Tuesday, September 1, 2009

ਬਿਨਾਂ ਪਤੇ ਵਾਲਾ ਖ਼ਤ : ਮੈਂ ਤੇਰੇ ਤੇ ਨਜ਼ਮ ਲਿਖਾਂਗਾ


ਪੰਜਾਬ
ਦਿਨੇ ਤੂੰ ਬਲਦੇ ਸਿਵੇ ਵਰਗਾ ਹੁੰਦਾ ਏਂ
ਤੇ ਰਾਤੀਂ ਮਸਾਣਾਂ ਵਰਗਾ
ਤੇ ਕਈ ਰੰਗ ਬਦਲਦੀ ਏ ਤੇਰੀ ਉਦਾਸੀ
ਸ਼ਾਮ ਤੱਕ।

ਸਹਿਮੇ ਲਹੂ ਤੇ ਧੁਖਦੇ ਦਿਲਾਂ ਦੀਆਂjavascript:void(0)
ਦਾਸਤਾਨਾਂ ਦੇ ਹਾਸ਼ੀਏ
ਤੇਰੇ ਮੱਥੇ ਤੇ ਉੱਕਰੇ ਗਏ ਨੇ।
ਮੈਂ ਤੈਨੂੰ
ਕਦੇ ਵੀ ਮਰਿਆ ਨਹੀਂ ਸਮਝਿਆ
ਪਰ ਬੜੀ ਤਮੰਨਾ ਹੈ
ਤੈਨੂੰ ਸਾਹ ਲੈਂਦਿਆਂ,
ਟਹਿਕਦਿਆਂ,
ਜਿਉਂਦਿਆਂ ਤੱਕ ਸਕਾਂ।
ਤੇ ਸਿਰਫ਼ ਇਸੇ ਲਈ.....
ਮੈਂ ਤੇਰੇ ਤੇ ਨਜ਼ਮ ਲਿਖਾਂਗਾ ਪੰਜਾਬ
....

ਪਹਿਲਾਂ ਤੇਰੇ ਘਰ ਆ ਕੇ ਸਕੂਨ ਮਿਲਦਾ ਸੀ
ਹੁਣ ਤੇਰੇ ਘਰੋਂ ਆ ਕੇ ਰਾਹਤ ਮਿਲਦੀ ਹੈ......
ਕਦੇ ਮੱਸਿਆ ਦੀ ਰਾਤ ਨੂੰ
ਪਰਛਾਵੇਂ ਮੇਰੇ ਨਾਲ ਹੁੰਦੇ ਸੀ
ਹੁਣ ਪੂਰਨਮਾਸ਼ੀ ਨੂੰ ਮੈਂ
ਇਕੱਲਤਾ ਦੀ ਜੂਨ ਹੰਢਾਉਂਦਾ ਹਾਂ.....।
ਐ ਪੰਜਾਬ !
ਤੇਰੇ ਨ੍ਹੇਰਿਆਂ 'ਚੋਂ ਵੀ ਮੋਹ ਆਉਂਦਾ ਸੀ
ਹੁਣ ਤੇਰੇ ਚਾਨਣਾਂ 'ਚ ਲੋਕ ਡਰਦੇ ਨੇ
ਹੁਣ ਜਦ ਵੀ ਮਹਿਬੂਬ ਮਿਲਦਾ ਏ
ਤਾਂ ਤੇਰਾ ਹਾਲ ਨਹੀਂ ਪੁੱਛਦਾ
ਪੁੱਛਦਾ ਏ ਕਿ ਤੇਰੇ ਸ਼ਹਿਰ ਦਾ ਕੀ ਹਾਲ ਏ !
ਖੈਰ, ਇਨ੍ਹਾਂ ਵਰਜਿਤ ਰਿਸ਼ਤਿਆਂ ਦੀ
ਹਾਲ ਬਿਆਨੀ ਲਈ
ਹਾਲੇ ਬਹੁਤ ਵਕਤ ਏ
ਮੈਂ ਤੇਰੇ ਤੇ ਨਜ਼ਮ ਲਿਖਾਂਗਾ ਪੰਜਾਬ

