Friday, October 16, 2009

KOONJAN

Punjabi Poetry & Poetical Anecdotes
by
Kanwaljit Dhudike
18, GNE Campus, Ludhiana- 6 (Punjab)
Phone : 098141-35151, 91-161-2495151
e-mail : kjitsingh@gmail.com
Website : www.kanwaljitsingh.org
www.artpunjab.com

ਇਹ ਕਾਵਿ ਕਥਾਵਾਂ ਪੰਜਾਬੀ ਵਿਚ ਪੜ੍ਹਨ ਅਤੇ ਕਰਤਾ ਦੀ ਆਵਾਜ਼ ਵਿਚ ਐਮ ਪੀ 3 ਫਾਈਲਾਂ ਦੇ ਰੂਪ ਵਿਚ ਸੁਣਨ ਲਈ www.kanwaljitsingh.org 'ਤੇ ਜਾ ਸਕਦੇ ਹੋ।

Title & Art Work By the Author
Based on Punjabi Phulkari Folk Art Style


©Author 2009
Sole Distributors
Lokgeet Parkashan

S.C.O. 26-27, Sector 34 A, Chandigarh-160022 India
Ph. 0172-5077427, 5077428
Punjabi Bhawan Ludhiana-98154-71219

Type Setting & Design ekammultimedia@gmail.com

Printed & bound at Unistar Books (Printed Unit)
11-A, Industrial Area, Phase-2, Chandigarh (India)
98154-71219

Published by :
Saraknama Parkashan
Nachattar Singh Dhaliwal Bhawan, Moga. Ph. 98147-83069

ਕੂੰਜਾਂ ਦੇ ਲੇਖਕ ਪ੍ਰੋ. ਕੰਵਲਜੀਤ ਢੁੱਡੀਕੇ ਬਾਰੇ

ਇਸ ਤੋਂ ਪਹਿਲਾਂ
ਕਲਾ :
ਕਵਿਤਾ ਅਧਾਰਿਤ ਫੋਟੋ ਸਲਾਈਡ ਸ਼ੋਅ :

ਜ਼ਿੰਦਗੀ ਦੀਆਂ ਰੁੱਤਾਂ, 1989 (ਪੰਜਾਬੀ ਕਵਿਤਾ ਤੇ ਕਲਾ ਲਈ ਪਹਿਲਾ ਨਵਾਂ ਤਜਰਬਾ)
ਚਲੋ ਚਾਨਣ ਦੀ ਗੱਲ ਕਰੀਏ, 1998
ਸੂਰਜਮੁਖੀ ਫਿਰ ਖਿੜ ਪਏ ਨੇ, ਅਪ੍ਰੈਲ 1999
ਬੁੱਢਾ ਬਿਰਖ ਤੈਨੂੰ ਅਰਜ਼ ਕਰਦਾ ਹੈ, 2008
ਫੋਟੋ ਨੁਮਾਇਸ਼ਾਂ :
ਫਰੋਜ਼ਨ ਫਰੇਮਜ਼ (ਨਾਰਥ ਜ਼ੋਨ ਕਲਚਰਲ ਸੈਂਟਰ ਵਲੋਂ-ਲੁਧਿਆਣਾ, ਚੰਡੀਗੜ੍ਹ) 1997
ਮੇਰੀ ਧਰਤੀ ਮੇਰੇ ਲੋਕ (ਟੋਰਾਂਟੋ, ਸਰੀ, ਵੈਨਕੂਵਰ) 2000
ਨੱਚਣ ਕੁੱਦਣ ਮਨ ਕਾ ਚਾਓ (ਲੁਧਿਆਣਾ) 2004
ਮੇਰੀ ਧਰਤੀ ਮੇਰੇ ਲੋਕ, ਪੰਜਾਬੀ ਯੂਨੀਵਰਸਿਟੀ ਮਿਊਜ਼ੀਅਮ (ਪਟਿਆਲਾ) 2008
ਨੇਚਰ ਸਕੇਪਸ (ਆਰਟ ਪੰਜਾਬ ਗੈਲਰੀ, ਜਲੰਧਰ) 2009
ਸਾਹਿਤ :
ਬਿਨਾਂ ਪਤੇ ਵਾਲਾ ਖਤ (ਨਜ਼ਮਾਂ) 1997
ਕਿੱਸੇ ਤਿਤਰੂ ਦੇ
ਨਿੱਕੀ ਗੱਲ ਵੱਡੀ ਗੱਲ
(ਦੋਵੇਂ ਲੜੀਵਾਰ ਕਾਲਮ-ਟੋਰਾਂਟੋ, ਅਡਮੰਟਨ, ਸਿਡਨੀ ਦੇ ਰਸਾਲਿਆਂ ਲਈ) 2004 ਤੋਂ
ਸਨਮਾਨ :
ਪੰਜਾਬ ਸਟੇਟ ਐਵਾਰਡ (ਕਲਾ) 2007
ਪੰਜਾਬ ਰਾਜ ਲਲਿਤ ਕਲਾ ਅਕੈਡਮੀ ਐਵਾਰਡ (ਫੋਟੋਗ੍ਰਾਫੀ) 1997
ਸਰਵੋਤਮ ਭਾਰਤੀ ਫੋਟੋਗ੍ਰਾਫੀ ਐਵਾਰਡ, ਇੰਡੀਅਨ ਅਕੈਡਮੀ ਆਫ ਫਾਈਨ ਆਰਟਸ 2004
ਐਸੋਸੀਏਟਸ਼ਿਪ ਭਾਰਤੀ ਅੰਤਰਰਾਸ਼ਟਰੀ ਫੋਟੋਗ੍ਰਾਫੀ ਕਾਊਂਸਲ 2009
ਕਿੱਤਾ :
ਲੁਧਿਆਣੇ ਦੇ ਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲਜ ਵਿਖੇ ਇਲੈਕਟ੍ਰਾਨਿਕਸ ਇੰਜ. ਵਿਭਾਗ ਵਿਚ ਅਸਿਸਟੈਂਟ ਪ੍ਰੋਫੈਸਰ।
ਪੰਜਾਬੀ ਲਈ ਯੋਗਦਾਨ :
ਦੂਰਦਰਸ਼ਨ ਜਲੰਧਰ ਤੇ ਨਿਊਜ਼ ਰੀਡਰ 1989 ਤੋਂ
ਕਨੇਡਾ ਤੇ ਅਮਰੀਕਾ ਦੇ ਰੇਡੀਓ ਸਟੇਸ਼ਨਾਂ ਲਈ ਪੰਜਾਬੀ ਜ਼ੁਬਾਨ ਵਿਚ ਖਬਰਾਂ ਅਤੇ ਰਿਪੋਰਟਾਂ।
ਕਨੇਡਾ ਤੇ ਆਸਟ੍ਰੇਲੀਆ ਦੇ ਰਸਾਲਿਆਂ ਲਈ ਸੰਪਾਦਨਾ (ਆਨਰੇਰੀ)।
www.punjabsports.com : ਪੰਜਾਬੀ ਵਿਚ ਪਹਿਲੇ ਆਨਲਾਈਨ ਖੇਡ ਮੈਗਜ਼ੀਨ ਦੀ ਸ਼ੁਰੂਆਤ।

Thursday, October 15, 2009



ਮੋਰ ਕੂੰਜਾਂ ਨੂੰ ਆਖਦੇ
ਥੋਡੀ ਰਹਿੰਦੀ ਨਿੱਤ ਤਿਆਰੀ
ਜਾਂ ਕੂੰਜੋ, ਥੋਡਾ ਦੇਸ ਕੁਚੱਜੜਾ
ਜਾਂ ਤਾਂ ਕਿਸੇ ਨਾਲ ਯਾਰੀ

ਨਾ ਮੋਰੋ ਸਾਡਾ ਦੇਸ ਕੁਚੱਜੜਾ
ਨਾ ਤਾਂ ਕਿਸੇ ਨਾਲ ਯਾਰੀ
ਰੱਬ ਨੇ ਐਸੀ ਚੋਗ ਖਿਲਾਰੀ
ਭਰਨੀ ਪਵੇ ਉਡਾਰੀ।
- ਲੋਕ ਗੀਤ ਦੀ ਇਕ ਵੰਨਗੀ -

( ਕਿਤਾਬ ਵਿਚਲੇ ਸਕੈਚ ਕਰਤਾ ਨੇ ਪੰਜਾਬ ਦੀ ਫੁਲਕਾਰੀ
ਲੋਕ ਕਲਾ ਨੂੰ ਮੁੜ ਸੁਰਜੀਤ ਕਰਨ ਦੇ ਮਕਸਦ ਨਾਲ ਬਣਾਏ )

Tuesday, October 13, 2009

ਕੂੰਜਾਂ : ਪ੍ਰਵਾਸੀ ਪੰਜਾਬੀਆਂ ਦੇ ਮਨ ਦੀਆਂ ਪਰਤਾਂ - ਸੁਰਜੀਤ ਪਾਤਰ

ਕੰਵਲਜੀਤ ਢੁੱਡੀਕੇ ਦੀ ਬਹੁਮੁਖੀ ਪ੍ਰਤਿਭਾ ਨੇ ਹਮੇਸ਼ਾ ਮੈਨੂੰ ਬਹੁਤ ਪ੍ਰਭਾਵਿਤ ਕੀਤਾ ਹੈ। 1997 ਵਿਚ ਛਪੀ ਕਵਿਤਾਵਾਂ ਦੀ ਪੁਸਤਕ 'ਬਿਨਾ ਪਤੇ ਵਾਲਾ ਖ਼ਤ' ਨਾਲ ਉਹ ਨਵੇਂ ਕਵੀਆਂ ਦੀ ਪਹਿਲੀ ਕਤਾਰ ਵਿਚ ਸ਼ਾਮਲ ਹੋ ਗਿਆ ਸੀ। ਫਿਰ ਉਹ ਆਪਣੀਆਂ ਫੋਟੋ ਸਲਾਈਡਜ਼ ਦੀਆਂ ਕਲਾਮਈ ਤੇ ਕਾਵਿਕ ਪੇਸ਼ਕਾਰੀਆਂ ਤੇ ਫੋਟੋ ਪ੍ਰਦਰਸ਼ਨੀਆਂ ਸਦਕਾ ਚਰਚਿਤ ਰਿਹਾ। ਦੂਰਦਰਸ਼ਨ ਜਲੰਧਰ ਦੀ ਸਕਰੀਨ ਨੇ ਉਸਦਾ ਚਿਹਰਾ ਸਦਾ ਸਾਡੇ ਸਨਮੁਖ ਰੱਖਿਆ। ਕਨੇਡਾ ਅਤੇ ਅਮਰੀਕਾ ਦੇ ਰਸਾਲਿਆਂ ਵਿਚ ਉਸ ਦੇ ਕਾਲਮ ਅਤੇ ਰੇਡੀਓ ਸਟੇਸ਼ਨਾਂ ਤੋ ਬਰਾਡਕਾਸਟ ਹੋਣ ਵਾਲੀਆਂ ਉਸਦੀਆਂ ਖ਼ਬਰਾਂ ਤੇ ਵਿਸ਼ੇਸ਼ ਕਰ ਕੇ ਰਿਪੋਰਟਾਂ ਆਲੇ ਦੁਆਲੇ ਪ੍ਰਤੀ ਉਸ ਦੀ ਬਹੁਪੱਖੀ ਚੇਤਨਾ ਦਾ ਪ੍ਰਮਾਣ ਬਣੀਆਂ ਰਹੀਆਂ। ਮੈਂ ਉਹਨੂੰ ਹਮੇਸ਼ਾ ਜਾਗਦੀ ਚੇਤਨਾ ਵਾਲੇ ਪ੍ਰਤਿਭਾਸ਼ੀਲ, ਸੰਵੇਦਨਸ਼ੀਲ ਅਤੇ ਵਿਵੇਕੀ ਕਲਾਕਾਰ ਦੇ ਤੌਰ 'ਤੇ ਜਾਣਿਆ ਹੈ। ਉਸਦੀ ਨਵੀਂ ਕਾਵਿ-ਰਚਨਾ ਕੂੰਜਾਂ ਨਾਲ ਮੇਰੇ ਮਨ ਵਿਚ ਉਸ ਦੀ ਛਾਪ ਹੋਰ ਗੂੜ੍ਹੀ ਤੇ ਪ੍ਰਭਾਵਸ਼ਾਲੀ ਹੋਈ ਹੈ। ਕੂੰਜਾਂ ਕਾਵਿਕ ਰਚਨਾ ਹੈ, ਨਿਰਸੰਦੇਹ ਕੰਵਲਜੀਤ ਦੀ ਕਾਵਿਕ ਪ੍ਰਤਿਭਾ ਦੀ ਪ੍ਰਾਪਤੀ, ਪਰ ਇਸ ਦੀ ਰਚਨਾ ਵਿਚ ਉਸਦੇ ਹੋਰ ਹੁਨਰਾਂ ਨੇ ਵੀ ਹਿੱਸਾ ਪਾਇਆ ਹੈ। ਮਿਸਾਲ ਦੇ ਤੌਰ ਤੇ ਜੇ ਉਹ ਫੋਟੋਗ੍ਰਾਫ਼ਰ ਨਾ ਹੁੰਦਾ ਤਾਂ ਸ਼ਾਇਦ ਕਦੋਂ ਦੇ ਖੜ੍ਹੇ ਨੇ ਨਾਮ ਦੀ ਕਵਿਤਾ ਏਨੇ ਪ੍ਰਭਾਵਸ਼ਾਲੀ ਢੰਗ ਨਾਲ ਨਾ ਲਿਖ ਸਕਦਾ :
ਮੁੱਦਤਾਂ ਪਹਿਲਾਂ
ਤੁਰਿਆ ਸਾਂ ਜਦੋਂ ਘਰੋਂ
ਪਰਦੇਸ ਨੂੰ
ਉਦੋਂ ਦੇ ਹੀ
ਚੇਤਿਆਂ ਵਿਚ ਅਟਕੇ ਪਏ ਨੇ ਕਈ ਪਲ
ਫੋਟੋ ਫਰੇਮਾਂ ਵਾਂਗ-
- ਅੰਗੀਠੀ 'ਤੇ ਪਏ
ਟਿਕਟਿਕ ਕਰਦੇ ਚਾਬੀ ਵਾਲੇ ਟਾਈਮਪੀਸ ਨੇ
ਵਜਾਏ ਨੇ ਸ਼ਾਮ ਦੇ ਪੂਰੇ ਛੇ
- ਫਲ੍ਹੇ ਵਿਚਦੀ ਲੰਘਦੇ ਕੇਹਰੂ ਨੇ
ਮਹੀਆਂ ਨੂੰ ਮਾਰਨ ਲਈ
ਚੁੱਕੀ ਹੈ ਪਰਾਣੀ....
- ਛੱਪੜ ਕੰਢੇ ਲੱਗੇ
ਬੋਹੜ ਦੇ ਟਾਹਣ ਤੋਂ
ਨੰਗ ਧੜੰਗੇ ਕਰਮੂ ਨੇ
ਮਾਰੀ ਹੈ ਛਾਲ੩....

ਪਿੰਡ ਨੂੰ ਪਰਤਣ ਲੱਗਿਆ ਹਾਂ....

ਮੁਕਤ ਹੋਣ ਸਾਰੇ
ਕਦੋਂ ਦੇ ਖੜ੍ਹੇ
ਮੈਨੂੰ ਉਡੀਕੀ ਜਾ ਰਹੇ ਨੇ।
ਸਿਰਫ਼ ਇਸ ਕਵਿਤਾ ਵਿਚ ਹੀ ਨਹੀਂ ਬਾਕੀ ਸਾਰੀਆਂ ਕਵਿਤਾਵਾਂ ਵਿਚ ਵੀ ਕੰਵਲਜੀਤ ਦੁਆਰਾ ਕੀਤੇ ਬਾਰੀਕ ਸ਼ਾਬਦਿਕ ਚਿਤ੍ਰਣ ਵਿਚ ਉਸਦੀ ਕੈਮਰੇ ਨਾਲ ਦੇਖਣ ਵਾਲੀ ਅੱਖ ਦਾ ਕਮਾਲ ਸ਼ਾਮਲ ਹੈ। ਇਸ ਦ੍ਰਿਸ਼ਟੀ ਸਦਕਾ ਹੀ ਉਸ ਨੇ ਕੂੰਜਾਂ ਵਿਚ ਪਰਦੇਸੀ ਪੰਜਾਬੀਆਂ ਦੀ ਜ਼ਿੰਦਗੀ ਨੂੰ ਏਨੀ ਬਾਰੀਕਬੀਨੀ, ਏਨੇ ਸ਼ਊਰ ਤੇ ਏਨੇ ਕਲਾਮਈ ਢੰਗ ਨਾਲ ਚਿਤ੍ਰਿਆ ਹੈ :
ਬਾਈ, ਘੁੰਮਣ ਫਿਰਨ ਨੂੰ
ਇਸ ਮੁਲਕ ਦੀ ਰੀਸ ਨਹੀਂ
ਪਰ ਰਹਿਣ, ਕੰਮ ਕਰਨ ਤੇ ਜਿਊਣ ਲਈ
ਇਦੂੰ ਵੱਡੀ ਚੀਸ ਨਹੀਂ।
ਆਪਣੇ ਹਮਜਮਾਤੀ ਦੋਸਤ ਗੁਰਚਰਨ ਦੇ ਇਨ੍ਹਾਂ ਬੋਲਾਂ ਤੋਂ ਲੈ ਕੇ ਪਾਖਰ ਸਿੰਘ ਦੇ ਚਿੱਤ ਤੱਕ :
ਜਗਮਗ ਕਰਦੇ ਸ਼ਹਿਰਾਂ ਚ ਰਹਿਨੇ ਹਾਂ
ਕੋਈ ਫ਼ਿਕਰ ਨੀ
ਪਿੰਡ ਹੁੰਦੇ ਹਾਲੇ ਵੀ ਬਲਦਾਂ ਦੇ ਚੱਡਿਆ ਚ
ਪਰਾਣੀ ਤੁੰਨੀ ਜਾਣੀ ਸੀ
ਉਹ ਵਨ-ਵੇਅ ਟਰੈਫਿਕ, ਗੋਰੀ ਚਮੜੀ, ਸਭ ਕੁਝ ਪੁੱਠਾ, ਕੰਟਰੋਲ ਆਦਿ ਕਵਿਤਾਵਾਂ ਰਾਹੀਂ ਪੰਜਾਬੀ ਪਰਵਾਸੀਆਂ ਦੇ ਅਨੁਭਵ ਦੇ ਅਨੇਕ ਰੰਗਾਂ ਨੂੰ ਚਿਤਰਦਾ ਤੇ, ਵਿਵਹਾਰਾਂ ਦਾ ਵਰਣਨ ਕਰਦਾ ਹੈ :
ਜੋ ਬੰਦਾ ਪਰਦੇਸੀਂ ਤੁਰਦਾ
ਕੁਝ ਸੁਪਨੇ ਅੱਖੀਂ ਲੈ ਤੁਰਦਾ
ਸਭ ਤੋਂ ਰੰਗਲਾ ਸੁਪਨਾ ਹੁੰਦਾ
ਰਹਿਣ ਲਈ ਕੁਝ
ਖਾਣ ਲਈ ਕੁਝ
ਜਿਉਣ ਲਈ ਕੁਝ
ਕਰ ਕੇ ਖੱਟੀ
ਸਾਂਭ ਕੇ ਹੱਟੀ
ਅਪਣੀ ਮਿੱਟੀ ਵੱਲ ਧਾਵਾਂਗਾ
ਵਾਪਸ ਘਰ ਨੂੰ ਮੁੜ ਆਵਾਂਗਾ੩....
----
ਜੀਅ ਕਰਦਾ ਮੁੜ ਚੱਲੀਏ, ਸਭ ਕੁਝ ਇਧਰੋਂ ਪੁੱਟ
ਵਤਨੀਂ ਪੈਰ ਰਖੇਦਿਆਂ, ਸਭ ਸੋਚਣ ਲਈਏ ਲੁੱਟ
----
ਪੁਲਸ ਦੀਆਂ ਕੰਡਮ ਕਾਰਾਂ ਖਰੀਦ
ਟੈਕਸੀਆਂ ਬਣਾ ਲਗਾਤਾਰ ਭਜਾਉਦੇ ਹਾਂ
ਪਿੰਡ ਦੀਆਂ ਪੱਤੀਆਂ ਭਾਂਵੇਂ ਨਾ ਯਾਦ ਹੋਣ
ਪਰ ਏਥੇ ਇਕ ਇਕ ਐਵੇਨਿਊ ਜਾਣਦੇ ਹਾਂ
----
ਹੁੱਕਰ ਤੜਫੀ
ਪੰਜਾਬੀ 'ਤੇ ਆਈ
ਮੂੰਹ ਸੰਭਾਲ ਕੇ
ਪ੍ਰਵਾਸੀ ਦੋਸਤਾਂ ਦੀਆਂ ਮਹਿਫ਼ਲਾਂ, ਰੌਕਸੀ ਬਾਰ, ਨਿਆਗਰਾ ਫ਼ਾਲਜ਼ ਕਸੀਨੋ, ਗੁਰਦੁਆਰੇ, ਇਨ੍ਹਾਂ ਸਭਨਾਂ ਦੇ ਜ਼ਾਹਰ ਤੇ ਬਾਤਿਨ ਦ੍ਰਿਸ਼ ਉਸ ਦੀਆਂ ਇਨ੍ਹਾਂ ਕਵਿਤਾਵਾਂ ਵਿਚ ਮਿਲਦੇ ਹਨ। ਕਵਿਤਾ ਸ਼ੁਗਲ ਮੇਲਾ ਵਿਚ ਉਸਨੇ ਗੋਰਿਆਂ ਅਤੇ ਆਪਣੇ ਲੋਕਾਂ ਦੀ ਜੀਵਨ - ਸ਼ੈਲੀ ਦੇ ਅੰਤਰ ਨੂੰ ਚਿਤਰਿਆ ਹੈ। ਗਰਾਊਜ਼ ਪਹਾੜੀ 'ਤੇ ਕਲਾਕਾਰ ਗਲੈਨ ਗਰੀਨਸਾਈਡ ਦੀ ਕਾਠ-ਕਲਾ ਦਾ ਬਹੁਤ ਦਿਲਚਸਪ ਅਤੇ ਪ੍ਰਭਾਵਸ਼ਾਲੀ ਬਿਆਨ ਹੈ। ਫੈਰੀਆਂ ਦੀਆਂ ਫੇਰੀਆਂ ਤੁਸਾਦ ਅਜਾਇਬ ਘਰ ਦੀ ਮਨਮੋਹਕ ਤਸਵੀਰ ਵੀ ਹੈ ਤੇ ਪਰਵਾਸੀ ਪੰਜਾਬੀਆਂ ਦੀਆਂ ਆਰਥਿਕ ਮਜਬੂਰੀਆਂ ਦਾ ਮਾਰਮਿਕ ਜ਼ਿਕਰ ਵੀ। ਮਿਸਟਰ ਮੱਘਰ ਸਿੰਘ ਨਾਮੀ ਕਵਿਤਾ ਵਿਚ ਉਹ ਪਰਦੇਸ ਤੋਂ ਅਮੀਰ ਹੋ ਕੇ ਪਰਤੇ ਮੱਘਰ ਸਿੰਘ ਦੇ ਦੋਸਤ ਦੇ ਮਨ ਵਿਚ ਪੈਦਾ ਹੋਈ ਗੁੰਝਲ ਤੇ ਮੱਘਰ ਸਿੰਘ ਦੀ ਮਾਨਸਿਕਤਾ ਦਾ ਬੇਹੱਦ ਭਾਵਪੂਰਤ ਬਿਆਨ ਕਰਦਾ ਹੈ। ਤਾਏ ਕੇ ਅਤੇ ਵਾਨਾ ਵਾੲ੍ਹੀਟ ਆਦਿ ਕਵਿਤਾਵਾਂ ਵਿਚ ਕੈਨੇਡਾ ਦੇ ਆਦਿਵਾਸੀ ਲੋਕਾਂ ਦੇ ਜੀਵਨ ਦੇ ਦ੍ਰਿਸ਼ ਵੀ ਦਿਲ-ਟੁੰਬਵੇਂ ਹਨ। ਮਾਣ ਵਿਚ ਪਰਵਾਸੀ ਪੰਜਾਬੀਆਂ ਦੀਆਂ ਰਾਜਸੀ ਪ੍ਰਾਪਤੀਆਂ ਦੀ ਝਲਕ ਹੈ। ਇਕ ਕਵਿਤਾ ਵਿਚ ਇਕ ਪਰਵਾਸੀ ਪੰਜਾਬੀ ਪਰਦੇਸਾਂ ਵਿਚ ਵਧ ਰਹੀ ਪੰਜਾਬੀਅਤ ਦੇ ਮਾਣ ਨਾਲ ਭਰ ਕੇ ਕਹਿੰਦਾ ਹੈ :
ਪੰਜਾਬੋਂ ਉਠ - ਫੈਲੀ ਪੰਜਾਬੀ
ਪੰਜਾਬ ਅੰਦਰ - ਸੁੰਗੜੀ ਪੰਜਾਬੀ
ਠਹਿਰ ਜਾਵੋ ਬਸ ਮਾੜਾ ਜਿਹਾ
ਉਧਾਰ ਮੰਗੋਗੇ ਸਾਥੋਂ ਪੰਜਾਬੀ
ਪਰ ਸਾਡੇ ਨਿਆਣੇ , ਸਾਰੀ ਉਮਰਾ ਅਤੇ ਸਾਨੂੰ ਦੱਸੋ ਆਦਿ ਕਵਿਤਾਵਾਂ ਵਿਚ ਉਹ ਪ੍ਰਵਾਸੀ ਪੰਜਾਬੀਆਂ ਦੇ ਇਸ ਤੌਖ਼ਲੇ ਦਾ ਦਿਲ-ਟੁੰਬਵਾਂ ਬਿਆਨ ਕਰਦਾ ਹੈ ਕਿ ਸਾਡੀ ਪੰਜਾਬੀਅਤ ਅਗਲੀ ਪੁਸ਼ਤ ਵਿਚ ਨਹੀਂ ਜੀਵੇਗੀ। ਸਾਡੇ ਨਿਆਣੇ ਕਵਿਤਾ ਵਿਚ ਕੰਵਲਜੀਤ ਪ੍ਰਵਾਸੀਆਂ ਦੀ ਨਵੀਨਤਮ ਪੀੜ੍ਹੀ ਦੇ ਤੌਰ ਤਰੀਕੇ ਬਿਆਨ ਕਰਦਿਆਂ ਲਿਖਦਾ ਹੈ :
ਕੰਨਾਂ ਚ ਕੁੰਡਲ
ਮਨਾਂ ਚ ਵੀ ਕੁੰਡਲ

ਹੱਥਾਂ ਚ ਕਾਲੇ ਅੱਧ-ਦਸਤਾਨੇ
ਚਮੜਿਆਂ ਦੀਆਂ ਬਿਨਾ ਬਾਹਵਾਂ ਵਾਲੀਆਂ ਜਾਕਟਾਂ ਚੋ
ਝਾਕਦੀਆਂ ਸ਼ੇਵ ਕੀਤੀਆਂ ਹਿੱਕਾਂ
ਮੋਟੇ ਮੋਟੇ ਮਾਈਕਲ ਜੌਰਡਨੀ ਬੂਟ
ਡੌਲਿਆਂ ਤੇ ਰੰਗ ਬਰੰਗੇ ਸ਼ੇਰਾਂ ,ਚਾਮ੍ਹਚੜਿੱਕਾਂ ਦੇ ਟੈਟੂ....

