Monday, October 12, 2009

ਕੂੰਜਾਂ : ਕਦੋਂ ਦੇ ਖੜ੍ਹੇ ਨੇ


ਮੁੱਦਤਾਂ ਪਹਿਲਾਂ
ਤੁਰਿਆ ਸਾਂ ਜਦੋਂ ਘਰੋਂ
ਪਰਦੇਸ ਨੂੰ,
ਉਦੋਂ ਦੇ ਹੀ
ਚੇਤਿਆਂ ਵਿਚ ਅਟਕੇ ਪਏ ਨੇ ਕਈ ਪਲ -
ਫੋਟੋ ਫਰੇਮਾਂ ਵਾਂਗ।

-ਕਿ ਅੰਗੀਠੀ ਤੇ ਪਏ
ਟਿਕਟਿਕ ਕਰਦੇ ਚਾਬੀ ਵਾਲੇ ਟਾਈਮਪੀਸ ਨੇ
ਵਜਾਏ ਨੇ ਸ਼ਾਮ ਦੇ ਪੂਰੇ ਛੇ,
-ਫਲ੍ਹੇ ਵਿਚਦੀ ਲੰਘਦੇ ਕੇਹਰੂ ਨੇ
ਮਹੀਆਂ ਨੂੰ ਮਾਰਨ ਲਈ
ਚੁੱਕੀ ਹੈ ਪਰਾਣੀ,
-ਛੱਪੜ ਕੰਢੇ ਲੱਗੇ
ਬੋਹੜ ਦੇ ਟਾਹਣ ਤੋਂ
ਨੰਗ ਧੜੰਗੇ ਕਰਮੂ ਨੇ ਮਾਰੀ ਹੈ ਛਾਲ
-ਚਾਚੀ ਕਰਤਾਰੋ ਚੁੰਨੀ ਦੇ ਪੱਲੇ 'ਚੋਂ
ਉਲਟਾਉਣ ਲੱਗੀ ਹੈ ਕਣਕ
ਹੱਂਟੀ ਵਾਲੇ ਲਾਲੇ ਦੀ ਤੱਕੜੀ 'ਚ।
-ਚਿੰਤੋ ਬੇਬੇ ਟੋਕਰੇ 'ਚ ਪਾਥੀਆਂ ਚੁੱਕੀ
ਆਪਣੇ ਬੂਹੇ ਵੜਨ ਲੱਗੀ ਹੈ
-ਗੁਰਦਵਾਰੇ ਦਾ ਸਪੀਕਰ ਖੜਕਿਆ ਹੈ
ਤੇ ਲਮਕਾ ਕੇ ਭਾਈ ਜੀ ਨੇ ਕਿਹਾ ਹੈ
ਵਾ ਹਿ ਗੁ ਰੂ ....!
-ਗੇਂਦੀ ਅਮਲੀ ਦਾ ਨਿਆਣਾ
ਟਾਇਰ ਭਜਾਈ ਆਉਂਦਾ ਅੜ੍ਹਕ ਕੇ
ਡਿੱਗਣ ਲੱਗਾ ਹੈ।
-ਬੀਨ ਵਜਾਉਂਦੇ ਜਾਂਦੇ ਜੋਗੀ ਪਿੱਛੇ
ਭੱਜੀ ਜਾਂਦੀ ਹੈ ਜੁਆਕਾਂ ਦੀ ਹੇੜ੍ਹ
-ਮਾਸਟਰ ਜੀ ਦੇ ਸਾਈਕਲ ਨੂੰ
ਪੈਂਚਰ ਲਾ ਰਿਹਾ ਹੈ ਵੇਦਾ ਬਾਈ,
-ਧਾਰ ਚੋਣ ਬੈਠੀ ਚਾਚੀ ਨੇ
ਨਿੱਕੇ ਗੇਲੀ ਦੇ ਮੂੰਹ ਵੱਲ ਧਾਰ ਮਾਰੀ ਹੈ
ਉਹ ਮੂੰਹ ਅੱਡੀ ਅੱਖਾਂ ਬੰਦ ਕਰੀ ਖੜ੍ਹਾ ਹੈ.....।

ਚੇਤਿਆਂ ਵਿਚ ਹਮੇਸ਼ਾ ਲਈ ਅਟਕੇ ਪਏ ਨੇ
ਇਹ ਪਲ, ਫੋਟੋ ਫਰੇਮਾਂ ਵਾਂਗ....
ਹੁਣ ਵਰ੍ਹਿਆਂ ਪਿਛੋਂ
ਪਿੰਡ ਨੂੰ ਪਰਤਣ ਲੱਗਿਆਂ ਹਾਂ
-ਤਾਂ ਕਿ ਭਰਾਂ ਟਾਈਮਪੀਸ ਨੂੰ ਚਾਬੀ
-ਦੇਖਾਂ ਪਰਾਣੀ ਵਰ੍ਹਨ ਤੇ ਛੜੱਪਾ ਮਾਰਦੀ ਮੱਝ
-ਸੁਣਾਂ ਛੱਪੜ 'ਚ ਛਾਲ ਮਾਰਦੇ ਕਰਮੂ ਕਰਕੇ
ਆਉਂਦੀ ਛਲੱਪ ਦੀ ਆਵਾਜ਼
-ਲਾਲਾ ਤੋਲ ਕੇ ਚਾਚੀ ਕਰਤਾਰੋ ਨੂੰ ਦੱਸੇ
ਕਿੰਨੇ ਦੀ ਬਣੀ ਕਣਕ
-ਚਿੰਤੋ ਬੇਬੇ ਰੱਖ ਕੇ ਟੋਕਰਾ ਇੰਨੂ ਟੰਗੇ ਕਿੱਲੇ 'ਤੇ
-ਵਾਕ ਲਵੇ ਭਾਈ ਜੀ।
-ਗੇਂਦੀ ਦੇ ਨਿਆਣੇ ਦੇ ਛਿੱਲ੍ਹੇ ਗਏ ਗੋਡੇ 'ਤੇ
ਲੱਗੇ 'ਸੀਬਾਜੋਲ' ਦੀ ਗੋਲੀ
-ਜੋਗੀ ਦਿਖਾਵੇ ਨਿਆਣਿਆਂ ਨੂੰ ਸੱਪ ਦਾ ਨਾਚ
-ਵੇਦਾ ਪੈਂਚਰ ਲਾ ਕੇ ਸਾਈਕਲ ਕਰੇ ਸਿੱਧਾ,
ਮਾਸਟਰ ਜੀ ਸਾਈਕਲ ਦੀ ਕਾਠੀ ਤੇ ਹੱਥ ਮਾਰਨ
ਤੇ ਪਹੁੰਚਣ ਘਰੇ
-ਤੇ ਨਿੱਕਾ ਗੇਲੀ ਧਾਰ ਮੂੰਹ 'ਤੇ ਪੈਣ 'ਤੇ ਮਾਰੇ ਚਾਂਭਲ।

ਮੁਕਤ ਹੋਣ ਸਾਰੇ -
ਕਦੋਂ ਦੇ ਖੜ੍ਹੇ
ਮੈਨੂੰ ਉਡੀਕੀ ਜਾ ਰਹੇ ਨੇ

1 comment:

  1. I will try read your all poetry, I am very interested in poetry.
    When I completed your KOONJAN, then I shall contact you, if you received my message, kindly contact me.
    I shall be highly thankful to you for this act.
    Hardev Singh Minhas (Jandi)
    Webtech Computers, JAGRAON,
    District Ludhiana, Punjab,
    India, 01624-543401 (office)
    01624-281202(residence)
    94648-22932 (Mobile)
    webtech1313@gmail.com

    ReplyDelete