ਮੋਗੇ ਵਾਲੇ ਘਰ ਨਾਲ ਦੀ
ਗੱਡੀ ਦੀਆਂ ਲਾਈਨਾਂ ਲੰਘਦੀਆਂ ਸਨ
ਹਰ ਅੱਧੇ ਪੌਣੇ ਘੰਟੇ ਬਾਅਦ
ਭੁਚਾਲ ਆਉਂਦਾ ਸੀ
ਪਰ ਸਾਨੂੰ ਨਾ ਗੱਡੀ ਸੁਣਦੀ ਸੀ, ਨਾ ਭੁਚਾਲ
ਮਹਿਮਾਨਾਂ ਨੂੰ ਇਹ ਫੱਟ ਸੁਣਦੇ ਸਨ।
ਰੰਧਾਵੇ ਹੁਰਾਂ ਨੇ ਮਿਸੀਸਾਗਾ ਦੇ ਬਾਹਰਵਾਰ
ਨਵਾਂ ਘਰ ਲਿਆ ਹੈ
ਉਸ ਉਪਰ ਦੀ ਹਰ ਦਸ ਮਿੰਟ ਬਾਅਦ
ਸ਼ੂਕਦਾ ਜਹਾਜ਼ ਲੰਘਦਾ ਹੈ....
ਮੈਨੂੰ ਹਰ ਵਾਰ ਸੁਣਦਾ ਹੈ -
ਉਤਾਂਹ ਨੂੰ ਨਿਆਣਿਆਂ ਵਾਂਗ ਤੱਕਦਾ ਹਾਂ।
ਦਿਨ ਖੜ੍ਹਾ ਹੈ, 7 ਕੁ ਹੀ ਵਜੇ ਨੇ
ਗੈਰਜ ਦਾ ਦਰਵਾਜ਼ਾ ਰਿਮੋਟ ਨਾਲ
ਉਤਾਂਹ ਚੜ੍ਹ ਗਿਆ ਹੈ।
ਪੰਦਰਾਂ ਕੁਰਸੀਆਂ, ਪੰਜ-ਸੱਤ ਮੇਜ਼
ਗੈਸ ਵਾਲਾ ਬਾਰ-ਬੀ-ਕਿਊ ਹੈ
ਮੋਟੇ ਮੋਟੇ ਲਿਫਾਫਿਆਂ ਵਿਚ ਪਏ ਨੇ -
ਕਈ ਨਾਵਾਂ ਵਾਲੇ ਵਿੰਗਜ਼, ਲੈਂਬ, ਚਾਪਾਂ
ਤੇ ਹੋਰ ਪਤਾ ਨਹੀਂ ਕੀ-ਕੀ।
ਕੁਝ ਮਿੱਤਰ ਅਮਰੀਕਾ ਤੋਂ ਵੀ ਆਏ ਨੇ
ਕੁਝ ਲੋਕਲ ਨੇ
ਇੱਕ ਡੇਢ ਮੀਟਰੀ ਚਿੱਟੀ ਪੱਗ ਵਾਲਾ ਮਖੌਲੀਆ
ਇੱਕ ਪਲੇਟ-ਟਿਕਾਊ-ਢਿੱਡ ਵਾਲਾ,
ਇਕ ਨੇ ਗੰਜ ਲਕੋਣ ਲਈ
ਸਿਰ 'ਤੇ ਨਵਾਂ ਮਹਿੰਗਾ ਝੋਨਾ ਲਵਾਇਆ।
ਇਕ ਨੇ ਟੋਟਣ ਨੂੰ ਤੌਲਾ ਬਣਾਇਆ।
ਗੱਡੀ ਚਲਾਉਣ ਲਈ
ਮਹਿੰਦਰ ਅੱਜ ਸੋਫੀ ਰਹੇਗਾ।
ਉਸ ਨੇ ਇਸ਼ਾਰਾ ਕੀਤਾ
-ਭੱਠੀ ਚਾਲੂ ਹੈ ਜੀ!'
- ਥੋਡੇ ਇਥੇ ਭੱਠੀਆਂ ਵੀ ਚਾਲੂ ਨੇ ?'
ਡੇਢ ਮੀਟਰੀ ਨੇ ਗੱਲ ਦੀ ਗਿੱਚੀ ਮਰੋੜੀ
ਤਾਂ ਗੈਰਜ ਦੀ ਛੱਤ ਨੂੰ ਮਹਿਸੂਸ ਹੋਇਆ
ਪੰਜਾਬੀ ਬੈਠੇ ਨੇ।
ਮਹੌਲ ਬਣ ਗਿਆ ਹੈ
ਜਾਣ ਪਛਾਣ ਆਪੇ ਹੀ
ਤੀਜੇ ਪੈਗ ਤੱਕ ਹੋ ਗਈ।
ਇਕ ਜਣੇ ਦੀ ਪਿਛੋਂ ਪੈਂਟ ਜਮ੍ਹਾਂ ਹੀ ਫਲੈਟ
- ਇਹ ਫਲੈਟੀਆ, ਇਹਨੇ ਸਟਿਪਣੀ ਲੁਹਾਈ ਹੋਈ ਹੈ।'
ਫਲੈਟੀਆ ਦੱਸਦਾ ਹੈ -
ਲਾਂਗ ਵੀਕਐਂਡ ਕਰਕੇ
ਚਾਰ ਕੁ ਦਿਨ ਵਹਿਲੇ ਸੀ
ਸੋਚਿਆ, ਰੰਧਾਵੇ ਹੁਰਾਂ ਕੋਲ
ਕਨੇਡੇ ਦਾਰੂ ਪੀ ਕੇ ਆਉਂਦੇ ਹਾਂ!
ਸੱਤ ਵਜੇ ਦੀ ਬਲੀ ਭੱਠੀ
ਤੜਕੇ ਚਾਰ ਵਜੇ ਉਦੋਂ ਠੰਢੀ ਹੋਈ
ਜਦੋਂ 'ਮੈਂ ਤੇਰਾ ਬਾਈ'
'ਤੂੰ ਮੇਰਾ ਬਾਈ'
-ਅਮਰੀਕਾ ਆਉਣਾ
-ਕੈਨੇਡਾ ਆਉਣਾ
ਕਰਦੇ ਕਰਦੇ ਜੱਫੀਓ ਜੱਫੀ ਹੁੰਦੇ
ਪੱਤਣਾਂ ਦੇ ਤਾਰੂ ਖਿਡਾਰੀ ਵੀ
ਬਾਜੀਆਂ ਪਾ ਗਏ।
ਤੇ ਲੰਘਦੇ ਸ਼ੂਕਦੇ ਜਹਾਜ਼ਾਂ ਦੀਆਂ
ਅਵਾਜ਼ਾਂ ਸੁਨਣੋਂ ਬੰਦ ਹੋ ਗਈਆਂ।
Subscribe to:
Post Comments (Atom)
kya baat hai ji..This is too good..Loved the adjectives here to describe the personalities....
ReplyDelete