ਕਨੇਡਾ ਦੀ ਜ਼ਿੰਦਗੀ ਬਾਰੇ ਮੇਰਾ ਦੋਸਤ
ਦੱਸ ਰਿਹਾ ਹੈ-
ਆਪਣਿਆਂ ਨੇ ਤਾਂ
ਬਾਥਰੂਮ ਵਿਚ ਬੱਲਬ ਵੀ ਬਦਲਣਾ ਹੋਵੇ
ਤਾਂ ਦਸ ਦਿਨ ਸੋਚੀ ਹੀ ਜਾਣਗੇ...!
ਗੋਰੇ ਜਮ੍ਹਾਂ ਈ ਨਹੀਂ ਡਰਦੇ।
ਸੜਕਾਂ ਤੇ ਸਕੇਟ ਬੋਰਡ ਪਾਈ ਫਿਰਨਗੇ
ਬੰਗੀ ਜੰਪ ਲਾਉਂਦੇ
ਕਦੇ ਚੜ੍ਹਾਈ ਵੀ ਕਰ ਜਾਣਗੇ.....!
ਪੰਜਾਹਾਂ ਨੂੰ ਢੁੱਕੀਆਂ ਗੋਰੀਆਂ
ਭੋਰਾ ਭੋਰਾ
ਅੰਗੀਆਂ ਚੱਡੀਆਂ ਜਿਹੀਆਂ ਪਾ ਕੇ
ਪਹਾੜੀਂ ਤੁਰ ਜਾਣਗੀਆਂ।
-ਘਰ ਦੇ ਅੰਦਰ ਬਾਹਰ ਬਗੀਚੇ ਸੰਵਾਰਦੀਆਂ
ਮੁਰਗੀਆਂ ਵਾਂਗ
ਬੁੜ੍ਹਕਦੀਆਂ ਫਿਰਨਗੀਆਂ।
ਅੰਗਰੇਜ਼ ਹਰ ਵੀਕਐਂਡ
ਕਿਧਰੇ ਛੁੱਟੀ ਮਨਾਉਣਗੇ
ਆਪਣੀਆਂ ਖੁਦ ਦੀਆਂ ਹਾਊਸ ਬੋਟਾਂ ਚਲਾਉਣਗੇ
ਵਾਟਰ ਸਕੂਟਰ ਭਜਾਉਣਗੇ
ਮਹਿੰਗੇ ਥਾਂ ਮਾਲਸ਼ਾਂ ਕਰਾਉਣਗੇ
ਹਫਤੇ ਦੀ ਸਾਰੀ ਕਮਾਈ ਉਡਾਉਣਗੇ
ਪਰ ਸ਼ੁਗਲ ਪੂਰਾ ਲਾਉਣਗੇ।
ਤੇ ਆਪਣਿਆਂ ਦੀ ਸੁਣ ਲਓ
ਸਭ ਤੋਂ ਵੱਡਾ ਸ਼ੁਗਲ ਮੇਲਾ
ਕਿਸੇ ਬੀਚ 'ਤੇ ਚਲੇ ਜਾਣਗੇ
ਡਕਾਰੀ ਜਾਣਗੇ ਬੋਤਲਾਂ ਸਕਾਚ ਦੀਆਂ
ਬੱਸ ਕਰਾ ਦੇਣਗੇ ਮੁਰਗਿਆਂ ਦੀ
ਲੈਂਡਕਰੂਜ਼ਰ ਦੀ ਟੇਪ ਰਿਕਾਰਡ 'ਤੇ
ਆਵਾਜ਼ ਦਾ ਨੱਕਾ ਫੁੱਲ ਛੱਡਣਗੇ।
ਕੱਢਣਗੇ ਆਪੋ ਵਿਚ ਹੀ ਧੜੀ-ਧੜੀ ਦੀਆਂ ਗਾਲ੍ਹਾਂ
-ਕਦੇ ਅਕਾਲੀਆਂ-ਕਾਂਗਰਸੀਆਂ ਤੋਂ ਸ਼ੁਰੂ ਹੋ ਕੇ
ਆਪਣੇ ਸੱਸ ਸਹੁਰੇ 'ਤੇ ਖਤਮ ਹੋਣਗੇ।
ਕਦੇ ਅੰਗਰੇਜ਼ਾਂ ਦੀ ਮਾਂ-ਧੀ ਇਕ ਕਰਨਗੇ।
ਕਦੇ ਆਪੋ 'ਚ ਹੀ ਗਾਲ੍ਹਾਂ ਕੱਢ
ਅੱਧਾ ਬੀਚ ਖਾਲੀ ਕਰਾ ਦੇਣਗੇ।
ਫਿਰ ਖਾਲੀ ਬੋਤਲ ਭੰਨਣ ਲਈ ਕੰਧ ਲੱਭਦੇ ਫਿਰਨਗੇ।
ਕੰਧ ਨਹੀਂ ਲੱਭਦੀ ਤਾਂ ਕਨੇਡਾ ਨੂੰ ਕੋਸਣਗੇ
-ਇਦੂੰ ਤਾਂ ਇੰਡੀਆ ਹੀ ਵਧੀਆ ਸੀ
ਜਿਥੇ ਮਰਜ਼ੀ ਭੰਨੋ।'
ਜੇ ਘਸੁੰਨ ਮੁੱਕੀ ਹੋਣੋਂ ਬਚ ਵੀ ਜਾਣ
ਤਾਂ ਇਕ ਦੂਏ ਨੂੰ ਘਰੋ ਘਰੀ
ਸਵੇਰ ਤੱਕ ਲਾਹੁੰਦੇ ਫਿਰਨਗੇ।
ਅੱਧਿਆਂ ਨੂੰ ਮਿਲੀਆਂ ਹੁੰਦੀਆਂ ਨੇ ਟਿਕਟਾਂ
ਅੱਧਿਆਂ ਨੂੰ ਘਰ-ਦੀ ਦੀਆਂ ਗਾਲ੍ਹਾਂ।
ਫਿਰ ਸਾਰਾ ਹਫ਼ਤਾ ਕੋਈ ਕਿਸੇ ਨੂੰ ਫੋਨ ਨਹੀਂ ਕਰਦਾ।
(ਸਕੇਟਬੋਰਡ- ਫਰਸ਼ ਉਤੇ ਰਿੜ੍ਹਨ ਲਈ ਪਹੀਏਦਾਰ ਜੁੱਤੀ)
(ਬੰਗੀ ਜੰਪ-ਉਚਾਈ ਤੋਂ ਪੈਰਾਂ ਨੂੰ ਰਬੜ ਦਾ ਰੱਸਾ ਬੰਨ੍ਹ ਕੇ ਸ਼ੁਗਲ ਲਈ ਪੁੱਠੀ ਛਾਲ ਮਾਰਨਾ)
(ਲੈਂਡਕਰੂਜ਼ਰ-ਮਹਿੰਗੀ ਵੱਡੀ ਗੱਡੀ, ਟਿਕਟਾਂ-ਚਲਾਨ)
Subscribe to:
Post Comments (Atom)
No comments:
Post a Comment