Monday, August 31, 2009

ਬਿਨਾਂ ਪਤੇ ਵਾਲਾ ਖ਼ਤ : ਪ੍ਰੋ. ਕੰਵਲਜੀਤ ਬਾਰੇ

ਪ੍ਰੋ. ਕੰਵਲਜੀਤ

ਉਹ ਬਲਦਾ ਮਚਦਾ ਜਾਂ ਧੁਖਦਾ ਨਹੀਂ
ਟਿਮਟਿਮਾਉਂਦਾ ਹੈ
ਕਦੇ ਲੈਂਜ਼ ਵਿਚੀਂ ਵਸਤਾਂ ਨੂੰ
ਉਲਟਾ ਕੇ ਦੇਖਦਾ
ਦੂਰੋਂ ਦਰਸ਼ਣ ਦਿੰਦਾ
ਉਹਦੀ ਨੰਗੀ ਅੱਖ
ਸਭ ਦੇ ਨੰਗੇਜ਼ ਨੂੰ ਨੇੜਿਉਂ ਤੱਕਦੀ
ਕੈਮਰੇ ਤੇ ਬੁਰਸ਼ ਨਾਲ ਵੀ
ਕਵਿਤਾ ਲਿਖ ਲੈਂਦਾ
ਪਰਦੇ ਵਾਲੀ ਬਣਾਉਟੀ ਮੁਸਕਾਨ ਨਾਲੋਂ
ਸ਼ੁਧ ਦੇਸੀ ਹਾਸੇ ਨੂੰ ਤਰਜੀਹ ਦਿੰਦਾ,
ਹੱਸਦਾ ਤਾਂ
ਉਹਦੀਆਂ ਗੱਲ੍ਹਾਂ ਚੋਂ ਟਪਕਦੀ
ਬੇ-ਵਕਤ ਤੁਰ ਗਈ
ਮਾਂ ਅਮਰ ਕੌਰ ਸਿਦਕ ਦੀ ਲਾਲੀ।
ਸ: ਕ੍ਰਿਪਾਲ ਸਿੰਘ ਗਿਆਨੀ ਮਾਸਟਰ ਦਾ ਪੁੱਤਰ
ਇੰਜੀਨੀਅਰਿੰਗ ਕਾਲਜ ਲੁਧਿਆਣੇ
ਇਲੈਕਟ੍ਰਾਨਿਕਸ ਇੰਜੀਨੀਅਰਿੰਗ ਦਾ ਮਾਸਟਰ
ਢੁੱਡੀਕੇ ਅਤੇ ਚੰਦ ਨਵੇਂ ਦੇ ਵਿਚਕਾਰ
ਉਹਦੇ ਬਚਪਨ ਦਾ ਸ਼ਹਿਰ ਮੋਗਾ
ਇਲੈਟ੍ਰੋਨ ਵਾਂਗ ਅਣਥੱਕ ਬੇ ਅਰਾਮ
ਨਿਰੰਤਰ ਆਪਣੀ ਆਰਬਿਟ ਵਿੱਚ
ਤਿੰਨ ਦਿਸ਼ਾਈ ਗਤੀ ਕਰਦਾ
ਉਹਦੀ ਨਿਊਕਲੀਅਸ ਵਿਚ
ਤਿੰਨ ਨਿਊਕਲੀਔਨ
ਪਤਨੀ ਜਸਪਾਲ, ਬੇਟੀ ਅੰਮ੍ਰਿਤ ਤੇ ਬੇਟਾ ਹਰਨੂਰ।
-ਜਸਵੰਤ ਜ਼ਫਰ