Tuesday, September 1, 2009

ਬਿਨਾਂ ਪਤੇ ਵਾਲਾ ਖ਼ਤ : ਰਿਸ਼ਤੇ

ਰਿਸ਼ਤੇ ਸਿਰਫ਼
ਕਲਮਾਂ ਤੇ ਕਾਗ਼ਜ਼ਾਂ ਦੇ ਹਾਦਸੇ ਨਹੀਂ ਹੁੰਦੇ
ਸਿਰਫ਼ ਖ਼ਤਾਂ ਦੇ ਜਵਾਬ ਆਉਣ ਤੱਕ ਸੀਮਤ ਨਹੀਂ ਹੁੰਦੇ
ਰੂਹ ਤੱਕ ਅਪੜਦੇ ਹੱਥ ਵੀ ਹੁੰਦੇ ਨੇ

ਰਿਸ਼ਤੇ ਮਹਿਜ਼
ਵਾਲਾਂ 'ਚ ਫਿਰਦੇ ਉਂਗਲਾਂ ਦੇ ਸਪੋਲੀਏ ਨਹੀਂ ਹੁੰਦੇ
ਜੇਠ ਹਾੜ ਦੇ ਵਾ-ਵਰਲੇ ਵੀ
ਤੇ ਗੱਡੇ ਦੇ ਪਹੀਆਂ ਨਾਲ
ਪਹੇ ਤੋਂ ਉੱਡਦੀ
ਭੁੱਬਲ ਵਰਗੇ ਵੀ ਹੁੰਦੇ ਨੇ

ਰਿਸ਼ਤੇ
ਉਸ ਲਿਓੜ ਲੱਥੀ
ਕੱਚੀ ਕੰਧ ਵਰਗੇ ਵੀ
ਜਿਸਨੂੰ ਲਿੱਪਣਾ ਭੁੱਲੇ ਭੁੱਲੇ
ਯਾਦ ਆਵੇ
ਜਦ ਕੰਧ ਢਹਿ ਪਵੇ

ਕਦੇ ਕੋਈ ਸੁਪਨੇ ਵਿੱਚ ਆਵੇ
ਰਿਸ਼ਤੇ ਦੀ ਤੰਦ ਪਾਵੇ-
ਜੀ ਕਰੇ
ਸਾਰੀ ਉਮਰਾ ਜਾਗ ਨਾ ਆਵੇ ....
ਤੇ ਕਦੇ
ਕਿਸੇ ਦੀ ਯਾਦ ਆਉਂਦਿਆਂ ਹੀ
ਕੁਸੈਲੀਆਂ ਹੋ ਜਾਂਦੀਆਂ ਜਲੇਬੀਆਂ......

ਕਦੇ ਪਲ ਭਰ ਦੀ ਮਿਲਣੀ
ਸਾਂਝ ਬਣੇ ਉਮਰ ਭਰ ਦੀ
ਕਦੇ ਉਮਰ ਭਰ ਮਿਲ ਕੇ ਵੀ
ਸਾਂਝ ਨਾ ਪਵੇ ਪਲ ਦੀ
..............
ਕਈ ਵੱਡੇ ਰਿਸ਼ਤੇ
ਨਿੱਕੇ ਨਿੱਕੇ ਨਾਮ
ਕਈ ਰਿਸ਼ਤੇ ਅਰਥਹੀਣ
ਵੱਡੇ ਵੱਡੇ ਨਾਮ
ਕੋਈ ਰਿਸ਼ਤਾ
ਬੱਲਦ ਦੀ ਪਿੱਠ ਅਤੇ ਪਰਾਣੀ ਵਰਗਾ-
ਤੇ ਕੋਈ
ਕਿਸੇ ਸੁਪਨਮਈ
ਖ਼ੂਬਸੂਰਤ ਕਹਾਣੀ ਵਰਗਾ

ਰਿਸ਼ਤਾ
ਆਪੇ ਚੋਂ ਫੁੱਟੀ ਮਹਿਕ ਦਾ
ਮਹਿਕ 'ਚੋਂ ਫੁੱਟੇ ਸੇਕ ਦਾ
ਤੇ ਸੇਕ ਚੋਂ ਫੁੱਟੀ ਮਹਿਕ ਦਾ

ਰਿਸ਼ਤਾ
ਤਾਜ ਮਹਿਲ ਸਿਰਜਣ ਦਾ ਖ਼ਿਆਲ ਵੀ
ਤੇ ਕਿਸੇ ਰਾਹ ਕੰਢੇ ਬਣੀ
ਮੜ੍ਹੀ ਕੋਲੋਂ ਲੰਘਦਿਆਂ-
ਸਭ ਤੋਂ ਚੋਰੀ
ਹਉਕਾ ਭਰਨ ਦਾ ਨਾਮ ਵੀ
...............
ਪਰ ਅਸਲ ਰਿਸ਼ਤਾ
ਮੈਂ ਤੇ ਮੈਂ ਦਾ
ਤੇ ਮੈਂ ਨੂੰ
ਮੈਂ ਤੱਕ ਲਿਜਾਣ ਦੇ ਸਫ਼ਰ ਦਾ
ਸਫ਼ਰ
ਜੋ ਬਣਦਾ ਹੈ
ਰੂਹ ਜਿਸਮ ਦੀ
ਜੋ ਬਣਦਾ ਹੈ
ਖ਼ੂਬਸੂਰਤੀ ਖ਼ਿਆਲ ਵਰਗੀ
ਤੇ ਜੋ ਬਣਦਾ ਹੈ
ਜ਼ਿੰਦਗੀ ਦਾ
ਬੋਸਕੀ ਤੇ ਬਾਦਲਾ।

No comments:

Post a Comment