Tuesday, October 13, 2009

ਕੂੰਜਾਂ : ਪ੍ਰਵਾਸੀ ਪੰਜਾਬੀਆਂ ਦੇ ਮਨ ਦੀਆਂ ਪਰਤਾਂ - ਸੁਰਜੀਤ ਪਾਤਰ

ਕੰਵਲਜੀਤ ਢੁੱਡੀਕੇ ਦੀ ਬਹੁਮੁਖੀ ਪ੍ਰਤਿਭਾ ਨੇ ਹਮੇਸ਼ਾ ਮੈਨੂੰ ਬਹੁਤ ਪ੍ਰਭਾਵਿਤ ਕੀਤਾ ਹੈ। 1997 ਵਿਚ ਛਪੀ ਕਵਿਤਾਵਾਂ ਦੀ ਪੁਸਤਕ 'ਬਿਨਾ ਪਤੇ ਵਾਲਾ ਖ਼ਤ' ਨਾਲ ਉਹ ਨਵੇਂ ਕਵੀਆਂ ਦੀ ਪਹਿਲੀ ਕਤਾਰ ਵਿਚ ਸ਼ਾਮਲ ਹੋ ਗਿਆ ਸੀ। ਫਿਰ ਉਹ ਆਪਣੀਆਂ ਫੋਟੋ ਸਲਾਈਡਜ਼ ਦੀਆਂ ਕਲਾਮਈ ਤੇ ਕਾਵਿਕ ਪੇਸ਼ਕਾਰੀਆਂ ਤੇ ਫੋਟੋ ਪ੍ਰਦਰਸ਼ਨੀਆਂ ਸਦਕਾ ਚਰਚਿਤ ਰਿਹਾ। ਦੂਰਦਰਸ਼ਨ ਜਲੰਧਰ ਦੀ ਸਕਰੀਨ ਨੇ ਉਸਦਾ ਚਿਹਰਾ ਸਦਾ ਸਾਡੇ ਸਨਮੁਖ ਰੱਖਿਆ। ਕਨੇਡਾ ਅਤੇ ਅਮਰੀਕਾ ਦੇ ਰਸਾਲਿਆਂ ਵਿਚ ਉਸ ਦੇ ਕਾਲਮ ਅਤੇ ਰੇਡੀਓ ਸਟੇਸ਼ਨਾਂ ਤੋ ਬਰਾਡਕਾਸਟ ਹੋਣ ਵਾਲੀਆਂ ਉਸਦੀਆਂ ਖ਼ਬਰਾਂ ਤੇ ਵਿਸ਼ੇਸ਼ ਕਰ ਕੇ ਰਿਪੋਰਟਾਂ ਆਲੇ ਦੁਆਲੇ ਪ੍ਰਤੀ ਉਸ ਦੀ ਬਹੁਪੱਖੀ ਚੇਤਨਾ ਦਾ ਪ੍ਰਮਾਣ ਬਣੀਆਂ ਰਹੀਆਂ। ਮੈਂ ਉਹਨੂੰ ਹਮੇਸ਼ਾ ਜਾਗਦੀ ਚੇਤਨਾ ਵਾਲੇ ਪ੍ਰਤਿਭਾਸ਼ੀਲ, ਸੰਵੇਦਨਸ਼ੀਲ ਅਤੇ ਵਿਵੇਕੀ ਕਲਾਕਾਰ ਦੇ ਤੌਰ 'ਤੇ ਜਾਣਿਆ ਹੈ। ਉਸਦੀ ਨਵੀਂ ਕਾਵਿ-ਰਚਨਾ ਕੂੰਜਾਂ ਨਾਲ ਮੇਰੇ ਮਨ ਵਿਚ ਉਸ ਦੀ ਛਾਪ ਹੋਰ ਗੂੜ੍ਹੀ ਤੇ ਪ੍ਰਭਾਵਸ਼ਾਲੀ ਹੋਈ ਹੈ। ਕੂੰਜਾਂ ਕਾਵਿਕ ਰਚਨਾ ਹੈ, ਨਿਰਸੰਦੇਹ ਕੰਵਲਜੀਤ ਦੀ ਕਾਵਿਕ ਪ੍ਰਤਿਭਾ ਦੀ ਪ੍ਰਾਪਤੀ, ਪਰ ਇਸ ਦੀ ਰਚਨਾ ਵਿਚ ਉਸਦੇ ਹੋਰ ਹੁਨਰਾਂ ਨੇ ਵੀ ਹਿੱਸਾ ਪਾਇਆ ਹੈ। ਮਿਸਾਲ ਦੇ ਤੌਰ ਤੇ ਜੇ ਉਹ ਫੋਟੋਗ੍ਰਾਫ਼ਰ ਨਾ ਹੁੰਦਾ ਤਾਂ ਸ਼ਾਇਦ ਕਦੋਂ ਦੇ ਖੜ੍ਹੇ ਨੇ ਨਾਮ ਦੀ ਕਵਿਤਾ ਏਨੇ ਪ੍ਰਭਾਵਸ਼ਾਲੀ ਢੰਗ ਨਾਲ ਨਾ ਲਿਖ ਸਕਦਾ :
ਮੁੱਦਤਾਂ ਪਹਿਲਾਂ
ਤੁਰਿਆ ਸਾਂ ਜਦੋਂ ਘਰੋਂ
ਪਰਦੇਸ ਨੂੰ
ਉਦੋਂ ਦੇ ਹੀ
ਚੇਤਿਆਂ ਵਿਚ ਅਟਕੇ ਪਏ ਨੇ ਕਈ ਪਲ
ਫੋਟੋ ਫਰੇਮਾਂ ਵਾਂਗ-
- ਅੰਗੀਠੀ 'ਤੇ ਪਏ
ਟਿਕਟਿਕ ਕਰਦੇ ਚਾਬੀ ਵਾਲੇ ਟਾਈਮਪੀਸ ਨੇ
ਵਜਾਏ ਨੇ ਸ਼ਾਮ ਦੇ ਪੂਰੇ ਛੇ
- ਫਲ੍ਹੇ ਵਿਚਦੀ ਲੰਘਦੇ ਕੇਹਰੂ ਨੇ
ਮਹੀਆਂ ਨੂੰ ਮਾਰਨ ਲਈ
ਚੁੱਕੀ ਹੈ ਪਰਾਣੀ....
- ਛੱਪੜ ਕੰਢੇ ਲੱਗੇ
ਬੋਹੜ ਦੇ ਟਾਹਣ ਤੋਂ
ਨੰਗ ਧੜੰਗੇ ਕਰਮੂ ਨੇ
ਮਾਰੀ ਹੈ ਛਾਲ੩....

ਪਿੰਡ ਨੂੰ ਪਰਤਣ ਲੱਗਿਆ ਹਾਂ....

ਮੁਕਤ ਹੋਣ ਸਾਰੇ
ਕਦੋਂ ਦੇ ਖੜ੍ਹੇ
ਮੈਨੂੰ ਉਡੀਕੀ ਜਾ ਰਹੇ ਨੇ।
