Tuesday, September 1, 2009

ਬਿਨਾਂ ਪਤੇ ਵਾਲਾ ਖ਼ਤ : ਗਿੱਲੀ ਮਿੱਟੀ ਬਨਾਮ ਕੱਚ

ਇੱਕ ਗਿੱਲੀ ਮਿੱਟੀ ਦਾ ਸ਼ਹਿਰ ਸੀ
ਵਿੱਚ ਗਿੱਲੀ ਮਿੱਟੀ ਦੇ ਪੁਤਲੇ ਸੀ
ਸਾਰੇ ਰਲ ਮਿਲ ਰਹਿੰਦੇ ਸੀ,
ਹਰ ਪੁਤਲੇ ਦਾ ਆਪਣਾ ਰੱਬ ਸੀ
ਸਾਰੇ ਰੱਬ ਬਰਾਬਰ ਸੀ ......।

ਗਿੱਲੀ ਮਿੱਟੀ ਦੇ ਹੀ ਘਰ
ਏਸੇ ਦਾ ਹੀ ਰਿਸ਼ਤਾ ਹਰ
ਗਿੱਲੀ ਮਿੱਟੀ ਵਾਂਗਰ ਸਾਰੇ
ਇੱਕ ਦੂਜੇ ਨਾਲ
ਇੰਜ ਰਲਗੱਡ
ਨਹੀਂ ਪਛਾਣੇ ਜਾਂਦੇ ਸਨ
ਉਹ ਅੱਡੋ-ਅੱਡ

ਹੋਈ ਤਰੱਕੀ
ਤੁੱਛ ਜਾਪੀ ਹਰ ਇੱਕ ਪੁਤਲੇ ਨੂੰ -
ਗਿੱਲੀ ਮਿੱਟੀ
ਕੀਤਾ ਕਾਇਆ ਕਲਪ ਹਰੇਕ ਨੇ
ਛੱਡੀ ਮਿੱਟੀ -
ਬਣ ਗਏ ਕੱਚ ਦੇ
ਖੁਸ਼ੀ 'ਚ ਨੱਚਦੇ

ਉਹਨਾਂ ਕੀਤਾ ਸ਼ਹਿਰ ਨੂੰ ਕੱਚ ਦਾ
ਹਰ ਘਰ ਬਾਰ ਨੂੰ ਕੀਤਾ ਕੱਚ ਦਾ
ਮੰਦਰਾਂ 'ਚੋਂ ਹਰ ਰੱਬ ਨੂੰ ਕੱਢ ਕੇ
ਉਹ ਵੀ ਘੜਿਆ ਰੰਗਲੇ ਕੱਚ ਦਾ

ਕਰਦੇ ਕਰਦੇ
ਹਰ ਰਿਸ਼ਤਾ ਵੀ ਹੋਇਆ ਕੱਚ ਦਾ
................
ਵੈਰੀ ਕੱਚ ਦਾ ਕੱਚ
ਡਰਦਾ ਕੱਚ ਤੋਂ ਕੱਚ
ਬਚਦਾ ਕੱਚ ਤੋਂ ਕੱਚ
.................
ਇੱਕ ਪੁਤਲਾ
ਜੇ ਕੱਚ ਨਾ ਹੋਇਆ
ਉਸ ਤੋਂ ਬੱਸ ਇੱਕ ਮੱਚ ਨਾ ਹੋਇਆ
ਕਵੀ ਉਹ ਹੋਇਆ

ਓਸ ਕਵੀ ਤੋਂ
ਸਾਰਾ ਕੁਝ ਇਹ
ਜਰ ਨਾ ਹੋਇਆ
ਗਿੱਲੀ ਮਿੱਟੀ ਦੇ ਵਰਕੇ ਤੇ
ਆਪਣੇ ਲਹੂ ਦੇ ਹਰਫ਼ਾਂ ਦੇ ਨਾਲ
ਲਿਖ ਗਿਆ ਹਉਕਾ
ਹਾਲੇ ਮੌਕਾ -

ਜਾਂ ਤਾਂ ਉਮਰਾ ਦੀ ਭੱਠੀ
ਬਾਲਣ ਬਣ ਬਲ ਜੋ
ਜਾਂ ਫਿਰ
ਸਾਰੇ ਪੁਤਲੇ
ਹਰ ਰਿਸ਼ਤਾ ਤੇ ਹਰ ਰੱਬ-
ਇੱਕ ਕੁਠਾਲੀ ਦੇ ਵਿੱਚ
'ਕੱਠੇ ਹੋ ਕੇ ਢਲ ਜੋ।

No comments:

Post a Comment