ਮਾਪਿਆਂ ਦੀ ਸੁਕੂੰ ਸੁਕੂੰ ਕਰਦੀ
ਸੁਪਨ ਵੇਲ ਦੀਆਂ
ਵਤਨੀਂ ਲੱਗੀਆਂ ਜੜ੍ਹਾਂ ਨੂੰ ਖੁੱਗਣ ਲਈ
ਉਨ੍ਹਾਂ ਕੋਲ ਹੁਣ
ਖ਼ਾਸਾ ਸਮਾਨ ਹੈ।
ਇਕ ਹੋਰ ਕਵਿਤਾ ਵਿਚ ਉਹ ਅਜਿਹੀ ਸੰਤਾਨ ਹੱਥੋਂ ਦੁਖੀ ਮਾਪਿਆਂ ਦੇ ਇਹ ਬੋਲ ਵੀ ਅੰਕਿਤ ਕਰਦਾ ਹੈ :
ਸਾਰੀ ਉਮਰਾ ਡਾਲਰ ਜੋੜੇ
ਪਰਵਾਹ ਨਹੀਂ ਕੀਤੀ ਚੰਮ ਦੀ
ਨਾ ਕੋਈ ਆਪਣੀ ਖੁਸ਼ੀ ਹੀ ਮਾਣੀ
ਨਾ ਸਾਰ ਲਈ ਆਪਣੇ ਗ਼ਮ ਦੀ

ਹੁਣ ਦਮ ਵਿਚ ਦਮ ਨਹੀਂ ਬਚਿਆ
ਤੇ ਸਾਰ ਨਹੀਂ ਅਗਲੇ ਦਮ ਦੀ
ਉਤੋਂ ਨਵੀਂ ਪਨੀਰੀ ਕਹਿੰਦੀ
ਇਹ ਮਾਇਆ ਨਾ ਸਾਡੇ ਕੰਮ ਦੀ
ਸੱਚ ਪੁਛੇਂ ਦਿਲ ਭੁੱਬੀਂ ਰੋਂਦਾ
ਇਹ ਪੀੜ੍ਹੀ ਨਾ ਹੀ ਜੰਮਦੀ।
ਪ੍ਰਵਾਸੀ ਪੰਜਾਬੀ ਜੀਵਨ ਦੇ ਏਨੇ ਪੱਖਾਂ ਨੂੰ ਆਪਣੇ ਵਿਚ ਸਮੋਂਦਾ, ਏਨਾ ਬਹੁ-ਪਰਤੀ, ਗਹਿਰਾ ਤੇ ਕਲਾਮਈ ਬਿਆਨ ਮੈਂ ਕਿਸੇ ਹੋਰ ਕਾਵਿ-ਪੁਸਤਕ ਵਿਚ ਨਹੀਂ ਪੜ੍ਹਿਆ। ਇਹ ਪੁਸਤਕ ਸਿਰਫ਼ ਪਰਵਾਸ ਦਾ ਬਿਆਨ ਨਹੀਂ ਇਹ ਸਮੁੱਚੇ ਤੌਰ ਤੇ ਸਮਕਾਲੀ ਪੰਜਾਬੀ ਮਾਨਸਿਕਤਾ ਦੀ ਵੀ ਤਸਵੀਰ ਹੈ। ਸੁਲਤਾਨ ਬਾਹੂ ਹੋਰਾਂ ਦੀ ਇਕ ਤੁਕ ਹੈ : ਜੋ ਦਮ ਗਾਫ਼ਲ ਸੋ ਦਮ ਕਾਫ਼ਰ। ਲੱਗਦਾ ਹੈ ਕੰਵਲਜੀਤ ਨੇ ਆਪਣੀ ਬਿਦੇਸ਼ ਯਾਤਰਾ ਦਾ ਕੋਈ ਪਲ ਵੀ ਗਾਫ਼ਲ ਹੋ ਕੇ ਨਹੀਂ ਗੁਜ਼ਾਰਿਆ। ਉਹ ਹਰ ਪਲ ਜਾਗਦਾ, ਜਾਗਰੂਕ, ਸਾਕਸ਼ੀ ਰਿਹਾ। ਇਨ੍ਹਾਂ ਸ਼ਬਦਾਂ ਨਾਲ ਮੈਂ ਕੰਵਲਜੀਤ ਨੂੰ ਇਸ ਮਹੱਤਵਪੂਰਣ ਪੁਸਤਕ ਦੀ ਰਚਨਾ 'ਤੇ ਮੁਬਾਰਕਬਾਦ ਦਿੰਦਾ ਹਾਂ।
28 ਅਗਸਤ 2009

