Tuesday, September 1, 2009

ਬਿਨਾਂ ਪਤੇ ਵਾਲਾ ਖ਼ਤ : ਨਜ਼ਮ ਲਿਖਣ ਦਾ ਮੌਸਮ ਨਹੀਂ

ਪਾਸ਼
ਸੁਮੀਤ ਤੇ
ਰਵੀ ਦੇ ਨਾਮ


ਇੱਕ ਅਜਿਹਾ ਮੌਸਮ ਆਉਂਦਾ ਹੈ
ਜੋ ਕਲਮਾਂ ਨੂੰ ਡਰਾਉਂਦਾ ਹੈ
ਉਸ ਮੌਸਮ
ਜੋ ਡਰਦੀ ਨਹੀਂ ਅਡੋਲ ਤੁਰਦੀ ਹੈ
ਉਹ ਕਲਮ ਅੱਧ ਵਿਚਕਾਰੋਂ
ਟੁੱਟ ਕੇ ਡਿੱਗਦੀ ਹੈ

ਤੇ ਫਿਰ ਸਾਰੇ ਮਹਾਂਕਵੀਆਂ ਦੀਆਂ ਕਲਮਾਂ ਨੂੰ
ਲੱਗ ਜਾਂਦਾ ਹੈ ਜੰਗ
ਉਸ ਮੌਸਮ ਵਿੱਚ ਭਠਿਆਰੀ
ਭੱਠੀ ਵਿੱਚ ਦਾਣੇ ਨਹੀਂ, ਫੁੱਲ ਭੁੰਨਦੀ ਹੈ
ਤੇ ਉਸ ਮੌਸਮ ਵਿੱਚ
ਮੋਰਾਂ ਦੀ ਥਾਂ ਕਾਂ ਬਾਗਾਂ 'ਚ ਕੂਕਦੇ ਨੇ
ਤੇ ਉਹ ਨਜ਼ਮ ਲਿਖਣ ਦਾ ਮੌਸਮ ਨਹੀਂ ਹੁੰਦਾ

ਹੁਣ ਤਾਂ ਤਿਤਲੀਆਂ ਦੇ ਖੰਭਾਂ ਤੇ ਵੀ
ਸੌ ਸੱਥਰਾਂ ਦਾ ਭਾਰ ਏ
ਹੁਣ ਨਜ਼ਮ ਲਿਖਣ ਦਾ ਮੌਸਮ ਨਹੀਂ

ਇਹ ਤਾਂ ਚੀਕਾਂ ਦੀ ਰੁੱਤ ਹੈ
ਤੇ ਚੀਕਾਂ ਦੀ ਰੁੱਤ ਵਿੱਚ ਜੰਮੀ
ਨਜ਼ਮ ਦਾ ਮੁਹਾਂਦਰਾ
ਪਤਝੜ ਵਰਗਾ ਹੋ ਜਾਂਦਾ ਹੈ
ਇਹ ਨਜ਼ਮ ਲਿਖਣ ਦਾ ਮੌਸਮ ਨਹੀਂ

ਨਜ਼ਮਗਾਰ ਕੋਈ ਨੀਰੋ ਨਹੀਂ ਹੈ
ਉਸ ਨੇ ਤਾਂ ਜੋ ਨਜ਼ਮ ਲਿਖੀ
ਤਾਂ ਇਸ ਵਿੱਚ ਅੱਗ ਦਾ ਸੇਕ ਹੀ ਹੋਵੇਗਾ
ਬਾਂਸਰੀ ਦੀ ਤਾਨ ਨਹੀਂ
ਤੇ ਜਦੋਂ ਨਜ਼ਮਾਂ ਵਿੱਚ ਇਸ ਤਾਨ ਦੀ ਥਾਂ
ਸਿਰਫ਼ ਸੇਕ ਹੁੰਦਾ ਹੈ
ਉਹ ਨਜ਼ਮ ਲਿਖਣ ਦਾ ਮੌਸਮ ਨਹੀਂ ਹੁੰਦਾ

-ਨਜ਼ਮ ਲਿਖਣਾ ਤਾਂ
ਬੱਚੇ ਦੇ ਚੀਚ ਮਚੋਲੇ ਵਾਹੁਣ ਵਰਗਾ ਹੁੰਦਾ ਹੈ
ਪਰ ਜਦ ਹਰ ਖੁਦੋ-ਖੂੰਡੀ ਖੇਡਣ ਜੋਗ ਥਾਂ ਤੇ
ਫੌਜੀ ਟੈਂਟ ਲੱਗ ਜਾਣ ਤਾਂ ਕੋਈ ਕੀ ਲਿਖੇ

