Monday, October 12, 2009

ਕੂੰਜਾਂ : ਇਕ ਰਾਤ ਪੱਬ 'ਚ


(ਸਰੀ, ਵੈਨਕੂਵਰ)
ਪੱਬ 'ਚ ਇੰਨੇ ਸਾਰੇ ਮੁੰਡੇ ਕੁੜੀਆਂ
ਨੰਗੀਆਂ ਧੁੰਨੀਆਂ
ਨੰਗੀਆਂ ਲੱਤਾਂ
ਇਹ ਰਾਤ ਦਾ ਕਿਹੜਾ ਪਹਿਰ ਹੈ

ਇਹ ਨੱਚਣਾ ਕਦੋਂ ਬੰਦ ਕਰਨਗੇ
ਕਦੋਂ ਸੌਣਗੇ!
ਕਦੋਂ ਜਾਗਣਗੇ!

-ਅੱਜ ਵੀਕਐਂਡ ਹੈ
ਇਹ ਇੰਜ ਹੀ ਸਾਰੀ ਰਾਤ ਨੱਚਣਗੇ
ਸਾਰੀ ਰਾਤ ਪੀਣਗੇ
ਭੰਬੂਕੇ ਵਾਂਗ ਮੱਚਣਗੇ।

ਰਾਤ ਕਾਫੀ ਬੀਤ ਗਈ ਹੈ
ਵਰ੍ਹਦੇ ਮੀਂਹ 'ਚ ਬਾਹਰ ਖੜ੍ਹੇ
ਜਿਸ ਬੁੱਢੇ ਨੀਗਰੋ ਮੰਗਤੇ ਦੀ
ਫਿੱਡੀ ਪੁੱਠੀ ਟੋਪੀ 'ਚ
ਅਸੀ ਟੂਨੀ ਰੱਖ ਕੇ ਆਏ ਸੀ
ਉਹ ਹੁਣ ਅੰਦਰ ਆ ਗਿਆ ਹੈ
ਨਾਲ ਦੀ ਕੁਰਸੀ ਤੇ ਬੈਠਾ
ਸਿਗਰਟ ਮਘਾਈ, ਬੀਅਰ ਲਾ ਰਿਹਾ ਹੈ
ਸੰਗੀਤ ਨਾਲ ਸਿਰ ਘੁਮਾ ਰਿਹਾ ਹੈ।
ਮੇਰਾ ਦੋਸਤ ਦੱਸਦਾ ਹੈ
-ਮੰਗ ਕੇ ਪੀਂਦਾ ਹੈ, ਲੁੱਟ ਕੇ ਤਾਂ ਨਹੀਂ
ਇਥੇ ਲੁੱਟ ਕੇ ਪੀਣ ਵਾਲੇ ਵੀ ਹਨ!'

ਹੁਣੇ ਇਹ ਲੋਰ ਵਿਚ ਨੱਚੇਗਾ
ਅੜੇ ਥੁੜੇ ਕਿਸੇ ਦਾ ਬਿੱਲ ਵੀ ਦੇਵੇਗਾ ਤਾਰ
ਲਾ ਕੇ ਚਾਰ ਗਲਾਸੀਆਂ
ਹੋਊ ਨਿਹਾਲ ਕਿਸੇ 'ਤੇ
ਪੂਰੀ ਭਾਨ ਦੇਵੇਗਾ ਵਾਰ।

-ਪਰ ਕੱਲ੍ਹ ਸ਼ਾਮੀਂ ਉਵੇਂ ਹੀ ਪੱਬ ਦੇ ਬਾਹਰ
ਫਿਰ ਚੁੱਪਚਾਪ
ਟੋਪੀ ਪੁੱਠੀ ਕਰੀ ਖੜ੍ਹਾ ਮਿਲੇਗਾ
(ਟੂਨੀ - ਦੋ ਡਾਲਰ ਦਾ ਸਿੱਕਾ)

No comments:

Post a Comment