Monday, October 12, 2009

ਕੂੰਜਾਂ : ਬੋਨਟ 'ਤੇ ਚਮਕਦੀਆਂ ਬੱਤੀਆਂ


ਨਿਆਗਰਾ ਝਰਨੇ ਦੀਆਂ
ਦਿਓ ਕੱਦ ਪਾਣੀ ਦੀਆਂ ਝਾਲਰਾਂ
ਸਦੀਆਂ ਤੋਂ ਵਹਿ ਰਹੀਆਂ
ਸ਼ੇਰ ਵਾਂਗ ਗਰਜਦੀਆਂ ਲਗਾਤਾਰ
ਨਿਆਗਰਾ ਕੈਸੀਨੋ ਦੇ ਪੋਰਚ ਵਿਚ
ਅਸੀਂ ਕਾਰ ਖੜ੍ਹਾਈ
ਉਪਰ ਲੱਗੀਆਂ ਸੈਂਕੜੇ ਬੱਤੀਆਂ
ਕਾਰ ਦੇ ਬੋਨਟ ਵਿਚ ਚਮਕਣ ਲੱਗੀਆਂ
ਕੈਸੀਨੋ-
ਜਿਥੇ ਆਮ ਜਿਹੀ ਜ਼ਿੰਦਗੀ ਜਿਊਂਦਾ ਬੰਦਾ
ਕੁਝ ਡਾਲਰ ਦੀ ਟਿਕਟ ਲੈ ਅੰਦਰ ਵੜਦਾ
ਸੇਵਾ ਹੁੰਦੀ ਨਵਾਬਾਂ ਵਾਂਗ
ਜੂਆ ਘਰ ਵਿਚ
ਬੰਦੇ ਦੀ ਦਿੱਖ ਤੋਂ ਜ਼ਿਆਦਾ
ਰਿਸਕ ਦੀ ਕਦਰ ਪੈਂਦੀ।
ਛੱਤ ਉਪਰ ਲੱਗੇ ਨੇ ਥਾਂ ਥਾਂ ਖੁਫੀਆ ਕੈਮਰੇ
ਸਲਾਟ ਮਸ਼ੀਨਾਂ, ਤਾਸ਼, ਕੂਪਨਾਂ ਦਾ ਜੂਆ
ਤੇਜ਼ ਸੰਗੀਤ ਹੈ
ਧੂੰਏ ਦੇ ਕਸ਼ ਹਨ
ਵਾਈਨ ਤੇ ਬੀਅਰ ਦੇ ਕੁਝ ਮੱਘੇ ਮੁਫਤ ਨੇ
ਖੁੱਲ੍ਹੀਆਂ ਮਟਕਦੀਆਂ ਮਸਕਾਰੀਆਂ ਅੱਖਾਂ
ਫਸੀਆਂ ਸਕਰਟਾਂ
ਮੁਸਕਰਾਹਟਾਂ ਵਾਲੀਆਂ ਕੁੜੀਆਂ
ਰੱਖ ਰਹੀਆਂ ਨੇ ਸਭ 'ਤੇ ਨਿਗ੍ਹਾ
-ਆਹ ਖੇਡੋ, ਆਹ ਵੀ ਖੇਡੋ,
ਆਹ ਬਹੁਤ ਵਧੀਆ, ਆਹ ਜ਼ਰੂਰ ਖੇਡੋ
ਚਲੋ ਅੱਜ ਮੇਰੇ ਲਈ ਹੀ ਖੇਡੋ।'
ਮੇਰੇ ਮਿੱਤਰ ਹਰ ਵੀਕ ਐਂਡ ਇਥੇ ਆਉਂਦੇ
ਪਿਛਲੀ ਵਾਰੀ ਪੰਜ ਸੌ ਡਾਲਰ ਜਿੱਤਿਆ
ਅਗਲੇ ਦਾਅ 'ਤੇ ਰਿਸਕ ਲਿਆ
ਛੇ ਸੌ ਉਡਾ ਲਿਆ।
-ਵੀਹ ਸਾਲ ਹੋ ਗਏ
ਹਾਲੇ ਤੱਕ ਕਿਤੇ ਫਾਇਦਾ ਨਹੀਂ ਹੋਇਆ।
ਉਂਜ ਆਈਦਾ ਪੱਕਾ
ਕਾਟੋ......ਖੁਸ਼ ਹੋ ਜਾਂਦੀ।'

ਅਚਾਨਕ ਕੈਸੀਨੋ ਵਿਚ ਇਕਦਮ ਹੀ
ਸਾਰੇ ਪਾਸੇ ਰੌਲਾ ਪੈ ਗਿਆ।
ਇਕ ਅੱਧੀਆਂ ਬਾਹਾਂ ਦੀ
ਮੈਲੀ ਘਸਮੈਲੀ ਜਿਹੀ ਟੀ ਸ਼ਰਟ ਤੇ
ਅਣਵਾਹੇ ਜਿਹੇ ਵਾਲਾਂ ਵਾਲਾ ਮੈਕਸੀਕਾ
ਭੰਗੜਾ ਪਾ ਰਿਹਾ
ਖੀਵਾ ਹੋ ਕੇ ਨੱਚ ਰਿਹਾ।
ਉਸ ਨੇ ਜਿੱਤਿਆ ਹੈ ਵੱਡਾ ਦਾਅ
-ਕਈ ਲੱਖ ਡਾਲਰ ਦਾ ਜੈਕਪਾਟ।

ਉਹ ਬੱਸਾਂ ਬਦਲ ਬਦਲ ਕੈਸੀਨੋ ਆਇਆ ਸੀ
ਪਰ ਹੁਣ ਬਣ ਗਿਆ ਹੈ ਕਰੋੜਪਤੀ।
ਸਕਿਉਰਟੀ ਵਾਲੇ ਉਸ ਨੂੰ ਹਿਫਾਜ਼ਤ ਲਈ
ਇੱਜ਼ਤ ਨਾਲ ਲੈ ਗਏ ਨੇ ਅੰਦਰ।
ਨਾਲ ਨੱਚਦੀਆਂ ਮਟਕਦੀਆਂ ਕੁੜੀਆਂ ਦੀ ਡਾਰ
ਜ਼ਿੰਦਗੀ ਕਿਵੇਂ ਰੰਗ ਬਦਲਦੀ ਹੈ....!!

ਉਵੇਂ ਹੀ ਟਿਮਟਿਮਾ ਰਹੀਆਂ ਹਨ
ਬਾਹਰ ਲਾਈਟਾਂ ਗੱਡੀ ਦੇ ਬੋਨਟ 'ਤੇ,
ਉਵੇਂ ਹੀ ਵਹਿ ਰਹੀਆਂ ਹਨ
ਨਿਆਗਰਾ ਝਰਨੇ ਦੀਆਂ
ਦਿਓ ਕੱਦ ਪਾਣੀ ਦੀਆਂ ਝਾਲਰਾਂ
ਸਦੀਆਂ ਤੋਂ
ਸ਼ੇਰ ਵਾਂਗ ਗਰਜਦੀਆਂ।
ਤੇ ਬੰਦਾ ਪਲਾਂ ਵਿਚ ਹੀ
ਹੋਈ ਜਾਂਦਾ
ਲੱਖਾਂ ਤੋਂ ਕੱਖਾਂ
ਤੇ ਕੱਖਾਂ ਤੋਂ ਲੱਖਾਂ ਦਾ।

No comments:

Post a Comment