ਸਿਰਫ਼ ਇਸ ਕਵਿਤਾ ਵਿਚ ਹੀ ਨਹੀਂ ਬਾਕੀ ਸਾਰੀਆਂ ਕਵਿਤਾਵਾਂ ਵਿਚ ਵੀ ਕੰਵਲਜੀਤ ਦੁਆਰਾ ਕੀਤੇ ਬਾਰੀਕ ਸ਼ਾਬਦਿਕ ਚਿਤ੍ਰਣ ਵਿਚ ਉਸਦੀ ਕੈਮਰੇ ਨਾਲ ਦੇਖਣ ਵਾਲੀ ਅੱਖ ਦਾ ਕਮਾਲ ਸ਼ਾਮਲ ਹੈ। ਇਸ ਦ੍ਰਿਸ਼ਟੀ ਸਦਕਾ ਹੀ ਉਸ ਨੇ ਕੂੰਜਾਂ ਵਿਚ ਪਰਦੇਸੀ ਪੰਜਾਬੀਆਂ ਦੀ ਜ਼ਿੰਦਗੀ ਨੂੰ ਏਨੀ ਬਾਰੀਕਬੀਨੀ, ਏਨੇ ਸ਼ਊਰ ਤੇ ਏਨੇ ਕਲਾਮਈ ਢੰਗ ਨਾਲ ਚਿਤ੍ਰਿਆ ਹੈ :
ਬਾਈ, ਘੁੰਮਣ ਫਿਰਨ ਨੂੰ
ਇਸ ਮੁਲਕ ਦੀ ਰੀਸ ਨਹੀਂ
ਪਰ ਰਹਿਣ, ਕੰਮ ਕਰਨ ਤੇ ਜਿਊਣ ਲਈ
ਇਦੂੰ ਵੱਡੀ ਚੀਸ ਨਹੀਂ।
ਆਪਣੇ ਹਮਜਮਾਤੀ ਦੋਸਤ ਗੁਰਚਰਨ ਦੇ ਇਨ੍ਹਾਂ ਬੋਲਾਂ ਤੋਂ ਲੈ ਕੇ ਪਾਖਰ ਸਿੰਘ ਦੇ ਚਿੱਤ ਤੱਕ :
ਜਗਮਗ ਕਰਦੇ ਸ਼ਹਿਰਾਂ ਚ ਰਹਿਨੇ ਹਾਂ
ਕੋਈ ਫ਼ਿਕਰ ਨੀ
ਪਿੰਡ ਹੁੰਦੇ ਹਾਲੇ ਵੀ ਬਲਦਾਂ ਦੇ ਚੱਡਿਆ ਚ
ਪਰਾਣੀ ਤੁੰਨੀ ਜਾਣੀ ਸੀ
ਉਹ ਵਨ-ਵੇਅ ਟਰੈਫਿਕ, ਗੋਰੀ ਚਮੜੀ, ਸਭ ਕੁਝ ਪੁੱਠਾ, ਕੰਟਰੋਲ ਆਦਿ ਕਵਿਤਾਵਾਂ ਰਾਹੀਂ ਪੰਜਾਬੀ ਪਰਵਾਸੀਆਂ ਦੇ ਅਨੁਭਵ ਦੇ ਅਨੇਕ ਰੰਗਾਂ ਨੂੰ ਚਿਤਰਦਾ ਤੇ, ਵਿਵਹਾਰਾਂ ਦਾ ਵਰਣਨ ਕਰਦਾ ਹੈ :
ਜੋ ਬੰਦਾ ਪਰਦੇਸੀਂ ਤੁਰਦਾ
ਕੁਝ ਸੁਪਨੇ ਅੱਖੀਂ ਲੈ ਤੁਰਦਾ
ਸਭ ਤੋਂ ਰੰਗਲਾ ਸੁਪਨਾ ਹੁੰਦਾ
ਰਹਿਣ ਲਈ ਕੁਝ
ਖਾਣ ਲਈ ਕੁਝ
ਜਿਉਣ ਲਈ ਕੁਝ
ਕਰ ਕੇ ਖੱਟੀ
ਸਾਂਭ ਕੇ ਹੱਟੀ
ਅਪਣੀ ਮਿੱਟੀ ਵੱਲ ਧਾਵਾਂਗਾ
ਵਾਪਸ ਘਰ ਨੂੰ ਮੁੜ ਆਵਾਂਗਾ੩....
