Tuesday, September 1, 2009

ਬਿਨਾਂ ਪਤੇ ਵਾਲਾ ਖ਼ਤ : ਜੁਗਨੀ


ਪੰਜਾਬ -1989

ਜੁਗਨੀ ਹੁਣ ਕਿਤੇ ਨਹੀਂ ਜਾਵੇਗੀ
ਨਾ ਲੁਧਿਆਣੇ, ਨਾ ਪਟਿਆਲੇ, ਨਾ ਬੰਬਈ, ਨਾ ਕਲਕੱਤੇ...
ਉਹ ਤਾਂ ਬੱਸ ਚੁੱਪਚਾਪ
ਆਪਣੇ ਗਰਾਂ ਵੱਲ ਜਾਂਦੇ ਰਾਹ ਪੈ ਜਾਵੇਗੀ......

ਪਿਛਲੀ ਵਾਰ ਵਾਂਗ
ਉਸਦਾ ਸਵਾਗਤ
ਤ੍ਰਿੰਞਣ ਦੀ ਘੂਕਰ
ਜਾਂ ਪੀਂਘ ਦੇ ਹੁਲਾਰੇ ਨਹੀਂ-
ਬਲਕਿ ਘੁਟੇ ਮੀਚੇ ਬੁੱਲ੍ਹ
ਤੇ ਮੱਥੇ ਤੇ ਸ਼ੱਕ ਵਾਂਗ ਚਿਪਕੀਆਂ ਤਿਉੜੀਆਂ ਕਰਨਗੀਆਂ
............................

ਜੁਗਨੀ ਨੂੰ ਕਦੇ ਸਮਝ ਨਹੀਂ ਲੱਗਣੀ
ਕਿ ਕਿਉਂ
ਦਿੱਲੀ, ਪੰਜਾਬ, ਅੰਬਰਸਰ
ਕੌਮੀ ਏਕਤਾ ਦੀਆਂ ਇਬਾਰਤਾਂ ਨੇ !

ਉਹ ਜਦ ਦੇਖੇਗੀ
ਕਿ ਜਿਸ ਪਿੰਡ ਬਹਿ ਉਹ ਸਾਂਈ ਦਾ ਨਾਮ ਲੈਂਦੀ ਸੀ
ਉਸ ਪਿੰਡ ਦੀ ਹੱਡਾਰੇੜੀ
ਘਰਾਂ ਦੀਆਂ ਬਰੂਹਾਂ ਤੱਕ ਵਧ ਆਈ ਹੈ
ਤੇ ਗਿਰਝਾਂ ਦੇ ਖੰਭਾਂ ਦੀ ਛਾਂ ਹੇਠ
ਪਿੰਡ ਸਹਿਕ ਰਿਹਾ ਹੈ
ਤਾਂ ਉਹਦਾ ਦਮ ਘੁਟਣ ਲੱਗ ਜਾਵੇਗਾ

ਉਹਦੇ ਲਈ ਅਚੰਭਾ ਹੋਵੇਗਾ
-ਕਿ ਜਿਹੜੇ ਖ਼ਤਾਂ ਦੇ ਆਉਣ ਤੇ
ਈਦ ਮਨਾਈ ਜਾਂਦੀ ਸੀ
ਉਹ ਹੁਣ ਕਿਉਂ ਪਾਟੀਆਂ ਚਿੱਠੀਆਂ ਬਣ ਆਉਂਦੇ ਨੇ
ਤੇ ਘਰ-ਘਰ ਸੋਗੀ ਤ੍ਰੇਲ ਜਮਾ ਦਿੰਦੇ ਨੇ
-ਕਿ ਬੰਦਾ ਬੰਦੇ ਨੂੰ ਲਕੀਰਾਂ ਦੇ ਆਰ-ਪਾਰ
ਕਿਉਂ ਜਲਾਵਤਨ ਕਰੀ ਰੱਖਦਾ ਹਉਂ
-ਕਿ ਮਾਸ ਖਾਣ ਵਾਲੇ ਪਰਿੰਦਿਆਂ ਦੇ
ਆਲ੍ਹਣੇ ਕਿਉਂ ਧੁਆਂਖੀਆਂ ਕੰਧੋਲੀਆਂ ਉਪਰ ਬਣੇ
ਮੋਰ ਚਿੜੀਆਂ ਵੈਣ ਪਾਉਂਦੇ ਨੇ

ਤੇ ਕਿਉਂ ਜਦੋਂ ਦਾ 'ਜਾਗਰ'
ਦਿਨ ਦਿਹਾੜੇ ਛਾਨਣੀ ਹੋਇਆ ਹੈ
ਬੁੱਢੇ ਬਰੋਟੇ ਦੀਆਂ ਦਾਹੜੀਆਂ ਨਾਲ ਲਮਕਣ
ਕੋਈ ਜੁਆਕ ਨਹੀਂ ਆਉਂਦਾ।

ਜੁਗਨੀ ਪਿੰਡ ਦੀ ਸੁੰਨੀ ਸੱਥ 'ਚ ਪਲੋਅ
ਗੁੰਮ ਸੁੰਮ ਤੁਰਦੇ ਫਿਰਦੇ ਬੁੱਤਾਂ ਉਪਰੋਂ
ਸੋਗੀ ਰੁੱਤ ਦੀ ਪਤਝੜ ਲੰਘਦੀ ਵੇਖੇਗੀ
ਕਿਸੇ ਪਰਿੰਦੇ ਦੀ ਫੜਫੜਾਹਟ
ਕਿਸੇ ਕੂਕ ਨੂੰ ਤਰਸੇਗੀ.....
ਕਿਸੇ ਰੰਧ ਦੀ ਧੁੱਦਲ 'ਚੋਂ
ਗੱਡਿਆਂ ਦੀ ਚੀਂ ਚੀਂ
ਜਾਂ ਕਿਸੇ ਪਿੜ 'ਚੋਂ
ਢੋਲੇ, ਮਾਹੀਏ, ਗਿੱਧੇ, ਭੰਗੜੇ ਲੱਭੇਗੀ
ਪਰ ਉਸਦੀ ਮੁੱਠੀ 'ਚ
ਲਾਲ ਵੰਗਾਂ ਦੇ ਟੁਕੜਿਆਂ ਦੇ ਸਿਵਾਏ
ਕੁਝ ਨਹੀਂ ਆਉਣਾ.......।

ਜੁਗਨੀ ਕਿਤੇ ਨਹੀਂ ਜਾਵੇਗੀ
ਉਹ ਤਾਂ ਕਿਸੇ ਸੜਕ ਕਿਨਾਰੇ ਖਲੋਤੀ
ਉਲਝ ਜਾਵੇਗੀ
ਉਨ੍ਹਾਂ ਲਹੂ ਦੀਆਂ ਪੈੜਾਂ ਵਿੱਚ
ਜੋ ਕਿਸੇ 'ਸ਼ਾਤੀ-ਮਾਰਚ' ਦੇ ਗੁਜਰਨ ਪਿੱਛੋਂ
ਖੁਦ ਜਾਂਦੀਆਂ ਨੇ ਸੜਕ ਦੀ ਹਿੱਕ ਤੇ।
ਜਾਂ ਫਿਰ ਉਹ ਤੱਕੇਗੀ
ਕਿ ਕਿਵੇਂ ਛੋਟੀਆਂ ਬੱਚੀਆਂ ਦੇ
'ਘਰ ਘਰ' ਖੇਡਦਿਆਂ ਤੋਂ
ਉਨ੍ਹਾਂ ਦੇ ਪਟੋਲਿਆਂ ਉਪਰੋਂ
ਲੰਘ ਜਾਂਦਾ ਹੈ
ਇੱਕ ਫੌਜੀ ਟਰੱਕ ਦਾ ਟਾਇਰ.....!

ਤੇ ਫਿਰ ਜੁਗਨੀ
ਜ਼ਿਹਨ ਦੇ ਕਿਸੇ ਉਜਾੜ ਖੂਹ ਦੀ
ਮੌਣ ਤੇ ਬਹਿ
ਜੰਗਾਲੀ ਚਾਨਣੀ 'ਚ
ਮਰਸੀਏ ਗਾ
ਉਸ ਉਦਾਸੇ ਖੂਹ 'ਚ
ਪੀੜਾਂ ਦੀਆਂ ਪੌੜੀਆਂ ਉੱਤਰ ਜਾਵੇਗੀ
ਤੇ ਕਿਸੇ ਚਾਨਣ ਦੀ ਛਿੱਟ ਨੂੰ ਉਡੀਕੇਗੀ
.........................
ਜੁਗਨੀ ਕਿਤੇ ਨਹੀਂ ਜਾਵੇਗੀ
ਨਾ ਲੁਧਿਆਣੇ, ਨਾ ਪਟਿਆਲੇ, ਨਾ ਬੰਬਈ, ਨਾ ਕਲਕੱਤੇ.....

No comments:

Post a Comment