ਇਸ ਨਜ਼ਮ ਵਿੱਚ ਨਹੀਂ ਹੋਵੇਗਾ
ਆਪਣਿਆਂ ਹੱਥੋਂ ਆਪਣਿਆਂ ਦੀ
ਮੌਤ ਦਾ ਮਾਤਮ,
ਨਹੀਂ ਹੋਣਗੇ ਟੁੱਟੇ ਆਲ੍ਹਣਿਆਂ ਦੇ ਤੀਲੇ,
ਰੁੰਡ-ਮਰੁੰਡ ਰੁੱਖ,
ਛਿੱਜੇ ਦਿਲਾਂ ਤੇ ਸੱਖਣੀਆਂ ਝੋਲੀਆਂ ਦੇ ਸੋਗ
ਬੇਵਤਨੀ ਤੋਂ ਬੇਵਤਨੀ ਦੀ ਕਥਾ

ਕਹਿੰਦੇ ਨੇ
ਇਤਿਹਾਸ ਹੋ ਨਿਬੜਦਾ ਹੈ
ਸਲੀਬ ਤੇ ਲੱਗਾ
ਖੂਨ ਦਾ ਇਕੋ ਹੀ ਕਤਰਾ।
ਤੇ ਮੈਂ ਆਪਣੀ ਰੂਹ
ਖ਼ੁਦ ਸੂਲੀ ਤੇ ਲਟਕਾ
ਤੇਰੀ ਪਵਿੱਤਰ ਜ਼ਮੀਨ ਤੇ ਨਜ਼ਮ ਲਿਖਾਂਗਾ ਪੰਜਾਬ

ਪੰਜਾਬ !
ਤੂੰ ਸਾਡੇ ਪਿੰਡ ਆ ਕੇ ਵੇਖ
ਬਹਾਰ ਦੇ ਅਰਥ ਹਰ ਰੁੱਖ ਲਈ ਵੱਖੋ ਵੱਖਰੇ ਨੇ
ਤੇ ਇਨਸਾਨੀਅਤ ਤੋਂ ਬਾਹਰ ਜਾਂਦੇ
ਰਾਹ ਦੀ ਦੇਲ੍ਹੀ ਉੱਤੇ
ਸ਼ਗਨਾਂ ਦਾ ਤੇਲ ਚੋਇਆ ਪਿਆ ਏ......
ਹੁਣ ਸੱਥਾਂ 'ਚ ਵਾਰਿਸ, ਪੀਲੂ, ਹਾਸ਼ਮ ਨਹੀਂ
ਮੌਤ ਗੁਣਗਣਾਈ ਜਾਂਦੀ ਹੈ।
ਸੱਚ ਨਾਲ ਹੁਣ ਮੌਤ ਨੂੰ
ਮਹਿਸੂਸਿਆ ਨਹੀਂ, ਮਾਣਿਆ ਜਾਂਦਾ ਹੈ
ਕਾਲੇ ਹਾਸ਼ੀਏ ਬਿਨਾਂ ਸੁੰਨੇ ਲੱਗਦੇ ਨੇ ਅਖ਼ਬਾਰ
ਬੁਰੀ ਤੋਂ ਬੁਰੀ ਖ਼ਬਰ ਪੜ੍ਹਦਿਆਂ ਵੀ
ਸਾਡੀ ਉਬਾਸੀ ਨਹੀਂ ਰੁਕਦੀ ਅੱਧ ਵਿਚਕਾਰ।
ਤੇ ਨਾ ਹੀ
ਕੁਸੈਲਾ ਹੁੰਦਾ ਏ
ਸਾਡੀ ਬੈਡ-ਟੀ ਦਾ ਸੁਆਦ।

ਪਤਾ ਨਹੀਂ ਕਿਉਂ
ਜਦ ਤੱਕ ਬੰਦੇ ਦੇ ਧੜ ਤੇ ਸਿਰ ਹੈ
ਉਹ ਹਿੰਦੂ ਹੈ, ਸਿੱਖ ਹੈ, ਜਾਂ ਕੁਝ ਹੋਰ
ਪਰ ਇਨਸਾਨ ਨਹੀਂ ਹੈ.......।
ਹੱਡੀਆਂ ਦਾ ਧਰਮ ਨਹੀਂ ਹੁੰਦਾ
ਮਾਸ ਦਾ ਵੀ ਨਹੀਂ
ਤਾਂ ਫਿਰ ਕਿਓਂ ਹੁੰਦੇ ਨੇ
ਸਭ ਚਿਹਰਿਆਂ ਦੇ ਮਜ਼ਹਬ.....

....ਮੈਂ ਅੰਦਰੋਂ ਨੱਕੋ ਨੱਕ ਭਰਿਆ ਹਾਂ
ਮੈਂ ਤੇਰੇ ਤੇ ਨਜ਼ਮ ਲਿਖਾਂਗਾ ਪੰਜਾਬ
ਤੇ ਯਕੀਨਨ
ਇਹ ਨਜ਼ਮ
ਉਸ ਨੂੰ ਰੋਕੇਗੀ -
ਜੋ ਕਹੀਆਂ ਤੇ ਹਲਾਂ ਨੂੰ ਚੰਡਣਾ ਛੱਡ
ਗੰਡਾਸੇ ਦੀ ਧਾਰ ਚਮਕਾ ਰਿਹਾ ਏ.......!!

ਪੰਜਾਬ !
ਅੱਜ ਹਰ ਪੁਤਲੀ ਤੇ
ਸ਼ੱਕ ਦੇ ਬੂਟੇ ਪੁੰਗਰ ਆਏ ਨੇ
ਹੁਣ ਸੋਚ ਸੂਰਜ ਦੀ ਕਿਰਨ ਤੇ ਚੜ੍ਹ ਕੇ ਨਹੀਂ
ਅਤੀਤ ਦੇ ਕਫ਼ਨ 'ਚ ਲਿਪਟ ਕੇ ਤੁਰਦੀ ਏ
ਹਰ ਸੋਚ ਦੇ ਸਫ਼ਰ ਤੇ ਇੱਕ ਕੰਡਿਆਲੀ ਵਾੜ ਏ
ਹਰੇਕ ਦਿਲ ਆਪਣੇ ਹੀ ਝੁੰਗਲਮਾਟੇ ਵਿੱਚ ਕੈਦ ਏ।
ਤੇ ਤੇਰਾ ਕਾਨੂੰਨ
ਹਰ ਚੌਰਾਹੇ ਤੇ
ਰੇਤ ਦੀਆਂ ਬੋਰੀਆਂ ਪਿਛੋਂ
ਸਾਡੇ ਵੱਲ ਸੰਗੀਨ ਲਈ ਝਾਕਦਾ ਏ......
.....

ਕਦੇ ਕਦੇ ਚਿੱਤ ਬਹੁਤ ਅਵਾਜ਼ਾਰ ਹੋ ਜਾਂਦਾ ਹੈ
ਤੇ ਦਿਲ ਦਾ ਸਮੁੰਦਰ ਢਲ ਕੇ
ਅੱਖਾਂ ਦੀ ਦਹਿਲੀਜ਼ ਤੇ
ਜਵਾਰਭਾਟਾ ਬਨਣ ਆ ਜਾਂਦਾ ਹੈ.....।
ਫਿਰ ਸੋਚਦਾ ਹਾਂ
ਮੈਂ ਤਾਂ ਨਜ਼ਮਗਾਰ ਹਾਂ....
ਜੇ ਮੈਂ ਵੀ ਰੋ ਪਿਆ ਤਾਂ ਘਰ ਕਿਵੇਂ ਚੱਲੂ....।

ਪਰ ਪੰਜਾਬ !
ਮੈਨੂੰ ਆਸ ਏ
ਬੁਰੇ ਦਿਨ ਵੀ ਪਰਤ ਜਾਣਗੇ
ਆਪਣੇ ਘਰਾਂ ਨੂੰ - ਸ਼ਾਮ ਨੂੰ
ਪੰਛੀਆਂ ਵਾਂਗਰ
ਮੇਰੇ ਸ਼ਹਿਰ ਦੀ ਸੁਖ ਸਾਂਦ ਹੋਵੇਗੀ ਯਕੀਨੀ
ਮੇਰਾ ਮਹਿਬੂਬ ਮੇਰਾ ਹੀ ਹਾਲ ਪੁੱਛੇਗਾ
ਸ਼ਹਿਰ ਦਾ ਨਹੀਂ.....।
...ਤੂੰ ਸਾਹ ਲਵੇਂਗਾ
...ਤੂੰ ਟਹਿਕੇਂਗਾ
...ਤੂੰ ਜਿਉਂਏਂਗਾ
ਤੇ ਮੈਂ ਤੇਰੇ ਤੇ ਇੱਕ ਨਜ਼ਮ ਲਿਖਾਂਗਾ ਪੰਜਾਬ......।

1 comment:

  1. shaalah!ais nazm di aas nu phull pain;te punjab pher geetaaN te bhangRiayaan waala ghar ban jaave

    ReplyDelete