----
ਜੀਅ ਕਰਦਾ ਮੁੜ ਚੱਲੀਏ, ਸਭ ਕੁਝ ਇਧਰੋਂ ਪੁੱਟ
ਵਤਨੀਂ ਪੈਰ ਰਖੇਦਿਆਂ, ਸਭ ਸੋਚਣ ਲਈਏ ਲੁੱਟ
----
ਪੁਲਸ ਦੀਆਂ ਕੰਡਮ ਕਾਰਾਂ ਖਰੀਦ
ਟੈਕਸੀਆਂ ਬਣਾ ਲਗਾਤਾਰ ਭਜਾਉਦੇ ਹਾਂ
ਪਿੰਡ ਦੀਆਂ ਪੱਤੀਆਂ ਭਾਂਵੇਂ ਨਾ ਯਾਦ ਹੋਣ
ਪਰ ਏਥੇ ਇਕ ਇਕ ਐਵੇਨਿਊ ਜਾਣਦੇ ਹਾਂ
----
ਹੁੱਕਰ ਤੜਫੀ
ਪੰਜਾਬੀ 'ਤੇ ਆਈ
ਮੂੰਹ ਸੰਭਾਲ ਕੇ
ਪ੍ਰਵਾਸੀ ਦੋਸਤਾਂ ਦੀਆਂ ਮਹਿਫ਼ਲਾਂ, ਰੌਕਸੀ ਬਾਰ, ਨਿਆਗਰਾ ਫ਼ਾਲਜ਼ ਕਸੀਨੋ, ਗੁਰਦੁਆਰੇ, ਇਨ੍ਹਾਂ ਸਭਨਾਂ ਦੇ ਜ਼ਾਹਰ ਤੇ ਬਾਤਿਨ ਦ੍ਰਿਸ਼ ਉਸ ਦੀਆਂ ਇਨ੍ਹਾਂ ਕਵਿਤਾਵਾਂ ਵਿਚ ਮਿਲਦੇ ਹਨ। ਕਵਿਤਾ ਸ਼ੁਗਲ ਮੇਲਾ ਵਿਚ ਉਸਨੇ ਗੋਰਿਆਂ ਅਤੇ ਆਪਣੇ ਲੋਕਾਂ ਦੀ ਜੀਵਨ - ਸ਼ੈਲੀ ਦੇ ਅੰਤਰ ਨੂੰ ਚਿਤਰਿਆ ਹੈ। ਗਰਾਊਜ਼ ਪਹਾੜੀ 'ਤੇ ਕਲਾਕਾਰ ਗਲੈਨ ਗਰੀਨਸਾਈਡ ਦੀ ਕਾਠ-ਕਲਾ ਦਾ ਬਹੁਤ ਦਿਲਚਸਪ ਅਤੇ ਪ੍ਰਭਾਵਸ਼ਾਲੀ ਬਿਆਨ ਹੈ। ਫੈਰੀਆਂ ਦੀਆਂ ਫੇਰੀਆਂ ਤੁਸਾਦ ਅਜਾਇਬ ਘਰ ਦੀ ਮਨਮੋਹਕ ਤਸਵੀਰ ਵੀ ਹੈ ਤੇ ਪਰਵਾਸੀ ਪੰਜਾਬੀਆਂ ਦੀਆਂ ਆਰਥਿਕ ਮਜਬੂਰੀਆਂ ਦਾ ਮਾਰਮਿਕ ਜ਼ਿਕਰ ਵੀ। ਮਿਸਟਰ ਮੱਘਰ ਸਿੰਘ ਨਾਮੀ ਕਵਿਤਾ ਵਿਚ ਉਹ ਪਰਦੇਸ ਤੋਂ ਅਮੀਰ ਹੋ ਕੇ ਪਰਤੇ ਮੱਘਰ ਸਿੰਘ ਦੇ ਦੋਸਤ ਦੇ ਮਨ ਵਿਚ ਪੈਦਾ ਹੋਈ ਗੁੰਝਲ ਤੇ ਮੱਘਰ ਸਿੰਘ ਦੀ ਮਾਨਸਿਕਤਾ ਦਾ ਬੇਹੱਦ ਭਾਵਪੂਰਤ ਬਿਆਨ ਕਰਦਾ ਹੈ। ਤਾਏ ਕੇ ਅਤੇ ਵਾਨਾ ਵਾੲ੍ਹੀਟ ਆਦਿ ਕਵਿਤਾਵਾਂ ਵਿਚ ਕੈਨੇਡਾ ਦੇ ਆਦਿਵਾਸੀ ਲੋਕਾਂ ਦੇ ਜੀਵਨ ਦੇ ਦ੍ਰਿਸ਼ ਵੀ ਦਿਲ-ਟੁੰਬਵੇਂ ਹਨ। ਮਾਣ ਵਿਚ ਪਰਵਾਸੀ ਪੰਜਾਬੀਆਂ ਦੀਆਂ ਰਾਜਸੀ ਪ੍ਰਾਪਤੀਆਂ ਦੀ ਝਲਕ ਹੈ। ਇਕ ਕਵਿਤਾ ਵਿਚ ਇਕ ਪਰਵਾਸੀ ਪੰਜਾਬੀ ਪਰਦੇਸਾਂ ਵਿਚ ਵਧ ਰਹੀ ਪੰਜਾਬੀਅਤ ਦੇ ਮਾਣ ਨਾਲ ਭਰ ਕੇ ਕਹਿੰਦਾ ਹੈ :
ਪੰਜਾਬੋਂ ਉਠ - ਫੈਲੀ ਪੰਜਾਬੀ
ਪੰਜਾਬ ਅੰਦਰ - ਸੁੰਗੜੀ ਪੰਜਾਬੀ
ਠਹਿਰ ਜਾਵੋ ਬਸ ਮਾੜਾ ਜਿਹਾ
ਉਧਾਰ ਮੰਗੋਗੇ ਸਾਥੋਂ ਪੰਜਾਬੀ
ਪਰ ਸਾਡੇ ਨਿਆਣੇ , ਸਾਰੀ ਉਮਰਾ ਅਤੇ ਸਾਨੂੰ ਦੱਸੋ ਆਦਿ ਕਵਿਤਾਵਾਂ ਵਿਚ ਉਹ ਪ੍ਰਵਾਸੀ ਪੰਜਾਬੀਆਂ ਦੇ ਇਸ ਤੌਖ਼ਲੇ ਦਾ ਦਿਲ-ਟੁੰਬਵਾਂ ਬਿਆਨ ਕਰਦਾ ਹੈ ਕਿ ਸਾਡੀ ਪੰਜਾਬੀਅਤ ਅਗਲੀ ਪੁਸ਼ਤ ਵਿਚ ਨਹੀਂ ਜੀਵੇਗੀ। ਸਾਡੇ ਨਿਆਣੇ ਕਵਿਤਾ ਵਿਚ ਕੰਵਲਜੀਤ ਪ੍ਰਵਾਸੀਆਂ ਦੀ ਨਵੀਨਤਮ ਪੀੜ੍ਹੀ ਦੇ ਤੌਰ ਤਰੀਕੇ ਬਿਆਨ ਕਰਦਿਆਂ ਲਿਖਦਾ ਹੈ :
ਕੰਨਾਂ ਚ ਕੁੰਡਲ
ਮਨਾਂ ਚ ਵੀ ਕੁੰਡਲ

ਹੱਥਾਂ ਚ ਕਾਲੇ ਅੱਧ-ਦਸਤਾਨੇ
ਚਮੜਿਆਂ ਦੀਆਂ ਬਿਨਾ ਬਾਹਵਾਂ ਵਾਲੀਆਂ ਜਾਕਟਾਂ ਚੋ
ਝਾਕਦੀਆਂ ਸ਼ੇਵ ਕੀਤੀਆਂ ਹਿੱਕਾਂ
ਮੋਟੇ ਮੋਟੇ ਮਾਈਕਲ ਜੌਰਡਨੀ ਬੂਟ
ਡੌਲਿਆਂ ਤੇ ਰੰਗ ਬਰੰਗੇ ਸ਼ੇਰਾਂ ,ਚਾਮ੍ਹਚੜਿੱਕਾਂ ਦੇ ਟੈਟੂ....

