹ
ਹੌਲਾ ਫੁੱਲ ਹੁੰਦਾ
ਕਦੇ ਸੁੱਕੇ ਹਾੜੇ ਪੀਂਦਾ.....
ਛੇੜਦਾ ਯਾਦਾਂ ਦਾ ਕੋਈ ਬੇਸੁਰਾ ਗੀਤ.....
ਯਾਦਾਂ ਦੇ ਗਲ ਲੱਗ ਰੋਂਦਾ.....
ਤੇ ਫਿਰ ਰੋਂਦੇ ਰੋਂਦੇ ਹੱਸਣ ਲੱਗ ਪੈਂਦਾ......।
- - - - - - -

ਸ਼ਾਮੀਂ ਉਹ ਪਰਤਦਾ
ਚਾਨਣ ਦੇ ਟੁਕੜੇ ਆਪਣੇ ਘਰ ਨੂੰ
ਰੂਹ ਤੇ ਜੰਮਦੀ ਦਿਨੇ ਵਰਤਾਈ ਜਹਾਲਤ
ਦੇਰ ਰਾਤ ਤੱਕ ਕਰਦਾ
ਸੰਦਲੀ ਜਗੀਰਾਂ ਦਾ ਹਿਸਾਬ ਕਿਤਾਬ-
ਫ਼ਿਕਰਾਂ ਦੀ ਜਮ੍ਹਾ ਘਟਾਓ ਨਾਲ
ਉਲਝਦਾ
ਹੌਲਾ ਫੁੱਲ ਹੁੰਦਾ
ਕੱਢਦਾ ਆਪਣੇ ਆਪ ਨੂੰ ਮੋਟੀ ਜਿਹੀ ਗਾਲ੍ਹ
ਕਦੇ ਮਹਿੰਗੇ ਸਰੂਰ 'ਚ ਵਹਿੰਦਾ...
ਟੈਲੀਵਿਜ਼ਨ ਦੇ ਚੈਨਲ ਬਦਲਦਾ....
ਰੰਗਲੇ ਚੈਨਲ ਨਾਲ ਠਹਾਕਾ ਮਾਰ ਹੱਸਦਾ.....
ਤੇ ਹੱਸਦੇ ਹੱਸਦੇ ਰੋਣ ਲੱਗ ਪੈਂਦਾ....।

ਬਿਨਾਂ ਪਤੇ ਵਾਲਾ ਖ਼ਤ : ਪੀ ਸੀ ਓ ਕਵਿਤਾ

ਟਰਨ ਟਰਨ ......
ਰਿਸੀਵਰ ਦਾ ਹੱਥ ਕੰਬਦਾ ਹੈ
ਭੁੱਬੀਂ ਰੋਂਦਾ
ਕੋਈ ਸ਼ੋਕ-ਸੁਨੇਹਾ ਘੱਲਦਾ ਹੈ
ਉਸ ਤੇ ਜੰਮ ਜਾਂਦੀ ਹੈ
ਹੰਝੂਆਂ ਦੀ ਕੋਸੀ ਤ੍ਰੇਲ
ਸਨੇਹਾ
ਪੀ ਸੀ ਓ ਤੋਂ ਬਾਹਰ
ਪੈਰ ਧੂੰਦਾ ਨਿਕਲ ਜਾਂਦਾ ਹੈ
ਟਰਨ ਟਰਨ ......
ਰਿਸੀਵਰ ਛਾਲ ਮਾਰ ਉਠਦਾ ਹੈ
ਹੰਝੂਆਂ ਦੇ ਕਤਰੇ -
ਮੋਹ-ਤ੍ਰੇਲ ਬਣ ਜਾਂਦੇ ਹਨ -
ਕਿਸੇ ਨੂੰ
ਮੁਕਰਰ ਵਕਤ ਤੇ
ਮੁਕਰਰ ਜਗ੍ਹਾ ਤੇ
ਪਹੁੰਚਣ ਲਈ ਕਹਿੰਦਾ ਹੈ
ਮਸ਼ਕਰੀ ਹਾਸੀ ਹੱਸਦਾ ਰਿਸੀਵਰ
ਛਾਲ ਮਾਰ ਕੇ
ਟੈਲੀਫੋਨ ਦੀ ਟਾਹਣੀ ਤੇ ਜਾ ਬਹਿੰਦਾ ਹੈ
ਸੁਨੇਹਾ ਚੱਕਵੇਂ ਪੈਰੀਂ ਬਾਹਰ ਨਿਕਲ ਜਾਂਦਾ ਹੈ

ਟਰਨ ਟਰਨ ......
ਪਲ-ਪਲ ਸੁਨੇਹੇ
ਸੱਜਰੇ-ਬੇਹੇ
ਕੋਈ ਸੁਨੇਹਾ ਨਕਾਬਪੋਸ਼
ਕੋਈ ਸਫੈਦਪੋਸ਼
ਕੋਈ ਸੁਨੇਹਾ ਅੱਗ ਦਾ -ਫੁੰਕਾਰਦਾ
ਕੋਈ ਬਰਫ਼ ਦਾ ਯਖ਼ - ਦਿਲ ਨੂੰ ਠਾਰਦਾ
ਕੋਈ ਸੁਨੇਹਾ ਬੱਚਿਆਂ ਵਰਗਾ ਨੰਗ-ਧੜੰਗਾ
ਕੋਈ ਮੁਤਾਬੀ ਡੱਬੀ ਵਰਗਾ ਰੰਗ-ਬਰੰਗਾ

ਟਰਨ ਟਰਨ...... ਟਰਨ ਟਰਨ......
ਪੀ ਸੀ ਓ ਸੁਨੇਹੇ ਦਿੰਦਾ, ਸੁਣਦਾ ਅੱਕਦਾ ਹੈ
ਮੂੰਗਫਲੀ ਮੜੱਕਦਾ ਹੈ
ਲਿਫ਼ਾਫ਼ਾ ਗੁਛਾਮੁੱਛਾ ਕਰਕੇ ਸੁੱਟਦਾ ਹੈ
ਹੀਟਰ ਕੋਲੋ ਨੂੰ ਖਿੱਚ ਸੇਕਦਾ ਹੈ
ਬਚਦੀ ਚਾਹ ਦੀ ਚੁਸਕੀ ਭਰਦਾ ਹੈ
'ਸਰਕਾਰੀ-ਦਸਵੰਧ' ਕੱਢ ਕੇ
ਸ਼ਾਮੀਂ ਉਗਰਾਹੀ ਗਿਣਦਾ ਹੈ
ਉਬਾਸੀ ਲੈਂਦਾ ਹੈ
ਤੇ ਅੱਖਾਂ ਖੋਲ੍ਹੀ
ਖੜ੍ਹਾ ਖੜ੍ਹਾ ਸੌਂ ਜਾਂਦਾ ਹੈ ......

ਬਿਨਾਂ ਪਤੇ ਵਾਲਾ ਖ਼ਤ : ਗਿੱਲੀ ਮਿੱਟੀ ਬਨਾਮ ਕੱਚ

ਇੱਕ ਗਿੱਲੀ ਮਿੱਟੀ ਦਾ ਸ਼ਹਿਰ ਸੀ
ਵਿੱਚ ਗਿੱਲੀ ਮਿੱਟੀ ਦੇ ਪੁਤਲੇ ਸੀ
ਸਾਰੇ ਰਲ ਮਿਲ ਰਹਿੰਦੇ ਸੀ,
ਹਰ ਪੁਤਲੇ ਦਾ ਆਪਣਾ ਰੱਬ ਸੀ
ਸਾਰੇ ਰੱਬ ਬਰਾਬਰ ਸੀ ......।

ਗਿੱਲੀ ਮਿੱਟੀ ਦੇ ਹੀ ਘਰ
ਏਸੇ ਦਾ ਹੀ ਰਿਸ਼ਤਾ ਹਰ
ਗਿੱਲੀ ਮਿੱਟੀ ਵਾਂਗਰ ਸਾਰੇ
ਇੱਕ ਦੂਜੇ ਨਾਲ
ਇੰਜ ਰਲਗੱਡ
ਨਹੀਂ ਪਛਾਣੇ ਜਾਂਦੇ ਸਨ
ਉਹ ਅੱਡੋ-ਅੱਡ

ਹੋਈ ਤਰੱਕੀ
ਤੁੱਛ ਜਾਪੀ ਹਰ ਇੱਕ ਪੁਤਲੇ ਨੂੰ -
ਗਿੱਲੀ ਮਿੱਟੀ
ਕੀਤਾ ਕਾਇਆ ਕਲਪ ਹਰੇਕ ਨੇ
ਛੱਡੀ ਮਿੱਟੀ -
ਬਣ ਗਏ ਕੱਚ ਦੇ
ਖੁਸ਼ੀ 'ਚ ਨੱਚਦੇ

ਉਹਨਾਂ ਕੀਤਾ ਸ਼ਹਿਰ ਨੂੰ ਕੱਚ ਦਾ
ਹਰ ਘਰ ਬਾਰ ਨੂੰ ਕੀਤਾ ਕੱਚ ਦਾ
ਮੰਦਰਾਂ 'ਚੋਂ ਹਰ ਰੱਬ ਨੂੰ ਕੱਢ ਕੇ
ਉਹ ਵੀ ਘੜਿਆ ਰੰਗਲੇ ਕੱਚ ਦਾ

ਕਰਦੇ ਕਰਦੇ
ਹਰ ਰਿਸ਼ਤਾ ਵੀ ਹੋਇਆ ਕੱਚ ਦਾ
................
ਵੈਰੀ ਕੱਚ ਦਾ ਕੱਚ
ਡਰਦਾ ਕੱਚ ਤੋਂ ਕੱਚ
ਬਚਦਾ ਕੱਚ ਤੋਂ ਕੱਚ
.................
ਇੱਕ ਪੁਤਲਾ
ਜੇ ਕੱਚ ਨਾ ਹੋਇਆ
ਉਸ ਤੋਂ ਬੱਸ ਇੱਕ ਮੱਚ ਨਾ ਹੋਇਆ
ਕਵੀ ਉਹ ਹੋਇਆ

ਓਸ ਕਵੀ ਤੋਂ
ਸਾਰਾ ਕੁਝ ਇਹ
ਜਰ ਨਾ ਹੋਇਆ
ਗਿੱਲੀ ਮਿੱਟੀ ਦੇ ਵਰਕੇ ਤੇ
ਆਪਣੇ ਲਹੂ ਦੇ ਹਰਫ਼ਾਂ ਦੇ ਨਾਲ
ਲਿਖ ਗਿਆ ਹਉਕਾ
ਹਾਲੇ ਮੌਕਾ -

ਜਾਂ ਤਾਂ ਉਮਰਾ ਦੀ ਭੱਠੀ
ਬਾਲਣ ਬਣ ਬਲ ਜੋ
ਜਾਂ ਫਿਰ
ਸਾਰੇ ਪੁਤਲੇ
ਹਰ ਰਿਸ਼ਤਾ ਤੇ ਹਰ ਰੱਬ-
ਇੱਕ ਕੁਠਾਲੀ ਦੇ ਵਿੱਚ
'ਕੱਠੇ ਹੋ ਕੇ ਢਲ ਜੋ।

ਬਿਨਾਂ ਪਤੇ ਵਾਲਾ ਖ਼ਤ : ਸੁਣਿਆ ਉਹ

ਜੇ ਝੱਖੜਾਂ ਵਿੱਚ ਹੀ ਰਿਹਾ ਹਿੱਕ ਤਾਣ ਕੇ ਖੜ੍ਹਾ।
ਸੁਣਿਆ ਹੈ ਉਹ ਦਰਖ਼ਤ ਪੁਰੇ ਦੀ 'ਵਾ 'ਚ ਢਹਿ ਗਿਆ।

ਜੋ ਉਮਰ ਭਰ ਮਹਿਫ਼ੂਜ਼ ਕੰਡਿਆਂ ਵਿੱਚ ਹੀ ਰਿਹਾ।
ਹੋਇਆ ਉਹ ਲਹੂ ਲੁਹਾਣ ਜਦ ਫੁੱਲਾਂ ਨਾਲ ਖਹਿ ਗਿਆ।

ਜਿਸ ਨੇ ਕਦੇ ਸੀ ਕੰਡੇ ਦੀ ਵੀ ਪੀੜ ਨਹੀਂ ਜਰੀ
ਉਹ ਹੱਸ ਕੇ ਤਲਵਾਰ ਦੇ ਫੱਟ ਦਿਲ ਤੇ ਸਹਿ ਗਿਆ।

ਮੱਥੇ ਖੁਦੀ ਕਿਸਮਤ ਜੀਹਦੇ ਖ਼ਾਨਾਬਦੋਸ਼ਾਂ ਦੀ
ਉਹ ਸੜਕ ਕੰਢੇ ਮੀਲ ਪੱਥਰ ਬਣ ਕੇ ਰਹਿ ਗਿਆ।

ਰੰਗਾਂ ਤੇ ਬੁਰਸ਼ਾਂ ਨਾਲ ਜਿਸਤੋਂ ਕੁਝ ਨਹੀਂ ਬਣਿਆ
ਸੁਣਿਆ ਉਹ ਖਾਲੀ ਕੈਨਵਸ ਤੇ ਗੱਲ ਕਹਿ ਗਿਆ।

ਜੋ ਹਾਲੇ ਤੀਕਰ ਜ਼ੁਲਫ਼ਾਂ ਦੇ ਪੇਚੀਂ ਸੀ ਉਲਝਿਆ
ਉਹ ਲਹੂ ਭਿੱਜੀ ਕਲਮ ਚੁੱਕੀ ਗ਼ਜ਼ਲ ਕਹਿ ਗਿਆ।

ਜੋ ਅਲਵਿਦਾ ਕਹਿ ਪਿੰਡ ਨੂੰ ਸੀ ਸ਼ਹਿਰ ਆ ਗਿਆ
ਸੁਣਿਆ ਉਹ ਸ਼ਖਸ ਫਿਰ ਤੋਂ ਪਿੰਡ ਦੇ ਪਹੇ ਪੈ ਗਿਆ।

ਬਿਨਾਂ ਪਤੇ ਵਾਲਾ ਖ਼ਤ : ਕੀ ਫ਼ਰਕ ਪੈਂਦਾ.....

