Monday, October 12, 2009

ਕੂੰਜਾਂ : ਝੂਠਾ ਚੰਦ

(ਟਰਾਂਟੋ ਦੇ ਇੱਕ ਵੱਡੇ ਮਾਲ ਵਿਚ)
ਮੂੰਹ 'ਤੇ
ਕਾਹਲ ਦੇ, ਸਕੂਨ ਦੇ,
ਖੁਸ਼ੀ ਦੇ, ਉਦਾਸੀ ਦੇ,
ਮਖੌਟੇ ਲਾਈ
ਹੱਥਾਂ 'ਚ ਭਰੇ ਹੋਏ ਲਫਾਫੇ ਚੁੱਕੀ
ਬੁਲ੍ਹਾਂ 'ਚੋਂ ਹਾਏ ਜਾਂ ਸੌਰੀ ਦੇ ਗੁਬਾਰੇ ਉਡਾਉਂਦੇ,
ਵਾਹੋ-ਦਾਹ
ਅੰਦਰ ਬਾਹਰ ਭੱਜੇ ਤੁਰੇ ਜਾਂਦੇ ਨੇ ਲੋਕ।
ਹਰੇਕ ਦੁਕਾਨ 'ਤੇ ਖੜ੍ਹੀਆਂ ਨੇ
ਸਜੀਆਂ ਹੋਈਆਂ ਸੇਲਜ਼ ਗਰਲਜ਼
ਚੀਜ਼ਾਂ ਨੂੰ ਸਾਫ ਕਰ ਰਹੀਆਂ ਲਗਾਤਾਰ।
ਸ਼ੋਅ ਕੇਸਾਂ 'ਚ ਤੱਕਣ ਵਾਲਿਆਂ ਵੱਲ ਸੁੱਟਦੀਆਂ
ਚਿੱਟਿਆਂ ਦੰਦਾਂ ਦੀ ਵਪਾਰਕ ਚਮਕਾਰ।
ਦੁਕਾਨ ਤੇ ਖੜ੍ਹੀ ਮੁਟਿਆਰ ਵਿਕਦੀ
ਕਿ ਸਮਾਨ ਵਿਕਦਾ ?
ਕਿ ਮੁਟਿਆਰ ਦੀ ਚਮਕਾਰ ਕਰਕੇ ਸਮਾਨ ਵਿਕਦਾ!

ਮਾਰਕੀਟ ਉਪਰੋਂ ਥਲੋਂ ਬੰਦ
ਪਰ ਵਿੱਚ
ਝੂਠ ਮੂਠ ਦਾ ਦਿਲ ਪਰਚਾਉਂਦਾ ਚੰਦ।
ਵਿੱਚ ਲੱਗੇ ਨੇ ਬਣਾਉਟੀ ਦਰਖਤ।

ਇਕ ਪਾਕਿਸਤਾਨੀ ਮੁੱਲਾ ਖੜ੍ਹਾ
ਫੁੱਲਾਂ ਦੀ ਦੁਕਾਨ ਸਜਾਈ,
ਇਕ ਚੀਨਾ ਵੇਚ ਰਿਹਾ -
ਫਰੈਂਡਸ਼ਿਪ ਬੈਂਡ
ਫੈਂਗਸ਼ੂਈ ਦੀਆਂ ਟੱਲੀਆਂ
ਤੇ 'ਮੇਡ ਇਨ ਚਾਈਨਾ' ਵਾਲੇ ਕਨੇਡਾ ਦੇ ਝੰਡੇ।
ਕੈਫਿਆਂ ਵਿਚ ਬੈਠੇ ਰੰਗ ਬਿਰੰਗੇ ਲੋਕ
ਡਕਾਰ ਰਹੇ ਨੇ ਕਾਲੀ ਕੌੜੀ ਕੌਫੀ ਦੇ ਮੱਘੇ
ਤੁੰਨ ਰਹੇ ਨੇ ਬਰਗਰਾਂ ਵਿੱਚ ਮੂੰਹ
ਕੋਕ ਬੱਤਿਆਂ ਦੀਆਂ ਕੇਨਾਂ ਨਾਲ
ਸਿੰਜ ਰਹੇ ਮੋਟੇ ਢਿੱਡਾਂ ਨੂੰ।

ਕੁਝ ਲੋਕ ਲੱਭਣ ਆਏ ਨੇ,
ਕੋਈ ਸ਼ੈਅ ਸਸਤੀ
ਕੁਝ ਕਰਨ ਆਏ ਸਿਰਫ ਮਸਤੀ।
ਕਿਸੇ ਮੰਜ਼ਿਲ 'ਤੇ
ਜਨਾਨੀਆਂ ਦੀ ਨਿੱਕਸੁੱਕ
ਕਿਤੇ ਨਿਆਣਿਆਂ ਲਈ ਕੱਪੜੇ
ਕਿਤੇ ਵੱਡਿਆਂ ਲਈ
ਇਕੱਲ ਨੂੰ ਮਿਟਾਉਣ ਲਈ ਖਿਡੌਣੇ।
ਵੀਡੀਓ ਗੇਮਾਂ, ਦਿਲ ਪਰਚਾਵੇ ਦਾ
ਬਹੁਤ ਸਾਰਾ ਮਾਲ ਹੈ
ਮਾਲ ਬਹੁਤ ਵਿਸ਼ਾਲ ਹੈ।

ਪਰ ਬਟੂਆ ਜੇ ਟਾਈਟ ਹੈ
ਪੌਪ ਕਾਰਨ ਲੈ ਕੇ
ਤੁਰੇ ਫਿਰਨਾ ਰਾਈਟ ਹੈ।
(ਫਰੈਂਡਸ਼ਿਪ ਬੈਂਡ - ਦੋਸਤੀ ਦੀ ਨਿਸ਼ਾਨੀ, ਪੌਪ ਕਾਰਨ-ਭੁੱਜੀ ਮੱਕੀ ਦੀਆਂ ਖਿੱਲਾਂ)
(ਫੈਂਗਸ਼ੂਈ - ਘਰਾਂ ਵਿਚ ਸੁੱਖ ਸ਼ਾਂਤੀ ਰੱਖਣ ਵਾਲਾ ਚੀਨੀ ਗਿਆਨ ਸ਼ਾਸਤਰ।)

No comments:

Post a Comment