Tuesday, September 1, 2009

ਬਿਨਾਂ ਪਤੇ ਵਾਲਾ ਖ਼ਤ : ਸ਼ਹਿਰ ਮੇਰੇ

ਘੁੱਗ ਵਸਦਾ ਸ਼ਹਿਰ ਸੀ, ਕਹਿਰ ਇਥੇ ਪਾ ਗਿਆ ਫੇਰੇ
ਸੁਲਘਦੇ ਭੱਠ ਹੋਏ ਚਾਨਣ ਅਤੇ ਨ੍ਹੇਰੇ ਸ਼ਹਿਰ ਮੇਰੇ
ਪਰਿੰਦੇ ਗੀਤ ਗਾਉਣੇ ਭੁੱਲ ਗਏ ਨੇ ਹੁਣ ਸ਼ਹਿਰ ਮੇਰੇ
ਮਨਾ ਮਾਤਮ ਜਵਾਨਾਂ ਦਾ ਰਹੇ ਬੁੱਢੇ ਸ਼ਹਿਰ ਮੇਰੇ।
ਵੇ ਸੱਜਣਾ ਠਹਿਰ ਜਾ ਹਾਲੇ ਨਾ ਤੂੰ ਆਵੀਂ ਸ਼ਹਿਰ ਮੇਰੇ।

ਖਿੜੇ ਫੁੱਲਾਂ ਦੀ ਸ਼ੋਖੀ, ਬੁਲਬੁਲਾਂ ਦਾ ਚਹਿਕਣਾ ਸਭ ਹੀ
ਕਿਸੇ ਕਾਲੇ ਦਿਓ ਦੇ ਸਾਏ ਤੋਂ ਡਰਦੇ ਸ਼ਹਿਰ ਮੇਰੇ।
ਜਦੋਂ ਤੋਂ ਦਿਸੇ ਨੇ ਕੰਡਿਆਂ 'ਚ ਟੰਗੇ ਧੜ ਤਿਤਲੀਆਂ ਦੇ
ਸ਼ਰਮ ਨਾਲ ਜ਼ਰਦ ਹੋਏ ਪੱਤੇ ਦਰਖਤਾਂ ਦੇ ਸ਼ਹਿਰ ਮੇਰੇ।
ਵੇ ਸੱਜਣਾ ......

ਜੁਆਕਾਂ ਕੈਦਿਆਂ ਵਿੱਚ ਰੰਗਲੇ ਜੋ ਖੰਭ ਸੀ ਰੱਖੇ
ਉਹ ਗਲੀਆਂ ਵਿੱਚ ਕਿਸੇ ਨੇ ਮਿੱਧ ਮਸਲ ਸੁਟੇ ਸ਼ਹਿਰ ਮੇਰੇ
ਚਾਨਣੀ ਰਾਤ ਨੂੰ ਵੀ ਕਾਲਾ ਚੰਦ ਚੜ੍ਹਦਾ ਸ਼ਹਿਰ ਮੇਰੇ
ਮੜ੍ਹੀ ਦਾ ਦੀਵਾ ਹੀ ਇੱਕ ਟਿਮਟਿਮਾਉਂਦਾ ਹੈ ਸ਼ਹਿਰ ਮੇਰੇ।
ਵੇ ਸੱਜਣਾ .....

ਮੁੜਨਗੇ ਖੇੜੇ, ਰੁਮਕੇਗੀ ਹਵਾ ਫਿਰ ਫੁੱਲ ਟਹਿਕਣਗੇ
ਫਿਰ ਬੱਝਣਗੇ ਗਿੱਧਿਆਂ ਭੰਗੜਿਆਂ ਦੇ ਪਿੜ ਸ਼ਹਿਰ ਮੇਰੇ।
ਕਾਲੇ ਹਾਸ਼ੀਏ ਤੋਂ ਬਿਨਾਂ ਫਿਰ ਅਖ਼ਬਾਰ ਆਵਣਗੇ,
ਫਿਰ ਮੈਂ ਬੋਧੜਕ ਹੋ ਕਹਾਂਗਾ ਤੂੰ ਆ ਸ਼ਹਿਰ ਮੇਰੇ।
ਵੇ ਸੱਜਣਾ ਠਹਿਰ ਜਾ.....

No comments:

Post a Comment