ਕੋਸੇ ਜਾਮ ਤੇ ਰੰਗਲਾ ਮੁਜਰਾ, ਮਹਿਫ਼ਲਾਂ ਵਿੱਚ ਛਾ ਗਿਆ
ਕੀ ਫ਼ਰਕ ਪੈਂਦਾ ਜੇ ਬੱਦਲ ਕਾਲਾ ਸ਼ਹਿਰ ਤੇ ਆ ਗਿਆ

ਸ਼ਹਿਰ ਤਾਂ ਘੁੱਗ ਵੱਸਦਾ ਏ, ਰੱਬ ਦਾ ਤੂੰ ਸ਼ੁਕਰ ਕਰ
ਕੀ ਫ਼ਰਕ ਪੈਂਦਾ ਜੇ ਕੋਈ ਤੇਰਾ ਢਾਰਾ ਢਾਹ ਗਿਆ

ਫੁੱਲਾਂ ਵਰਗਾ ਜਿਸਮ ਉਸਦਾ, ਕਲੀਆਂ ਵਰਗੀ ਹੈ ਅਦਾ
ਕੀ ਫ਼ਰਕ ਪੈਂਦਾ ਜੇ ਘਰ ਵਿੱਚ ਥੋਹਰ ਉਸ ਨੇ ਲਾ ਲਿਆ

ਕਿਹਾ ਸੀ ਧਰਮਾਂ ਦੀਆਂ ਕੰਧਾਂ ਦੇ ਉਪਰੋਂ ਤੱਕ ਨਾ
ਕੀ ਫ਼ਰਕ ਪੈਂਦਾ ਜੇ ਹੁਣ ਪਛਤਾਵਾ ਦਿਲ ਤੇ ਛਾ ਗਿਆ

ਪੋਟਲੀ ਵਿੱਚ ਸਾਂਭ ਕੇ ਰੱਖੀਂ ਤੂੰ ਰਿਸ਼ਤੇਦਾਰੀਆਂ
ਕੀ ਫ਼ਰਕ ਪੈਂਦਾ ਜੇ ਇਕਲਾਪਾ ਹੀ ਤੈਨੂੰ ਖਾ ਗਿਆ

ਬਿਨਾਂ ਪਤੇ ਵਾਲਾ ਖ਼ਤ : ਉਮਰਾ ਦੀ ਮੁੱਠੀ 'ਚੋਂ

ਉਮਰਾ ਦੀ ਮੁੱਠੀ 'ਚੋਂ
ਹਰ ਸਾਹ ਨਾਲ ਕਿਰਦੇ ਹਾਂ
ਸੁੱਕੇ ਇੱਕ ਪੱਤ ਵਾਂਗੂੰ
ਆ ਅੰਬਰ ਤੱਕ ਉੱਡੀਏ

ਉਮਰਾ ਦੀ ਤਾਣੀ 'ਚੋਂ
ਧਾਗਾ ਬਣ ਟੁੱਟਣੋਂ ਤਾਂ
ਵਿੱਚ ਰਿਸ਼ਤੇ ਦੀ ਮਾਲਾ
ਆ ਮੋਤੀ ਬਣ ਪੁਰੀਏ

ਬੇ-ਆਸੇ ਮੌਸਮ ਵਿੱਚ
ਹਰ ਪਲ ਛਿਣ ਟੁਟਣੋਂ ਤਾਂ
ਆਸਾਂ ਦੇ ਰੁੱਖ ਉਪਰ
ਆ ਨਗ਼ਮਾ ਬਣ ਫੁੱਟੀਏ

ਆਹਾਂ ਦੀ ਰੁੱਤ ਕਾਲੀ
ਸਾਹ ਘੁੱਟ ਕੇ ਮਰਨੋਂ ਤਾਂ
ਇੱਕ ਚੂੰਢੀ ਚਾਨਣ ਦੀ
ਆ ਨ੍ਹੇਰੇ ਵਿੱਚ ਧਰੀਏ

ਕਿਸੇ ਕਬਰ ਵੀਰਾਨੀ ਤੇ
ਦੀਵਾ ਬਣ ਬਲਣੋਂ ਤਾਂ
ਵਿੱਚ ਸਾਹਾਂ ਦੇ ਮਹਿਲਾਂ
ਆ ਸੂਰਜ ਬਣ ਜਗੀਏ।

ਬਿਨਾਂ ਪਤੇ ਵਾਲਾ ਖ਼ਤ : ਚੰਨ ਚਾਨਣੀ ਰਾਤ


ਪਿੰਡ ਦੀ ਬੁੱਢੀ ਨਿੰਮ੍ਹ ਤੇ ਬੈਠੇ ਮੋਰ ਨੂੰ ਕਹਿ ਤੂੰ ਗਾ
ਚਾਰੇ ਰੁੱਤਾਂ ਵਿੱਚ ਖੁਸ਼ੀਆਂ ਦੀ ਪੰਜਵੀਂ ਰੁੱਤ ਰਲਾ

ਚੰਨ ਚਾਨਣੀ ਰਾਤ 'ਚ ਬਹਿ ਕੋਈ ਐਸੀ ਬਾਤ ਸੁਣਾ
ਉਸ ਦੀ ਫੁਲਕਾਰੀ ਵਿੱਚ ਅੰਬਰੋਂ ਤਾਰੇ ਤੋੜ ਕੇ ਲਾ

ਧਰਤੀ ਸਾਰੀ ਅੰਬਰ ਸਾਰਾ
ਓਸ ਬਾਤ ਦਾ ਭਰੇ ਹੁੰਗਾਰਾ
ਉਸ ਨੂੰ ਸੁਣਕੇ ਨੱਚਣ ਤਾਰੇ
ਬਲਣ ਚਿਰਾਗ਼ ਉਮਰ ਦੇ ਚਾਰੇ
ਓਸ ਬਾਤ ਵਿੱਚ ਸੱਤਾਂ ਰੰਗਾਂ ਨਾਲ ਤੂੰ ਧਰਤ ਸਜਾ.....
ਚੰਨ ਚਾਨਣੀ...................
ਸੰਗੀਨਾਂ ਦੀ ਛਾਂ ਨਾ ਹੋਵੇ
ਸੱਖਣੀ ਝੋਲੀ ਮਾਂ ਨਾ ਹੋਵੇ
ਪਿੰਡ ਦਾ ਪੈਹਾ ਵੀਰਾਨ ਨਾ ਹੋਵੇ
ਕੋਈ ਘਰ ਸੁੰਨਸਾਨ ਨਾ ਹੋਵੇ
ਓਸ ਬਾਤ ਵਿੱਚ ਕਾਲੀ ਰੁੱਤ ਨੂੰ ਕਹਿ ਤੂੰ ਏਥੋਂ ਜਾਹ.....
ਚੰਨ ਚਾਨਣੀ.................

ਕਾਲੇ ਸਿਆਹ ਅਖ਼ਬਾਰ ਨਾ ਹੋਵਣ
ਵਿੱਚ ਤਿੜਕੇ ਇਤਬਾਰ ਨਾ ਹੋਵਣ
ਓਸ ਬਾਤ ਵਿੱਚ ਦੁੱਖ ਨਾ ਹੋਵੇ
ਗਰਮੀ ਝੁਲਸਿਆ ਰੁੱਖ ਨਾ ਹੋਵੇ
ਰਾਗ ਮਲ੍ਹਾਰ ਨੂੰ ਓਸ ਬਾਤ ਦੀ ਛਾਂ ਵਿੱਚ ਬਹਿ ਕੇ ਗਾ.....
ਚੰਨ ਚਾਨਣੀ................

ਬੱਚਿਆਂ ਵਰਗੀ ਮਸਤੀ ਹੋਵੇ
ਹਰ ਰੂਹ ਵਿੱਚ ਖਰਮਸਤੀ ਹੋਵੇ
ਸਰਘੀ ਹੋਵੇ ਲਾਲ-ਗੁਲਾਬੀ
ਹਰ ਆਥਣ ਦਾ ਰੰਗ ਮਤਾਬੀ
ਸਾਰੇ ਜੱਗ ਦੇ ਫੁੱਲਾਂ ਦੀ ਖੁਸ਼ਬੋ ਉਸ ਬਾਤ 'ਚ ਪਾ...
ਚੰਨ ਚਾਨਣੀ...............

ਹੰਝੂਆਂ ਦੀ ਬਰਸਾਤ ਨਾ ਹੋਵੇ
ਬੇਦਰਦੀ ਕੋਈ ਰਾਤ ਨਾ ਹੋਵੇ
ਨਾ ਰਾਜਾ ਨਾ ਰਾਣੀ ਹੋਵੇ
ਤੇਰੀ ਮੇਰੀ ਕਹਾਣੀ ਹੋਵੇ
ਨਦੀ ਕਿਨਾਰੇ ਕੱਕੇ ਰੇਤੇ ਪੋਲੇ ਪੱਬੀਂ ਆ....
ਚੰਨ ਚਾਨਣੀ...................

ਬਿਨਾਂ ਪਤੇ ਵਾਲਾ ਖ਼ਤ : ਘਰ ਵਾਪਸੀ ਅਤੇ ਨਿੱਜ ਦੁਆਲੇ ਘੁੰਮਦੀਆਂ ਕਵਿਤਾਵਾਂ


ਕੀਕਣ ਕਵ੍ਹਾਂ ਕਰੀਰ ਨੂੰ
ਰੂਹ ਮੇਰੀ ਨਾ ਡੱਸ
ਕੀਕਣ ਆਖਾਂ ਫੁੱਲ ਨੂੰ
ਦਿਲ ਮੇਰੇ ਆ ਵੱਸ

ਬਿਨਾਂ ਪਤੇ ਵਾਲਾ ਖ਼ਤ ਕਵਿਤਾ


ਹੁਣ ਤਾਂ ਯਾਦ ਨਹੀਂ
ਕਿ ਉਹ ਕਿਹੜਾ ਮੇਲਾ ਸੀ
ਜਿਸ 'ਚ ਅਸੀਂ ਇੱਕ ਦੂਜੇ ਨੂੰ ਖਰੀਦਿਆ ਸੀ
ਅੱਖਾਂ ਦੀ ਸਿੱਲ੍ਹ ਦੇ ਭਾਅ
ਨਾ ਹੀ ਯਾਦ ਹੈ
ਕਿ ਅੱਕਾਂ ਦੀਆਂ 'ਬੁੱਢੀਆਂ ਮਾਈਆਂ' ਵਾਂਗ
ਅਸੀਂ ਹਵਾ 'ਚ ਤਰਦੇ ਤਰਦੇ ਕਿੰਝ ਮਿਲੇ ਸਾਂ
ਤੇ ਕਿਵੇਂ ਉਸਦੀ ਸ਼ਰਮਾਕਲ ਮੁਸਕਣੀ ਨੇ
ਚੁੰਮ ਲਈਆਂ ਸਨ ਮੇਰੀਆਂ ਅੱਖਾਂ ਦੀਆਂ ਤਲੀਆਂ.......।

ਸਿਰਫ਼ ਏਨਾ ਕੁ ਹੀ ਯਾਦ ਹੈ
-ਕਿ ਪ੍ਰੋਮੀਥੀਅਸ* ਨੇ ਜੋ ਅੱਗ
ਰੱਬ ਦੇ ਘਰੋਂ ਚੋਰੀ ਕੀਤੀ ਸੀ
ਸਾਰੀ ਦੀ ਸਾਰੀ
ਝੋਕ ਦਿੱਤੀ ਸੀ ਉਸ ਅੰਦਰ
-ਕਿ ਪਿੰਡ ਦੀ ਜੂਹ ਤੇ ਲੱਗੇ
ਬੁੱਢੇ ਬੋਹੜ ਦੀ ਖੋੜ 'ਚੋਂ
ਹਾਲ ਤੱਕ ਆਉਂਦੀ ਹੋਣੀ ਏ
ਉਨ੍ਹਾਂ ਰੋਕਿਆਂ ਦੀ ਮਹਿਕ
ਜਿਹੜੇ ਕਦੇ ਅਸੀਂ ਵਟਾਏ ਸੀ........।

-ਕਿ ਸਾਹਾਂ ਦੇ ਕੁਹਾੜੇ
ਉਮਰਾਂ ਦਾ ਰੁੱਖ ਵੱਢਦੇ ਰਹੇ
ਤੇ ਉਹ ਤੇ ਮੈਂ
ਆਪਣੇ ਆਪਣੇ ਦਾਇਰਿਆਂ 'ਚ ਕੈਦ
ਖੇੜਿਆਂ ਦੇ ਗੀਤ ਗਾਉਂਦੇ ਰਹੇ........।

ਜਾਂ ਫਿਰ ਇਹ ਯਾਦ ਏ
ਕਿ ਰੱਬ ਦੇ ਆਦਮਜ਼ਾਤ ਨੂੰ ਦਿੱਤੇ ਸਰਾਪ ਨੂੰ
ਦਿਲ 'ਚ ਨੀਂਹ ਪੱਥਰ ਵਾਂਗ ਰੱਖ
ਜਦ ਮੈਂ ਤੁਰਿਆ ਸਾਂ ਪ੍ਰਦੇਸੀ ਹੋ
ਤਾਂ ਮੇਰੀਆਂ ਅੱਖਾਂ ਦੀ ਦਹਿਲੀਜ਼ ਤੇ
ਸੁਪਨਿਆਂ ਦੇ ਹੰਝੂ
ਉਨੀਂਦਰੇ ਬਣ ਆਠਰ ਗਏ ਸਨ.....।

ਅੱਜ ਮੁੱਦਤ ਬਾਅਦ, ਮੇਰੇ ਪਤੇ ਤੇ
ਆਇਆ ਹੈ ਫਿਰ
ਇੱਕ ਬਿਨਾ ਪਤੇ ਵਾਲਾ ਖ਼ਤ
ਤੇ ਉਹ ਜੰਮੇ ਹੰਝੂ
ਤ੍ਰੇਲ ਬਣ
ਜ਼ਿਹਨ ਦੀਆਂ ਉਂਗਲਾਂ ਵਿਚਕਾਰ
ਸੂਰਜ-ਰੇਖਾ ਬਣ ਵਹਿ ਪਏ ਨੇ.......।

* ਪ੍ਰੋਮੀਥੀਅਸ - ਯੂਨਾਨੀ ਦੇਵਤਾ

ਬਿਨਾਂ ਪਤੇ ਵਾਲਾ ਖ਼ਤ : ਮੇਰੇ ਗੀਤ

ਮੇਰੇ ਗੀਤ
ਯਾਦਾਂ ਦੇ ਉਸ ਜੰਗਲ ਵਰਗੇ ਨੇ
ਜਿਸ 'ਚ
ਕਿਸੇ ਦਾ ਕੋਈ ਸਿਰਨਾਵਾਂ ਨਹੀਂ
ਕਿਸੇ ਦਾ ਕੋਈ ਪਰਛਾਵਾਂ ਨਹੀਂ।

ਮੇਰੇ ਗੀਤ
ਕਿਸੇ ਵੀਰਾਨੇ 'ਚ ਕਰੜ-ਬਰੜ ਰੁੱਖ ਵਾਂਗਰ
ਇਕੱਲੇ ਹੀ ਹਯਾਤ ਦੇ ਪ੍ਰਤੀਕ ਨੇ
ਕਿਸੇ ਬੀਆਬਾਨ 'ਚ
ਖਾਮੋਸ਼ ਖੂਹ ਦੀ ਮੌਣ ਤੇ ਬੈਠੇ
ਉਦਾਸ ਪਰਿੰਦੇ ਦੀ ਉਡੀਕ ਨੇ

ਇਹਨਾਂ ਗੀਤਾਂ ਨੇ
ਤੇਰੀ ਮਹਿੰਦੀ ਦੇ
ਪਰਾਈ ਹੋਣ ਤੱਕ ਦਾ ਸਫ਼ਰ ਤੱਕਿਆ ਹੈ
ਤੇਰੀ ਚੰਦਨ-ਤ੍ਰੇਲ 'ਚ
ਇਹ ਬਹੁਤ ਵਾਰ ਭਿੱਜੇ ਨੇ.........
ਬਥੇਰੀ ਵਾਰ ਨੁੱਚੜੇ ਨੇ........
ਤੇਰੀ ਜ਼ੁਲਫ਼ਾਂ ਦੇ ਸਪੋਲੀਆਂ
ਬਥੇਰੀ ਵਾਰ ਇਨ੍ਹਾਂ ਨੂੰ ਡੱਸਿਆ ਏ......

