Monday, October 12, 2009

ਕੂੰਜਾਂ : ਰੌਕਸੀ ਬਾਰ ਵਿੱਚ

ਧੌਣ ਦੇ ਖਾਸਾ ਹੇਠੋਂ
ਉਹਦਾ ਗੁਲਾਬੀ ਬਲਾਊਜ਼ ਸ਼ੁਰੂ ਹੁੰਦਾ ਹੈ
ਧੁੰਨੀ ਤੋਂ ਖਾਸਾ ਉੱਤੇ ਮੁੱਕ ਜਾਂਦਾ ਹੈ

ਉਹਦੇ ਕੰਨਾਂ 'ਚ ਮੁਰਕੀਆਂ ਨੇ
ਮੋਟੇ ਬੁੱਲ੍ਹਾਂ 'ਚ ਮੁਰਕੀਆਂ ਨੇ
ਧੁੰਨੀ ਤੇ ਵੀ ਘੁੰਗਰੂ ਪਰੋਇਆ।
ਮੇਰਾ ਦੋਸਤ ਹੱਸਦਾ ਹੈ
-ਹੋਰ ਵੀ ਕਈ ਥਾਈਂ ਹੋਣਗੀਆਂ
ਹੁਣੇ ਦਿਸ ਜਾਣਗੀਆਂ।'
ਉਹ ਨੀਗਰੋ ਕੁੜੀ
ਮਦਹੋਸ਼ੀ ਦਾ ਨਾਟਕ
ਕਰਦੀ ਨੱਚ ਰਹੀ।
ਸਟੇਜ ਤੇ ਲੱਗੇ ਸਟੀਲ ਦੇ ਡੰਡਿਆਂ ਨਾਲ
ਲਿਪਟਦੀ ਮੱਚ ਰਹੀ....!

ਨੀਗਰੋ ਕੁੜੀ ਦੇ ਮੀਢੀਆਂ ਇੰਨੀਆਂ
ਕਿ ਬੇਬੇ ਬੈਠ ਕੇ
ਮਹੀਨਾ ਗੁੰਦੀ ਜਾਵੇ
ਤਾਂ ਵੀ ਨਾ ਮੁੱਕਣ।

ਜੀਨ ਇੰਨੀ ਕਸਵੀਂ
ਕਿ ਲਗਦਾ ਛੋਟੇ ਹੁੰਦੇ ਪਾਈ ਹੋਊ
ਰੁੱਖ ਦੇ ਤਣੇ 'ਚ ਵੱਡਾ ਹੋਏ ਤੋਂ
ਲੁੱਕ ਵਾਲਾ ਖਾਲੀ ਡਰੰਮ
ਜਿਵੇਂ ਫਸ ਜਾਂਦਾ।

ਤੇਜ਼ ਸੰਗੀਤ ਥਿਰਕ ਰਿਹਾ
ਜਾਮਨੀ ਲਾਲ ਹਰੀਆਂ ਬੱਤੀਆਂ
ਮਾਰ ਰਹੀਆਂ ਝਟਕੇ।
ਹਰੇਕ ਝਟਕੇ ਨਾਲ ਸਟੇਜ 'ਤੇ
ਗੰਢੇ ਦੀਆਂ ਛਿੱਲਾਂ
ਉੱਧੜ ਰਹੀਆਂ
ਤਹਿ-ਦਰ-ਤਹਿ।
ਮੇਜ਼ਾਂ ਤੇ ਪਈ ਸ਼ਰਾਬ
ਹੋ ਰਹੀ ਸ਼ਰਾਰਤੀ।
ਪੱੈਗ ਥਰਥਰਾ ਰਹੇ ਨੇ
ਮੇਜ਼ਾਂ ਹੇਠ ਪੈਰ ਥਿਰਕ ਰਹੇ ਨੇ
ਅਦਾਵਾਂ ਹਨ, ਜਿਮਨਾਸਟਿਕ ਹੈ।

ਭਲਵਾਨ ਤੇ ਸੁੰਦਰੀ
ਜਿਉਂ ਜਿਉਂ ਅਸਲੀ ਰੂਪ 'ਚ ਆਵੇ
ਤਿਉਂ ਤਿਉਂ ਸੋਹਣੇ ਲੱਗਣ
ਧੂੰਏ ਦੇ ਪਰਦੇ ਵਿਚਦੀ
ਤਰੌਂਕੇ ਜਾ ਰਹੇ ਲੋਕਾਂ ਉਪਰ ਜਲਵੇ।
ਲੋਕ ਲੈ ਰਹੇ ਚਸਕੇ
ਬੀਅਰ ਦੇ, ਪੱਕੀ ਰਾਈ ਦੇ।
ਮੂਹਰੇ ਬੈਠਾ ਇਕ ਬੁੱਢਾ ਮੁੱਛਲ ਫੌਜੀ
ਵਾਰ ਵਾਰ ਤਾੜੀਆਂ ਮਾਰਦਾ।
ਅੱਖਾਂ ਦੀ ਖੜਮਸਤੀ ਕਰ ਰਿਹਾ ਹੈ
....

ਛਿੱਲਾਂ ਮੁੱਕ ਗਈਆਂ ਨੇ
ਸੰਗੀਤ ਹੌਲੀ ਹੌਲੀ ਰੁਕ ਗਿਆ
ਗੀਤ ਮੁਕਦਾ ਮੁਕਦਾ ਮੁੱਕ ਗਿਆ।

ਵਜਦੀਆਂ ਤਾੜੀਆਂ ਤੇ ਸੀਟੀਆਂ ਨੂੰ ਸਲਾਮ ਕਰਦੀ
ਕੁੜੀ ਸਟੇਜ ਤੋਂ ਆਪਣੀਆਂ ਛਿੱਲਾਂ ਹੂੰਝਦੀ
ਸ਼ੋਖ ਅਦਾ ਨਾਲ ਤੁਰ ਜਾਂਦੀ ਹੈ,
ਜਾਂਦੀ ਜਾਂਦੀ
ਉਸ ਖੜਮਸਤੀ ਕਰਦੇ
ਮੁੱਛਲ ਫੌਜੀ ਨੂੰ
ਬਿਜ਼ਨਿਸ ਕਾਰਡ ਫੜਾ ਜਾਂਦੀ ਹੈ।
(ਰੌਕਸੀ ਬਾਰ : ਵੈਨਕੂਵਰ ਦੀ ਸੀਮੋਰ (Seymore) ਸਟਰੀਟ 'ਤੇ)

No comments:

Post a Comment