Tuesday, October 13, 2009

ਕੂੰਜਾਂ :ਹੌਲੀ ਹੌਲੀ

(ਜਿਵੇਂ ਬੰਦਾ, ਬੰਦਾ ਹੋਣ ਤੋਂ ਮੁੱਕਰ ਨਹੀਂ ਸਕਦਾ, ਉਵੇਂ ਹੀ ਉਹ ਆਪਣੀ ਕੌਮੀਅਤ ਤੋਂ ਵੱਖ ਨਹੀ ਹੋ ਸਕਦਾ- ਬਰਟ੍ਰੰਡ ਰਸਲ )
ਥੁੜ੍ਹਾਂ ਦੇ ਭੰਨੇ
ਕੱਚ ਘਰੜ ਪੰਜਾਬੀ
ਰੋਟੀ ਟੁੱਕ ਦਾ ਆਹਰ ਕਰਨ
ਜੋ ਹੋ ਪਰਦੇਸੀ
ਉਤਰੇ ਇਸ ਮਾਇਆ ਧਰਤੀ ਉਤੇ
ਹੁਣ ਉਨ੍ਹਾਂ ਬਜ਼ੁਰਗ ਪੰਛੀਆਂ ਦੀ ਡਾਰ
ਉਡ ਚੱਲੀ ਹੈ ਹੌਲੀ ਹੌਲੀ

ਆਪਣੀ ਨਸਲ ਨੂੰ ਉਨ੍ਹਾਂ ਦਿਖਾਇਆ
ਪੰਜਾਬੀ ਸਭਿਆਚਾਰ
ਆਪਣੇ ਨਜ਼ਰੀਏ ਦੀ ਐਨਕ 'ਚੋਂ-

ਦੋ ਚਾਰ ਮਾਂ ਭੈਣ ਦੀਆਂ ਗਾਲ੍ਹਾਂ
ਵਿਆਹ ਵਿਚ ਮੋਢੇ ਹਿਲਾ
ਪੰਜਾਬੀ ਭੰਗੜਾ ਪਾਉਣਾ
ਪੱਗ ਬੰਨ੍ਹ ਜਚਣਾ
ਗਲੇ 'ਚ ਖੰਡੇ ਦੀ ਸੋਨ-ਜੰਜੀਰੀ ਲਟਕਾਉਣਾ
ਵੀਕਐਂਡ 'ਤੇ ਗੁਰੂ ਘਰ ਮੱਥਾ ਘਸਾਉਣਾ
ਅਰਦਾਸ ਵੇਲੇ ਅੱਖਾਂ ਮੀਚ ਖੜੋਣਾ
ਗੁਰਪੁਰਬ ਦੇ ਨਗਾਰੇ ਕੁੱਟਦੇ
ਜਲੂਸਾਂ 'ਚ ਤੱਤੇ ਠੰਢੇ ਜੈਕਾਰੇ ਗੁੰਜਾਉਣਾ।
ਕਬੱਡੀ ਮਾਂ ਖੇਡ ਹੈ,
ਉਸ ਤੋਂ ਸਭ ਕੁਝ ਲੁਟਾਉਣਾ।

ਪਰ ਨਹੀਂ ਦੇ ਸਕੇ ਉਹ
ਨਵੀਂ ਨਸਲ ਦੇ ਸਵਾਲਾਂ ਦੇ ਜਵਾਬ
ਕਿ ਵਿਸਾਖੀ ਵੇਲੇ ਦੋ ਦੋ ਨਗਰ ਕੀਰਤਨ
ਇਕ ਕਿਉਂ ਨਹੀਂ ਹੋ ਸਕਦੇ!
ਕਿਉਂ ਖੁੱਲ੍ਹ ਰਹੇ ਨੇ ਥਾਂ ਥਾਂ
ਵੱਖੋ ਵੱਖਰੇ ਕਰਮਕਾਂਡੀ ਗੁਰੂ ਘਰ
ਕਿਉਂ ਉਥੇ ਹੁੰਦੇ ਨੇ ਗੋਲਕਾਂ ਦੇ ਝਗੜੇ
ਤੇ ਕਿਉਂ ਉਥੋਂ ਉਠਦੀ ਸਿਆਸਤ ਦੀ ਬੋਅ
ਖਾਲਿਸਤਾਨ ਨਾਅਰਿਆਂ 'ਚ ਹੀ ਬਣਨਾ ਹੈ
ਜਾਂ ਕਿਸੇ ਥਾਂ 'ਤੇ.........
ਮਹਾਰਾਜ ਦੀ ਹਜ਼ੂਰੀ 'ਚ
ਇਕ ਦੂਏ ਦੀਆਂ ਪੱਗਾਂ ਲਾਹ ਲਾਹ
ਕੀ ਦੱਸਦੇ ਨੇ ਸਾਡੇ ਧਰਮ ਦੇ ਠੇਕੇਦਾਰ

ਨਵੀਂ ਪੀੜ੍ਹੀ ਦੀ ਸੋਚ-
ਜਿਥੇ ਜਿਥੇ ਪੰਗਾ,
ਲਾਂਭੇ ਰਹੋ ਚੰਗਾ।

No comments:

Post a Comment