ਕੂੰਜਾਂ ਕਿਤਾਬ ਬਾਰੇ - ਕੰਵਲਜੀਤ ਢੁੱਡੀਕੇ

ਨੌ ਕੁ ਵਰ੍ਹੇ ਪਹਿਲਾਂ ਗੀਤਾਂ ਨਾਲ ਪ੍ਰੀਤਾਂ ਰੇਡੀਓ ਵਾਲੇ ਨਿੱਘੇ ਮਿੱਤਰ ਟੋਨੀ ਮਰਵਾਹਾ ਹੁਰਾਂ ਨੇ ਰੇਡੀਓ ਦੀ ਸਾਲਗਿਰਹਾ 'ਤੇ ਮੈਨੂੰ, ਗਾਇਕ ਸੁਖਵਿੰਦਰ ਨੂੰ ਤੇ ਰਾਜ ਬਰਾੜ ਨੂੰ ਪ੍ਰੋਗਰਾਮ ਮੌਕੇ ਸੱਦਾ ਪੱਤਰ, ਆਉਣ ਜਾਣ ਦੀ ਟਿਕਟ ਅਤੇ ਸਪਾਂਸਰਸ਼ਿਪ ਘੱਲੀ ਸੀ। ਇਸੇ ਸਦਕਾ ਕਨੇਡਾ ਜਾਣ ਦਾ ਸਬੱਬ ਬਣਿਆ। ਇਸ ਡੇਢ ਕੁ ਮਹੀਨੇ ਦੀ ਫੇਰੀ ਦੌਰਾਨ ਮੀਡੀਆ ਵਾਲੇ ਦੋਸਤਾਂ ਦੀ ਪ੍ਰਾਹੁਣਚਾਰੀ ਸਦਕਾ ਮੈਂ ਓਨਾ ਕੁ ਕਨੇਡਾ ਘੁੰਮ ਲਿਆ, ਜਿੰਨਾ ਆਮ ਜਾਣ ਵਾਲਾ ਛੇ ਮਹੀਨੇ ਵਿਚ ਵੀ ਸ਼ਾਇਦ ਨਾ ਘੁੰਮ ਸਕੇ। ਇਹ ਕਥਾਵਾਂ ਕਨੇਡਾ ਤੁਰੇ ਫਿਰਦੇ ਹੀ ਮਨ ਦੇ ਵਰਕਿਆਂ 'ਤੇ ਨੋਟ ਹੋ ਗਈਆਂ ਸਨ, ਪਰ ਇੰਨਾ ਸਮਾਂ ਕੰਪਿਊਟਰ ਦੇ ਢਿੱਡ ਵਿਚ ਹੀ ਖਰੜੇ ਦੇ ਰੂਪ ਵਿਚ ਪਈਆਂ ਰਹੀਆਂ। ਹੁਣ ਸੋਧ ਕੇ ਕਾਂਟ ਛਾਂਟ ਕਰਕੇ ਕੁਝ ਹੋਰ ਮੁਲਕਾਂ ਦੇ ਨਵੇਂ ਤਜਰਬੇ ਸ਼ਾਮਲ ਕਰਕੇ ਕਿਤਾਬ ਦੇ ਰੂਪ ਵਿਚ ਢਾਲ ਰਿਹਾ ਹਾਂ।
ਆਪਣੀ ਇਸ ਫੇਰੀ ਦੌਰਾਨ ਬਹੁਤ ਕੁਝ ਦੇਖਿਆ, ਮਾਣਿਆ, ਖਾਸ ਕਰਕੇ ਉਹ ਵੀ ਜਿਹੜਾ ਅਕਸਰ ਇਧਰੋਂ ਗਏ ਪੰਜਾਬੀਆਂ ਤੋਂ ਰਹਿ ਜਾਂਦਾ ਹੈ। ਉਥੇ ਤੁਰਦਿਆਂ ਫਿਰਦਿਆਂ ਰੱਬ ਦੀ ਧੁੰਨੀ 'ਚ ਖੁੱਭਦੀ ਸੂਈ ਵਰਗਾ ਸੀ. ਐਨ. ਟਾਵਰ ਅੰਦਰੋਂ ਬਾਹਰੋਂ ਦੇਖਿਆ। ਮਨੁੱਖ ਦੇ ਕੱਦ ਨੂੰ ਬੌਣਾ ਬਣਾਉਂਦੇ ਨਿਆਗਰਾ ਝਰਨੇ ਦੀਆਂ ਫੁਹਾਰਾਂ ਦੀ ਕਿਣਮਿਣੀ ਬਰਸਾਤ ਦਾ ਆਨੰਦ ਮਾਣਿਆ। ਬਲਵੰਤ ਰਾਮੂਵਾਲੀਆ ਦੇ ਭਰਾ ਇਕਬਾਲ ਰਾਮੂਵਾਲੀਆ ਤੋਂ ਉਸ ਦੇ ਅੰਗਰੇਜ਼ੀ ਸਕੂਲ ਵਿਚ ਪੜ੍ਹਾਉਣ ਦੇ ਪਹਿਲੇ ਦਿਨਾਂ ਦੀ ਨਸਲੀ ਭੇਦਭਾਵ ਵਾਲੀ ਦਾਸਤਾਨ ਸੁਣੀ। ਉਨ੍ਹਾਂ ਦੇ ਪਿਤਾ ਤੇ ਉਘੇ ਕਵੀਸ਼ਰ (ਸਵ.) ਕਰਨੈਲ ਪਾਰਸ ਹੁਰਾਂ ਦੇ ਘਰ ਉਨ੍ਹਾਂ ਵਲੋਂ ਮਿਣਤੀ ਕਰਕੇ ਲਾਏ ਜਾਂਦੇ ਪੈਗ ਨਾਲ ਸਾਂਝ ਕੀਤੀ।
ਆਪਣੇ ਪਿਤਾ ਸਵ. ਗਿਆਨੀ ਕਿਰਪਾਲ ਸਿੰਘ ਦੇ ਚੇਲੇ ਰਿਚੀ ਦੀ ਵਰਕਸ਼ਾਪ ਵਿਚ ਪੁਰਾਣੀਆਂ ਯਾਦਾਂ ਫਰੋਲੀਆਂ। ਕਿਲ੍ਹਾ ਰਾਏਪੁਰ ਦੇ ਗੈਰੀ ਸਿੰਘ ਦੀ ਗੈਰ ਮੁਲਕ 'ਚ ਸਰਦਾਰੀ ਦੇਖੀ। ਹਕੀਮਪੁਰ ਵਾਲੇ ਗੁਰਜੀਤ ਪੁਰੇਵਾਲ ਅਤੇ ਉਨ੍ਹਾਂ ਦੇ ਭਰਾਵਾਂ ਦੇ ਬਲਿਊ ਬੇਰੀ ਦੇ ਨਾਰਥ ਅਮਰੀਕਾ ਦੇ ਸਭ ਤੋਂ ਵੱਡੇ ਫਾਰਮ ਵਿਚ ਕੰਮ ਕਰਦੇ ਪੰਜਾਬੋਂ ਗਏ ਪੜ੍ਹੇ ਲਿਖੇ ਰੁਤਬੇਦਾਰੀਆਂ ਛੱਡ ਕੇ ਗਏ ਬਜ਼ੁਰਗਾਂ ਨੂੰ ਬੇਰੀਆਂ ਤੋੜਦੇ ਦੇਖਿਆ। ਮਨਫੀ 40 ਡਿਗਰੀ ਵਾਲੇ ਕੋਲਡ ਸਟੋਰ ਵਿਚ ਕੁਝ ਕੁ ਕਦਮ ਤੁਰਦਿਆਂ ਆਪਣੇ ਆਪ ਨੂੰ ਜੁੜਦਿਆਂ ਮਹਿਸੂਸ ਕੀਤਾ।
ਪ੍ਰਾਹੁਣਚਾਰੀ ਦੇ ਥੰਮ੍ਹ ਨਰਿੰਦਰ ਸਿੱਧੂ ਅਤੇ ਉਸ ਦੇ ਮੀਡੀਆ ਦੋਸਤਾਂ ਨਾਲ ਗਰਾਊਜ਼ ਪਹਾੜੀ ਉਪਰ ਬਣੇ ਲੱਕੜ ਦੇ ਬੁੱਤਾਂ ਦੀ ਗੂਫਤਗੂ ਸੁਣੀ। ਸਾਗਰ ਕਿਨਾਰੇ ਚਲਦੇ ਫਿਰਦੇ ਬਾਰ ਬੀ. ਕਿਊ. ਅਤੇ ਟਰੱਕ ਦੇ ਸਟੀਰੀਓ 'ਤੇ ਮਲਕੀਤ ਦੇ ਗਾਣੇ ਲਾ ਕੇ ਪਿਕਨਿਕਾਂ ਮਨਾਈਆਂ। ਵਿਕਟੋਰੀਆ ਦੇ ਪਾਰਲੀਮੈਂਟ ਭਵਨ ਵਿਚ ਉਸ ਵੇਲੇ ਦੇ ਟਰਾਂਸਪੋਰਟ ਮੰਤਰੀ ਹੈਰੀ ਲਾਲੀ ਨਾਲ ਮੁਲਾਕਾਤ ਕੀਤੀ ਤੇ ਪਾਰਲੀਮੈਂਟ 'ਚ ਪੰਜਾਬੀਆਂ ਦੀ ਸਰਦਾਰੀ ਦਾ ਅਹਿਸਾਸ ਕੀਤਾ। ਟੋਰਾਂਟੋ ਦੇ ਕਲਮਾਂ ਦੇ ਕਾਫਲੇ ਅਤੇ ਵੈਨਕੂਵਰ ਦੀ ਲਿਖਾਰੀ ਸਭਾ ਦੇ ਸਾਹਿਤਕਾਰ ਦੋਸਤਾਂ ਨਾਲ ਗੁਫਤਗੂ ਕੀਤੀ। ਪ੍ਰੋ. ਪ੍ਰੀਤਮ ਸਿੰਘ ਦੇ ਦਰਸ਼ਨ ਕੀਤੇ।
ਟੋਨੀ ਹੁਰਾਂ ਦੀ 'ਕੈਡੇਲਿਕ' ਕਾਰ ਵਿਚ ਗੁਰਦਿਲਬਾਗ ਸਿੰਘ ਬਾਘੇ ਤੇ ਸੁਖਵਿੰਦਰ ਨਾਲ ਹਾਈਵੇਅ 'ਤੇ ਬਲੈਕ ਲੇਬਲ ਦੇ ਪੈਗ ਲਾਉਂਦਿਆਂ ਹਾਲੇ ਉਦੋਂ ਰਿਲੀਜ਼ ਹੋਣ ਵਾਲੀ ਲਗਾਨ ਫਿਲਮ ਦੇ ਗੀਤ ਸੁਖਵਿੰਦਰ ਦੀ ਬੁਲੰਦ ਆਵਾਜ਼ ਵਿਚ ਲਗਾਤਾਰ ਸੁਣੇ। ਉਸ ਨਾਲ ਦੂਰਦਰਸ਼ਨ ਜਲੰਧਰ ਵੇਲੇ ਦੀਆਂ ਯਾਦਾਂ ਦੇ ਸ਼ੀਸ਼ੇ ਤੋਂ ਗਰਦ ਉਤਾਰੀ। ਤੇਜਪਾਲ ਨਾਲ ਉਸ ਦੀ ਤੜੱਕ ਹੋਈ ਕਹਾਣੀ ਉਸ ਦੇ ਮੂੰਹੋਂ ਤੜਕੇ ਲਾ ਲਾ ਕੇ ਸੁਣੀ। ਇਕਬਾਲ ਮਾਹਲ ਦੇ ਘਰ ਉਸ ਦੇ ਦਿਲ ਵਿਚ ਟੁਣਕਦੇ ਰਿਕਾਰਡ ਸੁਣੇ, ਮੋਗਿਓਂ ਟੋਰਾਂਟੋ ਗਏ ਆਪਣੇ ਦੋਸਤ ਡਾ. ਜਸਮਿੰਦਰ ਦੇ ਸਟੋਰ 'ਤੇ ਉਸ ਦੇ ਅਤੇ ਉਸ ਦੀ ਘਰਵਾਲੀ ਦੇ ਲਗਾਤਾਰ 18-18 ਘੰਟੇ ਡਿਊਟੀ 'ਤੇ ਖੜ੍ਹੇ ਰਹਿਣ ਦੇ ਦਰਦ ਨੂੰ ਪਛਾਣਿਆ। ਪੀ. ਏ. ਯੂ. ਤੋਂ ਪ੍ਰੋਫੈਸਰੀ ਛੱਡ ਕੇ ਗਏ ਨਿਰਮਲ ਰੰਧਾਵੇ ਹੁਰਾਂ ਦੇ ਪੀਜ਼ਾ ਸਟੋਰ 'ਤੇ ਉਸ ਨੂੰ ਪੀਜ਼ੇ ਬਣਾਉਂਦੇ ਦੇਖਿਆ।
ਉਘੇ ਸਾਹਿਤਕਾਰ ਗੁਰਚਰਨ ਰਾਮਪੁਰੀ ਹੁਰਾਂ ਨਾਲ ਉਨ੍ਹਾਂ ਦੀ ਕਵਿਤਾ ਦੇ ਅੱਜ ਤੋਂ ਆਰੰਭ ਤੱਕ ਦੀ ਸਾਂਝ ਪਾਈ। ਅਜਮੇਰ ਰੋਡੇ, ਸੁਰਜੀਤ ਕਲਸੀ ਅਤੇ ਦਰਸ਼ਨ ਮਾਨ ਹੁਰਾਂ ਦੇ ਘਰ ਸ਼ਾਮ ਬਿਤਾਈ। ਡਾ. ਸਾਧੂ ਸਿੰਘ ਦੇ ਹਰੇ ਭਰੇ ਬਾਗ ਵਾਲੇ ਘਰੇ ਉਨ੍ਹਾਂ ਦੇ ਪਰਿਵਾਰ ਅਤੇ ਕੁਝ ਮੀਡੀਆ ਵਾਲੇ ਦੋਸਤਾਂ ਨਾਲ ਪੰਜਾਬ ਦੇ ਹਾਲਾਤਾਂ ਬਾਰੇ ਚੁੰਝ ਚਰਚਾ ਹੋਈ। ਉਘੇ ਮੀਡੀਆ ਕਰਮੀ ਹਰਜਿੰਦਰ ਥਿੰਦ ਨਾਲ ਉਸ ਦੇ ਪ੍ਰੋਗਰਾਮ ਲਈ 'ਟਾਕ ਸ਼ੋਅ' ਦਿੱਤਾ। ਟੀ. ਵੀ. ਹੋਸਟ ਬਲਜਿੰਦਰ ਅਟਵਾਲ ਹੁਰਾਂ ਦੇ ਘਰ ਰੱਖੀ ਪਾਰਟੀ 'ਤੇ ਸਵੇਰ ਚੜ੍ਹਾਈ। ਕਲਮਾਂ ਦੇ ਕਾਫਲੇ ਵਾਲੇ ਭੁਪਿੰਦਰ ਦੁਲੇ ਹੁਰਾਂ ਨੇ ਕੁਲਦੀਪ ਮਾਨ ਦੇ ਘਰੇ ਸਾਹਿਤਕ ਮਹਿਫਿਲ ਸਜਾਈ।
ਕੈਨਸਿੱਖ ਸੁਸਾਇਟੀ ਵਾਲੇ ਗੁਰਦੀਸ਼ ਦੀਸ਼ਾ, ਪ੍ਰਤੀਕ ਸਿੰਘ ਤੇ ਹੋਰ ਮਿੱਤਰਾਂ ਨੇ ਨੁਮਾਇਸ਼ਾਂ ਵੇਲੇ ਤਸਵੀਰਾਂ ਅਤੇ ਤਸਵੀਰਾਂ ਦੇਖਣ ਆਉਣ ਵਾਲਿਆਂ ਨੂੰ ਤਰਤੀਬ ਦਿੱਤੀ। ਗਦਰੀ ਬਾਬਿਆਂ ਦੇ ਮੇਲੇ ਵਾਲੇ ਸਾਹਿਬ ਥਿੰਦ ਹੁਰਾਂ ਵਲੋਂ ਰੱਖੇ ਪ੍ਰੋਗਰਾਮ ਦੌਰਾਨ ਸਲਾਈਡ ਸ਼ੋਅ 'ਜ਼ਿੰਦਗੀ ਦੀਆਂ ਰੁੱਤਾਂ' ਪੇਸ਼ ਕੀਤਾ। ਟੋਰਾਂਟੋ ਦੇ ਮਾਲਟਨ ਕਮਿਊਨਿਟੀ ਸੈਂਟਰ 'ਚ 'ਮੇਰੀ ਧਰਤੀ ਮੇਰੇ ਲੋਕ' ਵਾਲੀ ਨੁਮਾਇਸ਼ ਲਾਈ ਤਾਂ ਪੰਜਾਬੀਆਂ ਦਾ ਜਿਵੇਂ ਹੜ੍ਹ ਆ ਗਿਆ। ਇਹ ਉਥੋਂ ਦੇ ਮੀਡੀਆ ਕਰਮੀ ਮਿੱਤਰਾਂ ਦੇ ਸਹਿਯੋਗ ਸਦਕਾ ਸੀ ਜਿਨ੍ਹਾਂ ਨੇ ਆਪਣੇ ਰੇਡੀਓ ਅਤੇ ਅਖਬਾਰਾਂ ਦੇ ਪੂਰੇ ਪੂਰੇ ਪੇਜ 'ਤੇ ਇਸ ਨੁਮਾਇਸ਼ ਬਾਰੇ ਲਿਖਿਆ। ਸਰੀ ਵਿਚ ਗਰੈਂਡ ਤਾਜ ਬੈਂਕੁਐਟ ਹਾਲ ਵਾਲੇ ਹਰਪਾਲ ਹੁਰਾਂ ਨੇ ਉਚੇਚੇ ਤੌਰ 'ਤੇ ਇਹੀ ਨੁਮਾਇਸ਼ ਲਵਾਈ ਤਾਂ ਸਾਰੇ ਸਾਹਿਤਕਾਰ, ਕਲਾਕਾਰ ਮਿੱਤਰ ਪਹੁੰਚੇ। ਫੋਟੋ ਕਲਾਕਾਰ ਜੈਤੇਗ ਸਿੰਘ ਅਨੰਤ ਅਤੇ ਆਰਟਿਸਟ ਜਰਨੈਲ ਸਿੰਘ ਹੁਰੀਂ ਉਦੋਂ ਨਵੇਂ ਨਵੇਂ ਗਏ ਅਜੇ ਜੜ੍ਹਾਂ ਲਾਉਣ ਲਈ ਗਮਲਾ ਲੱਭ ਰਹੇ ਸਨ।
ਐਬਟਸਫੋਰਡ ਵਿਖੇ ਢੁੱਡੀਕਿਆਂ ਦੇ ਵਾਸੀਆਂ ਨੇ ਮੇਰੇ ਲਈ ਉਚੇਚੇ ਤੌਰ 'ਤੇ ਪਾਰਟੀ ਰੱਖੀ ਅਤੇ ਕਿ ਮੈਂ ਉਸ ਬਾਬੇ ਡਾ. ਜੀਵਾ ਸਿਹੁੰ ਦਾ ਪੋਤਾ ਸਾਂ, ਜਿਨ੍ਹਾਂ ਦੇ ਡਾਕਟਰੀ ਕਿੱਤੇ ਦੇ ਅਹਿਸਾਨਾਂ ਨੂੰ ਪੇਂਡੂ ਨਾਲ ਹੀ ਇਥੋਂ ਤੱਕ ਚੁੱਕੀ ਆਏ ਸਨ। ਢੁੱਡੀਕਿਆਂ ਦੇ ਹੀ ਲੇਖਕ ਡਾ. ਦਰਸ਼ਨ ਗਿੱਲ ਹੁਰਾਂ ਦੇ ਘਰ ਹਰਜੀਤ ਦੌਧਰੀਆ, ਨਦੀਮ ਪਰਮਾਰ, ਮਹਿੰਦਰ ਸੂਮਲ, ਮੰਗਾ ਬਾਸੀ ਤੇ ਕਈ ਹੋਰ ਸਾਹਿਤਕ ਮਿੱਤਰਾਂ ਨਾਲ ਮਖਮਲੀ ਫਰਸ਼ 'ਤੇ ਰੰਗੀਨ ਸਾਹਿਤਕ ਮਹਿਫਿਲ ਸਜਾਈ, ਵਿਚੋਂ ਹੀ ਉਠ ਕੇ ਦਰਸ਼ਨ ਹੁਰਾਂ ਦੇ ਮਾਤਾ ਜੀ ਤੋਂ ਆਸ਼ੀਰਵਾਦ ਲਿਆ। ਪੱਤਰਕਾਰ ਸੁਖਮਿੰਦਰ ਸਿੰਘ ਚੀਮਾ ਤੇ ਮੱਲ੍ਹੀ ਹੁਰਾਂ ਦੀ ਨੋਕ ਝੋਕ ਦਾ ਸਵਾਦ ਲਿਆ।
ਵੈਨਕੂਵਰ ਦੇ ਵੱਖੋ ਵੱਖਰੀਆਂ ਵਿਚਾਰਧਾਰਾਵਾਂ ਯਾਨੀ ਤੱਪੜਾਂ ਅਤੇ ਕੁਰਸੀਆਂ ਵਾਲੇ ਗੁਰੂ ਘਰਾਂ ਵਿਚ ਚੁੱਪ ਚੁਪੀਤੇ ਬਗੈਰ ਸਿਰੋਪਾ ਲਇਓਂ ਮੱਥਾ ਟੇਕਿਆ। ਰੌਸ ਗੁਰੂ ਘਰ ਵਿਚ ਪੰਜਾਬ ਦੇ ਹਾਲਾਤਾਂ 'ਤੇ ਤੱਤੀ ਬਹਿਸ ਦੀ ਥਾਂ 'ਤੇ ਪੰਜਾਬ ਬਾਰੇ ਲਿਖੀਆਂ ਕਵਿਤਾਵਾਂ ਸੁਣਾ ਆਇਆ। ਸੜਕਾਂ ਅਤੇ ਹਾਈਵੇਅ 'ਤੇ ਜੂਝਦੇ ਪੰਜਾਬੀ ਟੈਕਸੀਆਂ ਵਾਲਿਆਂ ਦੇ ਦੁੱਖ ਦਰਦ ਜਾਣੇ। ਰੈਡ ਇੰਡੀਅਨਜ਼ ਦੇ ਇਲਾਕਿਆਂ ਵਿਚ ਉਨ੍ਹਾਂ ਵਲੋਂ ਘੜੇ ਜਾਂਦੇ ਟੋਟਮ ਪੋਲ ਅਤੇ ਕਈ ਹੋਰ ਰਸਮੋ ਰਿਵਾਜ ਦੇਖੇ। ਵੈਸਟ ਐਂਡ ਵੀਡੀਓ ਵਾਲੇ ਬਲਵਿੰਦਰ ਰਿਹਾਲ ਦੇ ਘਰੇ ਉਨ੍ਹਾਂ ਚਾਰਾਂ ਭਰਾਵਾਂ ਤੇ ਪਰਿਵਾਰ ਨਾਲ ਸਾਂਝ ਪਾਈ। ਨਿਆਗਰਾ ਕੈਸੀਨੋ ਦੀਆਂ ਜਗਦੀਆਂ ਬੱਤੀਆਂ ਵਿਚ ਛਣਕਦੀ ਮਾਇਆ ਦੀ ਚਕਾਚੌਂਧ ਦੇਖੀ। ਮੀਡੀਆ ਵਾਲੇ ਦੋਸਤਾਂ ਦੇ ਅਖਬਾਰਾਂ ਅਤੇ ਰੇਡੀਓ ਸਟੇਸ਼ਨਾਂ ਦਾ ਦੌਰਾ ਕੀਤਾ ਤੇ ਇੰਟਰਵਿਊਆਂ ਦਿੱਤੀਆਂ।
ਰੱਸੀਆਂ ਵਾਲੇ ਝੂਲਦੇ ਕੈਪਲੀਨੋ ਬ੍ਰਿਜ ਉਪਰ ਹੁਜਕੇ ਖਾਧੇ। ਵੈਨਕੂਵਰ ਤੇ ਵਿਕਟੋਰੀਆ ਵਿਚਲੇ ਅਜਾਇਬਘਰਾਂ 'ਚੋਂ ਕਨੇਡਾ ਦਾ ਇਤਿਹਾਸ ਫਰੋਲਿਆ। ਰੌਇਲ ਐਲਬਰਟ ਮਿਊਜ਼ੀਅਮ ਵਿਚ ਸਿੱਖੀ ਦੇ 300 ਸਾਲਾਂ ਸਬੰਧੀ ਇੰਗਲੈਂਡ ਤੋਂ ਮੰਗਵਾਈ ਗਈ ਨੁਮਾਇਸ਼ ਵਿਚ ਦਰਬਾਰ ਸਾਹਿਬ ਦੀਆਂ ਦੁਰਲੱਭ ਤਸਵੀਰਾਂ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਸੋਨੇ ਦੀ ਕੁਰਸੀ ਨੂੰ ਨੇੜਿਉਂ ਤੱਕਿਆ। ਇਸ ਨੁਮਾਇਸ਼ ਦੀ ਬੀਮਾ ਰਾਸ਼ੀ ਪੱਲਿਓਂ ਭਰਨ ਵਾਲੇ ਕਿਲ੍ਹਾ ਰਾਏਪੁਰੋਂ ਉਥੇ ਜਾ ਕੇ ਵਸੇ ਗੈਰੀ ਸਿੰਘ ਦੀ ਗੈਰ ਮੁਲਕ ਵਿਚ ਸਰਦਾਰੀ ਦੇਖੀ। ਕੈਰਾਸਾਗਾ ਵਾਲੇ ਮਨਮੋਹਨ ਸਿੰਘ ਦੇ ਨਾਲ ਸੱਪ ਸਲੂਤੀਆਂ ਵਾਲਾ ਚੀਨੀ ਸੀ ਫੂਡ ਖਾਣ ਦਾ ਪੰਗਾ ਲਿਆ। ਮਾਫੀਏ 'ਚ ਖੇਡਦੀ ਜਵਾਨੀ ਦੀਆਂ ਇਬਾਰਤਾਂ ਸੁਣੀਆਂ।
ਬੇਰੀਆਂ ਤੋੜਦਾ ਬੁਢਾਪਾ ਤੇ ਲੋੜ ਵੇਲੇ ਬੇਬੇ ਨੂੰ ਲੱਭਦੀ ਨੌਜਵਾਨ ਪੀੜ੍ਹੀ ਦੀ ਮਾਨਸਿਕਤਾ ਸਮਝੀ। ਮਾਪਿਆਂ ਨੂੰ ਦਰ ਕਿਨਾਰ ਕਰਕੇ ਆਪਣੇ ਰਾਹ ਚਲਦੀ ਨਵੀਂ ਪੀੜ੍ਹੀ ਕਰਕੇ ਘਰਾਂ ਵਿਚ ਫੈਲੇ ਤਣਾਅ ਨਾਲ ਸਿੱਲ੍ਹੀਆਂ ਹੋਈਆਂ ਅੱਖੀਆਂ ਵਿਚੋਂ ਦੀ ਤੱਕਿਆ। ਟੁੱਟਦੇ ਘਰਾਂ ਦੀ ਚਰਚਾ ਸੁਣੀ, ਹੰਢਾਈ। ਏਅਰਪੋਰਟਾਂ ਦੀਆਂ ਚਮਕਦੀਆਂ ਫਰਸ਼ਾਂ ਅਤੇ ਵਾਸ਼ਰੂਮਾਂ ਵਿਚ ਪੰਜਾਬੀਆਂ ਦਾ ਕਿੰਨਾ ਹਿੱਸਾ ਹੈ, ਇਸ ਬਾਰੇ ਵੀ ਜਾਣਿਆ।
ਵੈਨਕੂਵਰ ਦੇ ਸਟੈਨਲੇ ਅਤੇ ਵਿਕਟੋਰੀਆ ਦੇ ਬੁਸ਼ਾਰਟ ਗਾਰਡਨਜ਼ ਵਿਚ ਫੁੱਲਾਂ ਦੇ ਤਾਣੇ ਪੇਟੇ ਨਾਲ ਵਿਛੀਆਂ ਹੋਈਆਂ ਫੁਲਕਾਰੀਆਂ ਦੇਖੀਆਂ। ਹੋਰ ਵੀ ਇੰਨੇ ਵਿਉਂਤੇ ਬਾਗ ਨੇ ਕਿ ਰਹੇ ਰੱਬ ਦਾ ਨਾਮ। ਪੱਕੇ ਪਾਥ ਵੇਅ, ਕਲੀਨ ਵਰਗਾ ਘਾਹ, ਵਿਚ ਦੀ ਨਿੱਕੇ ਨਿੱਕੇ ਪੁਲ, ਕਿਤੇ ਖੜ੍ਹੇ ਪਾਣੀ ਕਿਨਾਰੇ ਫੁੱਲਾਂ ਦੀ ਛਹਿਬਰ, ਰਾਣੀਹਾਰਾਂ ਵਰਗੇ ਫੁੱਲ, ਚਿੱਟੇ-ਗੁਲਾਬੀ, ਗੂੜ੍ਹੇ ਤੇ ਫਿੱਕੇ ਹਰੇ ਬੂਟਿਆਂ ਦੇ ਸੁਮੇਲ, ਵਿਚ ਵਿਚ ਨੀਲੇ ਪੀਲੇ ਫੁੱਲਾਂ ਦਾ ਛਿੜਕਾਅ ਜਿਵੇਂ ਕਲਾਕਾਰ ਨੇ ਕੈਨਵਸ 'ਤੇ ਬੁਰਸ਼ ਭਿਉਂ ਕੇ ਛਿੱਟੇ ਮਾਰ ਦਿੱਤੇ ਹੋਣ। ਇਕ ਪਾਸੇ ਰੁੱਖ ਉਸ ਤੋਂ ਪਿਛੇ ਵੱਡੇ ਰੁੱਖ ਉਸ ਤੋਂ ਪਿਛੇ ਹਰੇ ਪਹਾੜ, ਇਨ੍ਹਾਂ ਪਹਾੜਾਂ ਤੋਂ ਉਪਰ ਚਿੱਟੇ ਪਰਬਤ ਤੇ ਫਿਰ ਨੀਲਾ ਅੰਬਰ। ਬਾਗਾਂ ਵਿਚ ਚਿੜੀਆਂ-ਜਨੌਰ ਚਹਿਚਹਾਉਂਦੇ ਨੇ। ਫੁੱਲ ਹਿਕੜੀ ਕੱਢ ਜੋਬਨ ਉਭਾਰਦੇ ਨੇ। ਫੁੱਲ, ਪੱਤੇ, ਘਾਹ ਤਰੇਲ ਧੋਤੇ ਚਮਕਦੇ ਨੇ। ਹਰੇਕ ਕਨੇਡੀਅਨ ਵਾਸੀ ਦੀ ਕਿਸੇ ਨਾ ਕਿਸੇ ਪ੍ਰੇਮ ਕਲੋਲ ਜਾਂ ਇਸ਼ਕ ਪੇਚਿਆਂ ਦੇ ਇਹ ਬਾਗ ਗਵਾਹ ਨੇ।
ਉਚੀਆਂ ਉਚੀਆਂ ਧੁਰ ਤੋਂ ਧੁਰ, ਸ਼ੀਸ਼ੇ ਕੱਜੀਆਂ ਇਮਾਰਤਾਂ 'ਚੋਂ ਦੂਸਰੀਆਂ ਇਮਾਰਤਾਂ ਦੇ ਅਕਸ ਤੇ ਨੀਲਾ ਅਸਮਾਨ ਇੰਜ ਦਿਸਦਾ ਹੈ ਕਿ ਉਹ ਖੁਦ ਬੇਪਛਾਣ ਲਗਦੀਆਂ। ਪਰ ਇਥੇ ਵਸਦੇ ਲੋਕਾਂ ਦੇ ਦਿਲਾਂ 'ਚੋਂ ਕੋਈ ਅਕਸ ਬਾਹਰ ਨਹੀਂ ਦਿਸਦਾ। ਸਿਰਫ ਮੂੰਹ 'ਤੇ ਚੜ੍ਹਾਏ ਮੁਸਕਰਾਹਟਾਂ ਦੇ ਮਖੌਟੇ ਹੀ ਦਿਸਦੇ ਹਨ।
ਇਧਰ ਤੁਸੀਂ ਮਾੜੇ ਤੋਂ ਮਾੜਾ ਤੇ ਤਕੜੇ ਤੋਂ ਤਕੜਾ ਪੰਜਾਬੀ ਲੱਭ ਸਕਦੇ ਹੋ। ਉਹ ਵੀ ਹਨ ਜਿਨ੍ਹਾਂ ਨੇ ਸਿੱਖੀ ਤੇ ਪੰਜਾਬੀਪੁਣੇ ਦੀ ਭੱਲ ਬਣਾਈ, ਕੰਪਨੀਆਂ ਖੋਲ੍ਹੀਆਂ, ਉਚੇ ਅਹੁਦਿਆਂ 'ਤੇ ਪਹੁੰਚੇ ਅਤੇ ਉਹ ਵੀ ਹਨ ਜਿਹੜੇ ਡਰੱਗ ਮਾਫੀਏ ਦੀਆਂ ਸਰਦਾਰੀਆਂ ਕਰਦੇ ਗੋਲੀਓ-ਗੋਲੀ ਹੁੰਦੇ, ਭਾਈਚਾਰੇ ਦੀ ਸੋਹਣੀ ਕੰਬਲੀ 'ਤੇ ਕਾਲੀਆਂ ਟਾਕੀਆਂ ਲਾ ਰਹੇ ਹਨ।
ਕਈਆਂ ਨੇ ਸਿੱਖੀ ਅਸੂਲਾਂ ਵੇਸ਼ਭੂਸ਼ਾ ਨੂੰ ਇੰਨਾ ਸਾਂਭਿਆ ਕਿ ਪੰਜਾਬ ਨਾਲੋਂ ਵੱਧ ਸਾਬਤ ਸੂਰਤ ਦਿਸਦੇ ਨੇ, ਪਰ ਕਈਆਂ ਨੇ ਪੱਗਾਂ ਨੂੰ ਕਿਸੇ ਖੂੰਜੇ ਸੁੱਟਣ ਦੇ ਨਾਲ ਨਾਲ ਨਾਵਾਂ ਨੂੰ ਵੀ ਇਸ ਕਦਰ ਬਦਲਿਆ ਹੈ ਕਿ ਪਛਾਣ ਨਹੀਂ ਆਉਂਦੀ। ਜਸਵਿੰਦਰ ਹੈ ਬਣਿਆ ਜੈਸੀ, ਗੁਰਬਿੰਦਰ ਤੋਂ ਗੈਰੀ ਹੋਏ, ਤਰਵਿੰਦਰ ਤੋਂ ਟੈਰੀ ਹੋਏ। ਸਮੇਂ ਦੀ ਚੱਕੀ ਨਾਲ ਸਭ ਗਿੜਦੇ ਨੇ, ਇਸ ਚੱਕੀ ਦੇ ਪੁੜ੍ਹਾਂ ਦੇ ਉਪਰ ਵਾਹੋ ਦਾਹੀ 'ਚਿੱਟਿਆਂ' ਨਾਲੋਂ ਕਿਤੇ ਤੇਜ਼ ਹੋ ਰਿੜ੍ਹਦੇ ਨੇ। ਜਿਵੇਂ ਚੰਡੀਗੜ੍ਹ ਵੜਦਿਆਂ ਆਪਣੇ ਪੰਜਾਬੀ ਪਹਿਲਾਂ ਪ੍ਰਦੂਸ਼ਣ ਚੈਕ ਵਾਲੀ ਪਰਚੀ ਲੈਣਾ ਨਹੀਂ ਭੁਲਦੇ ਤੇ ਫਿਰ ਸਪੀਡ ਦਾ ਵੀ ਖਿਆਲ ਰੱਖਦੇ ਨੇ, ਉਵੇਂ ਹੀ ਕਨੇਡਾ ਪਹੁੰਚੇ ਆਪਣੇ ਪੰਜਾਬੀ ਹਰ ਕਾਨੂੰਨ ਮੰਨਦੇ, ਸੱਜ ਵਿਆਹੀ ਵਾਂਗ ਬੋਚ ਬੋਚ ਪੱਬ ਧਰਦੇ, ਰਾਹ ਚਲਦੇ ਨੱਕ ਨਹੀਂ ਸੁਣਕਦੇ, ਕਿਸੇ ਖੂੰਜੇ ਲੱਗ ਸ਼ਰਲਾ ਨਹੀਂ ਮਾਰਦੇ, ਭੋਰਾ ਪਰਚੀ ਸੁੱਟਣੀ ਹੋਵੇ 'ਗਾਰਬੇਜ ਬਿੰਨ' ਲੱਭੀ ਜਾਣਗੇ, ਕਿਸੇ ਦੇ ਘਰ ਟਾਈਮ ਲੈ ਕੇ ਜਾਣਗੇ, ਅਗਲੇ ਦੇ ਘਰ ਅੰਦਰ ਵੜਦੇ ਸਾਰ ਸਫਾਈ ਖਾਤਰ ਜੁੱਤੀਆਂ ਲਾਹੁਣਗੇ।
ਕਨੇਡਾ ਬਾਰੇ ਮਸ਼ਹੂਰ ਹੈ ਕਿ ਇਥੇ ਫੁੱਲਾਂ 'ਚ ਖੁਸ਼ਬੋ ਨਹੀਂ, ਸੱਪ 'ਚ ਵਿਹੁ ਨਹੀਂ, ਰਿਸ਼ਤਿਆਂ 'ਚ ਮੋਹ ਨਹੀਂ। ਖੰਡ ਵੀ ਗੰਨੇ ਦੀ ਥਾਂ ਕੇਲੇ ਤੋਂ ਬਣਦੀ ਹੈ। ਮਿੱਠਾ ਘੱਟ ਹੁੰਦਾ ਹੈ। ਲੋਕਾਂ ਨੂੰ ਵੀ ਘੱਟ ਮਿੱਠੇ ਵਾਲੇ ਰਿਸ਼ਤੇ ਹੀ ਚੰਗੇ ਲਗਦੇ ਨੇ। ਤਿੰਨ ਡਬਲਿਊ ਤੋਂ ਡਰਦੇ ਨੇ-ਵੈਦਰ, ਵਾਈਫ ਤੇ ਵਰਕ (ਮੌਸਮ, ਘਰਵਾਲੀ ਤੇ ਕੰਮ) ਪਤਾ ਨਹੀਂ ਇਧਰ ਕਦੋਂ ਵਿਗੜ ਜਾਣ, ਸਿਆਣੇ ਬੰਦੇ ਹਰ ਤਰ੍ਹਾਂ ਦੀ ਛਤਰੀ ਨਾਲ ਹੀ ਰਖਦੇ ਨੇ।
ਕੰਮ ਧੰਦਿਆਂ ਲਈ ਕੋਈ ਸੰਗ ਸ਼ਰਮ ਨਹੀਂ। ਕੋਈ ਮਿਹਣਾ ਨਹੀਂ। ਬਰਾੜ ਸਵੀਟ ਹਾਊਸ ਹੈ, ਗਿੱਲ ਸ਼ੂਅ ਸਟੋਰ ਹੈ, ਗੁੱਜਰਵਾਲ ਦੇ ਗਰੇਵਾਲਾਂ ਦੇ ਮੁੰਡੇ ਦੀ ਝਟਕਈ ਦੀ ਦੁਕਾਨ ਹੈ, ਸਿੱਧੂਆਂ ਦੀ ਨੂੰਹ ਦੀ ਵੱਡੇ ਸਾਰੇ ਪਲਾਜ਼ੇ ਵਿਚ 'ਨੈਣ' ਦੀ ਦੁਕਾਨ ਹੈ, ਸਦਿਓੜਿਆਂ ਦੀ ਟਰਾਂਸਪੋਰਟ ਕੰਪਨੀ ਹੈ, ਟਰਾਲੇ ਟੋਰਾਂਟੋ ਤੋਂ ਕੈਲੀਫੋਰਨੀਆ ਜਾਂਦੇ ਨੇ। ਧਾਲੀਵਾਲ ਕਾਰਾਂ ਦੀ ਮੁਰੰਮਤ ਕਰਦਾ ਹੈ। ਸਭ ਪਾਸੇ ਜਦ ਪੈਂਦਾ ਮੰਦਾ, ਤਾਂ ਟੈਕਸੀ ਹੈ 'ਆਲੂ' ਵਰਗਾ ਧੰਦਾ।
ਬੋਲ ਚਾਲ ਦਾ ਸਟਾਈਲ ਵੀ ਆਪਣਾ ਹੀ ਹੈ, ਪੁਛੋ, 'ਘਰ ਕਿੰਨੀ ਦੂਰ ਹੈ?', ਕਹਿਣਗੇ, 'ਬਸ 40 ਕੁ ਮਿੰਟ ਦੂਰ ਹੈ।' ਜਾਂ ਫਿਰ 'ਸਕਾਰਬਰੋ 'ਚ ਗੱਡੀ ਹਿੱਟ ਕਰੀਂ, ਫਿਰ ਰਾਈਟ ਲੈ ਲੀਂ, ਜਾਂਦਾ ਹੀ ਫੋਨ ਮਾਰੀਂ, ਜਾਂਦਾ-ਜਾਂਦਾ ਜੌਬ ਤੋਂ ਮੌਮ ਨੂੰ ਪਿੱਕ ਕਰ ਲੀਂ, ਗੈਰੀ ਤੋਂ ਪੇਮੈਂਟ ਵੀ ਪਿੱਕ ਕਰ ਲੀਂ।' ਕਈ ਤਾਂ ਸਸਤਾ ਰਾਸ਼ਨ ਲੈਣ ਨਿਆਗਰਾ ਪਾਰ ਕਰਕੇ ਅਮਰੀਕਾ ਜਾਣਗੇ, ਆ ਕੇ ਚਾਲੀ ਡਾਲੇ ਵਾਲੀ ਬੋਤਲ ਲੈ ਲੈਣਗੇ। ਕਈ ਮਹਾਤੜ ਹਾਲੇ ਵੀ 50 ਸਾਲ ਪਿਛੇ ਜਿਉਂਦੇ ਨੇ, ਅੱਗ ਬੁਝਾਊ ਯੰਤਰ ਕੋਲ ਖੜ੍ਹੇ ਵੀ ਕਹਿਣਗੇ- 'ਸਿਗਰਟ ਨਾ ਬਾਲੀਂ, ਪਟਾਕਾ ਪੈ ਜੂ।' ਜਾਂ ਫਿਰ 'ਹੁਣ ਤਾਂ ਕੈਨੇਡਾ ਸਰਕਾਰ ਨੇ ਵੀ ਬੋਰਡ ਪੰਜਾਬੀ 'ਚ ਲੁਆ 'ਤੇ ਹੁਣ ਤਾਂ ਫੋਟੋਆਂ ਦੇਖਣੀਆਂ ਛੱਡ ਪੰਜਾਬੀ ਸਿੱਖ ਹੀ ਲਈਏ।' ਸਿਆਣੀ ਬੁੜ੍ਹੀ ਵਾਂਗ ਮੱਤ ਦੇਣਗੇ, 'ਜੇ ਘੁੱਟ ਲਾਓ, ਗੱਡੀ ਹੌਲੀ ਚਲਾਓ।' ਇਕ ਸੁਣਾਵੇ, 'ਭੋਲਿਆ, ਸਟੇਰਿੰਗ ਡੋਲਿਆ, ਆਰ. ਸੀ. ਐਮ. ਪੀ. ਵਾਲਾ ਬੜਾ ਸਾਊ, ਕੁਝ ਨਾ ਬੋਲਿਆ, ਲਾਈਸੈਂਸ ਖੋਹ ਲਿਆ।'
ਉਥੇ ਜਾ ਕੇ ਮੇਰੀ ਧਾਰਨਾ ਇਹ ਬਣੀ ਕਿ ਪੰਜਾਬੀ ਬਾਰੀ ਤੋਂ ਪਰਦਾ ਹਟਾਉਂਦੇ ਨੇ ਤਾਂ ਸੂਰਜ ਚੜ੍ਹਦਾ ਹੈ, ਆਪਣੇ ਘਰ ਦਾ ਦਰਵਾਜ਼ਾ ਖੋਲ੍ਹਦੇ ਨੇ ਤਾਂ ਸੜਕਾਂ ਉਬਾਸੀ ਲੈਂਦੀਆਂ ਉਠ ਪੈਂਦੀਆਂ ਨੇ। ਘਰੋਂ ਤੁਰਦੇ ਨੇ ਤਾਂ ਇਹ ਮੁਲਕ ਜਾਗ ਜਾਂਦਾ ਹੈ ਅਤੇ ਇਥੋਂ ਤੱਕ ਕਿ ਜੇ ਇਹ ਛਤਰੀ ਖੋਲ੍ਹਦੇ ਨੇ ਤਾਂ ਹੀ ਮੀਂਹ ਪੈਣ ਲਗਦਾ ਹੈ।
ਉਂਜ ਉਥੇ ਬਹੁਤੇ ਇਹੋ ਜਿਹੇ ਵੀ ਨੇ, ਜਿਹੜੇ ਪਿੰਡੋਂ ਉਡ ਕੇ 12 ਹਜ਼ਾਰ ਮੀਲ ਆ ਗਏ ਨੇ, ਪਰ ਪਿੰਡ ਨੂੰ ਵੀ ਨਾਲ ਹੀ ਚੁੱਕ ਲਿਆਏ ਨੇ ਤੇ ਸੁਭਾਅ ਵਿਚ 12 ਸੂਤ ਦਾ ਵੀ ਫਰਕ ਨਹੀਂ ਪਿਆ। ਇਹੀ ਪੁਆੜੇ ਦੀ ਜੜ੍ਹ ਹੈ।
ਆਪਣੇ ਇਸ ਛੋਟੇ ਪ੍ਰਵਾਸ ਦੌਰਾਨ ਪੱਕਾ ਪ੍ਰਵਾਸ ਕਰ ਗਏ ਪੰਜਾਬੀਆਂ ਦੇ ਸੁਭਾਅ, ਚਿੰਤਾਵਾਂ, ਮਾਨਸਿਕਤਾ ਤੇ ਖਾਸ ਕਰਕੇ ਉਦਰੇਵੇਂ ਵਰਗੇ ਪਹਿਲੂਆਂ ਬਾਰੇ ਇਸ ਕਿਤਾਬ ਨੇ ਆਪਣੇ ਆਪ ਹੀ ਰੂਪ ਲੈ ਲਿਆ। ਕੁਝ ਥਾਂਵਾਂ 'ਤੇ ਦੋਸਤਾਂ ਮਿੱਤਰਾਂ ਦੇ ਨਾਮ ਬਦਲੇ ਗਏ ਹਨ, ਬਹੁਤੀਆਂ ਥਾਂਵਾਂ 'ਤੇ ਸਹੀ ਹੀ ਰੱਖੇ ਗਏ ਹਨ। ਇਸ ਕਿਤਾਬ ਵਿਚ ਹੰਢਾਏ ਹੋਏ ਪਲਾਂ ਅਤੇ ਅਹਿਸਾਸਾਂ ਨੂੰ ਪੇਸ਼ ਕਰ ਰਿਹਾ ਹਾਂ। ਆਸ ਹੈ ਤੁਹਾਨੂੰ ਚੰਗਾ ਲੱਗੇਗਾ।

ਕੂੰਜਾਂ : ਅਹਿਸਾਸਾਂ ਦੀ ਡੋਰ

ਕੂੰਜਾਂ : ਉਦਾਸੀਆਂ

ਬਾਬੇ ਨੇ ਫਰਮਾਇਆ
-ਪਾਤਾਲਾ ਪਾਤਾਲ, ਲੱਖ ਆਗਾਸਾ ਆਗਾਸ।
ਅਸੀਂ ਤੁਰ ਪਏ ਬਾਬੇ ਦੇ ਰਾਹ
ਲਾ ਉਦਾਸੀਆਂ ਦਾ ਪਾਹ
ਜਿਥੇ ਤੱਕ ਨਿਭੇ ਪੈਰਾਂ ਸੰਗ ਸਾਹ
ਜਿਥੋਂ ਤੱਕ ਗਈ ਨਿਗਾਹ...!