ਇਨ੍ਹਾਂ ਗੀਤਾਂ ਦੀਆਂ ਕਰੂੰਬਲਾਂ
ਓਸ ਰੁੱਖ ਦੀਆਂ ਟਹਿਣੀਆਂ ਤੇ ਫੁੱਟੀਆਂ ਨੇ
ਜਿਸ ਦੀਆਂ ਜੜ੍ਹਾਂ ਸਨ
ਤੇਰੇ ਧੁਰ ਅੰਦਰ ਕਿਤੇ

ਤੇਰੇ ਪਿਛੋਂ ਕੱਲ੍ਹ
ਮੈਂ ਤੇ ਮੇਰੇ ਗੀਤ ਇਕੱਲੇ ਸਾਂ
ਤੇ ਸਾਰੀ ਰਾਤ
ਉਹ ਮੇਰੇ ਗਲ ਲੱਗ ਵਿਲਕਦੇ ਰਹੇ......
ਸਵੇਰੇ
ਸੋਚ ਦੇ ਵਿਹੜੇ, ਮਾਰੂਥਲ ਦੀ ਗੂੰਜ ਸੀ
ਅਣਗਾਏ ਗੀਤਾਂ ਦੀ ਮੋਈ ਕੂੰਜ ਸੀ
.....ਤੇ ਜ਼ਿਹਨ ਦੇ ਵਿਹੜੇ ਖਿਲਰੇ ਸਨ
ਇਨ੍ਹਾਂ ਗੀਤਾਂ ਦੀਆਂ ਪਾਜੇਬਾਂ ਦੇ ਘੁੰਗਰੂ

ਮੈਂ ਉਹਨਾਂ ਨੂੰ ਚੁਗ
ਸਾਜ਼ 'ਚ ਪਰੋ
ਮਾਲਾ ਬਣਾ
ਗਲ ਵਿੱਚ ਪਾ
ਅਣਥੱਕਿਆਂ ਨੱਚਦਾ ਹਾਂ
ਤੇ ਯਾਦਾਂ ਦੀ ਕੰਧ ਦੇ
ਝਰੋਖਿਆਂ 'ਚੋਂ ਤੱਕਦਾ ਹਾਂ

ਕਿ......
ਕੱਕਰ ਰੁੱਤੇ
ਇੱਕ ਦੂਜੇ 'ਚੋਂ ਨਿੱਘ ਭਾਲਦਿਆਂ
ਸਾਨੂੰ ਇਨ੍ਹਾਂ ਗੀਤਾਂ ਦਾ ਹੀ ਆਸਰਾ ਸੀ
ਇਨ੍ਹਾਂ ਨੂੰ ਬਾਲ ਅਸੀਂ ਸੇਕੀ ਸੀ ਅਗਨ
ਇਨ੍ਹਾਂ ਨੇ ਹੀ ਸਾਨੂੰ ਕੱਜੀ ਰੱਖਿਆ
ਤੇ ਅਸੀਂ ਅੰਗ ਨਾ ਛੁਹਾਏ
ਤੇਰੇ ਅੰਦਰਲੇ ਕੇਸਰ ਦੀ ਸਹੁੰ
ਨਾ ਮੈਂ ਦੇਵਤਾ ਸੀ -ਨਾ ਤੂੰ।

ਹੁਣ ਤੇਰੇ ਤੇ ਮੇਰਾ ਕੋਈ ਹੱਕ ਨਹੀਂ
ਤੇਰੀ ਚੰਦਨ-ਖੁਸ਼ਬੋ
ਜਿਸਮ ਦੀ ਲੋਅ
ਜ਼ੁਲਫ਼ਾਂ ਦੇ ਸਪੋਲੀਏ......
ਮੇਰਾ ਕਿਸੇ ਤੇ ਕੋਈ ਹੱਕ ਨਹੀਂ

ਪਰ ਜਿਨ੍ਹਾਂ ਪਲਾਂ 'ਚ ਅਸੀਂ
ਦੁਨੀਆਂ ਨੂੰ
ਕੱਢਿਆ ਸੀ
ਸੂਈ ਦੇ ਨੱਕੇ ਥਾਣੀ
ਉਹ ਪਲ
ਮੇਰੇ ਗੀਤ ਨੇ
ਰੂਹ ਦਾ ਸੰਗੀਤ ਨੇ
ਮੇਰਾ ਸਰਮਾਇਆ ਨੇ

ਤੇ ਉਨ੍ਹਾਂ ਤੇ ਮੇਰਾ ਪੂਰਾ ਹੱਕ ਏ......।

ਬਿਨਾਂ ਪਤੇ ਵਾਲਾ ਖ਼ਤ : ਘਰ ਵਾਪਸੀ


ਪਿੰਡ
ਆਪਣੇ ਹੀ ਘਰ ਹੁਣ
ਸਵਾਗਤ ਹੁੰਦਾ ਹੈ ਮੇਰਾ
ਮਹਿਮਾਨਾਂ ਵਾਂਗਰ
ਵੱਡੇ ਪਲੋਸਦੇ - ਬੱਚੇ ਘੇਰਦੇ
ਜੇਬਾਂ 'ਚੋਂ ਟਟੋਲੀਆਂ ਜਾਂਦੀਆਂ ਨੇ ਵੰਗਾਂ
ਗੁੱਡੀਆਂ ਪਟੋਲੇ
ਰੰਗ ਬਰੰਗੀਆਂ ਕਿਤਾਬਾਂ
ਤੇ
ਘਰ ਦੀਆਂ
ਲਿਓੜ ਲੱਥੀਆਂ
ਕਈ ਕਿਸਮ ਦੀਆਂ ਕੰਧਾਂ ਨੂੰ
ਆਉਂਦੇ ਕਈ ਕਿਸਮ ਦੇ ਮੀਂਹਾਂ 'ਚ
ਡਿੱਗਣੋਂ ਬਚਾਉਣ ਦਾ ਜੁਗਾੜ
...............
ਮੈਨੂੰ ਹਰ ਵਾਰ ਲੱਗਦਾ ਹੈ
ਕਿ ਦਰਵਾਜ਼ੇ 'ਚ ਖੜੋਅ
ਸ਼ਗਨਾਂ ਦਾ ਤੇਲ
ਖੁਦ ਆਪਣੀ ਦੇਲ੍ਹੀ ਤੇ ਚੋਅ
ਘਰ ਦੇ ਬਾਹਰੋਂ ਹੀ
ਵਾਪਸ ਪਰਤ ਆਇਆ ਹਾਂ......

ਬਿਨਾਂ ਪਤੇ ਵਾਲਾ ਖ਼ਤ : ਮੇਰੇ ਨਾਲ ਕਿਧਰੇ

ਅਛੋਪਲੇ ਜਿਹੇ
ਮੇਰੇ ਨਾਲ ਨਾਲ
ਉਹ ਹਮੇਸ਼ਾ ਤੁਰਦਾ ਰਹਿੰਦਾ ਹੈ
ਪਿੰਡ ਦੀਆਂ ਫਿਰਨੀਆਂ ਹੇਠੋਂ
ਗਵਾਚੇ ਬਚਪਨ ਦੇ
ਮੁਹਾਂਦਰੇ ਲੱਭਦਾ ਹੈ
ਨੀਝ ਨਾਲ ਪਿੱਪਲਾਂ ਹੇਠੋਂ
ਪੀਂਘ ਦੇ ਹੁਲਾਰੇ ਲੱਭਦਾ ਹੈ
ਟੋਭਿਆਂ 'ਚ ਮੇਰੇ ਨਾਲ
ਮੱਝਾਂ ਦੀਆਂ ਪੂਛਾਂ ਫੜ ਤਰਦਾ ਹੈ
ਤੁਰਿਆ ਜਾਂਦਾ ਘੁਲਾੜੀ 'ਚੋਂ
ਕੋਸੇ ਗੁੜ ਦੀ ਲੱਪ ਭਰਦਾ ਹੈ

ਕਦੇ ਜੁਆਕਾਂ ਵਾਂਗ ਚਾਮ੍ਹਲ ਕੇ
ਲੱਤਾਂ ਨਾਲ ਚੰਬੜਦਾ ਹੈ
ਕਦੇ ਬਾਬੇ ਵਾਂਗ
ਬਰੋਟੇ ਜਿੱਡੀ ਨਸੀਹਤ ਘੜਦਾ ਹੈ
ਸ਼ਹਿਰ ਨੂੰ ਤੁਰਨ ਦੀ ਸੋਚਦਾ ਹਾਂ
ਵਰਜਦਾ ਹੈ -
ਓਥੇ ਸਭ ਕੁਝ ਨਕਲੀ ਮਿਲਦਾ ਹੈ
ਅੱਖਾਂ 'ਚ ਪਾਉਣ ਜੋਗੀ ਧੂੜ ਤੋਂ ਸਿਵਾ....
ਮੈਂ ਉਸਨੂੰ ਦੱਸਦਾ ਹਾਂ
ਕਿ ਮੈਨੂੰ ਇਸ ਦਾ ਇਲਮ ਹੈ
ਉਹ ਮੁਸਕਰਾਉਂਦਾ ਹੈ ਤੇ ਬੋਲਦਾ ਰਹਿੰਦਾ ਹੈ-
ਜ਼ਿੰਦਗੀ 'ਚ ਹਰ ਚੀਜ਼ ਦੀ ਅਹਿਮੀਅਤ ਹੈ
ਬੰਦ ਘੜੀ ਵੀ ਦਿਹਾੜੀ 'ਚ
ਦੋ ਵਾਰ ਸਹੀ ਟਾਈਮ ਦਿੰਦੀ ਹੈ
ਸ਼ਹਿਰ ਨੂੰ ਤੁਰਦਾ ਹਾਂ -ਫਿਰ ਵਰਜਦਾ ਹੈ
ਕਹਿੰਦਾ ਹੈ
ਲਾਇਬਰੇਰੀ 'ਚ ਕਿਤਾਬਾਂ ਨਾਮ ਨਾਲ ਨਹੀਂ
ਨੰਬਰਾਂ ਨਾਲ ਪਛਾਣੀਆਂ ਜਾਂਦੀਆਂ ਹਨ

ਨਹੀਂ ਟਲਦਾ
ਤਾਂ ਉਲਝਾਉਣ ਲਈ
ਉਸ ਨਾਲ ਕਰਦਾ ਹਾਂ -
ਅਸੂਲਾਂ ਤੇ ਧਰਮ ਦੀ ਗੱਲ
ਜਵਾਬ ਵਿੱਚ
ਉਹ ਸਿਰਫ ਇਹੀ ਕਹਿੰਦਾ ਹੈ -
ਚੋਰਾਂ ਦੇ ਵੀ
ਅਸੂਲ ਹੁੰਦੇ ਨੇ
ਅਤੇ ਲੁਟੇਰਿਆਂ ਦਾ ਵੀ
ਹੁੰਦਾ ਹੈ ਧਰਮ
...............
ਜ਼ਿੰਦਗੀ ਦੀ ਰਾਹ ਤੇ
ਮੈਂ ਹਵਾ ਨਾਲ ਹਵਾ ਹੋ
ਸਾਹੋ ਸਾਹ ਵਗ ਤੁਰਦਾ ਹਾਂ
ਉਹ ਮੋਢੇ ਤੇ ਆ ਬਹਿੰਦਾ ਹੈ
ਕੰਨ 'ਚ ਫੂਕ ਮਾਰ ਕਹਿੰਦਾ ਹੈ
ਕਰੀ ਸ਼ਹਿਰ ਵਿੱਚ ਜੋ ਕੁਝ ਮਰਜ਼ੀ
ਰੂਹ ਨੂੰ ਸੋਚਣ ਤੋਂ ਨਾ ਵਰਜੀਂ -
ਰੂਹ ਦੀ ਸੋਚ ਲਈ
ਮੋਟੀ ਤੋਂ ਮੋਟੀ ਕੰਧ ਵੀ
ਗੰਢੇ ਦੀ ਛਿੱਲ ਤੋਂ ਵੱਧ ਨਹੀਂ
...............
ਪਰਛਾਵੇਂ ਵਾਂਗ
ਬਣ ਕੇ ਪਿਓ
ਬਣ ਕੇ ਮਾਂ
ਬਣ ਕੇ ਹਮਦਮ
ਨਾਲ ਨਾਲ
ਚਲਦਾ ਹੈ ਹਰਦਮ
...........
ਛੁੱਟੀ ਵਾਲੇ ਦਿਨ
ਮੇਰੇ ਨਾਲ
ਚਾਰਲੀ ਚੈਪਲਿਨ ਦੀ
ਫਿਲਮ ਦੇਖਦਾ ਹੈ
ਜ਼ਿੰਦਗੀ ਤੇ ਹੱਸਣ ਦੀ
ਜਾਚ ਸਿੱਖਣ ਲਈ ਆਖਦਾ ਹੈ

ਫਿਰ ਫਿਲਮ ਦੇ
ਪਰਦੇ ਤੋਂ ਬਾਹਰ ਨਿਕਲ
ਅਸੀਂ ਦੋਵੇਂ ਪਿੰਡ ਨੂੰ ਤੁਰ ਪੈਂਦੇ ਹਾਂ
ਤੇ ਪਿੰਡ ਦੇ
ਜੂੰਡਲ, ਨਲੀ-ਚੋਚੋ ਜਵਾਕਾਂ ਦੇ ਨਾਲ
ਸਾਈਕਲ ਦਾ ਚੱਕਾ ਘੁੰਮਾਉਂਦੇ
ਦੂਰ ਤੱਕ ਨਿਕਲ ਜਾਂਦੇ ਹਾਂ

ਹੁਣ ਉਹ ਕੋਈ ਨਸੀਹਤ ਨਹੀਂ ਕਰਦਾ !!

ਬਿਨਾਂ ਪਤੇ ਵਾਲਾ ਖ਼ਤ : ਨਜ਼ਮ ਹੌਲੀ ਹੌਲੀ.....

ਨਜ਼ਮ ਹੌਲੀ ਹੌਲੀ ਰੁਮਕਦੀ ਹੈ ਆਉਂਦੀ
ਮੇਰੇ ਘਰ ਦੇ ਦਰਵਾਜ਼ੇ ਬਹਿ ਕੇ ਹੈ ਗਾਉਂਦੀ।

ਜੇ ਇਸ਼ਕੇ ਦੇ ਚਾਨਣ ਦੀ ਇੱਕ ਛਿੱਟ ਨਾ ਡਿੱਗਦੀ
ਨਜ਼ਮ ਬਹਿ ਤ੍ਰਿੰਞਣ 'ਚ ਚਰਖਾ ਨਾ ਡਾਹੁੰਦੀ।

ਦਿਲ ਦੇ ਕੋਨੇ ਨਜ਼ਮ ਸੁੱਤੀ ਰਹਿ ਜਾਣੀ ਸੀ
ਕੱਚੀ ਨੀਂਦੇ ਨਾ, ਲੋਅ, ਰੂਹ ਦੀ ਜੇਕਰ ਜਗਾਉਂਦੀ।

ਕਿਸੇ ਦੇ ਸਵਾਲਾਂ ਦੇ ਹੱਲ ਦੱਸਣੇ ਸੌਖੇ
ਵਾਂਗ ਮੱਕੜੀ ਤਾਂ, ਤਾਣੀ ਹੈ ਆਪਣੀ ਫਸਾਉਂਦੀ।

ਦੂਰ ਤੱਕ ਮਾਰੂਥਲ, ਰੂਹ ਦੇ ਵਿਹੜੇ ਜੋ ਹੈ
ਰੇਤ ਦੇ ਘਰ ਨਜ਼ਮ ਉਸ 'ਚ ਬਹਿ ਕੇ ਬਣਾਉਂਦੀ।

ਚਾਨਣੀ ਰਾਤ, ਸੁੱਕੇ ਰੁੱਖ ਦੀ ਸਿਖਰੋਂ ਉਤਰ ਕੇ,
ਨਜ਼ਮ ਆਉਂਦੀ ਮਿਸ਼ਰੀ ਜਿਹੀ ਬਾਤ ਪਾਉਂਦੀ।

ਬਿਨਾਂ ਪਤੇ ਵਾਲਾ ਖ਼ਤ : ਨੰਗੇ ਪੈਰੀਂ

ਨੰਗੇ ਪੈਰੀਂ ਵਾਹਣਾਂ ਵਿੱਚ ਦੀ
ਤੁਰਨਾ ਸਿੱਖ ਕੇ ਆਵੀਂ
ਕੱਕਰ ਰੁੱਤੇ ਠੰਢ ਦੀ ਹਿੱਕ ਤੇ
ਇੱਕ ਖ਼ਤ ਲਿਖ ਕੇ ਆਵੀਂ

ਚਿੱਟੀ ਕਾਲੀ ਛੋਟੀ ਵੱਡੀ
ਪਤਲੀ ਮੋਟੀ ਸੋਹਣੀ
ਹਰ ਇੱਕ ਉਮਰ ਕਿਤਾਬ ਹੈ ਖੁਲ੍ਹੀ
ਪੜ੍ਹਨਾ ਸਿੱਖ ਕੇ ਆਵੀਂ

ਹਉਕੇ ਹੰਝੂਆਂ ਤੋਂ ਹੀ ਤੁਰ ਕੇ
ਇਥੇ ਹੀ ਅਪੜੇਂਗਾ
ਸਫ਼ਰ ਮੁਹੱਬਤ ਦਾ ਜੇ ਕਰਨਾ
ਇਹ ਗੱਲ ਸਿੱਖ ਕੇ ਆਵੀਂ

ਕਰਮਾਂ ਦੇ ਵਿੱਚ ਅਕਸਰ ਆਉਂਦੇ
ਪੱਤੇ ਨੇ ਬਦਰੰਗੇ
ਖੇਡ ਕੇ ਓਨ੍ਹਾਂ ਹੀ ਪੱਤਿਆਂ ਨਾਲ
ਜਿੱਤਣਾ ਸਿੱਖ ਕੇ ਆਵੀਂ।

ਬਿਨਾਂ ਪਤੇ ਵਾਲਾ ਖ਼ਤ : ਬਿਨਾਂ ਆਵਾਜ਼ੋਂ


ਮੇਰੇ ਘਰ ਦੇ ਹਰ ਕੋਨੇ ਵਿੱਚ
ਮੇਰਾ ਹਉਕਾ ਦੱਬਿਆ
ਜੇ ਆਵੇਂ ਤਾਂ ਹੌਲੀ ਹੌਲੀ
ਬਿਨਾਂ ਆਵਾਜ਼ ਤੋਂ ਆਵੀਂ

ਰਿਸ਼ਤੇ ਦੀ ਤੰਦ ਸੁਪਨੇ ਵਿਚੋਂ
ਕੱਢ ਕੇ ਬਾਹਰ ਜੇ ਲਾਉਣੀ
ਬੱਚਿਆਂ ਵਾਂਗੂੰ ਵੰਝਲੀ ਲੈ ਕੇ
ਬਿਨਾਂ ਰਿਵਾਜ਼ ਵਜਾਵੀਂ

ਮੇਰੇ ਦਿਲ ਵਿੱਚ ਇੱਕ ਬਿਰਹੋਂ ਦਾ
ਰਾਗ ਅਵੱਲੜਾ ਵੱਜਦਾ
ਜੇ ਗਾਵੇਂ ਤਾਂ ਬਿਨਾਂ ਆਵਾਜ਼ੋਂ
ਬਿਨਾਂ ਸਾਜ਼ ਤੋਂ ਗਾਵੀਂ।

ਬਿਨਾਂ ਪਤੇ ਵਾਲਾ ਖ਼ਤ : ਸੁਲਘਦੀਆਂ ਪੈੜਾਂ


ਜੋ ਘਰੋਂ ਗਏ
ਮੁੜ ਨਹੀਂ ਪਰਤੇ
ਉਨ੍ਹਾਂ ਦੀ
ਅਤੇ
ਪੰਜਾਬ ਤੇ
ਉੱਤਰੇ ਓਸ
ਪਤਝੜੀ ਦਹਾਕੇ ਦੀ ਕਵਿਤਾ-


ਅਗਲੀਆਂ ਕਵਿਤਾਵਾਂ ਉਨ੍ਹਾਂ ਲੋਕਾਂ ਨੂੰ ਸਮਰਪਿਤ ਹਨ।

ਬਿਨਾਂ ਪਤੇ ਵਾਲਾ ਖ਼ਤ : ਨਜ਼ਮ ਲਿਖਣ ਦਾ ਮੌਸਮ ਨਹੀਂ

ਪਾਸ਼
ਸੁਮੀਤ ਤੇ
ਰਵੀ ਦੇ ਨਾਮ


ਇੱਕ ਅਜਿਹਾ ਮੌਸਮ ਆਉਂਦਾ ਹੈ
ਜੋ ਕਲਮਾਂ ਨੂੰ ਡਰਾਉਂਦਾ ਹੈ
ਉਸ ਮੌਸਮ
ਜੋ ਡਰਦੀ ਨਹੀਂ ਅਡੋਲ ਤੁਰਦੀ ਹੈ
ਉਹ ਕਲਮ ਅੱਧ ਵਿਚਕਾਰੋਂ
ਟੁੱਟ ਕੇ ਡਿੱਗਦੀ ਹੈ

ਤੇ ਫਿਰ ਸਾਰੇ ਮਹਾਂਕਵੀਆਂ ਦੀਆਂ ਕਲਮਾਂ ਨੂੰ
ਲੱਗ ਜਾਂਦਾ ਹੈ ਜੰਗ
ਉਸ ਮੌਸਮ ਵਿੱਚ ਭਠਿਆਰੀ
ਭੱਠੀ ਵਿੱਚ ਦਾਣੇ ਨਹੀਂ, ਫੁੱਲ ਭੁੰਨਦੀ ਹੈ
ਤੇ ਉਸ ਮੌਸਮ ਵਿੱਚ
ਮੋਰਾਂ ਦੀ ਥਾਂ ਕਾਂ ਬਾਗਾਂ 'ਚ ਕੂਕਦੇ ਨੇ
ਤੇ ਉਹ ਨਜ਼ਮ ਲਿਖਣ ਦਾ ਮੌਸਮ ਨਹੀਂ ਹੁੰਦਾ

ਹੁਣ ਤਾਂ ਤਿਤਲੀਆਂ ਦੇ ਖੰਭਾਂ ਤੇ ਵੀ
ਸੌ ਸੱਥਰਾਂ ਦਾ ਭਾਰ ਏ
ਹੁਣ ਨਜ਼ਮ ਲਿਖਣ ਦਾ ਮੌਸਮ ਨਹੀਂ

ਇਹ ਤਾਂ ਚੀਕਾਂ ਦੀ ਰੁੱਤ ਹੈ
ਤੇ ਚੀਕਾਂ ਦੀ ਰੁੱਤ ਵਿੱਚ ਜੰਮੀ
ਨਜ਼ਮ ਦਾ ਮੁਹਾਂਦਰਾ
ਪਤਝੜ ਵਰਗਾ ਹੋ ਜਾਂਦਾ ਹੈ
ਇਹ ਨਜ਼ਮ ਲਿਖਣ ਦਾ ਮੌਸਮ ਨਹੀਂ

ਨਜ਼ਮਗਾਰ ਕੋਈ ਨੀਰੋ ਨਹੀਂ ਹੈ
ਉਸ ਨੇ ਤਾਂ ਜੋ ਨਜ਼ਮ ਲਿਖੀ
ਤਾਂ ਇਸ ਵਿੱਚ ਅੱਗ ਦਾ ਸੇਕ ਹੀ ਹੋਵੇਗਾ
ਬਾਂਸਰੀ ਦੀ ਤਾਨ ਨਹੀਂ
ਤੇ ਜਦੋਂ ਨਜ਼ਮਾਂ ਵਿੱਚ ਇਸ ਤਾਨ ਦੀ ਥਾਂ
ਸਿਰਫ਼ ਸੇਕ ਹੁੰਦਾ ਹੈ
ਉਹ ਨਜ਼ਮ ਲਿਖਣ ਦਾ ਮੌਸਮ ਨਹੀਂ ਹੁੰਦਾ

-ਨਜ਼ਮ ਲਿਖਣਾ ਤਾਂ
ਬੱਚੇ ਦੇ ਚੀਚ ਮਚੋਲੇ ਵਾਹੁਣ ਵਰਗਾ ਹੁੰਦਾ ਹੈ
ਪਰ ਜਦ ਹਰ ਖੁਦੋ-ਖੂੰਡੀ ਖੇਡਣ ਜੋਗ ਥਾਂ ਤੇ
ਫੌਜੀ ਟੈਂਟ ਲੱਗ ਜਾਣ ਤਾਂ ਕੋਈ ਕੀ ਲਿਖੇ

-ਨਜ਼ਮ ਲਿਖਣਾ ਤਾਂ
ਪੋਹ ਮਾਘ 'ਚ
ਖਾਲ 'ਚ ਖੜ੍ਹੇ ਪਾਣੀ 'ਚ
ਨਿਰਣੇ-ਕਾਲਜੇ ਨਹਾਉਣ ਵਰਗਾ ਹੁੰਦਾ ਹੈ

-ਨਜ਼ਮ ਲਿਖਣਾ ਤਾਂ
ਪਹਿਲੇ ਤੋੜ ਦੀ
ਪੇਂਡੂ ਮੁਹੱਬਤ ਵਰਗਾ ਹੁੰਦਾ ਹੈ....
ਪਰ ਹੁਣ ਤਾਂ ਚਰ੍ਹੀਆਂ-ਕਮਾਦ ਵੀ
ਕਿਸੇ ਦੀਆਂ ਮੁਹੱਬਤਾਂ ਦੇ ਗਵਾਹ ਨਹੀਂ ਰਹੇ
ਹੁਣ ਤਾਂ ਉਥੇ ਕਲੈਸ਼ਨੀਕੋਵ ਬੁੱਕਲ ਲਈਂ ਫਿਰਦਾ ਹੈ.....।

ਟੁੱਟੇ ਖੰਭਾਂ ਵਾਲੇ ਪੰਖੇਰੂ ਵਾਂਗ
ਜਦ ਸ਼ਾਮੀਂ ਘਰ ਮੁੜਦਾ ਹਾਂ
ਤਾਂ ਜਿਹੜੀਆਂ ਅੱਖਾਂ ਨੂੰ
ਛੱਡ ਕੇ ਗਿਆ ਹੁੰਦਾ ਹਾਂ
ਬੂਹੇ ਦੀ ਸਰਦਲ ਤੇ
ਉਹ ਬਾਰੀ ਦੀ ਚੁਗਾਠ 'ਚੋਂ ਦੀ ਹੋ
ਜੰਮੀਆਂ ਪਈਆਂ ਹੁੰਦੀਆਂ ਨੇ ਬੀਹੀ ਵਿੱਚ
ਕੋਈ ਹਾਦਸਾ ਨਹੀਂ ਹੋਇਆ ਹੁੰਦਾ
ਪਰ ਇੰਜ ਮਹਿਸੂਸ ਹੁੰਦਾ ਏ ਘਰੇ ਕਦਮ ਰੱਖਦਿਆਂ
ਜਿਸ ਤਰ੍ਹਾਂ ਬਾਜਾਂ ਤੋਂ ਬਚ ਕੇ ਆਏ ਹੁੰਦੇ ਹਾਂ
..........................
ਕਿ ਨਜ਼ਮ ਤਾਂ ਤਿੜ ਤਿੜ ਕਰਕੇ ਬਲਣੀ ਚਾਹੀਦੀ ਹੈ
ਪਰ ਇਸ ਚੰਦਰੇ ਜਿਹੇ ਮੌਸਮ ਵਿੱਚ
ਜੇ ਨਜ਼ਮ ਲਿਖੀ ਵੀ
ਤਾਂ ਇਸ ਨੇ ਗਿੱਲੇ ਬਾਲਣ ਦੀ ਅੱਗ ਵਾਂਗਰ
ਨਾ ਤਾਂ ਬੁਝਣਾ ਹੈ
ਤੇ ਨਾ ਹੀ ਬਣਨਾ ਹੈ ਭਾਂਬੜ
ਸਿਰਫ਼ ਸੁਲਘਣਾ ਹੈ....
ਇਹ ਨਜ਼ਮ ਲਿਖਣ ਦਾ ਮੌਸਮ ਨਹੀਂ

ਹੁਣ ਤਾਂ ਅਖ਼ਬਾਰ ਦੇ
ਕਾਲੇ ਸਿਆਹ ਹਾਸ਼ੀਏ
ਗੁਣਗੁਣਾਉਣ ਦਾ ਮੌਸਮ ਹੈ
ਹੁਣ ਨਜ਼ਮ ਲਿਖਣ ਦਾ ਮੌਸਮ ਨਹੀਂ

ਨਜ਼ਮ ਤਾਂ ਮਾਂ ਵਰਗੀ ਹੁੰਦੀ ਏ
ਨਜ਼ਮ ਤਾਂ ਜਵਾਨ ਭੈਣ ਵਰਗੀ ਹੁੰਦੀ ਏ
ਨਜ਼ਮ ਤਾਂ ਕੰਜਕ ਧੀ ਵਰਗੀ ਹੁੰਦੀ ਏ.....

ਪਰ ਜਦ ਖੁਦ ਹੀ ਮਹਿਫ਼ੂਜ਼ ਨਹੀਂ ਘਰੋਂ ਬਾਹਰ
ਤਾਂ ਕਿੰਜ ਇਸ ਨੂੰ ਆਪਣੇ ਘਰ ਦੀ
ਦਹਿਲੀਜ਼ ਤੋਂ ਬਾਹਰ ਭੇਜਣ ਦਾ ਜੇਰਾ ਕਰੀਏ

ਖੈਰ !
ਚਾਹੇ ਹੁਣ ਨਜ਼ਮ ਲਿਖਣ ਦਾ ਮੌਸਮ ਨਹੀਂ
ਪਰ ਇਹ ਚੁੱਪ ਬੈਠਣ ਦਾ ਵੀ ਮੌਸਮ ਨਹੀਂ।

ਬਿਨਾਂ ਪਤੇ ਵਾਲਾ ਖ਼ਤ : ਬੋਲਾ ਗੂੰਗਾ ਸ਼ਹਿਰ

ਪੰਜਾਬ -1988

ਦਿਨ ਦਾ ਹਨ੍ਹੇਰ ਛੁਪਦੇ ਹੀ
ਰਾਤ ਦੀ ਸਰਾਪੀ ਧੁੱਪ ਨਿਕਲਦੀ ਹੈ
ਸ਼ਹਿਰ ਦੀ ਉਦਾਸੀ ਉਬਾਸੀ ਲੈਂਦੀ ਹੈ
ਤੇ ਸ਼ਹਿਰ ਦੀ ਨਬਜ਼ ਖਲੋਅ ਜਾਂਦੀ ਹੈ....

ਮੜ੍ਹੀਆਂ ਦਾ ਦੀਵਾ ਭੜਕਦਾ ਹੈ
ਮਸਾਣਾਂ ਦਾ ਭੂਤ ਵਰਗਾ ਸਾਇਆ
ਸ਼ਹਿਰ ਤੇ ਤਾਂਡਵ ਨਾਚ ਕਰਦਾ ਹੈ
ਸ਼ਹਿਰ ਚੁੱਪ ਦੀ ਬੁੱਕਲ ਮਾਰ ਲੈਂਦਾ ਹੈ ....
ਤੇ ਕਬਰਾਂ ਦੇ ਉੱਲੂ ਦੀ ਕੂਕ ਵਾਂਗਰ
ਵੈਣ ਉਗਲਦੀ ਏ.ਕੇ.ਸੰਤਾਲੀ
ਇਸ ਚੁੱਪ ਨੂੰ ਹੋਰ ਗੂੜ੍ਹਾ ਕਰ ਦਿੰਦੀ ਹੈ
.....................

ਲੋਕ ਕੰਧਾਂ 'ਚ ਤੁਰਦੇ ਨੇ
ਲੋਕ ਕੰਧਾਂ 'ਚ ਜਿਉਂਦੇ ਨੇ
ਕੰਧਾਂ ਸੰਗ ਰਿਸ਼ਤੇ ਪਾਉਂਦੇ ਨੇ
ਦਿਲ 'ਚ ਵੀ ਕੰਧਾਂ ਹੰਢਾਉਂਦੇ ਨੇ
ਤੇ ਦਿਨ ਖੜ੍ਹੇ ਹੀ ਦੁਬਕ ਜਾਂਦੇ ਨੇ
ਪਾਂ ਖਾਧੇ ਕਤੂਰਿਆਂ ਵਾਂਗ
ਆਪੋ ਆਪਣੇ ਘੁਰਨਿਆਂ ਵਿੱਚ
......................
ਸ਼ਹਿਰ ਬੋਲਾ ਹੋ ਗਿਆ ਏ....
ਸ਼ਹਿਰ ਗੂੰਗਾ ਹੋ ਗਿਆ ਏ....
ਪਰ ਪਤਾ ਨਹੀਂ ਕਿਹੜੇ ਗੁਨਾਹ ਦੀ ਸਜ਼ਾ ਹੈ
ਕਿ ਇਹ ਅੰਨ੍ਹਾਂ ਨਹੀਂ ਹੋਇਆ
ਤੇ ਮੇਰੇ ਘਰ ਦੀ ਚੁਗਾਠ 'ਚੋਂ
ਇਹ ਬਾਹਰ ਤੱਕਦਾ ਹੈ
ਕਿ ਅਸੀਂ ਛੋਟੇ ਹੁੰਦੇ
ਜਿਨ੍ਹਾਂ ਫੌਜੀ ਗੱਡੀਆਂ ਨੂੰ
ਘਰੋਂ ਬਾਹਰ ਆ ਕੇ
ਟਾ-ਟਾ ਕਰਦੇ ਹੁੰਦੇ ਸਾਂ
ਮੇਰਾ ਬੱਚਾ ਉਨ੍ਹਾਂ ਦੀ ਆਵਾਜ਼ ਸੁਣ
ਮਾਂ ਦੀ ਬੁੱਕਲ ਵਿੱਚ ਮੂੰਹ ਗੱਡ ਦਿੰਦਾ ਹੈ....