ਮਾਪਿਆਂ ਦੀ ਸੁਕੂੰ ਸੁਕੂੰ ਕਰਦੀ
ਸੁਪਨ ਵੇਲ ਦੀਆਂ
ਵਤਨੀਂ ਲੱਗੀਆਂ ਜੜ੍ਹਾਂ ਨੂੰ ਖੁੱਗਣ ਲਈ
ਉਨ੍ਹਾਂ ਕੋਲ ਹੁਣ
ਖ਼ਾਸਾ ਸਮਾਨ ਹੈ।
ਇਕ ਹੋਰ ਕਵਿਤਾ ਵਿਚ ਉਹ ਅਜਿਹੀ ਸੰਤਾਨ ਹੱਥੋਂ ਦੁਖੀ ਮਾਪਿਆਂ ਦੇ ਇਹ ਬੋਲ ਵੀ ਅੰਕਿਤ ਕਰਦਾ ਹੈ :
ਸਾਰੀ ਉਮਰਾ ਡਾਲਰ ਜੋੜੇ
ਪਰਵਾਹ ਨਹੀਂ ਕੀਤੀ ਚੰਮ ਦੀ
ਨਾ ਕੋਈ ਆਪਣੀ ਖੁਸ਼ੀ ਹੀ ਮਾਣੀ
ਨਾ ਸਾਰ ਲਈ ਆਪਣੇ ਗ਼ਮ ਦੀ

ਹੁਣ ਦਮ ਵਿਚ ਦਮ ਨਹੀਂ ਬਚਿਆ
ਤੇ ਸਾਰ ਨਹੀਂ ਅਗਲੇ ਦਮ ਦੀ
ਉਤੋਂ ਨਵੀਂ ਪਨੀਰੀ ਕਹਿੰਦੀ
ਇਹ ਮਾਇਆ ਨਾ ਸਾਡੇ ਕੰਮ ਦੀ
ਸੱਚ ਪੁਛੇਂ ਦਿਲ ਭੁੱਬੀਂ ਰੋਂਦਾ
ਇਹ ਪੀੜ੍ਹੀ ਨਾ ਹੀ ਜੰਮਦੀ।
ਪ੍ਰਵਾਸੀ ਪੰਜਾਬੀ ਜੀਵਨ ਦੇ ਏਨੇ ਪੱਖਾਂ ਨੂੰ ਆਪਣੇ ਵਿਚ ਸਮੋਂਦਾ, ਏਨਾ ਬਹੁ-ਪਰਤੀ, ਗਹਿਰਾ ਤੇ ਕਲਾਮਈ ਬਿਆਨ ਮੈਂ ਕਿਸੇ ਹੋਰ ਕਾਵਿ-ਪੁਸਤਕ ਵਿਚ ਨਹੀਂ ਪੜ੍ਹਿਆ। ਇਹ ਪੁਸਤਕ ਸਿਰਫ਼ ਪਰਵਾਸ ਦਾ ਬਿਆਨ ਨਹੀਂ ਇਹ ਸਮੁੱਚੇ ਤੌਰ ਤੇ ਸਮਕਾਲੀ ਪੰਜਾਬੀ ਮਾਨਸਿਕਤਾ ਦੀ ਵੀ ਤਸਵੀਰ ਹੈ। ਸੁਲਤਾਨ ਬਾਹੂ ਹੋਰਾਂ ਦੀ ਇਕ ਤੁਕ ਹੈ : ਜੋ ਦਮ ਗਾਫ਼ਲ ਸੋ ਦਮ ਕਾਫ਼ਰ। ਲੱਗਦਾ ਹੈ ਕੰਵਲਜੀਤ ਨੇ ਆਪਣੀ ਬਿਦੇਸ਼ ਯਾਤਰਾ ਦਾ ਕੋਈ ਪਲ ਵੀ ਗਾਫ਼ਲ ਹੋ ਕੇ ਨਹੀਂ ਗੁਜ਼ਾਰਿਆ। ਉਹ ਹਰ ਪਲ ਜਾਗਦਾ, ਜਾਗਰੂਕ, ਸਾਕਸ਼ੀ ਰਿਹਾ। ਇਨ੍ਹਾਂ ਸ਼ਬਦਾਂ ਨਾਲ ਮੈਂ ਕੰਵਲਜੀਤ ਨੂੰ ਇਸ ਮਹੱਤਵਪੂਰਣ ਪੁਸਤਕ ਦੀ ਰਚਨਾ 'ਤੇ ਮੁਬਾਰਕਬਾਦ ਦਿੰਦਾ ਹਾਂ।
28 ਅਗਸਤ 2009

No comments:

Post a Comment