ਕੂੰਜਾਂ : ਸੁਣ ਪਰਦੇਸੀ

ਜੋ ਬੰਦਾ ਪਰਦੇਸੀਂ ਤੁਰਦਾ
ਕੁਝ ਸੁਪਨੇ ਅੱਖੀਂ ਲੈ ਤੁਰਦਾ।
ਸਭ ਤੋਂ ਰੰਗਲਾ ਸੁਪਨਾ ਹੁੰਦਾ -
ਰਹਿਣ ਲਈ ਕੁਝ
ਖਾਣ ਲਈ ਕੁਝ
ਜਿਉਣ ਲਈ ਕੁਝ
ਕਰ ਕੇ ਖੱਟੀ,
ਸਾਂਭ ਕੇ ਹੱਟੀ
ਪੋਚ ਕੇ ਫੱਟੀ,
ਓਸ ਜਗ੍ਹਾ ਨਾਲ ਕਰ ਕੇ ਕੱਟੀ
ਆਪਣੀ ਮਿੱਟੀ ਵੱਲ ਧਾਂਵਾਂਗਾ
ਵਾਪਸ ਘਰ ਨੂੰ ਮੁੜ ਆਂਵਾਂਗਾ
ਆ ਕੇ ਫਿਰ ਸੁਪਨੇ ਬੀਜਾਂਗਾ
ਕਲਪ ਬਿਰਛ ਦੇ ਬਾਗ ਉਗਣਗੇ
ਉਨ੍ਹਾਂ ਦੀ ਛਾਂ ਬਹਿ ਮਾਣਾਂਗਾ
....

ਸੁਣ ਪਰਦੇਸੀ -
ਜੋ ਬੰਦਾ ਪਰਦੇਸੋਂ ਮੁੜਦਾ
ਉਹ ਬੰਦਾ ਪੂਰਾ ਨਾ ਮੁੜਦਾ....!
ਜਿਥੇ ਜਿਥੇ ਬੰਦਾ ਠਹਿਰੇ
ਉਥੇ ਹੀ ਕੁਝ-ਕੁਝ ਕਿਰ ਜਾਂਦਾ।
ਕਿਧਰੇ ਕਿਰਦੇ ਰੂਹ ਦੇ ਹਾਣੀ
ਦੋਸਤੀਆਂ ਦੀ ਰੰਗਲੀ ਢਾਣੀ
ਕਿਧਰੇ ਸੁੱਕਦੀ ਸੂਹੀ ਟਾਹਣੀ
ਖੇਰੂੰ ਹੁੰਦੀ ਯਾਦ ਕਹਾਣੀ

ਸੁਣ ਪਰਦੇਸੀ -
ਰੁੱਖ ਤੇ ਫੁੱਟੇ ਜਦੋਂ ਕਰੂੰਬਲ
ਬਿਨਾਂ ਆਵਾਜ਼ੋਂ ਫੁੱਟੇ
ਪਰ ਰੂਹ ਤੱਕ ਖੜਕਾ ਹੁੰਦਾ
ਜਦ ਇਕ ਪੱਤਾ ਵੀ ਟੁੱਟੇ।
ਇਕ ਪੱਤੇ ਨਾਲ ਫਰਕ ਨਾ ਪੈਂਦਾ
ਰੁੱਖ ਫਿਰ ਵੀ ਸਿਰ ਸੁੱਟੇ

ਹਰ ਇੱਕ ਰੁੱਖ ਨੂੰ ਪਤਾ ਹੀ ਹੁੰਦਾ
ਸਭ ਪੱਤ ਆਖਰ ਝੜ ਜਾਣੇ ਨੇ
ਕੋਈ ਨਾ ਬੈਠਾ ਰਹਿਣਾ।
ਹਰ ਪੱਤੇ ਦਾ ਰਾਗ ਹੈ ਵੱਖਰਾ
ਹਰ ਪੱਤੇ ਦਾ ਭਾਗ ਹੈ ਵੱਖਰਾ
ਰੁੱਖ ਨੇ ਦੁੱਖ ਸੁੱਖ ਸਹਿਣਾ।
....

ਪਰ ਪਰਦੇਸੀ -
ਵਿਚ ਪਰਦੇਸੀਂ,
ਜਿਸ ਹੱਥੋਂ, ਬੁੱਕ ਪੀਤਾ ਪਾਣੀ
ਜਿਸ ਸੰਘਣੇ ਰੁੱਖ ਦੀ ਛਾਂ ਮਾਣੀ
ਉਸਨੂੰ ਰੱਖੀਏ ਯਾਦ.....!
ਜਿਸ ਰਾਹ ਤੇ ਇਕ ਕਦਮ ਵੀ ਪੱਟੀਏ
ਜਿਸ ਧਰਤੀ ਇਕ ਰਾਤ ਵੀ ਕੱਟੀਏ
ਉਸਨੂੰ ਰੱਖੀਏ ਯਾਦ.....!
ਸਾਰੀ ਧਰਤੀ ਹੀ ਪਰਦੇਸ
ਕੋਈ ਨਾ ਆਪਣਾ ਦੇਸ!

ਕੂੰਜਾਂ : ਪਰਵਾਜ਼

ਕੂੰਜਾਂ : ਭੁੱਖ

ਜੇ ਨਾ ਮਨ ਵਿਚ ਆਉਂਦੀ
ਮਾਇਆ
ਤੇ
ਸਰਦਾਰੀ
ਦੀ ਭੁੱਖ,

ਕਦੇ ਨਹੀਂ
ਬੇਵਤਨ ਸੀ ਹੋਣਾ
ਛੱਡ ਕੇ
ਵਤਨ ਦੇ
ਦੁੱਖ
ਸੁੱਖ
ਤੇ ਰੁੱਖ....

ਕੂੰਜਾਂ : ਵੱਗ 'ਚ ਤੁਰਦਾ ਬੰਦਾ


(ਇਕ ਪੰਜਾਬੀ ਦਾ ਆਪਣੇ ਆਪ ਨਾਲ ਸੰਵਾਦ)
ਗਿੱਲੇ ਸੁੰਗੜੇ ਠਰੇ ਸਵੇਰੇ
ਤੁਰ ਪੈਂਦੇ ਹਾਂ ਨ੍ਹੇਰੇ ਨ੍ਹੇਰੇ

ਵੱਗ ਤੁਰਦਾ ਹੈ
ਵੱਗ 'ਚ ਤੁਰੀਏ
ਸਹੀਏ, ਝੁਰੀਏ।
ਵੱਗ ਦੇ ਟੱਲੀਆਂ
ਟੱਲੀਆਂ ਦੀ ਟੁਣਕਣ
ਟੁਣਕਣ ਸੁਪਨੇ
ਰੋਟੀ ਖਾਤਰ ਜੋ ਵੱਗ ਤੁਰਦਾ
ਉਸ ਵੱਗ ਦਾ ਹਰ ਸੁਪਨਾ ਖੁਰਦਾ !
....
ਤੁਰ ਜਾਂਦੇ ਹਾਂ ਨੇਰ੍ਹੇ ਨੇਰ੍ਹੇ
ਮੁੜ ਆਉਂਦੇ ਹਾਂ ਨੇਰ੍ਹੇ ਨੇਰ੍ਹੇ

ਕੂੰਜਾਂ : ਖੁਰਿਆ ਸੁਪਨਾ

(ਮੁਖਤਿਆਰ ਸਿੰਘ ਕਨੇਡੀਅਨ ਦੇ ਅਹਿਸਾਸ)
ਜੜ੍ਹਾਂ ਵੀ ਸੁਕੀਆਂ
ਟਾਹਣ ਵੀ ਸੁੰਨੇ
ਉਡ ਗਏ ਚੁਗ ਚੁਗ ਪੰਛੀ।

ਨਾ ਹੇਠਾਂ ਧਰਤੀ ਦਾ ਮੋਢਾ
ਨਾ ਸਿਰ ਤੇ ਅਸਮਾਨ ਦੀ ਛਤਰੀ
ਨਾ ਇਸ ਰੁੱਖ ਦੀ ਛਾਂ ਹੁਣ ਗੂਹੜੀ
ਨਾ ਕੋਈ ਛਾਂ ਨੂੰ ਮਾਣੇ।

ਬੰਦ-ਬੰਦ ਕਮਰੇ, ਬੰਦ-ਬੰਦ ਜਿਉਣਾ
ਜੀਅ ਘਬਰਾਵੇ
ਵਿੱਚ ਖਲਾਅ ਦੇ ਲਟਕੀ ਜਾਵਾਂ
ਕੋਈ ਨਾ ਧੀਰ ਧਰਾਵੇ।

ਅਕਸਰ ਹੀ ਇਕ ਸੁਪਨਾ ਆਵੇ
-ਸੁਪਨੇ ਦੇ ਵਿੱਚ ਪਿੰਡ ਦਾ ਟੋਭਾ
ਨਾਲ ਦੀ ਪਗਡੰਡੀ ਤੇ ਖੋਭਾ
ਜੋ ਕੁਝ ਖੱਟਿਆ ਸਿਰ ਤੇ ਚੁੱਕੀ
ਭੱਜਿਆ ਜਾਵਾਂ ਮਾਰ ਦੁੜਿੱਕੀ

ਤਿਲ੍ਹਕਾਂ ਤੇ ਸਭ ਕੁਝ ਡੁੱਲ੍ਹ ਜਾਵੇ
ਤ੍ਰਭਕਾਂ ਤੇ ਨੀਂਦਰ ਖੁੱਲ੍ਹ ਜਾਵੇ....

ਕੂੰਜਾਂ : ਫ਼ਰਕ


(ਵੈਨਕੂਵਰ ਮਿਲੇ ਮਿੱਤਰ ਪਾਲ ਦਾ ਕਥਨ)
ਹਾਲੇ ਤੱਕ ਵੀ ਲਗਦਾ ਰਹਿੰਦਾ
ਉਥੋਂ ਦਾ ਸੂਰਜ ਸੀ ਹੋਰ
ਇਥੋਂ ਦੇ ਚੰਦ ਤਾਰੇ ਹੋਰ।
ਬਾਹਰ ਚੁੱਪ ਚਾਂ ਪਸਰੀ ਰਹਿੰਦੀ
ਅੰਦਰ ਚੁੱਪ ਦਾ ਡਾਢਾ ਸ਼ੋਰ।
ਦਮ ਲਈਏ ਪਿੱਛੇ ਰਹਿ ਜਾਈਏ
ਤੁਰੀਏ ਸ਼ਤਰਮੁਰਗ ਦੀ ਤੋਰ।

ਹੁੰਦੇ ਜਾਈਏ ਹੋਰ ਦੇ ਹੋਰ
ਹੋਰ ਦੇ ਹੋਰ
ਹੋਰ ਦੇ ਹੋਰ

ਕੂੰਜਾਂ : ਭਾਰੇ ਥੱਲੇ ਵਾਲੇ ਗਿਲਾਸ


ਇਕ ਸ਼ਾਮ
ਵੈਨਕੂਵਰ ਦੀ
ਰੌਸ ਸਟਰੀਟ 'ਤੇ
ਆਪਣੇ ਘਰ ਦੇ ਲਾਅਨ ਵਿਚ ਬੈਠਾ
ਨਰਿੰਦਰ ਗੱਲ ਛੇੜਦਾ ਹੈ-
ਗਲਾਸ ਦਾ ਥੱਲ਼ਾ ਭਾਰਾ ਹੋਵੇ
ਤਾਂ ਛੋਟਾ ਪੈੱਗ ਵੀ ਵੱਡਾ ਲਗਦਾ।'
ਅਸੀਂ ਪਰਵਾਸੀ-
ਥੋਡੇ ਲਈ
ਭਾਰੇ ਥੱਲੇ ਵਾਲੇ
ਕੱਚ ਦੇ ਗਿਲਾਸ ਹਾਂ
ਫੋਕੀ ਜਿਹੀ ਆਸ ਹਾਂ।'

ਕੂੰਜਾਂ : ਚੂਸਣ ਵਾਲੀ ਹੱਡੀ


ਘੜੀ ਨਾਲ ਨੇ ਬੱਝੇ ਲੋਕ
ਫਿਰਦੇ ਸਦਾ ਹੀ ਭੱਜੇ ਲੋਕ।
ਵਕਤ ਦੀ ਥੁੜ੍ਹ ਦੇ ਮਾਰੇ ਫਿਰਦੇ
ਵੈਸੇ ਰੱਜੇ ਪੁੱਜੇ ਲੋਕ।
ਚਿੰਤਨ ਪੱਖੋਂ ਨੰਗ ਮਲੰਗ ਨੇ
ਉਪਰੋਂ ਪੂਰੇ ਕੱਜੇ ਲੋਕ।

-ਐਨਾ ਕੰਮ ਜੇ ਵਤਨੀਂ ਕਰਦੇ
ਇਧਰ ਆਉਣ ਨਾ ਭੱਜੇ ਲੋਕ।'

-ਪਿੰਡ ਨੂੰ ਮੁੜਨਾ ਚਾਹੁੰਦੇ ਹਰ ਦਮ
ਕਦਮ ਨਹੀਂ ਪਰ ਪੁੱਟਿਆ ਜਾਂਦਾ
ਇਥੇ ਜੋ ਚੂਸਣ ਨੂੰ ਮਿਲਦੀ
ਉਸ ਹੱਡੀ ਨਾਲ ਬੱਝੇ ਲੋਕ।'

ਕੂੰਜਾਂ : ਦੋਹਰੇ


ਇਸ ਪਾਸੇ ਰੰਗੀਨੀਆਂ, ਮੋਹ ਪਿੰਡ ਦਾ ਉਸ ਪਾਰ ।
ਵਾਂਗ ਮਧਾਣੀ ਰਿੜਕਦੇ, ਦੋਹੇਂ ਵਾਰੋ ਵਾਰ ॥

ਮੁੱਦਤ ਹੋਈ ਪਿੰਡ ਛੱਡਿਆਂ, ਹੋਏ ਅਸੀਂ ਉਡਾਰ ।
ਪਰ ਰੂਹ ਦੀ ਤੇ ਜਿਸਮ ਦੀ, ਪਿੰਡ 'ਚ ਖੜਕੇ ਤਾਰ ॥

ਟੱਪ ਕੇ ਨਹੀਂ ਸੀ ਦੇਖਿਆ, ਜਿਨ੍ਹਾਂ ਪਿੰਡ ਦਾ ਬਾਰ ।
ਸਿੱਧੀ ਛਾਲ ਪੰਜਾਬ ਤੋਂ, ਸੱਤ ਸਮੁੰਦਰ ਪਾਰ ॥

'ਪਾ ਲਿਆ' ਰਲ ਕੇ ਗੁਰੂ ਘਰ, ਪਿੰਡ ਜੋ ਵੇਚਣ 'ਫੀਮ ।
ਮਨ ਗੋਲਕ ਵਿੱਚ, ਉਪਰੋਂ, ਪੂਜਣ ਰਾਮ ਰਹੀਮ ॥

ਸੱਦੇ ਮਾਪੇ ਸੈਰ ਨੂੰ, ਵਿਚ ਸ਼ਰੀਕੇ ਧਾਕ ।
ਬੇਬੇ ਨਿਆਣੇ ਪੂੰਝਦੀ, ਬੇਰੀ ਤੋੜੇ ਬਾਪ ॥

ਘੁੰਮਦੀ ਪਈ ਚੰਡੋਲ ਹੈ, ਹਰ ਗੇੜੇ ਨਾਲ ਦੇਸ ।
ਕਈ ਚੁਰਾਸੀਆਂ ਕਟਦੇ, ਤੁਰਦੇ ਜੋ ਪਰਦੇਸ ॥

ਵਿਚ ਅਸਮਾਨੀਂ ਉਡਣ ਦਾ, ਸੁਪਨਾ ਹੋਇਆ ਖੇਹ ।
ਬਣ ਗਏ ਖੁੱਡੇ ਕੁਕੜੀ, ਖਾਏ ਤੇ ਆਂਡੇ ਦੇਹ ॥

ਹਰਿਆ ਭਰਿਆ ਬੰਗਲਾ, ਗੈਰੇਜ ਦੇ ਵਿਚ ਕਾਰ ।
ਕਿਸੇ ਚੀਜ਼ ਦੀ ਘਾਟ ਨੀਂ, ਕਿਸ਼ਤਾਂ ਦਾ ਸੰਸਾਰ ॥

ਸਿਰ ਤੋਂ ਲਾਂਭੇ ਨਾ ਹਟੇ ਕਿਸ਼ਤਾਂ ਦੀ ਤਲਵਾਰ ।
ਹਰ ਸਿਆਲੇ ਪਿੰਡ ਜਾਂਵਦੇ, ਬਣ ਠਣ ਕੇ ਸਰਦਾਰ ॥

ਕੱਢਵੀਂ ਜੁੱਤੀ, ਚਾਦਰਾ, ਤੁਰਲ੍ਹੇ ਵਾਲੀ ਪੱਗ ।
ਬਿੰਦ ਕੁ ਚੇਤੇ ਆਂਵਦੇ, ਜਿਉਂ ਪਾਣੀ ਦੀ ਝੱਗ ॥

ਦਿਨ ਹੋਵੇ ਵੱਡੇ ਤੋਂ ਵੱਡਾ ਰਾਤ ਛੋਟੀ ਤੋਂ ਛੋਟੀ ।
ਬੇਬੇ ਹੋਵੇ ਪੋਤਾ ਸਾਂਭੇ ਨਾਲ ਕਮਾਵੇ ਰੋਟੀ ॥

ਕਾਹਲੀ ਸੌਂ ਤੇ ਕਾਹਲੀ ਜਾਗ, ਕਾਹਲੀ ਕਾਹਲੀ ਖਾ ।
ਕਾਹਲੀ ਹੀ ਤਾਂ ਧਰਮ ਹੈ, ਕਾਹਲੀ ਮੋਕਸ਼ ਪਾ ॥

ਸੁਪਨੇ ਆਵਣ ਪਿੰਡ ਦੇ, ਇਥੇ ਕੋਈ ਨਾ ਤੋਟ ।
ਜਿੰਦ ਨਿਮਾਣੀ ਇੱਕ ਹੈ, ਕੱਟਾਂ ਕਿਹੜੇ ਲੋਟ ॥

ਸੁਖ ਦੀ ਨੀਂਦਰ ਸੌਣ ਦਾ, ਸੁਪਨਾ ਸੀ ਲੈ ਆਏ।
ਰਾਤ ਉਨੀਂਦੀ ਲੰਘਦੀ, ਦਿਨ ਤੇ ਦਿਲ ਕੁਮਲਾਏ ॥

ਜੀਅ ਕਰਦਾ ਮੁੜ ਚੱਲੀਏ, ਸਭ ਕੁਝ ਇਧਰੋਂ ਪੁੱਟ ।
ਵਤਨੀਂ ਪੈਰ ਰਖੇਂਦਿਆਂ, ਸਭ ਸੋਚਣ ਲਈਏ ਲੁੱਟ ॥

ਕੂੰਜਾਂ : ਪੰਜਾਬੜੀ

(ਪ੍ਰਵਾਸੀਆਂ ਦਾ ਤਾਅਨਾ)

ਜਿਥੇ ਪਹੁੰਚੂ ਪੰਜਾਬੀ
ਉਥੇ ਪਹੁੰਚੂ ਪੰਜਾਬ।

ਅਮੀਬਾ ਵਾਂਗ ਕਿੰਨੇ ਹੀ ਪੰਜਾਬ ਨੇ ਹੁਣ
ਲਹਿੰਦਾ ਪੰਜਾਬ, ਚੜ੍ਹਦਾ ਪੰਜਾਬ,
ਮਹਾਂਨਗਰਾਂ ਦਾ ਪੰਜਾਬ,
ਕਨੇਡੀਅਨ ਪੰਜਾਬ,
ਅਮਰੀਕਨ ਪੰਜਾਬ, ਵਲਾਇਤੀ ਪੰਜਾਬ....।

ਸਰੀ 'ਚ ਸਟੋਰ 'ਤੇ ਜਾ ਕੇ
ਗੁਸਲਖਾਨੇ ਦਾ ਲਾਟੂ ਮੰਗੋ-ਮਿਲੇਗਾ।
ਕੈਲੀਫੋਰਨੀਆ 'ਚ ਪੂਰੀਆਂ, ਛੋਲੇ, ਭਟੂਰੇ,
ਪਕੌੜੀਆਂ, ਵੜੀਆਂ ਲੱਭੋ-ਲੱਭਣਗੇ।
ਸਿਡਨੀ 'ਚ ਸਵਾ ਡਾਲਰ ਦੇ ਪਤਾਸੇ ਮੰਗੋ-ਮਿਲਣਗੇ।
-ਐਵੇਂ ਨਾ ਆਪਣੀ
ਪੰਜਾਬੜੀ ਜਿਹੀ 'ਤੇ
ਮਾਣ ਕਰਦੇ ਰਹਿਓ....।

ਪੰਜਾਬੋਂ ਉਠ - ਫੈਲੀ ਪੰਜਾਬੀ
ਪੰਜਾਬ ਅੰਦਰ - ਸੁੰਗੜੀ ਪੰਜਾਬੀ
ਠਹਿਰ ਜਾਵੋ ਬਸ ਮਾੜਾ ਜਿਹਾ
ਉਧਾਰੀ ਮੰਗੋਗੇ ਸਾਥੋਂ ਪੰਜਾਬੀ....
(ਅਮੀਬਾ: ਬਹੁਤ ਛੋਟਾ ਸਮੁੰਦਰੀ ਜੀਵ ਜੋ ਅਗਾਂਹ ਦੀ ਅਗਾਂਹ ਟੋਟੇ ਹੋ ਕੇ ਆਪਣੀ ਨਸਲ ਵਧਾਉਂਦਾ ਹੈ)

ਕੂੰਜਾਂ : ਕਾਵਿ ਕਥਾਵਾਂ

ਕੂੰਜਾਂ : ਸ਼ਿਵ ਦੁਆਲੇ ਸਕਾਚ


(ਇਕ ਮੀਡੀਆ ਕਰਮੀ ਮਿੱਤਰ ਦੇ ਘਰ ਪਾਰਟੀ, ਸਰੀ)

ਮਹਿਫਲ 'ਚ ਕਈ ਦੋਸਤ ਇਕੱਠੇ ਹੋਏ ਨੇ
ਘੋਨ ਮੋਨ ਲੇਖਕ
ਕਾਮਰੇਡ ਬੁੱਧੀਜੀਵੀ
ਲੰਬੀਆਂ ਦਾਹੜੀਆਂ ਪਲੋਸਦੇ ਲੋਕਲ ਲੀਡਰ
ਟਰੱਕਾਂ ਦੇ 'ਪੀ. ਐਚ. ਡੀ.' ਡਰਾਈਵਰ
ਟੈਲੀਵੀਜ਼ਨ ਦੇ ਆਪੇ ਬਣੇ ਸੰਚਾਲਕ
ਰੇਡੀਓ ਪ੍ਰੋਗਰਾਮਾਂ ਦੇ ਮਾਲਕ....।
ਮਹਿਫਲ ਸਜੀ ਹੈ
ਰਿੜਕੀ ਜਾ ਰਹੀ ਹੈ ਪੰਜਾਬ ਦੀ ਸਿਆਸਤ
ਸਵਾਲਾਂ ਦੀਆਂ ਫੁਲਝੜੀਆਂ
ਰੰਗ ਬਿਰੰਗੇ ਅੰਗਿਆਰ ਸੁੱਟ ਰਹੀਆਂ ਹਨ।

ਬਾਰ ਦੇ ਐਨ ਉਪਰ -
ਕੰਧ ਤੋਂ ਬਾਬਾ ਨਾਨਕ
ਸ਼ਾਂਤ ਚਿੱਤ ਦੇਖ ਰਿਹਾ ਹੈ
ਲਾਗਲੇ ਸਾਈਡ ਵਾਲੇ ਮੇਜ਼ ਉੱਪਰ
ਬੁੱਧ 'ਪਦਮ ਆਸਨ' ਲਾਈ ਬੈਠਾ ਹੈ
ਵਿਚਾਲੇ ਪਏ ਸ਼ੀਸ਼ੇ ਦੇ ਡਲ੍ਹਕਦੇ ਮੇਜ਼ 'ਤੇ
ਸ਼ਿਵ ਦਾ ਸੁਨਿਹਰੀ ਬੁੱਤ
ਤਾਂਡਵ ਨਾਚ ਕਰ ਰਿਹਾ ਹੈ -
ਪਰ ਸਭ ਤੋਂ ਬੇਖਬਰ
ਉਸਦੇ ਚਾਰੇ ਪਾਸੇ
ਸੁਨਿਹਰੀ ਸਕਾਚ ਦੇ ਗਿਲਾਸ
ਭਰ ਭਰ ਰੱਖ ਰਿਹਾ ਹੈ
ਸਾਡਾ ਮੇਜ਼ਬਾਨ
(ਬਾਰ : ਦਾਰੂਖਾਨਾ)

ਕੂੰਜਾਂ : ਯਾਦਾਂ ਦੀ ਲਾਲਟੈਣ


(ਟਰਾਂਟੋਂ, ਵੈਨਕੂਵਰ ਤੇ ਸਰੀ 'ਚ ਦੋਸਤਾਂ ਦੀਆਂ ਮਹਿਫਿਲਾਂ ਚੇਤੇ ਕਰਦਿਆਂ)
ਮਹਿਫਲਾਂ ਦੇ ਸੁਭਾਅ ਮੁਤਾਬਕ
ਉਨ੍ਹਾਂ ਦੇ ਰੰਗ ਰੂਪ ਹੁੰਦੇ ਨੇ।
ਕਨੇਡਾ ਗਏ ਨੂੰ,
ਮੀਡੀਆ ਵਾਲਿਆਂ, ਪੁਰਾਣੇ ਜਮਾਤੀਆਂ,
ਖ਼ਬਰਾਂ ਅਤੇ ਲਿਖਤਾਂ ਰਾਹੀਂ
ਫੋਨ ਜ਼ਰੀਏ ਬਣੇ
ਦੋਸਤਾਂ ਮਿੱਤਰਾਂ, ਲੇਖਕਾਂ ਨੇ ਮਹਿਫਲਾਂ ਸਜਾਈਆਂ।
ਮੇਰੇ ਵਰਗੇ ਨੂੰ ਨਾਲ ਦਾ ਦੋਸਤ ਹੀ ਦੱਸਦਾ,
-ਆਹ ਵਾਈਨ ਘੈਂਟ ਹੈ,
-ਆਹ ਰਾਈ ਏ
-ਲਾਲ, ਕਾਲੇ, ਨੀਲੇ ਲੇਬਲਾਂ ਵਾਲੀ ਸਕਾਚ ਹੈ।
ਕਈ ਥਾਈਂ ਮੇਜ਼ਬਾਨ ਹਰੇਕ ਦਾ ਭਾਰ ਚੁਕਦਾ
ਕਈ ਥਾਈਂ ਮੇਜ਼ਬਾਨ ਲਈ, ਸਾਰੇ ਭਾਰ ਚੁੱਕਦੇ
ਪਰ ਮਹਿਫਲ ਜਦ ਜੁੜਦੀ, ਗਹਿਗੱਚ ਜੁੜਦੀ।

ਇਨ੍ਹਾਂ ਮਹਿਫਲਾਂ ਵਿਚ
ਜਦੋਂ ਚਲਦੇ ਦੌਰ
ਤਾਂ ਗੱਲਾਂ ਦੀ ਕਿਣ ਮਿਣ ਸ਼ੁਰੂ ਹੁੰਦੀ
ਬਣ ਜਾਂਦੀ ਯਾਦਾਂ ਦੀ ਬਰਸਾਤ
ਤੇ ਇਸ ਬਰਸਾਤ ਦੌਰਾਨ
ਕਈ ਕੁਝ ਵਾਪਰਦਾ
-ਕਦੇ ਕਾਰਲ ਮਾਰਕਸ ਆ ਬਹਿੰਦਾ,
ਕਿਤਾਬਾਂ ਵਾਲੀ ਸ਼ੈਲਫ ਤੋਂ ਉਤਰ ਕੇ
ਚੁੱਪ ਚਾਪ ਆਪਣੇ 'ਚ ਹੀ ਗਵਾਚੇ ਸੰਤ ਵਾਂਗ ਸਾਡੇ ਵਿਚਾਲੇ।
-ਕਦੇ ਸੋਟੀ ਦੀ ਠੱਕ ਠੱਕ ਕਰਦਾ ਗਾਂਧੀ
ਧੋਤੀ ਦਾ ਲੜ ਸਾਂਭਦਾ
ਬਾਹਰਲੀ ਗਲੀ 'ਚੋਂ ਲੰਘ ਜਾਂਦਾ।
-ਕਦੇ ਨਰਮ ਗਰਮ ਸਿਆਸਤ
ਦੇ ਪੂਦਨੇ ਨੂੰ ਪੱਥਰ ਦੇ ਕੂੰਡੇ 'ਚ
ਕੁੱਟਿਆ ਜਾਂਦਾ ਘੁੰਗਰੂਆਂ ਵਾਲੇ ਘੋਟਣੇ ਨਾਲ।
ਤੇ ਇਸ ਵਿਚ ਹਰ ਕੋਈ ਪਾਉਂਦਾ
ਆਪਣੇ ਹਿਸਾਬ ਨਾਲ ਲੂਣ, ਮਿਰਚਾਂ, ਅਨਾਰਦਾਣਾ।
-ਕਦੇ ਸੁਨਹਿਰੀ ਅੰਬਰਸਰ ਦੇ ਗੁੰਬਦ 'ਚੋਂ
ਸਰਰਰ ਕਰਦੀ ਗੋਲੀ ਲੰਘਦੀ ਤਾਂ
ਮਹਿਫਲ ਦੇ ਗਲੇ ਵਿਚ ਅਟਕ ਜਾਂਦੀ ਇਕ ਚੀਕ।
-ਕਦੇ ਕਲਹਿਣੀ ਚੁਰਾਸੀ ਵਾਲੀ ਦਿੱਲੀ ਦੀ
ਭੱਠੀ ਦੇ ਸੇਕ ਨਾਲ
ਮਹਿਫਲ ਦੀ ਅੱਖ ਵਿੱਚ ਉਭਰ ਆਉਂਦੇ ਲਾਲ ਡੋਰੇ।
-ਕਦੇ ਓਸ਼ੋ ਰਜਨੀਸ਼ ਉਤਰ ਆਉਂਦਾ ਅਰਸ਼ ਦੀਆਂ ਪੌੜੀਆਂ
ਫਰੀਦ, ਨਾਨਕ, ਬੁੱਲ੍ਹੇ, ਹਾਸ਼ਮ, ਮੀਰਾ ਦੇ ਗਰੰਥਾਂ ਨੂੰ
ਆਪਣੀ ਬੀਬੀ ਦਾਹੜੀ ਵਿਚ ਵਸਾਈ....!
-ਕਦੇ ਸੰਤ ਰਾਮ ਉਦਾਸੀ 'ਪੁਲਸੀਏ ਝੱਖੜ' ਵਿੱਚ
ਗਵਾਚੀ ਨਿਗਾਹ ਲਭਦਾ
ਹੌਲੀ ਹੌਲੀ ਪਹਾੜੋਂ ਸੂਰਜ ਚੁੱਕੀ
ਕੰਮੀਆਂ ਦੇ ਵਿਹੜੇ 'ਚੋਂ ਦੀ ਹੁੰਦਾ
ਮਹਿਫਲ ਵਿਚ ਆ ਬਹਿੰਦਾ.... !
-ਕਦੇ ਪਾਸ਼ ਘਾਹ ਦੀ ਤਿੜ੍ਹ ਚਿਥਦਾ
ਮੇਜ ਉਪਰ ਪੱਠਿਆਂ ਦੀ ਭਰੀ ਲਿਆ ਸੁੱਟਦਾ
ਤੇ ਸਾਰੇ ਆਪਣੇ ਆਪਣੇ ਪੈਗ ਬਚਾਉਂਦੇ
-ਕਦੇ ਸ਼ਿਵ ਦਾਣੇ ਭੁੰਨਦਾ
ਫਕੀਰਾਂ ਦੇ ਹਾਲ ਦੀ ਦੁਹਾਈ ਦਿੰਦਾ।
-ਕਦੇ ਪਾਤਰ ਕਬਰਾਂ ਦੇ ਰੁੱਖ ਹੇਠਾਂ ਜਾ ਖੜ੍ਹਾਉਂਦਾ।

ਪਰ ਜਿਉਂ ਜਿਉਂ ਰਾਤ ਬੀਤਦੀ
ਬਾਤਾਂ ਦੀ ਬਰਸਾਤ ਬੀਤਦੀ
ਹੌਲੀ-ਹੌਲੀ ਸਾਰੇ ਹੀ ਗੱਲਾਂ ਕਰਦੇ ਕਰਦੇ
ਆਪਣੇ-ਆਪਣੇ ਪਿੰਡ
ਬਚਪਨ ਦੇ ਘਰ ਦੇ ਵਿਹੜੇ ਜਾ ਉਤਰਦੇ -
ਬਾਲ ਲੈਂਦੇ ਆਪਣੀ ਆਪਣੀ ਯਾਦਾਂ ਵਾਲੀ ਲਾਲਟੈਣ
ਤੇ ਦੇਰ ਤੱਕ ਉਸ ਨੂੰ ਧੂਣੀ ਵਾਂਗ ਸੇਕਦੇ।

ਸੁੱਕਣ ਨਹੀਂ ਦਿੰਦੇ ਉਹ ਕਦੇ ਵੀ
ਜਿਸ ਵਿਚਲਾ ਉਮੀਦਾਂ ਵਾਲਾ ਤੇਲ
(ਰਾਈ : 'ਕਨੇਡੀਅਨ ਰਾਇਲ ਵਿਸਕੀ ਦਾ ਦੇਸੀ ਰੱਖਿਆ ਨਾਮ')

ਕੂੰਜਾਂ : ਸਾਡੇ ਨਿਆਣੇ

(ਕਾਲੀ ਦਾਲ ਚਿੱਟੇ ਚੌਲ,ਬਣ ਗਈ ਖਿਚੜੀ ਕੁਝ ਨਾ ਬੋਲ)
(ਟੋਰਾਂਟੋ ਦੇ ਡਿਕਸੀ ਮਾਲ 'ਚ ਕੌਫੀ ਦੇ ਮੱਘੇ ਪੀਂਦਿਆਂ)

ਕੰਨਾਂ 'ਚ ਕੁੰਡਲ
ਮਨਾਂ 'ਚ ਵੀ ਕੁੰਡਲ

ਹੱਥਾਂ 'ਚ ਕਾਲੇ ਅੱਧ-ਦਸਤਾਨੇ
ਚਮੜੇ ਦੀਆਂ ਬਿਨਾਂ ਬਾਹਵਾਂ ਵਾਲੀਆਂ ਜਾਕਟਾਂ 'ਚੋਂ
ਝਾਕਦੀਆਂ ਸ਼ੇਵ ਕੀਤੀਆਂ ਹਿੱਕਾਂ,
ਮੋਟੇ ਮੋਟੇ ਮਾਈਕਲ ਜੌਰਡਨੀ ਬੂਟ
ਡੌਲਿਆਂ ਤੇ ਰੰਗ ਬਰੰਗੇ ਸ਼ੇਰਾਂ, ਚਾਮ੍ਹਚੜਿਕਾਂ ਦੇ ਟੈਟੂ
ਕੰਨਾਂ 'ਚ ਆਈਪੌਡ ਦੀਆਂ ਤਣੀਆਂ ਫਸਾਈ,
ਅੰਗ੍ਰੇਜੀ ਧੁਨਾਂ 'ਚ ਗਵਾਚੇ, ਹੱਥ ਪੈਰ ਹਿਲਾਉਂਦੇ
ਲੱਕ ਮਟਕਾਉਂਦੇ, ਸਿਰ ਘੁਮਾਉਂਦੇ।
ਇਹ 'ਆਪਣੇ ਨਿਆਣੇ' ਨੇ।

ਸਿਰ ਤੇ ਸਿੱਧੇ ਕੱਟੇ ਘਾਹ ਵਰਗੇ
ਰੰਗੇ ਹੋਏ ਵਾਲ ਨੇ-
ਗਲ 'ਚ ਮੋਟੀ ਚੈਨ, ਸੋਨੇ ਦੀ ਝਾਲ ਹੈ।
ਉਸ 'ਚ ਲਟਕਦਾ ਭਾਰਾ ਖੰਡਾ ਹੈ।
..... ਹਊ ਅੰਤਰ ਮਨ ਮੇਂ ਕੰਡਾ ਹੈ।
ਅਸੀਂ ਪੰਜਾਬੀ 'ਸੀਖ' ਹੁੰਨੇ ਆਂ-
'ਵੀ ਆਰ ਸੀਖਸ'
-ਸਿੰਘ ਇਜ਼ ਕਿੰਗ, ਸਿੰਘ ਇਜ਼ ਕਿੰਗ!!

ਮਾਪਿਆਂ ਦੀ ਸੁਕੂੰ ਸੁਕੂੰ ਕਰਦੀ
ਸੁਪਨ ਵੇਲ ਦੀਆਂ
ਵਤਨੀਂ ਲੱਗੀਆਂ ਜੜਾਂ ਨੂੰ ਖੁੱਗਣ ਲਈ
ਉਨ੍ਹਾਂ ਕੋਲ ਹੁਣ
ਖਾਸਾ ਸਮਾਨ ਹੈ....
(ਮਾਈਕਲ ਜੌਰਡਨ - ਪ੍ਰਸਿੱਧ ਅਮਰੀਕੀ ਬਾਸਕਿਟਬਾਲ ਖਿਡਾਰੀ)
(ਆਈਪੌਡ-ਕੰਪਿਊਟਰ ਤੋਂ ਸਿੱਧੇ ਗਾਣੇ ਰਿਕਾਰਡ ਕਰਕੇ ਸੁਣਨ ਵਾਲਾ ਯੰਤਰ।)

ਕੂੰਜਾਂ : ਇਮਤਿਹਾਨ ਹੋਰ ਵੀ

(ਤਾਜ਼ਾ ਇਮੀਗ੍ਰੇਸ਼ਨ ਕਰਵਾ ਕੇ ਗਏ, ਇਕ ਦੋਸਤ ਦਾ ਸੰਸਾ)
ਸਕੂਲੋਂ ਆਇਆ ਪਹਿਲੇ ਸਟੈਂਡਰਡ 'ਚ ਪੜ੍ਹਦਾ
ਮੇਰਾ ਪੁੱਤਰ ਕਾਪੀ 'ਤੇ
ਆਪਣੇ ਆਪ ਸਤਵਿੰਦਰ ਸਿੰਘ ਦੀ ਥਾਂ
ਸੈਂਡੀ ਲਿਖ ਲਿਆਇਆ ਹੈ
ਇਹ ਉਸਦਾ ਚੁੱਪ ਵਿਦਰੋਹ ਹੈ
-ਸਾਡੀਆਂ ਅੱਖਾਂ ਥਾਣੀਂ ਵੀ ਦੇਖੋ।'

'ਅਬੀ ਇਮਤਿਹਾਂ ਔਰ ਭੀ ਹੈਂ ਬਾਕੀ'

ਕੂੰਜਾਂ : ਅੱਧ ਵਿਚਕਾਰ

ਵਿਚ ਵਿਦੇਸ਼ੀਂ ਜੰਮੀ ਪੀੜ੍ਹੀ
ਖੜੀ ਪੁਲਾਂ ਦੇ ਅੱਧ ਵਿਚਕਾਰ
ਸਾਡੇ ਫ਼ਲਸਫਿਆਂ ਨੂੰ ਮਿੱਧੇ
ਸਾਨੂੰ ਪੁੱਛੇ -
ਪੂਰਬ ਕਿਹੜਾ
ਕਿਹੜਾ ਪੱਛਮ
ਕਿਹੜੀ ਵਿਚ ਦਰਾੜ
ਤੁਸੀਂ ਕਿਉਂ ਅਟਕੇ ਅੱਧ ਵਿਚਕਾਰ!

ਵਤਨ ਆਉਣ ਤਾਂ -
ਮਨ ਨੂੰ ਭਾਉਣ ਨਾ
ਕਰੜੇ ਬਰੜੇ ਰਿਸ਼ਤੇਦਾਰ।
ਦਾਦਾ, ਨਾਨਾ ਗਲ ਨਾਲ ਲਾਵੇ
ਪਰ ਉਹਨਾਂ ਨੂੰ ਮੁਸ਼ਕ ਜਿਹੀ ਆਵੇ
ਕਿਉਂ ਫਿਰਦੇ ਨੇ ਉਲਝੇ ਉਲਝੇ
ਉਨ੍ਹਾਂ ਨੂੰ ਵੀ ਸਮਝ ਨਾ ਆਵੇ!

ਕੂੰਜਾਂ : ਸਾਰੀ ਉਮਰਾ

(40 ਸਾਲ ਪਹਿਲਾਂ ਬਾਹਰ ਪਹੁੰਚੇ ਸਰਦਾਰ ਨਰੈਣ ਸਿੰਘ ਦਾ ਦੁਖੜਾ)
ਸਾਰੀ ਉਮਰਾ ਡਾਲਰ ਜੋੜੇ
ਪਰਵਾਹ ਨਹੀਂ ਕੀਤੀ ਚੰਮ ਦੀ।
ਨਾ ਕੋਈ ਆਪਣੀ ਖੁਸ਼ੀ ਹੀ ਮਾਣੀ
ਨਾ ਸਾਰ ਲਈ ਆਪਣੇ ਗਮ ਦੀ।

ਹੁਣ ਦਮ ਵਿਚ ਦਮ ਨਹੀਂ ਬਚਿਆ
'ਤੇ ਸਾਰ ਨਹੀਂ ਅਗਲੇ ਦਮ ਦੀ।
ਉਤੋਂ ਨਵੀਂ ਪਨੀਰੀ ਕਹਿੰਦੀ
ਇਹ ਮਾਇਆ ਨਾ ਸਾਡੇ ਕੰਮ ਦੀ
ਸੱਚ ਪੁਛੇਂ, ਦਿਲ ਭੁੱਬੀਂ ਰੋਂਦਾ
ਇਹ ਪੀੜ੍ਹੀ ਨਾ ਹੀ ਜੰਮਦੀ

ਕੂੰਜਾਂ :ਤਰੱਕੀ ਦੀ ਪੌੜੀ


(ਗੁਰਜੀਤ ਦੇ ਕਨੇਡਾ ਵੱਸਣ ਦੇ ਪਹਿਲੇ ਕੁਝ ਮਹੀਨੇ)
ਕਮਰੇ 'ਚ ਹਾਂ- ਮੈਂ, ਸੁਰਜੀਤ ਤੇ ਬੇਟਾ ਜਾਵਿੰਦਰ
ਕਿੰਨਾ ਮੋਹ ਹੈ....

ਕਮਰੇ 'ਚ ਹਾਂ- ਮੈਂ, ਸੁਰਜੀਤ, ਜਵੀ ਤੇ ਕੰਪਿਊਟਰ
ਦਿਲ ਵਿੱਚ ਖੋਹ ਹੈ....

ਕਮਰੇ 'ਚ ਹਾਂ, ਮੈਂ, ਜੀਤ, ਜਵੀ ਤੇ
ਚੁੱਪ ਚਾਪ ਗੱਲਾਂ ਕਰਦਾ ਇੰਟਰਨੈਟੀ ਕੰਪਿਊਟਰ
ਮਨ ਵਿਚ ਰੋਹ ਹੈ....

ਕਮਰੇ 'ਚ ਹਾਂ-
ਮੈਂ ਤੇ ਮੈਂ, ਜੀਤ ਤੇ ਕੰਪਿਊਟਰ, ਜਵੀ ਤੇ ਕੰਪਿਊਟਰ
ਰੂਹ ਨੂੰ ਕੋਹ ਹੈ....!

ਕੂੰਜਾਂ :ਸਾਨੂੰ ਦੱਸੋ

(ਟਰਾਂਟੋ 'ਚ ਪਾਣੀ ਦੀਆਂ ਬੋਤਲਾਂ ਪੈਕ ਕਰਨ ਵਾਲੀ ਫੈਕਟਰੀ ਦੇ ਦੋਸਤਾਂ ਨਾਲ)
ਕਿਸ ਕੰਡਿਆਲੇ ਜੰਗਲ ਵਿੱਚ ਦੀ
ਸੂਹੀ ਪਗਡੰਡੀ ਬਣਾਉਣੀ -
ਸਾਨੂੰ ਦੱਸੋ।

ਦਸਾਂ ਨੌਹਾਂ ਦੀ ਕਿਰਤ ਕਰ
ਕਿਹੜੇ ਹੱਥ ਤੇ ਕਿਹੋ ਜਿਹੀ ਸਰ੍ਹੋ ਜਮਾਉਣੀ -
ਸਾਨੂੰ ਦੱਸੋ।

ਕਿਹੜੀ ਪਹਾੜੀ ਦੇ ਕਿਹੜੇ ਰੁੱਖ ਤੋਂ
ਕਿਹੜੀ ਚਿੜੀ ਫੜ ਕੇ ਲਿਆਉਣੀ -
ਸਾਨੂੰ ਦੱਸੋ।

ਕਿਹੜੇ ਪਤਾਲ ਵਿਚੋਂ
ਕਿਹੜੇ ਜ਼ਹਿਰੀ ਨਾਗ ਦੀ ਮਣੀ ਲਿਆਉਣੀ
ਸਾਨੂੰ ਦੱਸੋ।

ਕਿਹੜੇ ਕਾਰਖਾਨੇ ਦੀ
ਕਿਹੜੀ ਮਸ਼ੀਨ
ਓਵਰ ਟਾਈਮ ਲਾ ਲਾ ਕੇ ਥਕਾਉਣੀ -
ਸਾਨੂੰ ਦੱਸੋ।

ਪਰ ਇਧਰ ਜੰਮੀ ਪੀੜ੍ਹੀ ਦੀ ਜੜ੍ਹ
ਪੰਜਾਬੀ ਪੁਣੇ ਨਾਲ
ਕਿਵੇਂ ਲਾਉਣੀ -
ਸਾਨੂੰ ਦੱਸੋ

ਕੂੰਜਾਂ :ਹੌਲੀ ਹੌਲੀ

(ਜਿਵੇਂ ਬੰਦਾ, ਬੰਦਾ ਹੋਣ ਤੋਂ ਮੁੱਕਰ ਨਹੀਂ ਸਕਦਾ, ਉਵੇਂ ਹੀ ਉਹ ਆਪਣੀ ਕੌਮੀਅਤ ਤੋਂ ਵੱਖ ਨਹੀ ਹੋ ਸਕਦਾ- ਬਰਟ੍ਰੰਡ ਰਸਲ )
ਥੁੜ੍ਹਾਂ ਦੇ ਭੰਨੇ
ਕੱਚ ਘਰੜ ਪੰਜਾਬੀ
ਰੋਟੀ ਟੁੱਕ ਦਾ ਆਹਰ ਕਰਨ
ਜੋ ਹੋ ਪਰਦੇਸੀ
ਉਤਰੇ ਇਸ ਮਾਇਆ ਧਰਤੀ ਉਤੇ
ਹੁਣ ਉਨ੍ਹਾਂ ਬਜ਼ੁਰਗ ਪੰਛੀਆਂ ਦੀ ਡਾਰ
ਉਡ ਚੱਲੀ ਹੈ ਹੌਲੀ ਹੌਲੀ

ਆਪਣੀ ਨਸਲ ਨੂੰ ਉਨ੍ਹਾਂ ਦਿਖਾਇਆ
ਪੰਜਾਬੀ ਸਭਿਆਚਾਰ
ਆਪਣੇ ਨਜ਼ਰੀਏ ਦੀ ਐਨਕ 'ਚੋਂ-

ਦੋ ਚਾਰ ਮਾਂ ਭੈਣ ਦੀਆਂ ਗਾਲ੍ਹਾਂ
ਵਿਆਹ ਵਿਚ ਮੋਢੇ ਹਿਲਾ
ਪੰਜਾਬੀ ਭੰਗੜਾ ਪਾਉਣਾ
ਪੱਗ ਬੰਨ੍ਹ ਜਚਣਾ
ਗਲੇ 'ਚ ਖੰਡੇ ਦੀ ਸੋਨ-ਜੰਜੀਰੀ ਲਟਕਾਉਣਾ
ਵੀਕਐਂਡ 'ਤੇ ਗੁਰੂ ਘਰ ਮੱਥਾ ਘਸਾਉਣਾ
ਅਰਦਾਸ ਵੇਲੇ ਅੱਖਾਂ ਮੀਚ ਖੜੋਣਾ
ਗੁਰਪੁਰਬ ਦੇ ਨਗਾਰੇ ਕੁੱਟਦੇ
ਜਲੂਸਾਂ 'ਚ ਤੱਤੇ ਠੰਢੇ ਜੈਕਾਰੇ ਗੁੰਜਾਉਣਾ।
ਕਬੱਡੀ ਮਾਂ ਖੇਡ ਹੈ,
ਉਸ ਤੋਂ ਸਭ ਕੁਝ ਲੁਟਾਉਣਾ।

ਪਰ ਨਹੀਂ ਦੇ ਸਕੇ ਉਹ
ਨਵੀਂ ਨਸਲ ਦੇ ਸਵਾਲਾਂ ਦੇ ਜਵਾਬ
ਕਿ ਵਿਸਾਖੀ ਵੇਲੇ ਦੋ ਦੋ ਨਗਰ ਕੀਰਤਨ
ਇਕ ਕਿਉਂ ਨਹੀਂ ਹੋ ਸਕਦੇ!
ਕਿਉਂ ਖੁੱਲ੍ਹ ਰਹੇ ਨੇ ਥਾਂ ਥਾਂ
ਵੱਖੋ ਵੱਖਰੇ ਕਰਮਕਾਂਡੀ ਗੁਰੂ ਘਰ
ਕਿਉਂ ਉਥੇ ਹੁੰਦੇ ਨੇ ਗੋਲਕਾਂ ਦੇ ਝਗੜੇ
ਤੇ ਕਿਉਂ ਉਥੋਂ ਉਠਦੀ ਸਿਆਸਤ ਦੀ ਬੋਅ
ਖਾਲਿਸਤਾਨ ਨਾਅਰਿਆਂ 'ਚ ਹੀ ਬਣਨਾ ਹੈ
ਜਾਂ ਕਿਸੇ ਥਾਂ 'ਤੇ.........
ਮਹਾਰਾਜ ਦੀ ਹਜ਼ੂਰੀ 'ਚ
ਇਕ ਦੂਏ ਦੀਆਂ ਪੱਗਾਂ ਲਾਹ ਲਾਹ
ਕੀ ਦੱਸਦੇ ਨੇ ਸਾਡੇ ਧਰਮ ਦੇ ਠੇਕੇਦਾਰ

ਨਵੀਂ ਪੀੜ੍ਹੀ ਦੀ ਸੋਚ-
ਜਿਥੇ ਜਿਥੇ ਪੰਗਾ,
ਲਾਂਭੇ ਰਹੋ ਚੰਗਾ।

ਕੂੰਜਾਂ :ਚੀਸ


ਵੈਨਕੂਵਰ ਦੇ ਇਕ ਰੇਡੀਓ ਚੈਨਲ 'ਤੇ
ਸੁਖਮਿੰਦਰ ਚੀਮਾ ਆਪਣੇ ਰੇਡੀਓ ਟਾਕ ਸ਼ੋਅ ਵਿਚ
ਮੇਰੇ ਨਾਲ ਲੰਮੀ ਇੰਟਰਵਿਊ ਕਰ ਰਿਹਾ ਹੈ।
ਇੰਟਰਵਿਊ ਸੁਣ
ਮੇਰੇ ਬਚਪਨ ਦਾ ਮਿੱਤਰ ਗੁਰਚਰਨ
60 ਮੀਲ ਗੱਡੀ ਭਜਾ
ਮਿਲਣ ਦਾ ਮਾਰਾ-
ਰੇਡੀਓ ਸਟੇਸ਼ਨ ਹੈ ਪਹੁੰਚਿਆ।

ਸਟੂਡੀਓ ਦੇ ਬਾਹਰ ਖੜ੍ਹਾ ਹੈ
ਦਰਵਾਜ਼ੇ ਦੇ ਸ਼ੀਸ਼ੇ 'ਚੋਂ ਹੱਥਾਂ ਦਾ ਕੁੱਪਾ ਜਿਹਾ ਬਣਾ
ਅੰਦਰ 'ਬਾਈਸਕੋਪ' ਵਾਂਗ ਦੇਖ ਰਿਹਾ ਹੈ।
ਦਿਲ ਵਿਚ ਡੁੱਲ੍ਹਦਾ ਮੋਹ
ਤ੍ਰਿਪ ਤ੍ਰਿਪ ਹੰਝੂ ਰਹੇ ਨੇ ਚੋਅ।

ਪ੍ਰੋਗਰਾਮ 'ਚ ਬਰੇਕ ਹੁੰਦੀ ਹੈ
ਮੈਂ ਬਾਹਰ ਆ ਕੇ
ਉਹਨੂੰ ਮਿਲਦਾ ਹਾਂ ਧਾਅ
ਨਾ ਉਸ ਤੋਂ ਕੁਝ ਬੋਲ ਹੁੰਦਾ ਨਾ ਮੈਥੋਂ
ਚੁੱਕਿਆ ਨਹੀਂ ਜਾਂਦਾ ਚਾਅ....!

ਇੰਟਰਵਿਊ ਦੇਰ ਰਾਤ ਤੱਕ ਚੱਲਣੀ ਸੀ
ਉਹ ਕੰਮ ਚਲਦਾ ਛੱਡ ਕੇ ਆਇਆ ਸੀ
ਘਰਾਂ ਦੇ ਠੇਕੇ ਲੈਂਦਾ ਹੈ।
ਫੋਨੋ-ਫੋਨੀ ਹੁੰਦੇ
ਅਸੀਂ ਛੇ ਦਿਨ ਬਾਦ
ਵੀਕਐਂਡ ਤੇ ਹੀ ਮਿਲ ਸਕੇ....।
-ਏਹੀ ਜ਼ਿੰਦਗੀ ਆ ਬਾਈ ਇਥੇ।'

ਯਾਦ ਕੀਤੇ ਉਹ ਦਿਨ
ਕਿਵੇਂ ਮੋਗੇ ਆਰੀਆ ਸਕੂਲ ਦਸਵੀਂ ਤੱਕ
ਇਕੱਠੇ ਤੁਰ ਕੇ ਸਕੂਲ ਜਾਂਦੇ
ਮੱਖਣ ਜੀਨ ਦੇ ਬਸਤੇ ਚੁੱਕੀ
ਨਾ ਕੋਈ ਫਿਕਰ ਨਾ ਫਾਕਾ....।

ਉਹ ਬਾਹਰਲੀ ਕੁੜੀ ਦਾ ਲੜ ਫੜ ਕੇ
ਇਧਰ ਆਇਆ,
ਫਿਰ ਆਪਣੀ ਪੂਛ ਲਮਕਾ ਕੇ
ਬੀਜੀ-ਪਾਪਾ ਨੂੰ ਵੀ ਜਹਾਜ਼ੇ ਚੜ੍ਹਾਇਆ।

ਘਰ-ਦੀ ਕੰਮ 'ਤੇ ਜਾਂਦੀ
ਚੰਗੀ ਹੈ ਮੱਥੇ ਵੱਟ ਨਾ ਪਾਉਂਦੀ
ਬੀਜੀ ਨਿਆਣਿਆਂ ਨੂੰ ਨਿੱਤਨੇਮ ਰਟਾਉਂਦੇ
ਪਾਪਾ ਜੀ ਕੰਮ 'ਚ ਹੱਥ ਵਟਾਉਂਦੇ
ਗੋਰਿਆਂ ਦੇ ਨਸਲੀ ਤਾਅਨੇ ਪਿੰਡੇ 'ਤੇ ਹੰਢਾਉਂਦੇ।

ਉਹ ਕਾਹਲੀ-ਕਾਹਲੀ ਲਗਾਤਾਰ ਦੱਸ ਰਿਹਾ ਹੈ
ਉਹ ਕਾਹਲੀ-ਕਾਹਲੀ ਲਗਾਤਾਰ ਪੁੱਛ ਰਿਹਾ ਹੈ
ਦੁੱਖ, ਸੁੱਖ ਦੀ ਕਿਤਾਬ ਦੇ ਪੰਨੇ ਪਲਟਦਿਆਂ
ਉਸਦੀਆਂ, ਮੇਰੀਆਂ ਅੱਖਾਂ ਕਈ ਵਾਰ ਛਲਕੀਆਂ।

ਚਾਹ ਪੀਂਦੇ-ਪੀਂਦੇ ਉਹਨੇ ਹਉਕਾ ਜਿਹਾ ਭਰਿਆ -
ਬਾਈ, ਘੁੰਮਣ ਫਿਰਨ ਨੂੰ
ਇਸ ਮੁਲਕ ਦੀ ਰੀਸ ਨਹੀਂ,
ਪਰ ਰਹਿਣ, ਕੰਮ ਕਰਨ ਤੇ ਜਿਉਣ ਲਈ -
ਇਦੂੰ ਵੱਡੀ ਚੀਸ ਨਹੀਂ।

Monday, October 12, 2009

ਕੂੰਜਾਂ : ਗੋਰੀ ਚਮੜੀ

(ਮ੍ਹਿੰਦਰ ਦੀਆਂ ਸੋਚਾਂ)

ਚਾਹੇ ਕਰਦਾ ਨੇਕ ਕਮਾਈ
ਕਰਾਂ ਨਾ ਦਮੜੀ ਚੋਰੀ
ਫਿਰ ਵੀ ਅਕਸਰ ਹੀ ਧੁਰ ਖੁੱਭਦੀ
ਕਾਲੇ ਹੋਣ ਦੀ ਲਾਹਨਤ ਚੁਭਦੀ
ਸੋਚਾਂ, ਉਬਲਦਾ ਪਾਣੀ ਪਾ
ਕਰ ਲਾਂ ਚਮੜੀ ਗੋਰੀ।

ਕੂੰਜਾਂ : ਸਭ ਕੁਝ ਪੁੱਠਾ


(ਟੋਨੀ ਮਰਵਾਹਾ ਦੇ ਘਰੇ, ਟਰਾਂਟੋ)
ਤੁਹਾਡੇ ਸਭ ਕੁਝ ਪੁੱਠਾ ਕਿਉਂ ਹੈ ?
ਕਾਰ ਦਾ ਸਟੇਰਿੰਗ ਵੀ ਪੁੱਠਾ
ਸੜਕ 'ਤੇ ਤੁਰਨਾ ਪੁੱਠੇ ਪਾਸੇ
ਬਿਜਲੀ ਦੀ ਸੁੱਚ ਪੁੱਠੀ ਚੱਲੇ
ਟੂਟੀ ਵੀ ਪੁੱਠੀ ਹੀ ਖੁੱਲ੍ਹੇ
ਘਰਾਂ ਦੀਆਂ ਮੰਜ਼ਿਲਾਂ ਵੀ ਕਿਧਰੇ
ਹੇਠਾਂ ਨੂੰ ਹੀ ਉਤਰੀ ਜਾਣ।

- ਤੂੰ ਹਾਲੇ ਘੁੰਮਣ ਹੈਂ ਆਇਆ
ਇਸ ਲਈ ਜਾਪੇ ਸਭ ਕੁਝ ਪੁੱਠਾ
ਅਸੀਂ ਜੋ ਇਧਰ ਪੁੱਠੇ ਲਟਕੇ
ਸਾਨੂੰ ਸਭ ਕੁਝ ਸਿੱਧਾ ਲਗਦਾ

ਕੂੰਜਾਂ : ਕੰਟਰੋਲ

(ਸਕਾਰਬਰੋ ਤੋਂ ਜਸਵੰਤ ਭੋਲੇ ਦੀ ਕਾਰ ਵਿਚ)
ਕਾਰ ਵਿੱਚ ਸਿਰਫ
ਮੈਂ ਹੀ ਸਵਾਰੀ ਹਾਂ
ਬਾਕੀ ਸਭ ਡਰਾਈਵਰ ਨੇ
-ਆਹ ਗਾਤਰਾ ਜਿਹਾ ਪਾ ਲਾ।'
ਭੋਲਾ ਸੀਟ ਬੈਲਟ ਲਾਉਂਦਾ ਕਹਿੰਦਾ ਹੈ।
ਮੈਂ ਉਸ ਨੂੰ ਦਸਦਾ ਹਾਂ ਕਿ
ਸੱਜੇ ਪਾਸੇ ਮੂਹਰੇ ਬੈਠੇ ਮੈਨੂੰ
ਇੰਜ ਹੀ ਲਗਦਾ ਹੈ
ਕਿ ਕਾਰ ਮੈਂ ਹੀ ਚਲਾ ਰਿਹਾ ਹਾਂ
ਸਿਰਫ਼ ਸਟੇਰਿੰਗ ਤੇ ਬਰੇਕਾਂ ਹੀ
ਤੇਰੇ ਹੱਥ ਵਿਚ ਨੇ....!

ਸੁਣਕੇ ਸਾਰੇ ਜ਼ੋਰ ਦੀ ਹੱਸੇ
ਪਰ ਭੋਲਾ ਸੰਜੀਦਾ ਹੋ ਕੇ
ਕੁੰਢੀ ਮੁੱਛ ਤੇ ਹੱਥ ਫੇਰਦਾ ਹੈ-

ਤੈਨੂੰ ਤਾਂ ਸਿਰਫ ਕਾਰ ਦਾ ਹੀ ਲਗਦਾ
ਸਾਨੂੰ ਤਾਂ, ਹਰ ਦਮ ਲਗਦਾ
ਕਿ ਜਿਉਂ ਅਸੀਂ ਰਹੇ ਹਾਂ
ਪਰ ਸਾਡਾ ਸਟੇਰਿੰਗ ਤੇ ਬਰੇਕਾਂ
ਕਿਸੇ ਹੋਰ ਦੇ ਹੀ ਹੱਥ ਵਿੱਚ ਨੇ!

ਕੂੰਜਾਂ : ਵਨ ਵੇਅ ਟਰੈਫਿਕ

(ਹਾਈਵੇ 'ਤੇ ਜਾਂਦਿਆਂ )
ਸੁਪਰ ਹਾਈ ਵੇਅ ਤੇ-
ਗੱਡੀ ਸੌ ਮੀਲ ਤੇ ਜਾ ਰਹੀ ਹੈ।
ਇਸਤੋਂ ਵੱਧ ਸੂਈ ਗਈ ਤਾਂ
ਜੇਬ੍ਹ 'ਚ ਟਿਕਟ ਹੋਵੇਗੀ।
ਸੜਕ ਤੇ ਛੇ ਲੇਨਾਂ ਨੇ
ਕਾਹਲੀ ਹੈ ਤਾਂ ਅੰਦਰਲੀ ਲੇਨ
ਨਹੀਂ ਤਾਂ ਬਾਹਰ ਵਾਲੀ ਲੇਨ....।
ਮਲਾਈ ਵਰਗੀਆਂ ਸੜਕਾਂ
ਗੱਡੀ ਸਿੱਖਣ ਤੇ ਹੀ ਇਕ ਵਾਰ ਵਕਤ ਲੱਗਦਾ
ਫਿਰ ਤਾਂ ਚਾਹੇ 'ਆਟੋ' ਤੇ ਹੀ ਪਾ ਦਿਓ-
ਤੁਰੀ ਜਾਊ।

ਪਰ ਇਹ ਵਨ-ਵੇਅ ਟਰੈਫਿਕ ਹੈ।
ਇਸ ਸੜਕ ਤੇ ਵਾਪਸ ਨਹੀਂ ਮੁੜ ਸਕਦੇ
ਸਪੀਡ ਦਾ ਵੀ ਗਿਆਨ ਹੈ
ਲੇਨ ਦਾ ਵੀ ਧਿਆਨ ਹੈ।
ਬੱਸ ਇੰਜ ਹੀ, ਜ਼ਿੰਦਗੀ ਹੈ
ਸੁਪਰ ਹਾਈਵੇਅ ਤੇ ਪਏ ਹੋਏ ਹਾਂ
ਵਾਪਸ ਨਹੀਂ ਮੁੜ ਸਕਦੇ
ਇਹ ਵਨ-ਵੇਅ ਟਰੈਫਿਕ ਹੈ....
ਮੇਰਾ ਦੋਸਤ ਹੌਕਾ ਜਿਹਾ ਭਰਦਾ ਹੈ....!
(ਵਨ ਵੇਅ ਟ੍ਰੈਫਿਕ-ਇਕੋ ਪਾਸੇ ਹੀ ਜਾ ਸਕਣ ਵਾਲੀ ਸੜਕ, ਟਿਕਟ- ਚਲਾਨ।)

ਕੂੰਜਾਂ : ਫੈਰੀਆਂ ਦੀਆਂ ਫੇਰੀਆਂ






(ਵਿਕਟੋਰੀਆ, ਬ੍ਰਿਟਿਸ਼ ਕੋਲੰਬੀਆ 'ਚ ਇਕ ਦੁਪਹਿਰ)
ਵਿਕਟੋਰੀਆ ਦੇ ਮੋਮ ਦੇ ਬੁੱਤਾਂ ਵਾਲੇ
ਤੁਸਾਦ ਅਜਾਇਬ ਘਰ 'ਚ
ਨਾਲ ਨਾਲ ਖੜ੍ਹੀਆਂ ਨੇ ਚੁਪਚਾਪ
ਸ਼ਾਹੀ ਜਲੌਅ ਵਾਲੀ ਰਾਣੀ ਇਲੈਜ਼ਬੈਥ
ਤੇ ਹਸਦੀ ਲੇਡੀ ਡਿਆਨਾ-
ਸਾਰੇ ਗਿਲੇ ਸ਼ਿਕਵੇ ਭੁਲਾਈ।
ਡਿਆਨਾ ਆਪਣੀ ਗੁਲਾਬੀ ਮੁਸਕਾਨ ਹੇਠਾਂ
ਸਾਰੇ ਰਹੱਸ ਛੁਪਾਈ
ਛਿੜਕ ਰਹੀ ਆਲੇ ਦੁਆਲੇ ਓਹੀ ਮੁਸਕਾਣ
ਜਿਸ ਤੋਂ ਮੋਹੀ ਗਈ ਦੁਨੀਆ।

ਬਗੈਰ ਹਿੱਲਿਓਂ ਡੁੱਲਿਓਂ
ਇਕੱਠੀ ਖੜ੍ਹੀ ਹੈ-
ਇੰਗਲੈਂਡ ਦੀ ਗੱਦੀ ਦੇ ਸਾਰੇ ਰਾਜਿਆਂ ਦੀ ਫੌਜ
ਪਥਰਾਈਆਂ ਨਜ਼ਰਾਂ ਨਾਲ ।

ਮੈਨੂੰ ਗੁਲਾਬੀ ਭਾਅ ਮਾਰਦੀ ਮੋਮ ਦਾ ਟੁਕੜਾ
ਦਿਖਾਉਂਦਾ ਗਾਈਡ ਦੱਸਦਾ ਹੈ -
ਇਹ ਆਮ ਮੋਮਬੱਤੀਆਂ ਵਾਲੀ ਮੋਮ ਨਹੀਂ
ਇਹ ਗਿੱਲੀ ਮਿੱਟੀ ਵਰਗੀ -ਮੁੜ ਤੁੜ ਜਾਂਦੀ ਹੈ।
ਵੀਹ ਡਾਲਰ ਦੇ ਕੇ ਚਾਹੇ ਆਪਣਾ ਸਿਰ ਬਣਵਾ ਲਓ।

ਮੋਮ-ਘਰ ਦੀ ਕਾਲੀ ਸੁਰੰਗ ਵਿਚ ਘੁੰਮਦਿਆਂ
ਲਗਦਾ ਹੈ, ਘੁੰਮ ਰਹੇ ਹਾਂ ਇਤਿਹਾਸ ਦੀ
ਹਨੇਰੀ ਗੁਫ਼ਾ ਵਿਚ
ਨਜ਼ਰੀ ਪੈਂਦੇ ਨੇ
ਸੋਟੀ ਫੜੀ, ਐਨਕਾਂ ਲਾਈ ਧੋਤੀ ਧਾਰੀ ਮਹਾਤਮਾ ਗਾਂਧੀ
ਨੀਲੀ ਕਿਨਾਰੀ ਵਾਲੀ ਸਾੜ੍ਹੀ ਪਈ ਮਦਰ ਟੈਰੇਸਾ
ਕੋਲੰਬਸ ਅਤੇ ਵਾਸਕੋਡੇਗਾਮਾ ਵੀ ਦੂਰਬੀਨਾਂ ਫੜੀ
ਲਗਾਈ ਬੈਠੇ ਨੇ ਟਿਕਟਿਕੀ
ਵਾਲਟ ਡਿਜ਼ਨੀ ਬੈਠਾ ਹੈ
ਮਿੱਕੀ ਚੂਹੇ ਸਣੇ, ਸ਼ਰਾਰਤੀ ਚੁੱਪ ਵਿਚ।

ਅਤਰ ਫੁਲੇਲ 'ਚ ਕਲਿਓਪੇਟਰਾ
ਨੰਗੇ ਧੜ ਨਹਾ ਰਹੀ ਹੈ
ਈਸਾ ਮਸੀਹ ਲਾਸਟ ਡਿਨਰ ਖਾ ਰਿਹਾ ਹੈ
ਤੇਰ੍ਹਾਂ ਦੇ ਤੇਰ੍ਹਾਂ ਜਣੇ ਨਾਲ ਨੇ....!
....

ਆਪਣੇ ਬਹੁਤੇ ਪੰਜਾਬੀ
ਇਸ ਅਜਾਇਬ ਘਰ ਦੀ ਟਿਕਟ
ਮਹਿਮਾਨ ਨੂੰ ਹੀ ਲੈ ਦਿੰਦੇ ਨੇ,
-ਮੈਂ ਫੈਰੀਆਂ ਦੇਖਦਾ
ਤੂੰ ਅੰਦਰ ਹੋ ਆ।
ਟਿਕਟ ਤੇ ਸੱਤ ਡਾਲਰ ਲੱਗਦੇ ਨੇ
ਫੈਰੀਆਂ ਮੁਫਤ ਦਿਸਦੀਆਂ ਨੇ....
(ਕੈਲਿਓਪੈਟਰਾ - ਈਸਾ ਪੂਰਵ ਸਮੇਂ ਵਿਚ ਮਿਸਰ ਦੀ ਰਾਣੀ)

ਕੂੰਜਾਂ : ਕਨੇਡਾ ਵਾਲੇ

ਕਨੇਡਾ ਦੀ ਨਵੀਨ ਸਭਿਅਤਾ ਦੀ ਉਮਰ 140 ਕੁ ਵਰ੍ਹੇ ਹੈ। ਇੰਨੇ ਕੁ ਹੀ ਦੇਸ਼ਾਂ ਦੇ ਲੋਕ ਇਥੇ ਆ ਵਸੇ ਹਨ। ਧਰਤੀ 13 ਰਾਜਾਂ 'ਚ ਵੰਡੀ ਏ, ਟੋਰਾਂਟੋ, ਬ੍ਰਿਟਿਸ਼ ਕੋਲੰਬੀਆ ਤੇ ਐਡਮੰਟਨ 'ਚ ਪੰਜਾਬੀਆਂ ਦੀ ਝੰਡੀ ਏ। ਟੋਰਾਂਟੋ ਸਿੱਧੇ ਲੋਟ ਖੜ੍ਹਾ, ਵੈਨਕੂਵਰ ਸਰਾਲ੍ਹ ਵਾਂਗ ਪਸਰਿਆ, ਸਰੀ ਡੈਲਟੇ 'ਚ ਤਾਰਾਂ 'ਤੇ ਸੁੱਕਣੇ ਪਾਏ ਸੂਟ ਪਜਾਮੇ ਦੇਖ ਕੇ ਪਤਾ ਲਗ ਜਾਂਦਾ ਕਿ ਪੰਜਾਬੀਆਂ ਨੇ ਇਥੇ ਧੂਣਾ ਲਾਇਆ ਹੋਇਆ।
ਸਮੁੰਦਰ ਦੀ ਹਿੱਕ 'ਤੇ ਅੰਧ ਮਹਾਂਸਾਗਰ ਤੋਂ ਲੈ ਕੇ ਸ਼ਾਂਤ ਮਹਾਂਸਾਗਰ ਤੱਕ ਫੈਲਿਆ ਕਨੇਡਾ ਫਰਾਂਸੀਸੀਆਂ ਤੇ ਅੰਗਰੇਜ਼ਾਂ ਨੇ ਇਥੋਂ ਦੇ ਮੂਲ ਵਾਸੀਆਂ ਨੂੰ ਮਧੋਲ ਕੇ ਵਰੋਸਾਇਆ। ਪਹਿਲੋ ਪਹਿਲ ਰਾਣੀ ਐਲਿਜਾਬੈਥ ਦੀ ਤਾਜਪੋਸ਼ੀ ਮੌਕੇ ਅੰਗਰੇਜ਼ਾਂ ਦੀ ਫੌਜ ਵਿਚਲੇ ਗਏ ਸਿੱਖ ਆਉਂਦੇ ਹੋਏ ਕਨੇਡਾ ਦੇਖ ਆਏ। ਫਿਰ ਚਲੋ ਚਾਲ ਕੱਲ ਮੁਕੱਲੇ, ਛੜੇ ਛਟਾਂਕ ਪੰਜਾਬੀ, ਕਰਜ਼ੇ ਚੁੱਕ, ਜ਼ਮੀਨਾਂ ਗਹਿਣੇ ਰੱਖ, ਵਿਦੇਸ਼ੀ ਧਰਤੀਆਂ ਵੱਲ ਨਿਕਲ ਤੁਰੇ। ਅਣਖ ਨੂੰ ਪਿੰਡ 'ਚ ਹੀ ਤੂਤ ਦੀ ਖੁੰਘੀ 'ਤੇ ਟੰਗ ਤਾਂ ਆਏ, ਪਰ ਰੋਏ ਤੜਫੇ ਬਹੁਤ। ਲੰਬਰ ਮਿੱਲਾਂ ਦੇ ਕੁੱਕ ਹਾਊਸਾਂ ਵਿਚ ਸੌਂਦੇ, ਆਪਣੇ 'ਚੋਂ ਕਿਸੇ ਨੂੰ ਬਣਾਉਂਦੇ ਰਸੋਈਆ, 'ਕੱਠ ਕਰਦੇ, ਲੰਗਰ ਛਕਦੇ, ਨਸਲੀ ਵਿਤਕਰੇ ਸਹਿੰਦੇ, ਗੱਪਾਂ ਮਾਰਦੇ, ਬਹਿਸਦੇ, ਇਕੱਲਪੁਣੇ ਨੂੰ ਭਜਾਉਣ ਲਈ ਹੀਰ ਦੇ ਟੱਪੇ ਗਾਉਂਦੇ, ਨਿਆਣਿਆਂ ਨੂੰ ਯਾਦ ਕਰਦੇ, ਸੰਦੂਕ 'ਚ ਪਏ ਡਾਲੇ ਗਿਣਦੇ, ਜਰਬਾਂ ਕਰ ਕਰ ਦੇਖਦੇ, ਸੁਪਨੇ ਬੁਣਦੇ, ਕਿੱਸੇ ਸੁਣਦੇ-ਸੁਣਾਉਂਦੇ, ਲੁੱਚੀਆਂ ਗਾਲ੍ਹਾਂ ਲੱਛਿਆਂ ਵਾਂਗ ਵਰਤਾਉਂਦੇ ਕਿ ਕਿਹੜਾ ਕਿਸੇ ਨੂੰ ਸਮਝ ਲੱਗਣੀਆਂ।
ਹੁਣ ਕੋਈ ਅਣਖ ਦਾ ਬਹੁਤਾ ਰੌਲਾ ਨਹੀਂ, ਪਰ ਹਾਲੇ ਵੀ ਉਹ ਤੂਤ ਦੀ ਖੁੰਘੀ ਦਿਲ ਵਿਚ ਕਿਧਰੇ ਖਾਸੀ ਡੂੰਘੀ ਖੁੱਭੀ ਪਈ ਹੈ। ਉਂਜ ਹੁਣ ਚੁਣੌਤੀਆਂ ਬਦਲ ਗਈਆਂ ਹਨ।
ਸ਼ੁਰੂ ਵਿਚ ਆਏ ਅੱਧ ਪੜ੍ਹ ਜਾਂ ਅਨਪੜ੍ਹ ਪੰਜਾਬੀਆਂ ਦੇ ਤਿੰਨ ਦੁਸ਼ਮਣ ਰਹੇ-ਘੱਟ ਪੜ੍ਹਾਈ, ਪਾਟੋ-ਧਾੜ, ਦੂਰ ਅੰਦੇਸ਼ੀ ਤੋਂ ਸੱਖਣੇ। ਉਨ੍ਹਾਂ ਲੱਕੜਾਂ ਚੀਰੀਆਂ, ਫੱਟੇ ਖਿੱਚੇ, ਬੇਰੀਆਂ ਤੋੜੀਆਂ, ਪਟੜੀਆਂ ਵਿਛਾਈਆਂ, ਸੜਕਾਂ ਬਣਾਈਆਂ, ਲੋਹੇ-ਕੋਲੇ ਦੀਆਂ ਖਾਨਾਂ 'ਚ ਉਮਰਾਂ ਬਿਤਾਈਆਂ, ਖਪਾਈਆਂ। ਇਕੋ ਹੀ ਸੰਕਲਪ ਮਨ ਵਿਚ ਸੀ ਕਿ -
ਕਿਸੇ ਦੀ ਪੌੜੀ ਨਾ ਚੜ੍ਹਕੇ
ਕਿਸੇ ਦੇ ਸਿਰ ਤੇ ਨਾ ਖੜ੍ਹਕੇ
ਹਰ ਝੱਖੜ ਮੂਹਰੇ ਅੜਕੇ
ਇਸੇ ਹੀ ਧਰਤ ਤੇ ਖੜ੍ਹਕੇ
ਅਰਸ਼ ਨੂੰ ਛੋਹ ਦਿਖਾਵਾਂਗਾ

ਖਿਆਲ ਇਕ ਰੂਹ ਦੇ ਵਿਚ ਫੜ ਕੇ
ਚਿਣਗ ਅੱਖੀਆਂ ਦੇ ਵਿੱਚ ਰੜਕੇ
ਮੈਂ ਰਾਤਾਂ ਝਾਗ, ਉੱਠ ਤੜਕੇ
ਤੇ ਸੰਗ ਸਭ ਨ੍ਹੇਰਿਆਂ ਲੜਕੇ
ਅਰਸ਼ ਨੂੰ ਛੋਹ ਦਿਖਾਵਾਂਗਾ।
50ਵਿਆਂ ਤੇ 60ਵਿਆਂ 'ਚ ਹੋਣ ਲੱਗੇ ਕਲੀਨ ਸ਼ੇਵ, 1970 ਤੱਕ ਹੋਏ ਇੱਕ ਲੱਖ, ਪਰ ਬਹੁਤੇ ਲਕੀਰ ਦੇ ਫਕੀਰ ਖਪੀ ਗਏ ਲੱਕੜ ਮਿੱਲਾਂ 'ਚ ਆਪਣੇ ਵਡੇਰਿਆਂ ਵਾਂਗ। ਖਾਣੇ ਦੀ ਮਹਿਕ ਤੇ ਨਸਲਵਾਦੀ ਗੋਰਿਆਂ ਦੇ ਸ਼ਿਕਾਰ ਹੋਣ ਦੀ ਗੱਲ ਕਾਫੀ ਹੱਦ ਤੱਕ ਬੀਤੇ ਦੀ ਗੱਲ ਬਣ ਗਈ ਹੈ, ਪਰ ਨਸਲਵਾਦ ਦਾ ਮੁੱਦਾ ਰੂਪ ਵਟਾ ਵਟਾ ਕੇ ਕਦੇ ਕਦੇ ਨਾ ਕਦੇ ਹੁਣ ਵੀ ਸਾਹਮਣੇ ਆਉਂਦਾ ਹੀ ਰਹਿੰਦਾ ਹੈ। 1982 ਤੋਂ ਪਹੁੰਚਣ ਲੱਗੇ ਰਾਜਸੀ ਸ਼ਰਨ ਲੈ ਕੇ। ਮੋਨੇ ਸਿੱਖਾਂ ਦੇ ਬਣਾਏ ਗੁਰੂ ਘਰਾਂ 'ਤੇ ਇਨ੍ਹਾਂ ਨਵੇਂ ਪੱਗਧਾਰੀ ਰਫਿਊਜੀਆਂ ਨੇ ਕਰ ਲਿਆ ਕਬਜ਼ਾ। ਮਨ ਵਿਚ ਖੁੱਭੀਆਂ ਜਦ ਢਹੇ ਅਕਾਲ ਤਖਤ ਸਾਹਿਬ ਦੀਆਂ ਕਿਰਚਾਂ, ਉਗ ਪਏ ਨਵੇਂ ਨਵੇਂ ਕਈ ਨਾਵਾਂ ਵਾਲੇ ਖਾੜਕੂ ਦਲ। ਕੱਟਸਰਡ ਸਿੱਖਾਂ ਨੂੰ ਭਜਾਉਣ ਲਈ ਰੱਖ ਲਏ ਗਏ ਪਾਲਤੂ ਬੰਦੇ, ਡਾਲਰਾਂ ਦੀਆਂ ਪੰਡਾਂ ਪਹੁੰਚਣ ਲੱਗੀਆਂ ਪਾਕਿਸਤਾਨ ਅਤੇ ਪੰਜਾਬ। ਇਹ ਰਫਿਊਜੀ ਵੀ ਜੀਰ ਗਏ ਅਖਬਾਰਾਂ 'ਚ, ਕਾਰਖਾਨਿਆਂ 'ਚ, ਬੇਰੀਆਂ ਦੇ ਖੇਤਾਂ 'ਚ। ਬਹੁਤੇ ਅਖਬਾਰਾਂ ਨੇ ਬੰਨ੍ਹ ਲਈਆਂ ਖਾਲਸਤਾਨੀ ਪੱਗਾਂ। ਕਈ ਬਣ ਗਏ ਧਰਮ ਦੇ ਰਾਖੇ ਅਖਬਾਰਾਂ ਦੇ ਐਡੀਟਰ। ਪਰ 1985 ਦੇ ਕਨਿਸ਼ਕ ਕਾਂਡ ਨੇ ਵਰ੍ਹਿਆਂ ਦੀ ਬਣੀ ਬਣਾਈ ਭੱਲ ਰੋੜ੍ਹ ਦਿੱਤੀ ਮਹਾਂਸਾਗਰ ਦੇ ਪਾਣੀਆਂ ਵਿਚ। ਸੂਰਤ ਹੋ ਗਈ ਧੁੰਦਲੀ। '84 'ਚ ਜਿਨ੍ਹਾਂ ਮੋਨੇ ਸਿੱਖਾਂ ਨੇ ਕੇਸਾਂ ਦੇ ਮਖੌਟੇ ਚੜ੍ਹਾਏ, ਬਹੁਤਿਆਂ ਨੇ ਹੌਲੀ ਹੌਲੀ ਲਾਹ ਦਿੱਤੇ। 1992 ਵਿਚ ਪੰਜਾਬ ਜਿਹੜੇ ਗਧੀ ਗੇੜ 'ਚੋਂ 10 ਕੁ ਸਾਲ ਲਾ ਕੇ ਨਿਕਲ ਗਿਆ ਕਨੇਡਾ ਵਰਗੇ ਮੁਲਕਾਂ ਵਿਚ ਹੁਣ ਤੱਕ ਵੀ ਉਸ ਦੇ ਗੇੜੇ ਆਉਂਦੇ ਨੇ। ਕਈ ਤਾਂ ਉਸ ਠੰਢੀ ਹੋ ਰਹੀ ਅੱਗ ਨੂੰ ਹਾਲੇ ਵੀ ਆਪਣੇ ਆਪਣੇ ਭੂਕਣੇ ਫੜੀ ਮਘਦੀ ਰੱਖਣ ਲਈ ਸਾਹੋ ਸਾਹ ਹੋਏ ਰਹਿੰਦੇ ਨੇ। ਕਈਆਂ ਦਾ ਤੋਰੀ ਫੁਲਕਾ ਇਸੇ ਸਿਰੋਂ ਚਲਦਾ। 1947 'ਚ ਪੰਜਾਬੀਆਂ ਨੂੰ ਵੋਟ ਪਾਉਣ ਦਾ ਹੱਕ ਮਿਲਿਆ ਸੀ ਅਤੇ 1999 ਵਿਚ ਉਨ੍ਹਾਂ ਨੇ ਦੁਸਾਂਝਾਂ ਦੇ ਉਜਲ ਨੂੰ ਬ੍ਰਿਟਿਸ਼ ਕੋਲੰਬੀਆ ਦਾ ਪ੍ਰੀਮੀਅਰ ਬਣਾ ਕੇ ਦਿਖਾ ਦਿੱਤਾ।
ਬ੍ਰਿਟਿਸ਼ ਕੋਲੰਬੀਆ 'ਚ 1996 ਤੋਂ ਪੰਜਾਬੀ ਦੂਜੀ ਭਾਸ਼ਾ ਹੈ। ਬੋਰਡ ਪੰਜਾਬੀ ਵਿਚ ਲੱਗੇ ਹਨ। ਖਾਲਸਾ ਸਕੂਲ ਨੇ। ਦਿੱਲੀ, ਹਰਿਆਣੇ ਤੋਂ ਤਾਂ ਚੰਗੇ ਹੀ ਨੇ ਜਿਥੇ ਪੰਜਾਬੀ ਅਜੇ ਵੀ ਮਤਰੇਈ ਹੈ।
ਪੰਜਾਬੀ ਕਨੇਡਾ ਦੀ ਸਿਆਸਤ ਵਿਚ ਵੀ ਪੌੜੀ ਦੇ ਉਚੇ ਟੰਬਿਆਂ 'ਤੇ ਬਿਰਾਜਮਾਨ ਹੋਏ ਹਨ। ਇਸ ਦੀ ਗਵਾਹੀ ਸਾਡੀ ਵਿਕਟੋਰੀਆ ਦੀ ਫੇਰੀ ਰਹੀ।

ਕੂੰਜਾ : ਮਾਣ



(ਜੂਨ 2000 ਦੀ ਇੱਕ ਦੁਪਹਿਰ)
ਬ੍ਰਿਟਿਸ਼ ਕੋਲੰਬੀਆ ਦੀ ਰਾਜਧਾਨੀ
ਵਿਕੋਟਰੀਆ ਦੀ ਪਾਰਲੀਮੈਂਟ ਵਿਚ
ਅਸੀਂ ਪੰਜਾਬੀ ਟਰਾਂਸਪੋਰਟ ਮੰਤਰੀ
ਹੈਰੀ ਲਾਲੀ ਦੇ ਸਰਕਾਰੀ ਮਹਿਮਾਨ ਹਾਂ

ਗੇਟ 'ਤੇ ਕੋਈ ਚੈਕਿੰਗ ਨਹੀਂ
ਬਗੈਰ ਰਾਈਫਲ ਵਾਲੇ ਪੁਲਸੀਏ ਦੇ
ਮੂੰਹ 'ਤੇ 'ਗੁੱਡ ਮਾਰਨਿੰਗ' ਹੈ

ਲਾਲੀ ਦੇ ਦਫਤਰ ਵਿਚ
ਗੂੜ੍ਹੀ ਲੱਕੜ ਦੀ ਪੈਨੇਲਿੰਗ ਹੈ
ਕਿਸੇ ਲੰਬਰ ਮਿੱਲ 'ਚੋਂ ਆਈ ਹੋਵੇਗੀ
ਹੋਣਗੇ ਇਸ ਉਪਰ ਵੀ
ਕਿਸੇ ਪੰਜਾਬੀ ਦੇ ਮੁੜ੍ਹਕੇ ਦੇ ਨਿਸ਼ਾਨ

ਗੋਰੀ ਸੈਕਟਰੀ
ਕਾੜ੍ਹਨੀ ਦੇ ਦੁੱਧ ਵਰਗੀ
ਕੌਫੀ ਲਿਆ ਕੇ ਫੜਾਉਂਦੀ ਹੈ
-ਤੁਸੀਂ ਕਿਹੜੇ ਇਲਾਕੇ ਤੋਂ ਜਿੱਤੇ ਹੋ?'
-ਤਾਏ ਕਿਆਂ ਤੋਂ,
ਚਾਚੇ ਇੰਡੀਅਨ ਹੋਏ ਤਾਂ ਫਿਰ
ਰੈਡ ਇੰਡੀਅਨ 'ਤਾਏ ਕੇ' ਹੀ ਹੋਏ ਨਾ!'

ਪਾਰਲੀਮੈਂਟ ਸੈਸ਼ਨ ਸ਼ੁਰੂ ਹੁੰਦੇ ਸਾਰ
ਲਾਲੀ ਸਾਡੇ ਮਾਣ 'ਚ
ਕੁਝ ਸ਼ਬਦ ਆਖਦਾ ਹੈ
ਬੇਗਾਨੀ ਧਰਤੀ 'ਤੇ
ਆਪਣੇ ਲੋਕਾਂ ਦੀ ਧਾਂਕ
ਤਾੜੀਆਂ ਦੇ ਰੂਪ ਵਿਚ
ਗੂੰਜ ਜਾਂਦੀ ਹੈ
ਪਾਰਲੀਮੈਂਟ ਦੇ ਹਾਲ ਵਿਚ।

ਸਾਨੂੰ ਲਗਦਾ ਹੈ
ਸਾਡਾ ਨਹੀਂ,
ਪੰਜਾਬੀ ਦਾ,
ਪੰਜਾਬੀਪੁਣੇ ਦਾ ਮਾਣ ਹੋਇਆ ਹੈ।

ਕੂੰਜਾਂ : ਤਾਏ ਕੇ


(ਅੰਗਰੇਜ਼ਾਂ ਤੇ ਫਰਾਂਸੀਸੀਆਂ ਨੇ ਜਦੋਂ 19ਵੀਂ ਸਦੀ ਵਿਚ ਕਨੇਡਾ 'ਚ ਪੈਰ ਧਰਿਆ)
ਤਾਂਬੇ ਰੰਗੇ ਤਾਏ ਕਿਆਂ ਨੂੰ
ਦੁੱਧ ਚਿੱਟਿਆਂ ਨੇ ਖੂਬ ਮਾਰਿਆ

ਇਕ ਹੱਥ ਰਾਈਫਲ
ਦੂਜੇ ਬਾਈਬਲ
ਝੋਲੇ ਵਿੱਚ ਸ਼ਰਾਬ ਸੁਰਾਹੀ

ਤਾਏ ਕਿਆਂ ਨੇ ਤਕੜੇ ਹੋ ਕੇ
ਰਾਈਫਲ ਦੀ ਗੋਲੀ ਤਾਂ ਵਿੰਨ੍ਹ ਤੀ
ਆਪਣੇ ਜ਼ਹਿਰੀਲੇ ਤੀਰਾਂ ਸੰਗ

ਪਰ ਫਿਰ ਚਿੱਟੀਆਂ ਲੂੰਬੜੀਆਂ ਨੇ
ਖੋਲ੍ਹਿਆ ਝੋਲਾ, ਲਾਂਭੇ ਹੋ ਗਏ

ਐਸੇ ਹੋਏ ਮਦਹੋਸ਼ ਤਾਏ ਕੇ
ਹੁਣ ਤੱਕ ਨਹੀਂਓ ਉਠੇ ਮੁੜ ਕੇ।
('ਤਾਏ ਕੇ' : ਕਨੇਡਾ ਦੇ ਮੂਲਵਾਸੀ ਰੈਡ ਇੰਡੀਅਨਾਂ ਲਈ ਅਕਸਰ ਪੰਜਾਬੀਆਂ ਵਲੋਂ ਵਰਤਿਆ ਜਾਂਦਾ ਲਫਜ਼।)

ਕੂੰਜਾਂ : ਵਾਨਾ ਵਾੲਹੀਟ


ਵੈਨਕੂਵਰ ਡਾਊਨ ਟਾਊਨ 'ਚ
ਬਜ਼ਾਰ 'ਚੋਂ ਲੰਘਦਿਆਂ
ਮੈਂ ਫੋਟੋ ਖਿੱਚਣ ਲਈ
ਕਾਰ ਦਾ ਸ਼ੀਸ਼ਾ ਨੀਵਾਂ ਕਰਦਾ ਹਾਂ।

ਇਕ ਤਾਂਬੇ ਰੰਗੀ ਤੀਵੀਂ ਕਾਰ ਵੱਲ ਵਧਦੀ ਹੈ
ਚਪਟਾ ਚੌੜਾ ਨੱਕ,
-ਵਾਨਾ ਵਾੲ੍ਹੀਟ ?
ਤ੍ਰਭਕ ਕੇ ਸ਼ੀਸ਼ੇ ਸਣੇ ਹੀ
ਉਪਰ ਹੋ ਜਾਂਦਾ ਹਾਂ
-ਆਹ ਕੀ?'

ਇਹ ਰੈਡ ਇੰਡੀਅਨ ਨੇ
'ਤਾਏ ਕੇ'
ਇਸ ਧਰਤ ਦੇ ਅਸਲ ਮਾਲਿਕ
ਇਥੋਂ ਦੇ ਨੇਟਿਵ।
ਤੇ ਬਾਹਰਲਿਆਂ ਲਈ,
ਹੁਣ ਨੁਮਾਇਸ਼ੀ ਚੀਜ਼।

ਅੰਗਰੇਜ਼ ਜਦੋਂ ਇਥੇ ਉਤਰੇ
ਤਾਂ ਅੰਗਰੇਜ਼ੀ ਬੰਦੂਕਾਂ ਨੇ
ਜਾਨਵਰਾਂ ਵਾਂਗ ਫੁੰਡੇ ਉਹ।
ਦਿਆਰ ਦੇ ਦਿਓ ਕੱਦ ਸੁੱਕੇ ਦਰਖਤਾਂ ਦੇ
ਖੋਖਲੇ ਤਣਿਆਂ 'ਚ
ਲੁਕ ਲੁਕ ਉਹ ਰਹੇ।

ਹੁਣ ਤੱਕ ਸਾਂਭੇ ਪਏ ਨੇ
ਉਹ ਕਾਲੇ ਧੁਆਂਖੇ ਖੋਖਲੇ ਤਣੇ
ਸਟੈਨਲੇ ਪਾਰਕ ਵਿਚ
ਇਡੇ ਇਡੇ ਵੱਡੇ ਕਿ ਚਾਰ ਮੰਜੇ ਡਹਿ ਜਾਣ।

ਤਾਏ-ਕਿਆਂ ਨੂੰ ਟੈਕਸ ਮੁਆਫ਼ ਨੇ
ਕਾਨੂੰਨ ਵੀ ਮੁਆਫ਼ ਨੇ
ਕੁਝ ਨਾ ਕਰੋ
ਪੈਨਸ਼ਨ ਚਰੋ
ਖੁੱਲ੍ਹੇਆਮ ਨਸ਼ੇ ਕਰੋ
ਕਿਸੇ ਤੋਂ ਨਾ ਡਰੋ।
ਉਹ ਸੜਕ ਕੰਢੇ ਢੋਅ ਲਾਈ, ਧੂੰਆਂ ਉਡਾਉਂਦੇ
ਧੁੱਪ ਸੇਕਦੇ, ਖੁਰਦਰੀਆਂ ਗੱਪਾਂ ਲੜਾਉਂਦੇ
ਹੋਰ ਕੌਮਾਂ ਦੇ ਲੋਕ ਇਸੇ 'ਐਸ਼' ਲਈ
ਇਨ੍ਹਾਂ ਨਾਲ ਵਿਆਹ ਪੇਚੇ ਵੀ ਪਾਉਂਦੇ।

ਸ਼ਾਮ ਢਲ ਚੱਲੀ ਹੈ
ਮਾਰਕੀਟ ਵਿਚ ਕੰਧ ਨਾਲ ਭੁੰਜੇ ਅੱਧਾ ਬਸੁਰਤ ਪਿਆ
ਇਕ ਤਾਏ-ਕਾ ਕੂਕ ਮਾਰਦਾ ਹੈ
ਜਵਾਬ 'ਚ ਵਜਦੀਆਂ ਨੇ ਕਈ ਪਾਸਿਓਂ ਕੂਕਾਂ
ਗੂੰਗੇ ਦੀ ਮਾਂ ਗੂੰਗੇ ਦੀ ਰਮਜ਼ ਸਮਝਦੀ ਏ।

ਮੈਂ ਖੜ੍ਹਾ ਖੜ੍ਹਾ ਤ੍ਰਭਕ ਜਾਂਦਾ ਹਾਂ।
ਮੈਨੂੰ ਲੱਗਿਆ ਮੈਂ 50 ਕੁ ਸਾਲ ਵੱਡਾ ਹੋ ਗਿਆ ਹਾਂ
ਤੇ ਪੰਜਾਬ ਦੇ ਇਕ ਬਜ਼ਾਰ 'ਚ ਖੜ੍ਹਾ
ਬਿਲਕੁਲ ਇਹੋ ਜਿਹੀਆਂ ਕੂਕਾਂ ਸੁਣ ਰਿਹਾ ਹਾਂ।
(ਵਾਨਾ ਵਾੲ੍ਹੀਟ-ਸਮੈਕ ਚਾਹੀਦੀ?)
(ਰੈਡ ਇੰਡੀਅਨਜ਼ ਦਾ ਟੋਟਮ ਪੋਲ)

ਕੂੰਜਾਂ : ਗਰਾਊਜ਼ ਪਹਾੜੀ 'ਤੇ

(ਵੈਨਕੂਵਰ, ਬੀ.ਸੀ.)
ਸੂਰਜ ਹਾਲੇ ਉੱਗ ਰਿਹਾ ਹੈ
ਪਹਾੜੀ ਦੀ ਹਿੱਕ ਤੇ
ਸਰਾਲ ਵਾਂਗ ਵਿਛੀ ਸੜਕ 'ਤੇ
ਸ਼ੂਕਦੀਆਂ ਆਈਆਂ
ਸਾਢੇ ਤਿੰਨ ਸੌ ਹਾਰਸਪਾਵਰ ਵਾਲੀਆਂ,
ਮਰਸਡੀਜ਼ ਕਾਰਾਂ ਦੇ ਇੰਜਣ
ਹੋ ਗਏ ਨੇ ਚੁੱਪ।
ਉਤਾਂਹ ਨੂੰ ਰੁਖਾਂ ਨਾਲ ਢਕੀ
ਹਰੀ ਕਚੂਰ ਪਹਾੜੀ ਹੈ।
ਦੂਰੋਂ ਪੈਂਸਲ ਦੀਆਂ ਲੰਬੀਆਂ ਲੀਕਾਂ 'ਚ
ਲਾਲ ਰੰਗੇ ਜੋ ਬਿੰਦੂ ਦਿਸਦੇ ਸੀ
ਉਹ ਹੁਣ ਪਹਾੜੀ ਤੇ ਉਤਾਂਹ ਤੱਕ ਜਾ ਰਹੇ
ਲੋਹੇ ਦੇ ਰੱਸੇ ਬਣ ਗਏ ਨੇ-
ਜਿੰਨ੍ਹਾਂ ਨਾਲ ਚਿੰਬੜੀਆਂ ਨੇ ਲਾਲ ਰੰਗ ਦੀਆਂ ਟਰਾਲੀਆਂ।
ਪੈਰ ਰੱਖਦਿਆਂ ਹੀ ਸ਼ੂਕਦੀਆਂ ਜਾਂਦੀਆਂ
ਗਿਆਰ੍ਹਾਂ ਸੌ ਮੀਟਰ ਦੀ ਪਹਾੜੀ ਢਲਾਨ 'ਤੇ
ਉਤਾਂਹ ਨੂੰ ਤਿਲਕਦੀਆਂ
ਪਿਛੇ ਛੱਡਦੀਆਂ ਦੁਰਾਡੀਆਂ ਝੀਲਾਂ

-ਆਉਣ ਕੂੰਜਾਂ ਦੇਣ ਬੱਚੇ, ਨਦੀ ਨ੍ਹਾਵਣ ਚੱਲੀਆਂ।
ਇਕ ਪੂਰ ਉਤਰਦਾ, ਇਕ ਚੜ੍ਹਦਾ।

ਦਿਉਦਾਰ ਦੇ ਰੁੱਖਾਂ ਦੀ ਖੁਸ਼ਬੋ ਹੈ
ਹਵਾਂ ਕੰਨਾਂ ਵਿਚ ਸਾਂ ਸਾਂ ਕਰ ਰਹੀ ਹੈ
ਪਲਟੀ ਪਈ ਸਲੇਜ ਗੱਡੀ ਉਪਰ ਬੈਠੀ ਹੈ ਇਕ ਜੋੜੀ
ਧੁੱਪ ਸੇਕਦੀ, ਮੰਤਰ ਮੁਗਧ

ਮੀਂਹ ਪੈਣ ਲੱਗਾ ਹੈ
-ਪਲਾਸਟਕ ਦਾ ਡਿਸਪੋਜ਼ੇਬਲ ਓਵਰਕੋਟ
ਪੰਜ ਡਾਲਰ ਦਾ ਏ, ਲੈ ਹੀ ਲਓ
ਮੰਨ ਲਾਂਗੇ ਇਕ ਬੀਅਰ ਘੱਟ ਪੀਤੀ।
ਭਿੱਜਗੇ ਤਾਂ ਪੰਜਾਹ ਡਾਲੇ ਦੀ ਦਵਾਈ ਖਾਣੀ ਪਊ।'

ਲੂਪਿਨ ਕੈਫੇਟੇਰੀਏ ਦੇ ਬਰਾਂਡੇ 'ਚ ਬੈਠਿਆਂ
ਦਿਸ ਰਹੇ ਨੇ ਹੇਠਾਂ
ਪੈਸੇਫਿਕ ਸਮੁੰਦਰ ਦੀ ਨੰਗੀ ਚਮਕਦੀ ਹਿੱਕ
ਤੇ ਡਲ੍ਹਕਦੀ ਸਵੇਰ ਦੀ ਧੁੱਪ ਵਿਚ
ਵੈਨਕੂਵਰ ਦੇ ਘਰਾਂ ਦੀਆਂ ਛੱਤਾਂ ਦੀ
ਰੰਗਲੀ ਡੱਬੀਆਂ ਵਾਲੀ ਦਰੀ
ਜਿਉਂ ਖਿੰਡੇ ਪਏ ਚਾਨਣ ਦੇ ਮਣਕੇ।

ਬਰੇਕਫਾਸਟ ਵਿਚ
ਗਰਮ ਗਰਮ ਕੌਫੀ ਨਾਲ ਚਿਕਨ ਵਿੰਗਸ ਦੇ ਪਕੌੜੇ
ਮੇਰੇ ਮੱਥੇ 'ਤੇ ਸਵਾਲੀਆ ਨਿਸ਼ਾਨ ਪੜ੍ਹ
ਮੇਰਾ ਦੋਸਤ ਸਫਾਈ ਦਿੰਦਾ ਹੈ -
ਬੋਨਲੈਸ ਨੇ, ਆਂਡੇ ਵਾਂਗ ਵੈਜ ਹੀ ਨੇ।

ਇਸੇ ਪਹਾੜੀ 'ਤੇ ਹੀ ਰਹਿੰਦਾ ਹੈ
ਕਲਾਕਾਰ ਗਲੈਨ ਗਰੀਨਸਾਈਡ
ਉਸ ਨੇ ਘੜੇ ਹਨ ਕਨੇਡੀਅਨ ਜੰਗਲਾਂ ਦੇ ਗੀਤ
ਆਪਣੇ ਮਸ਼ੀਨੀ ਲੱਕੜ ਦੇ ਆਰੇ ਨਾਲ
ਇਹ ਆਰਾ ਹੀ ਉਸਦਾ ਬੁਰਸ਼ ਹੈ -
ਤੇ ਰੁੱਖ ਦਾ ਤਣਾ ਕੈਨਵਸ-
ਉਹ ਅੱਠ-ਦਸ, ਫੁੱਟ ਮੋਟੇ
ਉਮਰ ਬਿਤਾ ਚੁੱਕੇ
ਸੁੱਕੇ ਦਿਆਰ ਦੇ ਦਰਖਤਾਂ 'ਚੋਂ
ਪੰਦਰਾਂ ਪੰਦਰਾਂ ਫੁਟੇ ਤਣੇ ਕੱਟ ਕੇ
ਤਰਾਸ਼ਦਾ ਹੈ ਇਨ੍ਹਾਂ ਬੁੱਤਾਂ ਨੂੰ।

ਲੱਕੜ ਦੇ ਇਹਨਾਂ ਬੁੱਤਾਂ ਨੇ
ਮੜ੍ਹ ਦਿੱਤਾ ਏ
ਬਰਫ਼ਾਂ ਲੱਦੀ ਗਰਾਊਜ਼ ਪਹਾੜੀ ਨੂੰ
-ਪਹਾੜੀ ਢਲਾਣਾਂ ਤੋਂ ਉਤਰਦੀਆਂ
ਲੱਕੜ ਦੀਆਂ ਬੱਕਰੀਆਂ,
-ਵਰਦੀ ਧਾਰੀ ਮੁੱਛਲ ਫੌਜੀ
-ਰੁੱਖ ਦੀ ਟਾਹਣੀ ਤੇ ਖੰਭ ਫੈਲਾਈ ਬੈਠਾ
ਉਡੂੰ-ਉਡੂੰ ਕਰਦਾ ਲੱਕੜ ਵਿਚ ਢਲਿਆ ਬਾਜ਼
-ਆਪਣੇ ਟੱਬਰ ਨਾਲ ਤੁਰਿਆ ਜਾਂਦਾ ਰਿੱਛ।
ਸਭ ਖੜ੍ਹੇ ਹਨ ਚੁੱਪ ਚਾਪ ਬਰਫ਼ 'ਚ ਖੁੱਭੇ
ਅਮਰ ਹੋਏ ਬੁਰਸ਼ੀ-ਆਰੇ ਦੀ ਛੋਹ ਨਾਲ।

ਤੇ ਇਨ੍ਹਾਂ ਨੂੰ ਦੇਖਣ ਲਈ ਆਉਂਦੇ ਹਨ
ਦੁਨੀਆ ਭਰ ਤੋਂ ਸੈਲਾਨੀ।
ਕੌਣ ਕਹਿੰਦਾ ਹੈ, ਇਕੱਲਾ ਜਣਾ
ਕੁਝ ਨਹੀਂ ਕਰ ਸਕਦਾ।
(ਚਿਕਨ ਵਿੰਗਸ- ਮੁਰਗੇ ਦੇ ਫੰਘਾਂ ਦੇ ਨਰਮ ਪਕੌੜੇ, ਬੋਨਲੈਸ- ਬਿਨਾਂ ਹੱਡੀ ਦੇ, ਵੈਜ- ਸ਼ਾਕਾਹਾਰੀ।)
(ਗਲੈਨ ਗਰੀਨਸਾਈਡ- ਮਸ਼ੀਨੀ ਆਰੇ ਨਾਲ ਹੀ ਸੁੱਕੇ ਦਰੱਖਤਾਂ ਨੂੰ ਲੱਕੜ ਦੇ ਬੁੱਤਾਂ ਵਿਚ ਬਦਲਣ ਵਾਲਾ ਪ੍ਰਸਿੱਧ ਕਲਾਕਾਰ।)

ਕੂੰਜਾਂ : ਕੁੱਕੜੂੰ ਘੜੂੰ



(ਬੀਚ ਕੰਢੇ ਇਕ ਪਾਰਟੀ)
ਸੂਰਜ ਹੌਲੀ ਹੌਲੀ ਸਮੁੰਦਰ 'ਚ
ਸੋਨਾ ਘੋਲ ਰਿਹਾ ਹੈ।
ਗੱਡੀ ਦੀ ਡਿੱਕੀ 'ਚੋਂ
ਕੱਢੀਆਂ ਜਾ ਰਹੀਆਂ ਨੇ
ਫੋਲਡਿੰਗ ਕੁਰਸੀਆਂ ਤੇ ਮੇਜ਼,
ਗਲਾਸ, ਬੀਅਰ ਦੀਆਂ ਕੇਨਾਂ,
ਵਾਈਨ ਦੇ ਘੜੇ, ਲੱਕੜ ਦੇ ਕੋਲੇ
ਚੱਕਵਾਂ ਬਾਰ-ਬੀ-ਕਿਊ ।

ਅੱਜ ਵੀਕ ਐਂਡ ਏ।
ਆਪਾਂ ਸਵੇਰ ਤੱਕ ਇਥੇ
ਬੀਚ 'ਤੇ ਹੀ ਇੰਜਾਏ ਕਰਾਂਗੇ।
-ਆਹ ਵੱਡੇ ਵੱਡੇ ਲਿਫਾਫਿਆਂ 'ਚ ਕੀ ਹੈ?'
-ਕੁੱਕੜ ; ਚਿਕਨ ਵਿੰਗਜ਼ ਤੇ ਲੈਗ ਪੀਸ।'
-ਕੁਝ ਵੈਜ ਵੀ ਹੈ ?'
ਕੁਰਸੀ ਰੇਤ 'ਚ ਧਸਾਉਂਦਾ ਮੇਰਾ ਮਿੱਤਰ
ਜ਼ੋਰ ਦੀ ਹੱਸ ਪਿਆ ਕੁੜ ਕੁੜ ਕਰਦਾ
-ਜੇ ਪੰਜਾਬੀ ਨਾ ਹੋਣ, ਇਥੇ ਕੁੱਕੜਾਂ ਦਾ ਰਾਜ ਹੋਵੇ।'

ਪੰਜਾਬੀਆਂ ਤੇ ਕੁੱਕੜਾਂ ਦਾ ਰਿਸ਼ਤਾ ਬਹੁਤ ਗੂੜ੍ਹਾ-
ਕੁੱਕੜ ਵਾਂਗ ਸਭ ਤੋਂ ਪਹਿਲਾਂ
ਪੰਜਾਬੀ ਬਾਂਗ ਦਿੰਦੇ
ਤਾਂ ਕਿਤੇ ਖੁਲ੍ਹਦੀ ਕਨੇਡਾ ਦੀ ਅੱਖ
ਤੇ ਜਾਗਦੀਆਂ ਮਸ਼ੀਨਾਂ।

ਚਾਰ ਕੁੱਕੜ ਜੇ ਹੋਣ ਖੁੱਡੇ ਵਿਚ
ਲੜਣ-ਭਿੜਣ ਤੇ ਪੁੱਟਣ ਖੰਭ
ਹੋ ਜਾਣ ਫੱਟੜ
ਕਾਹਦੇ ਲਈ ? ਰੌਲਾ ਕੀ ?
-ਬਈ ਤਕੜਾ ਕੌਣ।

ਹੋਣ ਪੰਜਾਬੀ ਵੀ ਜੱਦ ਕੱਠੇ
ਗੱਲਾਂ ਵਿਚ ਹੀ ਜੂੰਡੇ ਪੁੱਟਣ
ਇਕ ਦੂਜੇ ਦੇ ਡਾਲਰ ਪਰਖਣ
ਗੁੱਝੀਆਂ ਮਾਰਨ
ਗੱਲ ਉਹੀ
-ਬਈ ਤਕੜਾ ਕੌਣ।

ਭਾਲਣ ਘਰ-ਦੀਆਂ
ਮੁਰਗੀਆਂ ਵਰਗੀਆਂ
ਜੋ ਕੁਝ ਨਾ ਕਹਿਣ
ਸਭ ਕੁਝ ਸਹਿਣ
ਕੁੜ-ਕੁੜ ਵੀ ਘੁਟ-ਘੁਟ ਹੀ ਕਹਿਣ
ਕੁਕੜੂੰ ਘੜੂੰ ਦੀ ਹਕੂਮਤ 'ਚ ਰਹਿਣ।
ਆਂਡੇ ਸੇਣ
ਕੁਰਬਾਨੀਆਂ ਦੇਣ।

ਕੁੱਕੜਾਂ ਵਾਂਗ ਪੰਜਾਬੀ ਆਪਣੇ
ਲੜਨ ਭਿੜਨ ਤੇ ਪੱਟਣ ਖੰਭ
ਤਿੜ੍ਹਾਂ ਮਾਰਨ, ਕਰਨ ਦੰਭ।
ਮਾੜੇ ਦੀ ਕਲਗੀ ਨੂੰ ਪੱਟਣ
ਤਕੜੇ ਦੀਆਂ ਲੂਲ੍ਹਾਂ ਨੂੰ ਚੱਟਣ।

ਕੁਕੜਾਂ ਵਾਂਗ ਪੰਜਾਬੀ ਆਪਣੇ
ਖੜ੍ਹੇ ਪੈਰ ਹੀ, ਕਦੋਂ ਨੇ ਸੌਂਦੇ
ਕਦੋਂ ਜਾਗਦੇ, ਕਦੋਂ ਨਾ ਰੋਂਦੇ
ਕੋਈ ਪਤਾ ਨਹੀਂ।

-ਤੇ ਕਿਵੇਂ ਸਾਰੀ ਦਿਹਾੜੀ
ਚੁਗਦੇ ਕੁੱਕੜਾਂ ਵਾਂਗ ਡਾਲੇ,
ਇਹ ਦੇਖਣਾ ਹੈ ਤਾਂ
ਪਾਵਾਂਗੇ ਕਿਸੇ ਬੇਰੀਆਂ ਦੇ ਖੇਤ ਵੱਲ ਚਾਲੇ।
(ਵਾਈਨ ਦਾ ਘੜਾ - ਦੋ ਲੀਟਰ ਵਾਲੀ ਵਾਈਨ ਦੀ ਗੋਲ ਬੋਤਲ,)
(ਬਾਰ-ਬੀ-ਕਿਊ- ਲੱਕੜ ਦੇ ਕੋਲੇ ਮਘਾ ਕੇ ਕੁੱਕੜ ਜਾਂ ਪਨੀਰ ਵਗੈਰਾ ਨੂੰ ਭੁੰਨਣ ਵਾਲੀ ਭੱਠੀ)
(ਇੰਜਾਏ-ਮੌਜਮਸਤੀ)

ਕੂੰਜਾਂ : ਮੂੰਹ ਸੰਭਾਲ ਕੇ

ਡਾਊਨ ਟਾਊਨ ਵੈਨਕੂਵਰ ਦੀਆਂ
ਬੱਤੀਆਂ ਜਗ ਪਈਆਂ ਹਨ
ਤਿਲਸਮੀ ਚਕਾਚੌਂਧ ਹੈ
ਸਜੇ ਹਨ ਬਜ਼ਾਰ ਹਰ ਤਰ੍ਹਾਂ ਦੇ
ਸੜਕਾਂ ਕੰਢੇ ਨਿੱਕੀਆਂ ਸਕਰਟਾਂ,
ਨਿੱਕੇ ਨਿੱਕੇ ਪਰਸ ਚੁੱਕੀ
ਖੜ੍ਹੀਆਂ ਨੇ ਮਖਮਲੀ ਗੋਰੀਆਂ,
ਗਦਰਾਈਆਂ ਕਾਲੀਆਂ
ਦੋਧਲ ਚਿੱਟੀਆਂ ਚੀਨਣਾਂ,
ਨਿੱਗਰ ਮੈਕਸੀਕਣਾਂ...
'ਤੇ ਹੋਰ ਹੁੱਕਰਜ਼
ਕੈਰੀ ਅੱਖ ਨਾਲ ਮੋਹਦੀਆਂ,
ਸ਼ਰਾਰਤੀ ਅਦਾ ਨਾਲ
ਹਰ ਗੱਡੀ ਦੀਆਂ ਸਵਾਰੀਆਂ ਨੂੰ ਟੋਂਹਦੀਆਂ।

-ਆਪਣਿਆਂ ਦੀ ਹੁਣ
ਡਰੱਗ ਮਾਫੀਏ ਸਣੇ
ਸਾਰੇ ਪਾਸੇ ਸਰਦਾਰੀ ਏ
ਏਧਰ ਵੀ ਪੂਰੀ ਉਡਾਰੀ ਏ।'

ਸੁੰਦਰਤਾ ਪੌੜੀ ਹੈ
ਕਨੇਡੀਅਨ ਪੰਜਾਬਣਾਂ ਵੀ ਚੜ੍ਹ ਮੰਡਰਾਉਂਦੀਆਂ
ਪਰ ਦੇਸੀਆਂ ਤੋਂ ਘਬਰਾਉਂਦੀਆਂ।

ਹੇਅਰ ਸਟਾਈਲ ਵੀ ਅੰਗ੍ਰੇਜ਼ੀ
ਬੋਲੀ ਦਾ ਲਹਿਜਾ ਵੀ ਅੰਗ੍ਰੇਜ਼ੀ
ਕੱਪੜੇ ਜੀਨਾਂ ਵੀ ਅੰਗ੍ਰੇਜ਼ੀ
ਤੇ ਬਦਨ 'ਤੇ ਮੁਲਕ ਦਾ
ਨਾਮ ਤਾਂ ਲਿਖਿਆ ਹੀ ਨਹੀਂ ਹੁੰਦਾ।

ਮੇਰਾ ਦੋਸਤ ਦੱਸਦਾ ਹੈ
-ਉਹ ਪੰਜਾਬਣ ਖੜ੍ਹੀ ਆ!'
-ਕਿਵੇਂ ਪਤਾ?'
-ਹੁਣੇ ਪਤਾ ਲੱਗ ਜੂ!'
ਆਪਣੀ ਗੱਲ ਪੱਕੀ ਕਰਨ ਲਈ
ਉਹ ਗੱਡੀ ਭਵਾਉਂਦਾ ਹੈ,
ਉਸ ਕੋਲ ਲਾਉਂਦਾ ਹੈ,
ਕੋਲ ਜਾ ਕੇ ਗਾਲ੍ਹ-ਟੈਸਟ ਲਾਉਂਦਾ ਹੈ
ਹੁੱਕਰ ਤੜਫੀ
ਪੰਜਾਬੀ 'ਤੇ ਆਈ
-ਮੂੰਹ ਸੰਭਾਲ ਕੇ!'
(ਹੁੱਕਰਜ਼ : ਪੈਸੇ ਜਾਂ ਮੌਜ ਮਸਤੀ ਖਾਤਰ ਧੰਦਾ ਕਰਦੀਆਂ ਜਵਾਨ ਕੁੜੀਆਂ)

ਕੂੰਜਾਂ : ਰੌਕਸੀ ਬਾਰ ਵਿੱਚ

ਧੌਣ ਦੇ ਖਾਸਾ ਹੇਠੋਂ
ਉਹਦਾ ਗੁਲਾਬੀ ਬਲਾਊਜ਼ ਸ਼ੁਰੂ ਹੁੰਦਾ ਹੈ
ਧੁੰਨੀ ਤੋਂ ਖਾਸਾ ਉੱਤੇ ਮੁੱਕ ਜਾਂਦਾ ਹੈ

ਉਹਦੇ ਕੰਨਾਂ 'ਚ ਮੁਰਕੀਆਂ ਨੇ
ਮੋਟੇ ਬੁੱਲ੍ਹਾਂ 'ਚ ਮੁਰਕੀਆਂ ਨੇ
ਧੁੰਨੀ ਤੇ ਵੀ ਘੁੰਗਰੂ ਪਰੋਇਆ।
ਮੇਰਾ ਦੋਸਤ ਹੱਸਦਾ ਹੈ
-ਹੋਰ ਵੀ ਕਈ ਥਾਈਂ ਹੋਣਗੀਆਂ
ਹੁਣੇ ਦਿਸ ਜਾਣਗੀਆਂ।'
ਉਹ ਨੀਗਰੋ ਕੁੜੀ
ਮਦਹੋਸ਼ੀ ਦਾ ਨਾਟਕ
ਕਰਦੀ ਨੱਚ ਰਹੀ।
ਸਟੇਜ ਤੇ ਲੱਗੇ ਸਟੀਲ ਦੇ ਡੰਡਿਆਂ ਨਾਲ
ਲਿਪਟਦੀ ਮੱਚ ਰਹੀ....!

ਨੀਗਰੋ ਕੁੜੀ ਦੇ ਮੀਢੀਆਂ ਇੰਨੀਆਂ
ਕਿ ਬੇਬੇ ਬੈਠ ਕੇ
ਮਹੀਨਾ ਗੁੰਦੀ ਜਾਵੇ
ਤਾਂ ਵੀ ਨਾ ਮੁੱਕਣ।

ਜੀਨ ਇੰਨੀ ਕਸਵੀਂ
ਕਿ ਲਗਦਾ ਛੋਟੇ ਹੁੰਦੇ ਪਾਈ ਹੋਊ
ਰੁੱਖ ਦੇ ਤਣੇ 'ਚ ਵੱਡਾ ਹੋਏ ਤੋਂ
ਲੁੱਕ ਵਾਲਾ ਖਾਲੀ ਡਰੰਮ
ਜਿਵੇਂ ਫਸ ਜਾਂਦਾ।

ਤੇਜ਼ ਸੰਗੀਤ ਥਿਰਕ ਰਿਹਾ
ਜਾਮਨੀ ਲਾਲ ਹਰੀਆਂ ਬੱਤੀਆਂ
ਮਾਰ ਰਹੀਆਂ ਝਟਕੇ।
ਹਰੇਕ ਝਟਕੇ ਨਾਲ ਸਟੇਜ 'ਤੇ
ਗੰਢੇ ਦੀਆਂ ਛਿੱਲਾਂ
ਉੱਧੜ ਰਹੀਆਂ
ਤਹਿ-ਦਰ-ਤਹਿ।
ਮੇਜ਼ਾਂ ਤੇ ਪਈ ਸ਼ਰਾਬ
ਹੋ ਰਹੀ ਸ਼ਰਾਰਤੀ।
ਪੱੈਗ ਥਰਥਰਾ ਰਹੇ ਨੇ
ਮੇਜ਼ਾਂ ਹੇਠ ਪੈਰ ਥਿਰਕ ਰਹੇ ਨੇ
ਅਦਾਵਾਂ ਹਨ, ਜਿਮਨਾਸਟਿਕ ਹੈ।

ਭਲਵਾਨ ਤੇ ਸੁੰਦਰੀ
ਜਿਉਂ ਜਿਉਂ ਅਸਲੀ ਰੂਪ 'ਚ ਆਵੇ
ਤਿਉਂ ਤਿਉਂ ਸੋਹਣੇ ਲੱਗਣ
ਧੂੰਏ ਦੇ ਪਰਦੇ ਵਿਚਦੀ
ਤਰੌਂਕੇ ਜਾ ਰਹੇ ਲੋਕਾਂ ਉਪਰ ਜਲਵੇ।
ਲੋਕ ਲੈ ਰਹੇ ਚਸਕੇ
ਬੀਅਰ ਦੇ, ਪੱਕੀ ਰਾਈ ਦੇ।
ਮੂਹਰੇ ਬੈਠਾ ਇਕ ਬੁੱਢਾ ਮੁੱਛਲ ਫੌਜੀ
ਵਾਰ ਵਾਰ ਤਾੜੀਆਂ ਮਾਰਦਾ।
ਅੱਖਾਂ ਦੀ ਖੜਮਸਤੀ ਕਰ ਰਿਹਾ ਹੈ
....

ਛਿੱਲਾਂ ਮੁੱਕ ਗਈਆਂ ਨੇ
ਸੰਗੀਤ ਹੌਲੀ ਹੌਲੀ ਰੁਕ ਗਿਆ
ਗੀਤ ਮੁਕਦਾ ਮੁਕਦਾ ਮੁੱਕ ਗਿਆ।

ਵਜਦੀਆਂ ਤਾੜੀਆਂ ਤੇ ਸੀਟੀਆਂ ਨੂੰ ਸਲਾਮ ਕਰਦੀ
ਕੁੜੀ ਸਟੇਜ ਤੋਂ ਆਪਣੀਆਂ ਛਿੱਲਾਂ ਹੂੰਝਦੀ
ਸ਼ੋਖ ਅਦਾ ਨਾਲ ਤੁਰ ਜਾਂਦੀ ਹੈ,
ਜਾਂਦੀ ਜਾਂਦੀ
ਉਸ ਖੜਮਸਤੀ ਕਰਦੇ
ਮੁੱਛਲ ਫੌਜੀ ਨੂੰ
ਬਿਜ਼ਨਿਸ ਕਾਰਡ ਫੜਾ ਜਾਂਦੀ ਹੈ।
(ਰੌਕਸੀ ਬਾਰ : ਵੈਨਕੂਵਰ ਦੀ ਸੀਮੋਰ (Seymore) ਸਟਰੀਟ 'ਤੇ)

ਕੂੰਜਾਂ : ਝੂਠਾ ਚੰਦ

(ਟਰਾਂਟੋ ਦੇ ਇੱਕ ਵੱਡੇ ਮਾਲ ਵਿਚ)
ਮੂੰਹ 'ਤੇ
ਕਾਹਲ ਦੇ, ਸਕੂਨ ਦੇ,
ਖੁਸ਼ੀ ਦੇ, ਉਦਾਸੀ ਦੇ,
ਮਖੌਟੇ ਲਾਈ
ਹੱਥਾਂ 'ਚ ਭਰੇ ਹੋਏ ਲਫਾਫੇ ਚੁੱਕੀ
ਬੁਲ੍ਹਾਂ 'ਚੋਂ ਹਾਏ ਜਾਂ ਸੌਰੀ ਦੇ ਗੁਬਾਰੇ ਉਡਾਉਂਦੇ,
ਵਾਹੋ-ਦਾਹ
ਅੰਦਰ ਬਾਹਰ ਭੱਜੇ ਤੁਰੇ ਜਾਂਦੇ ਨੇ ਲੋਕ।
ਹਰੇਕ ਦੁਕਾਨ 'ਤੇ ਖੜ੍ਹੀਆਂ ਨੇ
ਸਜੀਆਂ ਹੋਈਆਂ ਸੇਲਜ਼ ਗਰਲਜ਼
ਚੀਜ਼ਾਂ ਨੂੰ ਸਾਫ ਕਰ ਰਹੀਆਂ ਲਗਾਤਾਰ।
ਸ਼ੋਅ ਕੇਸਾਂ 'ਚ ਤੱਕਣ ਵਾਲਿਆਂ ਵੱਲ ਸੁੱਟਦੀਆਂ
ਚਿੱਟਿਆਂ ਦੰਦਾਂ ਦੀ ਵਪਾਰਕ ਚਮਕਾਰ।
ਦੁਕਾਨ ਤੇ ਖੜ੍ਹੀ ਮੁਟਿਆਰ ਵਿਕਦੀ
ਕਿ ਸਮਾਨ ਵਿਕਦਾ ?
ਕਿ ਮੁਟਿਆਰ ਦੀ ਚਮਕਾਰ ਕਰਕੇ ਸਮਾਨ ਵਿਕਦਾ!

ਮਾਰਕੀਟ ਉਪਰੋਂ ਥਲੋਂ ਬੰਦ
ਪਰ ਵਿੱਚ
ਝੂਠ ਮੂਠ ਦਾ ਦਿਲ ਪਰਚਾਉਂਦਾ ਚੰਦ।
ਵਿੱਚ ਲੱਗੇ ਨੇ ਬਣਾਉਟੀ ਦਰਖਤ।

ਇਕ ਪਾਕਿਸਤਾਨੀ ਮੁੱਲਾ ਖੜ੍ਹਾ
ਫੁੱਲਾਂ ਦੀ ਦੁਕਾਨ ਸਜਾਈ,
ਇਕ ਚੀਨਾ ਵੇਚ ਰਿਹਾ -
ਫਰੈਂਡਸ਼ਿਪ ਬੈਂਡ
ਫੈਂਗਸ਼ੂਈ ਦੀਆਂ ਟੱਲੀਆਂ
ਤੇ 'ਮੇਡ ਇਨ ਚਾਈਨਾ' ਵਾਲੇ ਕਨੇਡਾ ਦੇ ਝੰਡੇ।
ਕੈਫਿਆਂ ਵਿਚ ਬੈਠੇ ਰੰਗ ਬਿਰੰਗੇ ਲੋਕ
ਡਕਾਰ ਰਹੇ ਨੇ ਕਾਲੀ ਕੌੜੀ ਕੌਫੀ ਦੇ ਮੱਘੇ
ਤੁੰਨ ਰਹੇ ਨੇ ਬਰਗਰਾਂ ਵਿੱਚ ਮੂੰਹ
ਕੋਕ ਬੱਤਿਆਂ ਦੀਆਂ ਕੇਨਾਂ ਨਾਲ
ਸਿੰਜ ਰਹੇ ਮੋਟੇ ਢਿੱਡਾਂ ਨੂੰ।

ਕੁਝ ਲੋਕ ਲੱਭਣ ