Monday, October 12, 2009

ਕੂੰਜਾਂ : ਫਿਰ ਅੱਠੋ ਅੱਠ


ਅਸੀਂ ਵੈਨਕੂਵਰ ਦੀ ਭੀੜ ਭੜੱਕੇ ਵਾਲੀ
ਸੜਕ ਤੋਂ ਲੰਘ ਰਹੇ ਹਾਂ।
ਸਾਡਾ ਦੋਸਤ ਮੇਜਰ ਦੱਸ ਰਿਹਾ ਹੈ
-ਬਾਬਿਓ ਆਪਣਾ ਕੰਮ ਵਧੀਆ,
ਦਿਮਾਗ ਜਮ੍ਹਾਂ ਹੀ ਨੀ ਖਰਚੀਦਾ
ਹੱਥਾਂ ਨਾਲ ਹੀ ਕੰਮ ਚਲਾਈਦਾ
ਬੱਤੀ ਟਾਇਰਾਂ ਵਾਲਾ ਟਰਾਲਾ ਭਜਾਈਦਾ।'

ਉਹ ਪੰਜ ਲੱਖ ਏਜੰਟ ਨੂੰ ਦੇ ਕੇ
ਤੁਰਕੀਓਂ, ਗਰੀਸ ਪਹੁੰਚਿਆ ਸੀ
ਫਿਰ ਕੰਟੇਨਰ 'ਚ ਵੜ
ਡੰਗਰਾਂ ਵਾਂਗ ਦੜ
ਕਨੇਡਾ ਪਹੁੰਚੇ ਕੁਝ ਕੁ ਜਿਉਂਦੇ ਬਚੇ
ਲੋਕਾਂ 'ਚੋਂ ਉਹ ਇਕ ਸੀ।
ਚਲਦੀ ਕਾਰ 'ਚੋਂ ਉਹ ਦਿਖਾਉਂਦਾ
-ਫੜੇ ਜਾਣ 'ਤੇ ਏਥੇ ਡੂਢ ਸਾਲ ਜੇਲ੍ਹ ਕੱਟੀ
ਜੇਲ੍ਹ ਕਾਹਦੀ, ਗੈਸਟ ਹਾਊਸ ਹੀ ਆ
ਰੋਟੀ ਦਾ ਜੁਗਾੜ ਵਧੀਆ
ਇਕੋ ਹੀ ਡਰ ਸੀ-ਬਈ ਡਿਪੋਰਟ ਨਾ ਕਰ ਦੇਣ।
ਜੇਲ੍ਹ 'ਚ ਹੀ ਸਿੱਖ ਲਏ
ਵਕੀਲਪੁਣੇ ਦੇ ਅਜਿਹੇ ਦਾਅਪੇਚ
ਕਿ ਹੁਣ ਤਾਂ ਨਵੇਂ ਰਫੂਜੀਆਂ ਦੇ
ਕਾਗਤ ਵੀ ਭਰਦਾਂ।'

ਸ਼ਹਿਰੋਂ ਨਿਕਲ
ਹਾਈਵੇ ਦੇ ਆਠਿਆਂ 'ਚੋਂ ਦੀ ਲੰਘਦੀ
ਸ਼ਾਮ ਢਲਦੇ ਢਲਦੇ ਗੱਡੀ
ਹਾਈਵੇ ਤੋਂ ਲਾਂਭੇ ਸੁੰਨਸਾਨ ਜਿਹੇ
ਰਾਹ ਤੇ ਪੈ ਕੇ
ਕਿਸੇ ਕਸਬੇ ਦੇ ਪੈਂਚਰ ਲਾਉਣ ਵਾਲੇ ਖੋਖੇ ਵਰਗੇ
ਇਕ ਗਰੀਬੜੇ ਜਿਹੇ ਗੈਸ ਸਟੇਸ਼ਨ 'ਤੇ ਰੁਕ ਗਈ।

-ਇਥੇ ਇਕ ਆਪਣਾ ਬਾਈ ਟਿਕਾਇਆ
ਰਫੂਜੀ ਆਇਆ, ਤਿੰਨ ਡਾਲੇ 'ਤੇ ਲਵਾਇਆ।
ਹਾਲ ਦੀ ਘੜੀ ਕਰਮਾਂ ਨੂੰ ਰੋਂਦਾ
ਵਾਸ਼ਰੂਮ ਵਿਚਲੀ ਪੜਛੱਤੀ 'ਤੇ ਹੀ ਸੌਂਦਾ।'

ਗੱਡੀ ਦੇਖ ਕੇ
ਰਫੂਜੀ ਬੰਟੀ ਭਜਿਆ ਆਇਆ
ਸਾਰਿਆਂ ਦੇ ਗੋਡੀਂ ਹੱਥ ਲਾਇਆ
ਛਲਕਦੀਆਂ ਅੱਖਾਂ ਨਾਲ ਹੱਥ ਮਿਲਾਇਆ
ਹਾਲ ਚਾਲ ਇਕੋ ਸਾਹ ਸੁਣਿਆ-ਸੁਣਾਇਆ।
ਵਿਚੇ ਹੀ ਪੰਪ 'ਤੇ ਆਇਆ
ਇੱਕ ਗਾਹਕ ਭੁਗਤਾਇਆ।

-ਇਹਨੇ ਕਨੇਡਾ ਇੰਨੀ ਕੁ ਦੇਖੀ
ਜਿੰਨੀ ਇਥੋਂ ਖੜ੍ਹ ਕੇ ਦਿਸਦੀ।'

-ਚੱਲ, ਬਾਈ ਕੱਢ ਸ਼ੀਸ਼ੀ
ਏਹਨੂੰ ਦੋ ਕੁ ਲੰਡੂ ਜਿਹੇ ਲਵਾਈਏ
ਇਹਦੀ ਕਾਟੋ ਦਾ ਜੀਅ ਭੋਰਾ ਪਰਚਾਈਏ....!'

-ਏਹਦਾ ਤੋਰੀ ਫੁਲਕਾ ਚਲਾਇਆ ਹੋਇਆ
ਕੇਸ ਲਾਇਆ ਹੋਇਆ
ਚਾਰ ਪੰਜ ਸਾਲ ਹੋਰ ਝੋਕੂ ਭੱਠ
ਫੇਰ ਸਾਰੀ ਉਮਰ ਅੱਠੋ ਅੱਠ।'
(ਡਿਪੋਰਟ- ਵਾਪਸ ਮੁਲਕ ਭੇਜ ਦੇਣਾ)

No comments:

Post a Comment