-ਨਜ਼ਮ ਲਿਖਣਾ ਤਾਂ
ਪੋਹ ਮਾਘ 'ਚ
ਖਾਲ 'ਚ ਖੜ੍ਹੇ ਪਾਣੀ 'ਚ
ਨਿਰਣੇ-ਕਾਲਜੇ ਨਹਾਉਣ ਵਰਗਾ ਹੁੰਦਾ ਹੈ

-ਨਜ਼ਮ ਲਿਖਣਾ ਤਾਂ
ਪਹਿਲੇ ਤੋੜ ਦੀ
ਪੇਂਡੂ ਮੁਹੱਬਤ ਵਰਗਾ ਹੁੰਦਾ ਹੈ....
ਪਰ ਹੁਣ ਤਾਂ ਚਰ੍ਹੀਆਂ-ਕਮਾਦ ਵੀ
ਕਿਸੇ ਦੀਆਂ ਮੁਹੱਬਤਾਂ ਦੇ ਗਵਾਹ ਨਹੀਂ ਰਹੇ
ਹੁਣ ਤਾਂ ਉਥੇ ਕਲੈਸ਼ਨੀਕੋਵ ਬੁੱਕਲ ਲਈਂ ਫਿਰਦਾ ਹੈ.....।

ਟੁੱਟੇ ਖੰਭਾਂ ਵਾਲੇ ਪੰਖੇਰੂ ਵਾਂਗ
ਜਦ ਸ਼ਾਮੀਂ ਘਰ ਮੁੜਦਾ ਹਾਂ
ਤਾਂ ਜਿਹੜੀਆਂ ਅੱਖਾਂ ਨੂੰ
ਛੱਡ ਕੇ ਗਿਆ ਹੁੰਦਾ ਹਾਂ
ਬੂਹੇ ਦੀ ਸਰਦਲ ਤੇ
ਉਹ ਬਾਰੀ ਦੀ ਚੁਗਾਠ 'ਚੋਂ ਦੀ ਹੋ
ਜੰਮੀਆਂ ਪਈਆਂ ਹੁੰਦੀਆਂ ਨੇ ਬੀਹੀ ਵਿੱਚ
ਕੋਈ ਹਾਦਸਾ ਨਹੀਂ ਹੋਇਆ ਹੁੰਦਾ
ਪਰ ਇੰਜ ਮਹਿਸੂਸ ਹੁੰਦਾ ਏ ਘਰੇ ਕਦਮ ਰੱਖਦਿਆਂ
ਜਿਸ ਤਰ੍ਹਾਂ ਬਾਜਾਂ ਤੋਂ ਬਚ ਕੇ ਆਏ ਹੁੰਦੇ ਹਾਂ
..........................
ਕਿ ਨਜ਼ਮ ਤਾਂ ਤਿੜ ਤਿੜ ਕਰਕੇ ਬਲਣੀ ਚਾਹੀਦੀ ਹੈ
ਪਰ ਇਸ ਚੰਦਰੇ ਜਿਹੇ ਮੌਸਮ ਵਿੱਚ
ਜੇ ਨਜ਼ਮ ਲਿਖੀ ਵੀ
ਤਾਂ ਇਸ ਨੇ ਗਿੱਲੇ ਬਾਲਣ ਦੀ ਅੱਗ ਵਾਂਗਰ
ਨਾ ਤਾਂ ਬੁਝਣਾ ਹੈ
ਤੇ ਨਾ ਹੀ ਬਣਨਾ ਹੈ ਭਾਂਬੜ
ਸਿਰਫ਼ ਸੁਲਘਣਾ ਹੈ....
ਇਹ ਨਜ਼ਮ ਲਿਖਣ ਦਾ ਮੌਸਮ ਨਹੀਂ

ਹੁਣ ਤਾਂ ਅਖ਼ਬਾਰ ਦੇ
ਕਾਲੇ ਸਿਆਹ ਹਾਸ਼ੀਏ
ਗੁਣਗੁਣਾਉਣ ਦਾ ਮੌਸਮ ਹੈ
ਹੁਣ ਨਜ਼ਮ ਲਿਖਣ ਦਾ ਮੌਸਮ ਨਹੀਂ

ਨਜ਼ਮ ਤਾਂ ਮਾਂ ਵਰਗੀ ਹੁੰਦੀ ਏ
ਨਜ਼ਮ ਤਾਂ ਜਵਾਨ ਭੈਣ ਵਰਗੀ ਹੁੰਦੀ ਏ
ਨਜ਼ਮ ਤਾਂ ਕੰਜਕ ਧੀ ਵਰਗੀ ਹੁੰਦੀ ਏ.....

ਪਰ ਜਦ ਖੁਦ ਹੀ ਮਹਿਫ਼ੂਜ਼ ਨਹੀਂ ਘਰੋਂ ਬਾਹਰ
ਤਾਂ ਕਿੰਜ ਇਸ ਨੂੰ ਆਪਣੇ ਘਰ ਦੀ
ਦਹਿਲੀਜ਼ ਤੋਂ ਬਾਹਰ ਭੇਜਣ ਦਾ ਜੇਰਾ ਕਰੀਏ

ਖੈਰ !
ਚਾਹੇ ਹੁਣ ਨਜ਼ਮ ਲਿਖਣ ਦਾ ਮੌਸਮ ਨਹੀਂ
ਪਰ ਇਹ ਚੁੱਪ ਬੈਠਣ ਦਾ ਵੀ ਮੌਸਮ ਨਹੀਂ।

No comments:

Post a Comment