Tuesday, September 1, 2009

ਬਿਨਾਂ ਪਤੇ ਵਾਲਾ ਖ਼ਤ : ਮੇਰੇ ਨਾਲ ਕਿਧਰੇ

ਅਛੋਪਲੇ ਜਿਹੇ
ਮੇਰੇ ਨਾਲ ਨਾਲ
ਉਹ ਹਮੇਸ਼ਾ ਤੁਰਦਾ ਰਹਿੰਦਾ ਹੈ
ਪਿੰਡ ਦੀਆਂ ਫਿਰਨੀਆਂ ਹੇਠੋਂ
ਗਵਾਚੇ ਬਚਪਨ ਦੇ
ਮੁਹਾਂਦਰੇ ਲੱਭਦਾ ਹੈ
ਨੀਝ ਨਾਲ ਪਿੱਪਲਾਂ ਹੇਠੋਂ
ਪੀਂਘ ਦੇ ਹੁਲਾਰੇ ਲੱਭਦਾ ਹੈ
ਟੋਭਿਆਂ 'ਚ ਮੇਰੇ ਨਾਲ
ਮੱਝਾਂ ਦੀਆਂ ਪੂਛਾਂ ਫੜ ਤਰਦਾ ਹੈ
ਤੁਰਿਆ ਜਾਂਦਾ ਘੁਲਾੜੀ 'ਚੋਂ
ਕੋਸੇ ਗੁੜ ਦੀ ਲੱਪ ਭਰਦਾ ਹੈ

ਕਦੇ ਜੁਆਕਾਂ ਵਾਂਗ ਚਾਮ੍ਹਲ ਕੇ
ਲੱਤਾਂ ਨਾਲ ਚੰਬੜਦਾ ਹੈ
ਕਦੇ ਬਾਬੇ ਵਾਂਗ
ਬਰੋਟੇ ਜਿੱਡੀ ਨਸੀਹਤ ਘੜਦਾ ਹੈ
ਸ਼ਹਿਰ ਨੂੰ ਤੁਰਨ ਦੀ ਸੋਚਦਾ ਹਾਂ
ਵਰਜਦਾ ਹੈ -
ਓਥੇ ਸਭ ਕੁਝ ਨਕਲੀ ਮਿਲਦਾ ਹੈ
ਅੱਖਾਂ 'ਚ ਪਾਉਣ ਜੋਗੀ ਧੂੜ ਤੋਂ ਸਿਵਾ....
ਮੈਂ ਉਸਨੂੰ ਦੱਸਦਾ ਹਾਂ
ਕਿ ਮੈਨੂੰ ਇਸ ਦਾ ਇਲਮ ਹੈ
ਉਹ ਮੁਸਕਰਾਉਂਦਾ ਹੈ ਤੇ ਬੋਲਦਾ ਰਹਿੰਦਾ ਹੈ-
ਜ਼ਿੰਦਗੀ 'ਚ ਹਰ ਚੀਜ਼ ਦੀ ਅਹਿਮੀਅਤ ਹੈ
ਬੰਦ ਘੜੀ ਵੀ ਦਿਹਾੜੀ 'ਚ
ਦੋ ਵਾਰ ਸਹੀ ਟਾਈਮ ਦਿੰਦੀ ਹੈ
ਸ਼ਹਿਰ ਨੂੰ ਤੁਰਦਾ ਹਾਂ -ਫਿਰ ਵਰਜਦਾ ਹੈ
ਕਹਿੰਦਾ ਹੈ
ਲਾਇਬਰੇਰੀ 'ਚ ਕਿਤਾਬਾਂ ਨਾਮ ਨਾਲ ਨਹੀਂ
ਨੰਬਰਾਂ ਨਾਲ ਪਛਾਣੀਆਂ ਜਾਂਦੀਆਂ ਹਨ

ਨਹੀਂ ਟਲਦਾ
ਤਾਂ ਉਲਝਾਉਣ ਲਈ
ਉਸ ਨਾਲ ਕਰਦਾ ਹਾਂ -
ਅਸੂਲਾਂ ਤੇ ਧਰਮ ਦੀ ਗੱਲ
ਜਵਾਬ ਵਿੱਚ
ਉਹ ਸਿਰਫ ਇਹੀ ਕਹਿੰਦਾ ਹੈ -
ਚੋਰਾਂ ਦੇ ਵੀ
ਅਸੂਲ ਹੁੰਦੇ ਨੇ
ਅਤੇ ਲੁਟੇਰਿਆਂ ਦਾ ਵੀ
ਹੁੰਦਾ ਹੈ ਧਰਮ
...............
ਜ਼ਿੰਦਗੀ ਦੀ ਰਾਹ ਤੇ
ਮੈਂ ਹਵਾ ਨਾਲ ਹਵਾ ਹੋ
ਸਾਹੋ ਸਾਹ ਵਗ ਤੁਰਦਾ ਹਾਂ
ਉਹ ਮੋਢੇ ਤੇ ਆ ਬਹਿੰਦਾ ਹੈ
ਕੰਨ 'ਚ ਫੂਕ ਮਾਰ ਕਹਿੰਦਾ ਹੈ
ਕਰੀ ਸ਼ਹਿਰ ਵਿੱਚ ਜੋ ਕੁਝ ਮਰਜ਼ੀ
ਰੂਹ ਨੂੰ ਸੋਚਣ ਤੋਂ ਨਾ ਵਰਜੀਂ -
ਰੂਹ ਦੀ ਸੋਚ ਲਈ
ਮੋਟੀ ਤੋਂ ਮੋਟੀ ਕੰਧ ਵੀ
ਗੰਢੇ ਦੀ ਛਿੱਲ ਤੋਂ ਵੱਧ ਨਹੀਂ
...............
ਪਰਛਾਵੇਂ ਵਾਂਗ
ਬਣ ਕੇ ਪਿਓ
ਬਣ ਕੇ ਮਾਂ
ਬਣ ਕੇ ਹਮਦਮ
ਨਾਲ ਨਾਲ
ਚਲਦਾ ਹੈ ਹਰਦਮ
...........
ਛੁੱਟੀ ਵਾਲੇ ਦਿਨ
ਮੇਰੇ ਨਾਲ
ਚਾਰਲੀ ਚੈਪਲਿਨ ਦੀ
ਫਿਲਮ ਦੇਖਦਾ ਹੈ
ਜ਼ਿੰਦਗੀ ਤੇ ਹੱਸਣ ਦੀ
ਜਾਚ ਸਿੱਖਣ ਲਈ ਆਖਦਾ ਹੈ

ਫਿਰ ਫਿਲਮ ਦੇ
ਪਰਦੇ ਤੋਂ ਬਾਹਰ ਨਿਕਲ
ਅਸੀਂ ਦੋਵੇਂ ਪਿੰਡ ਨੂੰ ਤੁਰ ਪੈਂਦੇ ਹਾਂ
ਤੇ ਪਿੰਡ ਦੇ
ਜੂੰਡਲ, ਨਲੀ-ਚੋਚੋ ਜਵਾਕਾਂ ਦੇ ਨਾਲ
ਸਾਈਕਲ ਦਾ ਚੱਕਾ ਘੁੰਮਾਉਂਦੇ
ਦੂਰ ਤੱਕ ਨਿਕਲ ਜਾਂਦੇ ਹਾਂ

ਹੁਣ ਉਹ ਕੋਈ ਨਸੀਹਤ ਨਹੀਂ ਕਰਦਾ !!

No comments:

Post a Comment