
(ਇਕ ਮੀਡੀਆ ਕਰਮੀ ਮਿੱਤਰ ਦੇ ਘਰ ਪਾਰਟੀ, ਸਰੀ)
ਮਹਿਫਲ 'ਚ ਕਈ ਦੋਸਤ ਇਕੱਠੇ ਹੋਏ ਨੇ
ਘੋਨ ਮੋਨ ਲੇਖਕ
ਕਾਮਰੇਡ ਬੁੱਧੀਜੀਵੀ
ਲੰਬੀਆਂ ਦਾਹੜੀਆਂ ਪਲੋਸਦੇ ਲੋਕਲ ਲੀਡਰ
ਟਰੱਕਾਂ ਦੇ 'ਪੀ. ਐਚ. ਡੀ.' ਡਰਾਈਵਰ
ਟੈਲੀਵੀਜ਼ਨ ਦੇ ਆਪੇ ਬਣੇ ਸੰਚਾਲਕ
ਰੇਡੀਓ ਪ੍ਰੋਗਰਾਮਾਂ ਦੇ ਮਾਲਕ....।
ਮਹਿਫਲ ਸਜੀ ਹੈ
ਰਿੜਕੀ ਜਾ ਰਹੀ ਹੈ ਪੰਜਾਬ ਦੀ ਸਿਆਸਤ
ਸਵਾਲਾਂ ਦੀਆਂ ਫੁਲਝੜੀਆਂ
ਰੰਗ ਬਿਰੰਗੇ ਅੰਗਿਆਰ ਸੁੱਟ ਰਹੀਆਂ ਹਨ।
ਬਾਰ ਦੇ ਐਨ ਉਪਰ -
ਕੰਧ ਤੋਂ ਬਾਬਾ ਨਾਨਕ
ਸ਼ਾਂਤ ਚਿੱਤ ਦੇਖ ਰਿਹਾ ਹੈ
ਲਾਗਲੇ ਸਾਈਡ ਵਾਲੇ ਮੇਜ਼ ਉੱਪਰ
ਬੁੱਧ 'ਪਦਮ ਆਸਨ' ਲਾਈ ਬੈਠਾ ਹੈ
ਵਿਚਾਲੇ ਪਏ ਸ਼ੀਸ਼ੇ ਦੇ ਡਲ੍ਹਕਦੇ ਮੇਜ਼ 'ਤੇ
ਸ਼ਿਵ ਦਾ ਸੁਨਿਹਰੀ ਬੁੱਤ
ਤਾਂਡਵ ਨਾਚ ਕਰ ਰਿਹਾ ਹੈ -
ਪਰ ਸਭ ਤੋਂ ਬੇਖਬਰ
ਉਸਦੇ ਚਾਰੇ ਪਾਸੇ
ਸੁਨਿਹਰੀ ਸਕਾਚ ਦੇ ਗਿਲਾਸ
ਭਰ ਭਰ ਰੱਖ ਰਿਹਾ ਹੈ
ਸਾਡਾ ਮੇਜ਼ਬਾਨ
(ਬਾਰ : ਦਾਰੂਖਾਨਾ)
No comments:
Post a Comment