ਸ਼ਹਿਰ ਬੋਲਾ ਹੋ ਗਿਆ ਏ
ਸ਼ਹਿਰ ਗੂੰਗਾ ਹੋ ਗਿਆ ਏ

ਤੇ ਮੈਂ ਇਸ
ਬੋਲੇ ਗੂੰਗੇ ਸ਼ਹਿਰ ਨੂੰ ਕਿਵੇਂ ਦੱਸਾਂ
ਕਿ ਕਦੇ ਪਤਝੜ ਆਉਣ ਨਾਲ
ਪਰਿੰਦੇ ਤਾਂ ਨਹੀਂ ਉੱਜੜਦੇ......!
ਮੈਂ ਇਸ ਬੋਲੇ ਗੂੰਗੇ ਸ਼ਹਿਰ ਨੂੰ ਕਿਵੇਂ ਦੱਸਾਂ
ਕਿ ਕਦੇ ਔੜ 'ਚ
ਨਦੀਆਂ ਦੇ ਕਿਨਾਰੇ ਤਾਂ ਨਹੀਂ ਢਹਿੰਦੇ.....!!
ਮੈਂ ਇਸ ਬੋਲੇ ਗੂੰਗੇ ਸ਼ਹਿਰ ਨੂੰ ਕਿਵੇਂ ਦੱਸਾਂ
ਕਿ ਮੈਨੂੰ ਉਸ ਦੇ ਉਦਾਸੇ ਚਿਹਰੇ ਪਿਛੋਂ ਵੀ
ਇੱਕ ਸੋਨ-ਸਵੇਰ ਦਿਸਦੀ ਹੈ-
ਮਹਿਬੂਬ ਦੀਆਂ ਨਮ ਅੱਖਾਂ 'ਚ
ਛੁਪੀ ਮੂਕ-ਆਵਾਜ਼ ਵਰਗੀ.....!!!!

ਕਿ ਸ਼ਹਿਰ ਬੋਲਾ ਹੋ ਗਿਆ ਏ....
ਕਿ ਸ਼ਹਿਰ ਗੂੰਗਾ ਹੋ ਗਿਆ ਏ....

ਬਿਨਾਂ ਪਤੇ ਵਾਲਾ ਖ਼ਤ : ਜੁਗਨੀ


ਪੰਜਾਬ -1989

ਜੁਗਨੀ ਹੁਣ ਕਿਤੇ ਨਹੀਂ ਜਾਵੇਗੀ
ਨਾ ਲੁਧਿਆਣੇ, ਨਾ ਪਟਿਆਲੇ, ਨਾ ਬੰਬਈ, ਨਾ ਕਲਕੱਤੇ...
ਉਹ ਤਾਂ ਬੱਸ ਚੁੱਪਚਾਪ
ਆਪਣੇ ਗਰਾਂ ਵੱਲ ਜਾਂਦੇ ਰਾਹ ਪੈ ਜਾਵੇਗੀ......

ਪਿਛਲੀ ਵਾਰ ਵਾਂਗ
ਉਸਦਾ ਸਵਾਗਤ
ਤ੍ਰਿੰਞਣ ਦੀ ਘੂਕਰ
ਜਾਂ ਪੀਂਘ ਦੇ ਹੁਲਾਰੇ ਨਹੀਂ-
ਬਲਕਿ ਘੁਟੇ ਮੀਚੇ ਬੁੱਲ੍ਹ
ਤੇ ਮੱਥੇ ਤੇ ਸ਼ੱਕ ਵਾਂਗ ਚਿਪਕੀਆਂ ਤਿਉੜੀਆਂ ਕਰਨਗੀਆਂ
............................

ਜੁਗਨੀ ਨੂੰ ਕਦੇ ਸਮਝ ਨਹੀਂ ਲੱਗਣੀ
ਕਿ ਕਿਉਂ
ਦਿੱਲੀ, ਪੰਜਾਬ, ਅੰਬਰਸਰ
ਕੌਮੀ ਏਕਤਾ ਦੀਆਂ ਇਬਾਰਤਾਂ ਨੇ !

ਉਹ ਜਦ ਦੇਖੇਗੀ
ਕਿ ਜਿਸ ਪਿੰਡ ਬਹਿ ਉਹ ਸਾਂਈ ਦਾ ਨਾਮ ਲੈਂਦੀ ਸੀ
ਉਸ ਪਿੰਡ ਦੀ ਹੱਡਾਰੇੜੀ
ਘਰਾਂ ਦੀਆਂ ਬਰੂਹਾਂ ਤੱਕ ਵਧ ਆਈ ਹੈ
ਤੇ ਗਿਰਝਾਂ ਦੇ ਖੰਭਾਂ ਦੀ ਛਾਂ ਹੇਠ
ਪਿੰਡ ਸਹਿਕ ਰਿਹਾ ਹੈ
ਤਾਂ ਉਹਦਾ ਦਮ ਘੁਟਣ ਲੱਗ ਜਾਵੇਗਾ

ਉਹਦੇ ਲਈ ਅਚੰਭਾ ਹੋਵੇਗਾ
-ਕਿ ਜਿਹੜੇ ਖ਼ਤਾਂ ਦੇ ਆਉਣ ਤੇ
ਈਦ ਮਨਾਈ ਜਾਂਦੀ ਸੀ
ਉਹ ਹੁਣ ਕਿਉਂ ਪਾਟੀਆਂ ਚਿੱਠੀਆਂ ਬਣ ਆਉਂਦੇ ਨੇ
ਤੇ ਘਰ-ਘਰ ਸੋਗੀ ਤ੍ਰੇਲ ਜਮਾ ਦਿੰਦੇ ਨੇ
-ਕਿ ਬੰਦਾ ਬੰਦੇ ਨੂੰ ਲਕੀਰਾਂ ਦੇ ਆਰ-ਪਾਰ
ਕਿਉਂ ਜਲਾਵਤਨ ਕਰੀ ਰੱਖਦਾ ਹਉਂ
-ਕਿ ਮਾਸ ਖਾਣ ਵਾਲੇ ਪਰਿੰਦਿਆਂ ਦੇ
ਆਲ੍ਹਣੇ ਕਿਉਂ ਧੁਆਂਖੀਆਂ ਕੰਧੋਲੀਆਂ ਉਪਰ ਬਣੇ
ਮੋਰ ਚਿੜੀਆਂ ਵੈਣ ਪਾਉਂਦੇ ਨੇ

ਤੇ ਕਿਉਂ ਜਦੋਂ ਦਾ 'ਜਾਗਰ'
ਦਿਨ ਦਿਹਾੜੇ ਛਾਨਣੀ ਹੋਇਆ ਹੈ
ਬੁੱਢੇ ਬਰੋਟੇ ਦੀਆਂ ਦਾਹੜੀਆਂ ਨਾਲ ਲਮਕਣ
ਕੋਈ ਜੁਆਕ ਨਹੀਂ ਆਉਂਦਾ।

ਜੁਗਨੀ ਪਿੰਡ ਦੀ ਸੁੰਨੀ ਸੱਥ 'ਚ ਪਲੋਅ
ਗੁੰਮ ਸੁੰਮ ਤੁਰਦੇ ਫਿਰਦੇ ਬੁੱਤਾਂ ਉਪਰੋਂ
ਸੋਗੀ ਰੁੱਤ ਦੀ ਪਤਝੜ ਲੰਘਦੀ ਵੇਖੇਗੀ
ਕਿਸੇ ਪਰਿੰਦੇ ਦੀ ਫੜਫੜਾਹਟ
ਕਿਸੇ ਕੂਕ ਨੂੰ ਤਰਸੇਗੀ.....
ਕਿਸੇ ਰੰਧ ਦੀ ਧੁੱਦਲ 'ਚੋਂ
ਗੱਡਿਆਂ ਦੀ ਚੀਂ ਚੀਂ
ਜਾਂ ਕਿਸੇ ਪਿੜ 'ਚੋਂ
ਢੋਲੇ, ਮਾਹੀਏ, ਗਿੱਧੇ, ਭੰਗੜੇ ਲੱਭੇਗੀ
ਪਰ ਉਸਦੀ ਮੁੱਠੀ 'ਚ
ਲਾਲ ਵੰਗਾਂ ਦੇ ਟੁਕੜਿਆਂ ਦੇ ਸਿਵਾਏ
ਕੁਝ ਨਹੀਂ ਆਉਣਾ.......।

ਜੁਗਨੀ ਕਿਤੇ ਨਹੀਂ ਜਾਵੇਗੀ
ਉਹ ਤਾਂ ਕਿਸੇ ਸੜਕ ਕਿਨਾਰੇ ਖਲੋਤੀ
ਉਲਝ ਜਾਵੇਗੀ
ਉਨ੍ਹਾਂ ਲਹੂ ਦੀਆਂ ਪੈੜਾਂ ਵਿੱਚ
ਜੋ ਕਿਸੇ 'ਸ਼ਾਤੀ-ਮਾਰਚ' ਦੇ ਗੁਜਰਨ ਪਿੱਛੋਂ
ਖੁਦ ਜਾਂਦੀਆਂ ਨੇ ਸੜਕ ਦੀ ਹਿੱਕ ਤੇ।
ਜਾਂ ਫਿਰ ਉਹ ਤੱਕੇਗੀ
ਕਿ ਕਿਵੇਂ ਛੋਟੀਆਂ ਬੱਚੀਆਂ ਦੇ
'ਘਰ ਘਰ' ਖੇਡਦਿਆਂ ਤੋਂ
ਉਨ੍ਹਾਂ ਦੇ ਪਟੋਲਿਆਂ ਉਪਰੋਂ
ਲੰਘ ਜਾਂਦਾ ਹੈ
ਇੱਕ ਫੌਜੀ ਟਰੱਕ ਦਾ ਟਾਇਰ.....!

ਤੇ ਫਿਰ ਜੁਗਨੀ
ਜ਼ਿਹਨ ਦੇ ਕਿਸੇ ਉਜਾੜ ਖੂਹ ਦੀ
ਮੌਣ ਤੇ ਬਹਿ
ਜੰਗਾਲੀ ਚਾਨਣੀ 'ਚ
ਮਰਸੀਏ ਗਾ
ਉਸ ਉਦਾਸੇ ਖੂਹ 'ਚ
ਪੀੜਾਂ ਦੀਆਂ ਪੌੜੀਆਂ ਉੱਤਰ ਜਾਵੇਗੀ
ਤੇ ਕਿਸੇ ਚਾਨਣ ਦੀ ਛਿੱਟ ਨੂੰ ਉਡੀਕੇਗੀ
.........................
ਜੁਗਨੀ ਕਿਤੇ ਨਹੀਂ ਜਾਵੇਗੀ
ਨਾ ਲੁਧਿਆਣੇ, ਨਾ ਪਟਿਆਲੇ, ਨਾ ਬੰਬਈ, ਨਾ ਕਲਕੱਤੇ.....

ਬਿਨਾਂ ਪਤੇ ਵਾਲਾ ਖ਼ਤ : ਮਨ ਅੰਤਰ ਕੀ ਪੀੜ

80 ਦੇ ਦਹਾਕੇ ਦੇ ਇੱਕ ਦਿਨ

ਪੰਜ ਸਾਲ ਦਾ ਛੋਟਾ ਪੁੱਤਰ
ਰੇਡੀਓ ਤੋਂ ਖ਼ਬਰਾਂ ਸੁਣਦਾ ਸੁਣਦਾ
ਉਸ ਤੋਂ ਧਰਮ ਦਾ ਅਰਥ ਪੁੱਛਦਾ ਹੈ
ਧਰਮ ਬਦਲੀ ਦਾ -
ਹਿਜਰਤ ਦਾ -
ਪੱਗ ਤੇ ਬੋਦੀ ਦਾ ਅਰਥ ਪੁੱਛਦਾ ਹੈ।
ਜਵਾਬ ਦਿੰਦਾ ਦਿੰਦਾ ਉਹ
ਗੋਡੇ ਗੋਡੇ ਜ਼ਮੀਨ 'ਚ ਧੱਸ ਜਾਂਦਾ ਹੈ

ਰ ਰਸੋਈ 'ਚ ਆਟਾ ਗੁੰਨ੍ਹਦੀ
ਉਸ ਦੀ ਘਰਵਾਲੀ
ਆਟੇ ਲਿੱਬੜੇ ਹੱਥਾਂ ਨਾਲ
ਖ਼ਬਰ ਦੇ ਵੈਣ ਸੁਣ
ਤ੍ਰਭਕੀ ਹੋਈ
ਕਮਰੇ 'ਚ ਪਹੁੰਚਦੀ ਹੈ
ਫਟਾ ਫਟ ਟੈਲੀਵੀਜ਼ਨ ਬੰਦ ਕਰਦਾ ਉਹ
ਲੱਕ ਲੱਕ ਜ਼ਮੀਨ 'ਚ ਗੱਡਿਆ ਜਾਂਦਾ ਹੈ

ਰ ਟੁੱਟੇ ਮੰਜੇ ਤੇ ਬੈਠੀ
ਨਿਗ੍ਹਾ ਵਿਹੂਣੀ ਮਾਂ
ਪੈੜ-ਚਾਲ ਪਛਾਣਦੀ ਹੈ
ਡੰਗੋਰੀ ਟੋਂਹਦੀ ਹੈ
ਪੁੱਛਦੀ ਹੈ -
ਪੁੱਤ ਸ਼ਹਿਰ ਦਾ ਕੀ ਹਾਲ ਹੈ ?
ਉਸਨੂੰ ਜਵਾਬ ਨਹੀਂ ਔੜਦਾ
ਬੇਆਵਾਜ਼ ਹੋ ਜਾਂਦਾ ਹੈ
ਤੇ ਗਲ ਤੱਕ ਜ਼ਮੀਨ 'ਚ ਧੱਸ ਜਾਂਦਾ ਹੈ।

ਬਿਨਾਂ ਪਤੇ ਵਾਲਾ ਖ਼ਤ : ਤੇਰਾ ਸ਼ਹਿਰ

ਵੇ ਸੱਜਣਾ ਸ਼ਹਿਰ ਤੇਰਾ ਸੀ....
ਵੇ ਹਾਕਮ ਕਹਿਰ ਤੇਰਾ ਸੀ....
ਜਾਮ ਵਿੱਚ ਰੱਤ ਸੀ ਮੇਰਾ
ਤੇ ਸੱਜਣਾ ਜਸ਼ਨ ਤੇਰਾ ਸੀ
ਜੇ ਗੱਲ ਕੁਝ ਵੀ ਨਹੀਂ ਸੀ
ਤਾਂ ਸ਼ਹਿਰ ਦੀ ਫਿਜ਼ਾ ਕਿਉਂ ਰੋਈ

ਵੇ ਸੱਜਣਾ ਸ਼ਹਿਰ ਤੇਰੇ ਵਿੱਚ
ਦੇਖੀ ਅਜਬ ਅਣਹੋਣੀ
ਕਿ ਚਾਵਾਂ ਤੇ ਮਲਾਰਾਂ ਨਾਲ ਪਾਲੇ
ਚੰਨ ਦੇ ਟੋਟੇ ਲਈ
ਸੁਲਘਦੇ ਘਰਾਂ ਵਿਚੋਂ ਸਹਿਕਦੀ

ਇੱਕ ਮਾਂ ਦੀ ਅਰਜ਼ੋਈ
ਜੇ ਗੱਲ ਕੁਝ ਵੀ ਨਹੀਂ ਸੀ.....

ਵੇ ਅੱਜ ਹਥਿਆਰ ਆਪਣੇ ਫਲਾਂ ਤੋਂ
ਮਾਸੂਮ ਨਾਂ ਪੜ੍ਹਕੇ
ਬੜੇ ਸਹਿਮੇ ਨੇ, ਪੁਛਦੇ ਫਿਰਦੇ ਨੇ
ਹਰ ਇੱਕ ਨੂੰ ਫੜ ਫੜ ਕੇ
ਉਨ੍ਹਾਂ ਤੋਂ ਕਿਉਂ, ਕਿਵੇਂ, ਕਿੱਥੇ,
ਤੇ ਕੀ ਕਰਵਾ ਗਿਆ ਕੋਈ ?
ਜੇ ਗੱਲ ਕੁਝ ਵੀ ਨਹੀਂ ਸੀ......

ਡੰਗੋਰੀ ਕਿਸੇ ਦੀ ਟੁੱਟੀ
ਕਿਸੇ ਦੇ ਖੁਰ ਗਏ ਸਭ ਚਾਅ
ਵੇ ਸੱਜਣਾ ਸ਼ਹਿਰ ਤੇਰੇ ਵਿੱਚ
ਵਗੀ ਇਹ ਕੈਸੀ ਚੰਦੋਰੀ ਵਾ
ਉਡਾ ਕੇ ਲੈ ਗਈ
ਧੀਆਂ ਭੈਣਾਂ ਦੀ ਇੱਜ਼ਤ ਦੀ ਲੋਈ
ਜੇ ਗੱਲ ਕੁਝ ਵੀ ਨਹੀਂ ਸੀ.....

ਵੇ ਇਹ ਦਸਤੂਰ ਕੀ ਹੋਇਆ
ਤੇ ਹੈ ਕਿਹੜੀ ਵਫ਼ਾ ਸੱਜਣਾ
ਕਿ ਪਹਿਲਾਂ ਕਤਲ ਕਰ ਦੇਣਾ
ਫੇਰ ਸੱਥਰ ਤੇ ਆ ਬਹਿਣਾ,
ਤੇ ਫਿਰ ਮਸੂਮੀਅਤ ਦੇ ਨਾਲ ਪੁੱਛਣਾ
ਗੱਲ ਕੀ ਹੋਈ।
ਜੇ ਗੱਲ ਕੁਝ ਵੀ ਨਹੀਂ ਸੀ......

ਬਿਨਾਂ ਪਤੇ ਵਾਲਾ ਖ਼ਤ : ਜਿਗਰੇ ਵਾਲੀ

ਉਸਨੇ ਆਪਣੇ ਆਲ੧
ਤੀਲਾ ਤੀਲਾ ਹੁੰਦੇ ਜਰਿਆ ਸੀ.......
-ਉਸਨੇ ਵਹਿਸ਼ਤ ਦੇ ਦਰਿਆ ਵਿੱਚ
ਰੁੜ੍ਹਦੇ ਵੇਖੇ ਸਨ
ਆਪਣੇ ਬੱਚੇ, ਆਪਣਾ ਘਰ
-ਕਿ ਉਸਦੇ ਹੋਣ ਵਾਲੇ ਬੱਚੇ ਦੇ
ਬਾਪ ਦੀ ਚਰਬੀ ਨਾਲ
ਕਿਸੇ ਸੜਕ ਕਿਨਾਰੇ
'ਕਿਸੇ' ਨੇ ਹੱਥ ਸੇਕ ਲਏ ਸਨ....।
-ਕਿ ਉਸਦੀਆਂ ਖਿਲਰੀਆਂ ਲਿਟਾਂ 'ਚ
ਹਾਲੇ ਤੱਕ ਘਾਹ ਦੀ ਤਿੜਾਂ ਅਟਕੀਆਂ ਨੇ !!
-ਕਿ ਉਸਨੇ ਆਪਣੇ ਸ਼ਹਿਰ 'ਚ
ਆਪਣੀ ਖ਼ਾਤਿਰ
ਆਪਣਿਆਂ ਵੱਲੋਂ
ਤੇ 'ਆਪਣਿਆਂ' ਕਰਕੇ
ਲਾਏ ਗਏ ਸ਼ਰਨਾਰਥੀ ਕੈਂਪ ਦੇ ਟੁੱਕਰ ਖਾਧੇ ਸਨ.......
-ਕਿ ਉਸਦੀ ਚੁੰਨੀ
ਉਸਦੇ ਆਪਣੇ ਮਹਾਂਨਗਰ ਦੀਆਂ
ਸੜਕਾਂ ਦੀ ਲੁੱਕ ਵਿੱਚ
ਜੰਮੀ ਰਹਿ ਗਈ ਸੀ.......

ਪਰ ਉਸਨੇ
ਹਾਲਾਤਾਂ ਦੇ ਵਾਵਰੋਲੇ ਮਗਰੋਂ ਬਚੇ-
ਆਪਣੇ ਇੱਕੋ ਇੱਕ ਬੱਚੇ ਨੂੰ
ਬੰਦੂਕ ਨਹੀਂ
ਕਲਮ ਫੜਾਈ ਏ......।

ਕਿ ਉਹ ਬੜੀ ਜਿਗਰੇ ਵਾਲੀ ਏ।

ਬਿਨਾਂ ਪਤੇ ਵਾਲਾ ਖ਼ਤ : ਹਾਦਸੇ

ਲੋਕ ਉਦਾਸ ਨੇ
ਕਲਮਾਂ ਉਦਾਸ ਨੇ
ਨਜ਼ਮਾਂ ਉਦਾਸ ਨੇ.....

ਮੇਰੇ ਗਰਾਂ ਅੱਜ ਕੱਲ
ਹਾਦਸਿਆਂ ਦੀ
ਰੇਤ ਦਾ ਝੱਖੜ ਝੁਲਦਾ ਹੈ.....।
ਹਾਦਸੇ
ਜੋ ਕਿ ਹਾਲਾਤ ਤੋਂ ਟੁੱਟ ਕੇ ਡਿਗਦੇ
੍ਵਕਾਲਖ਼ ਤੇ ਟੁਕੜੇ ਨੇ
ਹਾਦਸੇ
ਜੋ ਕਿ ਸੁੰਨੀਆਂ ਅੱਖਾਂ 'ਚੋਂ ਸਿੰਮਦੇ
ਸੰਧੂਰੀ ਕਤਰੇ ਨੇ -
ਦਰਖ਼ਤਾਂ ਦੇ ਪੱਤਿਆਂ 'ਚੋਂ -
ਭੂਤ ਸੀਟੀਆਂ ਮਾਰਦੇ ਨੇ,
ਗਲੀਆਂ 'ਚ ਸਰਕਾਰੀ ਸਾਹਨਾਂ ਵਾਂਗ ਹੌਂਕਦੇ ਨੇ।
ਸੁੰਨੀਆਂ ਗਲੀਆਂ 'ਚ ਕੁੱਤਿਆਂ ਵਾਂਗ ਭੌਂਕਦੇ ਨੇ।
ਵੈਣ ਬਣ ਪੀੜ ਤਰੌਂਕਦੇ ਨੇ
ਤੇ
ਬੰਦ ਬੂਹਿਆਂ ਦੀਆਂ ਝੀਥਾਂ ਵਿੱਚੋਂ ਦੀ ਵੀ
ਸੱਪਾਂ ਵਾਂਗ ਅੰਦਰ ਸਰਕ ਆਉਂਦੇ ਨੇ.....!!
.........................
ਜਦੋਂ
ਸ਼ਹਿਰ ਤੇ ਬੰਬ ਡਿੱਗਦੇ ਨੇ
ਤਾਂ ਪਿੱਤਲ ਇਕੱਲਾ ਕਰਨਾ
ਲੋਕਾਂ ਦਾ ਸ਼ੌਕ ਨਹੀਂ
ਧੰਦਾ ਹੋ ਨਿਬੜਦਾ ਹੈ.......।
ਹਾਦਸਿਆਂ ਨੂੰ
ਦਿਲਾਂ ਨਾਲ
ਰਿਸ਼ਤਿਆਂ ਨਾਲ
ਜਾਂ ਪੁੜਪੁੜੀਆਂ ਨਾਲ
ਕੋਈ ਵਾਸਤਾ ਨਹੀਂ ਹੁੰਦਾ।
ਉਹ ਤਾਂ 'ਸੈਕੂਲਰ' ਹੁੰਦੇ ਨੇ.....।
ਉਹ ਰੁੱਤਾਂ ਵਾਂਗ ਆਉਂਦੇ ਨੇ
ਤੇ ਬਦਲਦੇ ਨੇ.......

ਜੇ ਕਰਨਾ ਏ ਜ਼ਿਆਦਾ ਪਤਾ
ਮੇਰੇ ਗਰਾਂ ਦੇ ਕਿਸੇ
ਮਾਸੂਮ ਬੱਚੇ ਕੋਲੋਂ ਪੁੱਛਣਾ
(ਬਾਕੀ ਸਭ ਦੇ ਬੁੱਲ੍ਹਾਂ ਤੇ ਚਿਪਕੇ ਹੋਏ ਨੇ ਹਾਦਸੇ)
ਉਹ ਬੱਚਾ ਹੀ ਤੁਹਾਨੂੰ ਸਮਝਾ ਦੇਵੇਗਾ
ਕਿਸੇ 'ਪਟਾਖੇ' ਤੇ 'ਗੋਲੀ' ਦੀ ਆਵਾਜ਼ ਦਾ ਫ਼ਰਕ.........
ਖੈਰ!
ਹੁਣ ਤਾਂ ਬਹੁਤ ਬਦਲ ਗਏ ਨੇ
ਹਾਦਸਿਆਂ ਦੇ ਅਰਥ -
ਕੇਰਾਂ ਜਿਹੇ ਬਾਪੂ ਦੱਸਦਾ ਸੀ
ਵੱਢ ਖਾਣੇ ਕੇ ਬੰਤ ਦੇ
ਸਰਪੰਚ ਨੇ ਚਪੇੜ ਮਾਰੀ ਸੀ
ਤਾਂ ਪਿੰਡ ਲਈ ਇਹ ਬਹੁਤ ਵੱਡਾ ਹਾਦਸਾ ਸੀ।
ਹੁਣ ਹਰ ਘਰ ਦਾ
ਹਾਦਸਿਆਂ ਦਾ 'ਰਾਸ਼ਨ ਕਾਰਡ' ਬਣ ਗਿਆ ਏ
ਤਾਂ ਕੋਈ ਅਚੰਭੇ ਵਾਲੀ ਗੱਲ ਨਹੀਂ......।

ਹੁਣ ਮੇਰੇ ਗਰਾਂ
ਸਿਰਫ਼ ਦੋ ਤਰ੍ਹਾਂ ਦੇ ਲੋਕ ਬਚੇ ਨੇ
ਇਕ ਉਹ
ਜਿਨ੍ਹਾਂ ਨਾਲ ਹਾਦਸਾ 'ਹੋ ਚੁੱਕਾ' ਹੈ
ਤੇ ਇਕ ਉਹ
ਜਿਨ੍ਹਾਂ ਨਾਲ ਹਾਦਸਾ 'ਹੋਣ ਵਾਲਾ' ਏ।

ਹੁਣ ਤਾਂ ਪਛਾਣਾਂ ਤੇ ਵੀ
ਹਾਦਸਿਆਂ ਦੀ ਉੱਲੀ ਚੜ੍ਹੀ ਹੈ
ਤੇ ਨਕਾਬਪੋਸ਼ੀ ਦੀ ਰੁੱਤ ਉੱਤਰ ਆਈ ਹੈ
ਤੇ ਜਦੋਂ ਦਾ ਅਸੀਂ ਕੰਧਾਂ 'ਚੋਂ ਦੀ
ਸੁਨਣਾ ਸਿੱਖ ਲਿਆ ਹੈ
ਦੋਸਤੀਆਂ ਦੇ ਵੀ ਹਾਦਸੇ ਵੀ ਹੋ ਗਏ ਨੇ
ਤੇ ਹਰ ਦਿਲ ਉੱਪਰ ਜੰਮ ਗਿਆ ਹੈ
ਇੱਕ ਬਰਫ਼ ਵਰਗਾ ਹਾਦਸਾ........।

ਲੋਕ ਉਦਾਸ ਨੇ
ਕਲਮਾਂ ਉਦਾਸ ਨੇ
ਨਜ਼ਮਾਂ ਉਦਾਸ ਨੇ

ਬਿਨਾਂ ਪਤੇ ਵਾਲਾ ਖ਼ਤ : ਇੱਕ ਸਵੇਰ

ਸਵੇਰੇ ਪੰਜ ਵਜੇ :
ਬੂਹੇ ਹੇਠੋਂ ਸਰਕਦੀ ਹੈ
ਅਖ਼ਬਾਰ ਦੀ ਕਲੱਤਣ
ਕਮਰੇ 'ਚ ਫੈਲ ਜਾਂਦੀ ਹੈ
ਲਹੂ ਦੇ ਛੱਪੜ ਵਰਗੀ ਕੁੜੱਤਣ।

ਸਵੇਰੇ ਛੇ ਵਜੇ :
ਰਸੋਈ 'ਚ ਚਾਹ ਬਣਦੀ ਹੈ,
ਉਸ ਛੱਪੜ ਵਿੱਚ ਦੀ
ਛਲੱਪ-ਛਲੱਪ ਕਰਦੀ
ਪੈਰ ਪੁੱਟਦੀ
ਮੇਜ ਤੇ ਆ ਟਿਕਦੀ ਹੈ.....।

ਸਵੇਰੇ ਸੱਤ ਵਜੇ :
ਡਰਾਇੰਗ ਰੂਮ 'ਚ
ਮੈਂ ਤੇ ਦੋਸਤ ਗੱਲੀਂ ਲੱਗੇ ਹਾਂ
ਟੈਲੀਵਿਜ਼ਨ 'ਚ ਖ਼ਬਰਾਂ ਸ਼ੁਰੂ ਹੁੰਦੀਆਂ ਨੇ......
ਲੋਥਾਂ ਦੇ ਜੰਗਲ 'ਚ
ਵਤਨ ਦੀ ਕੋਈ ਧੀ
ਕਿਸੇ ਬੰਬ ਸਰਾਹਣੇ ਬੈਠੀ
ਵੈਣ ਪਿੱਟ ਰਹੀ ਹੈ।

ਮੇਰਾ ਦੋਸਤ ਰਿਮੋਟ ਚੁੱਕਦਾ ਹੈ
ਆਵਾਜ਼ ਮੱਧਮ ਕਰਦਾ ਹੈ।
ਅਸੀਂ ਚਾਹ ਦੀ ਚੁਸਕੀ ਭਰਦੇ ਹਾਂ
ਤੇ ਮੇਰਾ ਦੋਸਤ
ਮੈਨੂੰ ਸੁਣਾਉਣ ਲੱਗ ਜਾਂਦਾ ਹੈ
ਇੱਕ ਤਾਜ਼ਾ ਮਸਾਲੇਦਾਰ ਚੁਟਕਲਾ......!

ਬਿਨਾਂ ਪਤੇ ਵਾਲਾ ਖ਼ਤ : ਸੋਗੀ ਸ਼ਹਿਰ

ਰੂਹ ਦੀ ਹਰ ਗਲੀ ਸੁੰਨਸਾਨ
ਲਗਦਾ ਸ਼ਹਿਰ ਬੀਆਬਾਨ
ਹਰ ਇੱਕ ਘਰ ਜੀਹਦਾ ਵੀਰਾਨ
ਦਿੰਦੀ ਮੌਤ ਜਿਉਂਦੇ ਬਿਆਨ

ਜਵਾਨੀ ਦਾ ਉਹ ਹੋਇਆ ਘਾਣ
ਵਿਕਿਆ ਕੌਡੀਆਂ ਦੇ ਭਾਅ ਮਾਣ
ਹਰ ਹੱਥ ਭੁੱਖੀ ਉਹ ਕਿਰਪਾਣ
ਜਿਸਤੇ ਸੁਰਖ਼ ਜ਼ਹਿਰੀ ਪਾਣ

ਹਰ ਦਿਲ ਵੱਸਿਆ ਇੱਕ ਤੂਫ਼ਾਨ
ਜਿਉਣਾ ਮੌਤ ਦਾ ਅਹਿਸਾਨ
ਬਚੀ ਕਪੜੇ ਦੀ ਇੱਕ ਦੁਕਾਨ
ਓਸ ਵਿੱਚ ਸਿਰਫ਼ ਚਿੱਟੇ ਥਾਨ

ਬਿਨਾਂ ਪਤੇ ਵਾਲਾ ਖ਼ਤ : ਲਿਖਤੁਮ ਪੰਜਾਬ

ਲਿਖਤੁਮ ਪੰਜਾਬ

ਹੁਣ ਜਦ ਹਰ ਪਹੇ ਦੇ ਕੰਢੇ
ਕਿਸੇ ਨਾ ਕਿਸੇ ਦੇ
ਪੁੱਤ ਦੀ ਮੜ੍ਹੀ ਦਾ ਮੀਲ-ਪੱਥਰ ਹੈ.....
ਤੇ ਹਰੇਕ ਫੁੱਲ ਬੀਜਣ ਜੋਗੀ ਜਗਾਹ ਤੇ
ਵਿਛਿਆ ਇੱਕ ਸੱਥਰ ਹੈ
ਤਾਂ ਮੈਂ ਸਮਝ ਸਕਦਾ ਹਾਂ ਬੱਲਿਓ
ਕਿ ਤੁਸੀਂ ਨਾਸਮਝ ਕੀ ਚਾਹੁੰਦੇ ਹੋ।
...................
ਥੋਨੂੰ ਕੀ ਪਤਾ
ਕੀ ਮੁੱਲ ਤਾਰਨਾ ਪੈਂਦਾ ਹੈ
ਆਜ਼ਾਦੀ ਦਾ
ਕਿ ਤੁਸੀਂ ਤਾਂ ਹੱਲਿਆਂ ਦੇ ਪਿਛੋਂ ਜੰਮੇ ਹੋ ਨਾ।
ਅੱਖਾਂ ਹਰ ਮਾਹੌਲ ਦਾ ਗਵਾਹ ਹੁੰਦੀਆਂ ਨੇ
ਤੇ ਕੰਨਾਂ 'ਚ ਤਹਿ ਦਰ ਤਹਿ ਜੰਮੇ ਹੋਏ ਵੈਣ
ਉਸ ਮਾਹੌਲ ਦਾ ਦਸਤਾਵੇਜ।
ਸੋ ਮੈਂ ਹਾਜ਼ਿਰ ਹਾਂ -
ਤੁਹਾਡੀ ਖ਼ਾਹਿਸ਼ ਮੁਤਾਬਿਕ
ਆਪਣੇ ਕੰਨਾਂ 'ਚ ਪਾਰਾ ਭਰਵਾਉਣ
ਤੇ ਅੱਖਾਂ ਵਿੱਚ ਬਾਰੂਦ ਦਾ ਮੌਤੀਆ ਪਵਾਉਣ।

ਮੈਨੂੰ ਪਤਾ ਹੈ -ਮੇਰੇ ਲਈ
ਤੁਹਾਡੇ ਕੋਲ ਹੈ ਸਿਰਫ਼ ਛਿਕਲੀ ਤੇ ਡੈਹਾ
ਫਿਰ ਵੀ
ਤੁਹਾਨੂੰ ਤੁਹਾਡੇ ਜਸ਼ਨ ਮੁਬਾਰਕ
(ਕਿਉਂਕਿ ਬਹੁਤ ਭਿਆਨਕ ਹੁੰਦਾ ਹੈ, ਹਾਰ ਦਾ ਅਹਿਸਾਸ.....)

ਮੇਰੀ ਕੀ ਏ ?
ਮੈਂ ਤਾਂ ਹੁਣ ਜਦ ਵੀ ਕੋਈ ਸੁਪਨਾ ਵੇਖਾਂਗਾ-
ਸੋਚਾਂਗਾ ਨਹੀਂ
ਤੇ ਜਦ ਵੀ ਕਦੇ ਸੋਚਾਂਗਾ-
ਮੂੰਹ ਬੰਦ ਰਖਾਂਗਾ
ਤੇ ਜਦ ਵੀ ਕਦੇ ਮੂੰਹ ਖੋਹਲਾਂਗਾ -
ਕੰਨਾਂ 'ਚ ਉਂਗਲੀ ਤੁੰਨ ਲਵਾਂਗਾ
ਤੇ ਜਦ ਵੀ ਕਦੇ ਕੁਝ ਸੁਣਾਂਗਾ -
ਦਿਲ ਤੇ ਪੱਥਰ ਰੱਖ ਲਵਾਂਗਾ
ਤੇ ਬੱਲਿਓ
ਓਸ ਪੱਥਰ ਹੇਠਾਂ
ਅਣਖੀਲੀ ਮਿੱਟੀ ਦੇ
ਉਹ ਬੇਬਸ ਕਿਣਕੇ ਨੇ
ਜਿਨ੍ਹਾਂ 'ਚੋਂ
ਤੋਰੀਏ ਦੀ ਰੁੱਤ 'ਚ
ਤੁਸੀਂ ਅੱਕਾਂ ਵਾਂਗ ਉੱਗ ਆਏ ਹੋ।

ਬਿਨਾਂ ਪਤੇ ਵਾਲਾ ਖ਼ਤ : ਹਾਸਿਆਂ ਦੀ ਰੁੱਤ ਵਿੱਚ.....

ਹਾਸਿਆਂ ਦੀ ਰੁੱਤ ਵਿੱਚ ਇਕ ਹਾਦਸਾ ਹੋਇਆ ਹੈ ਹੁਣ
ਖਣਕਦੀ ਨਹੀਂ ਮਹਿਫ਼ਲਾਂ ਵਿੱਚ ਕੋਈ ਵੀ ਪਾਜੇਬ ਹੁਣ।

ਉਹ ਵੀ ਦਿਨ ਸਨ ਹਾਰ ਕੇ ਵੀ ਜਿੱਤ ਵਰਗਾ ਸੀ ਸਵਾਦ
ਜਿੱਤ ਕੇ ਵੀ ਹਾਰ ਦਾ ਅਹਿਸਾਸ ਹੀ ਹੁੰਦਾ ਹੈ ਹੁਣ।

ਜਿਸ ਬਨੇਰੇ ਤੇ ਕਦੇ ਸੂਰਜ ਦੀ ਟਿੱਕੀ ਠਹਿਰਦੀ ਸੀ
ਓਸ ਕੰਧ ਵਿੱਚ ਉੱਲੂਆਂ ਨੇ ਲਾ ਲਏ ਡੇਰੇ ਨੇ ਹੁਣ।

ਇੱਕ ਮੁੱਦਤ ਹੋ ਗਈ ਦਿਲ ਦਾ ਵਿਹੜਾ ਸੁੰਨਸਾਨ ਹੈ
ਨਾ ਪਈ ਕਿੱਕਲੀ ਕਦੇ, ਨਾ ਅੱਡੀਆਂ ਦੀ ਧਮਕ ਹੁਣ।

ਪਿੰਡੇ ਉਪਰ ਲਿਖੂਗੀ ਹਰ ਰੁੱਤ ਇਬਾਰਤ ਆਪਣੀ
ਰੁੱਖ ਦੀ ਟੀਸੀ ਦੇ ਉੱਪਰ ਆਲ੍ਹਣਾ ਪਾਇਆ ਹੈ ਹੁਣ।

ਬਿਨਾਂ ਪਤੇ ਵਾਲਾ ਖ਼ਤ : ਸੁਨੇਹਾ

ਔਰੰਗਜੇਬ ਨੇ ਚੌਂਕ 'ਚ ਮੰਜਾ ਡਾਹਿਆ ਏ
ਲਗਦਾ ਸ਼ਹਿਰ 'ਚ ਫਿਰ ਤੋਂ ਕਹਿਰ ਦਾ ਸਾਇਆ ਏ।

ਖੱਬੀ ਅੱਖ ਦੀ ਪੁਤਲੀ ਅੱਜ ਫਿਰ ਫਰਕੀ ਏ
ਲਗਦਾ ਕੋਈ ਮਾਸੂਮ ਕਿਸੇ ਫਿਰ ਫਾਹਿਆ ਏ।

ਖੰਭ ਖਿਲਰੇ ਨੇ ਸ਼ਹਿਰ 'ਚ ਮੋਈ ਤਿਤਲੀ ਦੇ
ਲਗਦਾ ਗ਼ਮ ਨੇ ਫਿਰ ਕੁੰਡਾ ਖੜਕਾਇਆ ਏ।

ਸ਼ਹਿਰ ਦੇ ਪੁੱਤਰਾਂ ਅਜ਼ਮਤ ਲੁੱਟ ਲਈ ਮਮਤਾ ਦੀ
ਲਗਦਾ ਸੋਚ ਕਲਿਹਣੀ ਨੇ ਭਟਕਾਇਆ ਏ।

ਹਰ ਪੱਤੇ ਦੀ ਅੱਖ ਅੱਜ ਅੱਥਰੂ ਅੱਥਰੂ ਏ
ਲਗਦਾ ਪਤਝੜ ਰਾਗ ਗ਼ਮਾਂ ਦਾ ਗਾਇਆ ਏ।

ਬਿਨਾਂ ਪਤੇ ਵਾਲਾ ਖ਼ਤ : ਮੌਤ ਪ੍ਰਾਹੁਣੀ

ਸੋਨ ਸੁਨਿਹਰੀ ਕਿਰਨਾਂ ਨਹੀਂ ਗਰਾਂ ਮੇਰੇ
ਕਹਿਰ ਦੀ ਰਹਿੰਦੀ ਸਦਾ ਹੀ ਪਿੰਡ 'ਚ ਛਾਂ ਮੇਰੇ।

ਮੌਤ ਪ੍ਰਾਹੁਣੀ ਬਣ ਕੇ ਘਰ ਘਰ ਫਿਰਦੀ ਹੈ
ਦਿੰਦਾ ਫਿਰੇ ਸੁਣਾਉਣੀ ਪਿੰਡ ਵਿੱਚ ਕਾਂ ਮੇਰੇ।

ਦੇ ਦੇ ਨ੍ਹੇਰਾ ਸਾਰਾ ਬੁੱਕਲ ਮਾਰਨ ਲਈ
ਨਹੀਂ ਬਚੀ ਕੋਈ ਛੁਪਣ ਦੀ ਪਿੰਡ 'ਚ ਥਾਂ ਮੇਰੇ।

ਮੈਨੂੰ ਤੇਰੇ ਫੋਕੇ ਰਹਿਣ ਦੀ ਲੋੜ ਨਹੀਂ
ਵਗਦੀ ਪਲਕਾਂ ਹੇਠਾਂ ਪਿੰਡ ਝਨਾਂ ਮੇਰੇ।

ਬੱਚੇ ਦੀ ਕਿਲਕਾਰੀ ਵਰਗਾ ਕੁਝ ਤਾਂ ਬੋਲ
ਇੱਕ ਮੁੱਦਤ ਤੋਂ ਪਿੰਡ 'ਚ ਹੈ ਚੁੱਪ-ਚਾਂ ਮੇਰੇ।

ਬਿਨਾਂ ਪਤੇ ਵਾਲਾ ਖ਼ਤ : ਸ਼ਹਿਰ ਮੇਰੇ

ਘੁੱਗ ਵਸਦਾ ਸ਼ਹਿਰ ਸੀ, ਕਹਿਰ ਇਥੇ ਪਾ ਗਿਆ ਫੇਰੇ
ਸੁਲਘਦੇ ਭੱਠ ਹੋਏ ਚਾਨਣ ਅਤੇ ਨ੍ਹੇਰੇ ਸ਼ਹਿਰ ਮੇਰੇ
ਪਰਿੰਦੇ ਗੀਤ ਗਾਉਣੇ ਭੁੱਲ ਗਏ ਨੇ ਹੁਣ ਸ਼ਹਿਰ ਮੇਰੇ
ਮਨਾ ਮਾਤਮ ਜਵਾਨਾਂ ਦਾ ਰਹੇ ਬੁੱਢੇ ਸ਼ਹਿਰ ਮੇਰੇ।
ਵੇ ਸੱਜਣਾ ਠਹਿਰ ਜਾ ਹਾਲੇ ਨਾ ਤੂੰ ਆਵੀਂ ਸ਼ਹਿਰ ਮੇਰੇ।

ਖਿੜੇ ਫੁੱਲਾਂ ਦੀ ਸ਼ੋਖੀ, ਬੁਲਬੁਲਾਂ ਦਾ ਚਹਿਕਣਾ ਸਭ ਹੀ
ਕਿਸੇ ਕਾਲੇ ਦਿਓ ਦੇ ਸਾਏ ਤੋਂ ਡਰਦੇ ਸ਼ਹਿਰ ਮੇਰੇ।
ਜਦੋਂ ਤੋਂ ਦਿਸੇ ਨੇ ਕੰਡਿਆਂ 'ਚ ਟੰਗੇ ਧੜ ਤਿਤਲੀਆਂ ਦੇ
ਸ਼ਰਮ ਨਾਲ ਜ਼ਰਦ ਹੋਏ ਪੱਤੇ ਦਰਖਤਾਂ ਦੇ ਸ਼ਹਿਰ ਮੇਰੇ।
ਵੇ ਸੱਜਣਾ ......

ਜੁਆਕਾਂ ਕੈਦਿਆਂ ਵਿੱਚ ਰੰਗਲੇ ਜੋ ਖੰਭ ਸੀ ਰੱਖੇ
ਉਹ ਗਲੀਆਂ ਵਿੱਚ ਕਿਸੇ ਨੇ ਮਿੱਧ ਮਸਲ ਸੁਟੇ ਸ਼ਹਿਰ ਮੇਰੇ
ਚਾਨਣੀ ਰਾਤ ਨੂੰ ਵੀ ਕਾਲਾ ਚੰਦ ਚੜ੍ਹਦਾ ਸ਼ਹਿਰ ਮੇਰੇ
ਮੜ੍ਹੀ ਦਾ ਦੀਵਾ ਹੀ ਇੱਕ ਟਿਮਟਿਮਾਉਂਦਾ ਹੈ ਸ਼ਹਿਰ ਮੇਰੇ।
ਵੇ ਸੱਜਣਾ .....

ਮੁੜਨਗੇ ਖੇੜੇ, ਰੁਮਕੇਗੀ ਹਵਾ ਫਿਰ ਫੁੱਲ ਟਹਿਕਣਗੇ
ਫਿਰ ਬੱਝਣਗੇ ਗਿੱਧਿਆਂ ਭੰਗੜਿਆਂ ਦੇ ਪਿੜ ਸ਼ਹਿਰ ਮੇਰੇ।
ਕਾਲੇ ਹਾਸ਼ੀਏ ਤੋਂ ਬਿਨਾਂ ਫਿਰ ਅਖ਼ਬਾਰ ਆਵਣਗੇ,
ਫਿਰ ਮੈਂ ਬੋਧੜਕ ਹੋ ਕਹਾਂਗਾ ਤੂੰ ਆ ਸ਼ਹਿਰ ਮੇਰੇ।
ਵੇ ਸੱਜਣਾ ਠਹਿਰ ਜਾ.....

ਬਿਨਾਂ ਪਤੇ ਵਾਲਾ ਖ਼ਤ : ਮੈਂ ਤੇਰੇ ਤੇ ਨਜ਼ਮ ਲਿਖਾਂਗਾ


ਪੰਜਾਬ
ਦਿਨੇ ਤੂੰ ਬਲਦੇ ਸਿਵੇ ਵਰਗਾ ਹੁੰਦਾ ਏਂ
ਤੇ ਰਾਤੀਂ ਮਸਾਣਾਂ ਵਰਗਾ
ਤੇ ਕਈ ਰੰਗ ਬਦਲਦੀ ਏ ਤੇਰੀ ਉਦਾਸੀ
ਸ਼ਾਮ ਤੱਕ।

ਸਹਿਮੇ ਲਹੂ ਤੇ ਧੁਖਦੇ ਦਿਲਾਂ ਦੀਆਂjavascript:void(0)
ਦਾਸਤਾਨਾਂ ਦੇ ਹਾਸ਼ੀਏ
ਤੇਰੇ ਮੱਥੇ ਤੇ ਉੱਕਰੇ ਗਏ ਨੇ।
ਮੈਂ ਤੈਨੂੰ
ਕਦੇ ਵੀ ਮਰਿਆ ਨਹੀਂ ਸਮਝਿਆ
ਪਰ ਬੜੀ ਤਮੰਨਾ ਹੈ
ਤੈਨੂੰ ਸਾਹ ਲੈਂਦਿਆਂ,
ਟਹਿਕਦਿਆਂ,
ਜਿਉਂਦਿਆਂ ਤੱਕ ਸਕਾਂ।
ਤੇ ਸਿਰਫ਼ ਇਸੇ ਲਈ.....
ਮੈਂ ਤੇਰੇ ਤੇ ਨਜ਼ਮ ਲਿਖਾਂਗਾ ਪੰਜਾਬ
....

ਪਹਿਲਾਂ ਤੇਰੇ ਘਰ ਆ ਕੇ ਸਕੂਨ ਮਿਲਦਾ ਸੀ
ਹੁਣ ਤੇਰੇ ਘਰੋਂ ਆ ਕੇ ਰਾਹਤ ਮਿਲਦੀ ਹੈ......
ਕਦੇ ਮੱਸਿਆ ਦੀ ਰਾਤ ਨੂੰ
ਪਰਛਾਵੇਂ ਮੇਰੇ ਨਾਲ ਹੁੰਦੇ ਸੀ
ਹੁਣ ਪੂਰਨਮਾਸ਼ੀ ਨੂੰ ਮੈਂ
ਇਕੱਲਤਾ ਦੀ ਜੂਨ ਹੰਢਾਉਂਦਾ ਹਾਂ.....।
ਐ ਪੰਜਾਬ !
ਤੇਰੇ ਨ੍ਹੇਰਿਆਂ 'ਚੋਂ ਵੀ ਮੋਹ ਆਉਂਦਾ ਸੀ
ਹੁਣ ਤੇਰੇ ਚਾਨਣਾਂ 'ਚ ਲੋਕ ਡਰਦੇ ਨੇ
ਹੁਣ ਜਦ ਵੀ ਮਹਿਬੂਬ ਮਿਲਦਾ ਏ
ਤਾਂ ਤੇਰਾ ਹਾਲ ਨਹੀਂ ਪੁੱਛਦਾ
ਪੁੱਛਦਾ ਏ ਕਿ ਤੇਰੇ ਸ਼ਹਿਰ ਦਾ ਕੀ ਹਾਲ ਏ !
ਖੈਰ, ਇਨ੍ਹਾਂ ਵਰਜਿਤ ਰਿਸ਼ਤਿਆਂ ਦੀ
ਹਾਲ ਬਿਆਨੀ ਲਈ
ਹਾਲੇ ਬਹੁਤ ਵਕਤ ਏ
ਮੈਂ ਤੇਰੇ ਤੇ ਨਜ਼ਮ ਲਿਖਾਂਗਾ ਪੰਜਾਬ

ਇਸ ਨਜ਼ਮ ਵਿੱਚ ਨਹੀਂ ਹੋਵੇਗਾ
ਆਪਣਿਆਂ ਹੱਥੋਂ ਆਪਣਿਆਂ ਦੀ
ਮੌਤ ਦਾ ਮਾਤਮ,
ਨਹੀਂ ਹੋਣਗੇ ਟੁੱਟੇ ਆਲ੍ਹਣਿਆਂ ਦੇ ਤੀਲੇ,
ਰੁੰਡ-ਮਰੁੰਡ ਰੁੱਖ,
ਛਿੱਜੇ ਦਿਲਾਂ ਤੇ ਸੱਖਣੀਆਂ ਝੋਲੀਆਂ ਦੇ ਸੋਗ
ਬੇਵਤਨੀ ਤੋਂ ਬੇਵਤਨੀ ਦੀ ਕਥਾ

ਕਹਿੰਦੇ ਨੇ
ਇਤਿਹਾਸ ਹੋ ਨਿਬੜਦਾ ਹੈ
ਸਲੀਬ ਤੇ ਲੱਗਾ
ਖੂਨ ਦਾ ਇਕੋ ਹੀ ਕਤਰਾ।
ਤੇ ਮੈਂ ਆਪਣੀ ਰੂਹ
ਖ਼ੁਦ ਸੂਲੀ ਤੇ ਲਟਕਾ
ਤੇਰੀ ਪਵਿੱਤਰ ਜ਼ਮੀਨ ਤੇ ਨਜ਼ਮ ਲਿਖਾਂਗਾ ਪੰਜਾਬ

ਪੰਜਾਬ !
ਤੂੰ ਸਾਡੇ ਪਿੰਡ ਆ ਕੇ ਵੇਖ
ਬਹਾਰ ਦੇ ਅਰਥ ਹਰ ਰੁੱਖ ਲਈ ਵੱਖੋ ਵੱਖਰੇ ਨੇ
ਤੇ ਇਨਸਾਨੀਅਤ ਤੋਂ ਬਾਹਰ ਜਾਂਦੇ
ਰਾਹ ਦੀ ਦੇਲ੍ਹੀ ਉੱਤੇ
ਸ਼ਗਨਾਂ ਦਾ ਤੇਲ ਚੋਇਆ ਪਿਆ ਏ......
ਹੁਣ ਸੱਥਾਂ 'ਚ ਵਾਰਿਸ, ਪੀਲੂ, ਹਾਸ਼ਮ ਨਹੀਂ
ਮੌਤ ਗੁਣਗਣਾਈ ਜਾਂਦੀ ਹੈ।
ਸੱਚ ਨਾਲ ਹੁਣ ਮੌਤ ਨੂੰ
ਮਹਿਸੂਸਿਆ ਨਹੀਂ, ਮਾਣਿਆ ਜਾਂਦਾ ਹੈ
ਕਾਲੇ ਹਾਸ਼ੀਏ ਬਿਨਾਂ ਸੁੰਨੇ ਲੱਗਦੇ ਨੇ ਅਖ਼ਬਾਰ
ਬੁਰੀ ਤੋਂ ਬੁਰੀ ਖ਼ਬਰ ਪੜ੍ਹਦਿਆਂ ਵੀ
ਸਾਡੀ ਉਬਾਸੀ ਨਹੀਂ ਰੁਕਦੀ ਅੱਧ ਵਿਚਕਾਰ।
ਤੇ ਨਾ ਹੀ
ਕੁਸੈਲਾ ਹੁੰਦਾ ਏ
ਸਾਡੀ ਬੈਡ-ਟੀ ਦਾ ਸੁਆਦ।

ਪਤਾ ਨਹੀਂ ਕਿਉਂ
ਜਦ ਤੱਕ ਬੰਦੇ ਦੇ ਧੜ ਤੇ ਸਿਰ ਹੈ
ਉਹ ਹਿੰਦੂ ਹੈ, ਸਿੱਖ ਹੈ, ਜਾਂ ਕੁਝ ਹੋਰ
ਪਰ ਇਨਸਾਨ ਨਹੀਂ ਹੈ.......।
ਹੱਡੀਆਂ ਦਾ ਧਰਮ ਨਹੀਂ ਹੁੰਦਾ
ਮਾਸ ਦਾ ਵੀ ਨਹੀਂ
ਤਾਂ ਫਿਰ ਕਿਓਂ ਹੁੰਦੇ ਨੇ
ਸਭ ਚਿਹਰਿਆਂ ਦੇ ਮਜ਼ਹਬ.....

....ਮੈਂ ਅੰਦਰੋਂ ਨੱਕੋ ਨੱਕ ਭਰਿਆ ਹਾਂ
ਮੈਂ ਤੇਰੇ ਤੇ ਨਜ਼ਮ ਲਿਖਾਂਗਾ ਪੰਜਾਬ
ਤੇ ਯਕੀਨਨ
ਇਹ ਨਜ਼ਮ
ਉਸ ਨੂੰ ਰੋਕੇਗੀ -
ਜੋ ਕਹੀਆਂ ਤੇ ਹਲਾਂ ਨੂੰ ਚੰਡਣਾ ਛੱਡ
ਗੰਡਾਸੇ ਦੀ ਧਾਰ ਚਮਕਾ ਰਿਹਾ ਏ.......!!

ਪੰਜਾਬ !
ਅੱਜ ਹਰ ਪੁਤਲੀ ਤੇ
ਸ਼ੱਕ ਦੇ ਬੂਟੇ ਪੁੰਗਰ ਆਏ ਨੇ
ਹੁਣ ਸੋਚ ਸੂਰਜ ਦੀ ਕਿਰਨ ਤੇ ਚੜ੍ਹ ਕੇ ਨਹੀਂ
ਅਤੀਤ ਦੇ ਕਫ਼ਨ 'ਚ ਲਿਪਟ ਕੇ ਤੁਰਦੀ ਏ
ਹਰ ਸੋਚ ਦੇ ਸਫ਼ਰ ਤੇ ਇੱਕ ਕੰਡਿਆਲੀ ਵਾੜ ਏ
ਹਰੇਕ ਦਿਲ ਆਪਣੇ ਹੀ ਝੁੰਗਲਮਾਟੇ ਵਿੱਚ ਕੈਦ ਏ।
ਤੇ ਤੇਰਾ ਕਾਨੂੰਨ
ਹਰ ਚੌਰਾਹੇ ਤੇ
ਰੇਤ ਦੀਆਂ ਬੋਰੀਆਂ ਪਿਛੋਂ
ਸਾਡੇ ਵੱਲ ਸੰਗੀਨ ਲਈ ਝਾਕਦਾ ਏ......
.....

ਕਦੇ ਕਦੇ ਚਿੱਤ ਬਹੁਤ ਅਵਾਜ਼ਾਰ ਹੋ ਜਾਂਦਾ ਹੈ
ਤੇ ਦਿਲ ਦਾ ਸਮੁੰਦਰ ਢਲ ਕੇ
ਅੱਖਾਂ ਦੀ ਦਹਿਲੀਜ਼ ਤੇ
ਜਵਾਰਭਾਟਾ ਬਨਣ ਆ ਜਾਂਦਾ ਹੈ.....।
ਫਿਰ ਸੋਚਦਾ ਹਾਂ
ਮੈਂ ਤਾਂ ਨਜ਼ਮਗਾਰ ਹਾਂ....
ਜੇ ਮੈਂ ਵੀ ਰੋ ਪਿਆ ਤਾਂ ਘਰ ਕਿਵੇਂ ਚੱਲੂ....।

ਪਰ ਪੰਜਾਬ !
ਮੈਨੂੰ ਆਸ ਏ
ਬੁਰੇ ਦਿਨ ਵੀ ਪਰਤ ਜਾਣਗੇ
ਆਪਣੇ ਘਰਾਂ ਨੂੰ - ਸ਼ਾਮ ਨੂੰ
ਪੰਛੀਆਂ ਵਾਂਗਰ
ਮੇਰੇ ਸ਼ਹਿਰ ਦੀ ਸੁਖ ਸਾਂਦ ਹੋਵੇਗੀ ਯਕੀਨੀ
ਮੇਰਾ ਮਹਿਬੂਬ ਮੇਰਾ ਹੀ ਹਾਲ ਪੁੱਛੇਗਾ
ਸ਼ਹਿਰ ਦਾ ਨਹੀਂ.....।
...ਤੂੰ ਸਾਹ ਲਵੇਂਗਾ
...ਤੂੰ ਟਹਿਕੇਂਗਾ
...ਤੂੰ ਜਿਉਂਏਂਗਾ
ਤੇ ਮੈਂ ਤੇਰੇ ਤੇ ਇੱਕ ਨਜ਼ਮ ਲਿਖਾਂਗਾ ਪੰਜਾਬ......।

ਬਿਨਾਂ ਪਤੇ ਵਾਲਾ ਖ਼ਤ : ਓਸ ਗਰਾਂ ਦਾ ਨਾਂ ਕੀ ਦੱਸਾਂ

ਓਸ ਗਰਾਂ ਦਾ ਨਾਂ ਕੀ ਦੱਸਾਂ ਕੀ ਦੱਸਾਂ ਸਿਰਨਾਵਾਂ
ਜਿਥੇ ਬਾਲਾਂ ਦੇ ਮੂੰਹੋਂ ਖੋਹ ਚੂਰੀ ਖਾ ਲਈ ਕਾਵਾਂ।
ਉਥੇ ਕਿਸੇ ਕਲਹਿਣੀ ਔਤ ਦਾ ਐਸਾ ਪਿਆ ਪਰਛਾਵਾਂ
ਨਿਹੁੰ ਵੀ ਉੱਡ ਗਏ ਤਿੜਕੇ ਰਿਸ਼ਤੇ ਭੱਜੀਆਂ ਸਕੀਆਂ ਬਾਹਵਾਂ।
ਓਸ ਗਰਾਂ ਦਾ........

ਓਸ ਗਰਾਂ ਵਿੱਚ ਹਰ ਆਥਣ ਨੂੰ ਤੜਪਣ ਭੈਣਾਂ ਮਾਵਾਂ
ਓਸ ਗਰਾਂ ਦੇ ਗੀਤਾਂ ਦੀ ਥਾਂ ਕਿਵੇਂ ਮਰਸੀਏ ਗਾਵਾਂ।
ਤੱਤੇ ਰੇਤੇ ਉੱਡਦੇ ਉਥੇ, ਵਗਣ ਬਰੂਦੀ ਵਾਵਾਂ
ਰੁਖ ਵੀ ਕਰਨੋਂ ਹਟ ਗਏ ਜਿਸਦੇ ਰਾਹੀਆਂ ਉੱਤੇ ਛਾਵਾਂ।
ਓਸ ਗਰਾਂ ਦਾ.......
ਓਸ ਗਰਾਂ ਦੇ ਹਰੇ ਬਰੋਟੇ ਸੌ ਪੰਛੀ ਦਾ ਫੇਰਾ
ਅਚਨਚੇਤ ਇੱਕ ਇੱਲ੍ਹ ਨੇ ਉਥੇ ਆ ਕੇ ਲਾਇਆ ਡੇਰਾ
ਉੱਜੜੇ ਪੰਛੀ, ਬੋਟ ਵਿਲਕ ਗਏ ਕੀਕਣ ਕਥਾ ਸੁਣਾਵਾਂ
ਓਸ ਬਰੋਟੇ ਬਚਿਆ ਬੱਸ ਹੁਣ ਪੱਤਰ ਟਾਵਾਂ ਟਾਵਾਂ।
ਓਸ ਗਰਾਂ ਦਾ...........

ਓਸ ਗਰਾਂ ਦੇ ਹਰ ਇੱਕ ਰੁੱਖ ਸੀ ਬਹਿ ਕੇ ਖੁਸ਼ਬੂ ਗਾਉਂਦੀ
ਹਰ ਮੌਸਮ ਵਿੱਚ ਹਰ ਬੂਟੇ ਤੇ ਵੱਖਰੀ ਸੀ ਰੁੱਤ ਆਉਂਦੀ
ਪਰ ਜਦ ਦਾ ਅੰਦਰੋਂ ਕੁਝ ਮੋਇਆ ਰੁੱਤਾਂ ਬਦਲੀਆਂ ਰਾਹਵਾਂ
ਬੱਸ ਹੁਣ ਚੇਤੇ ਪਹਿਰ ਵਗਦੀਆਂ ਕਾਲੀਆਂ ਗਰਮ ਹਵਾਵਾਂ।
ਓਸ ਗਰਾਂ ਦਾ............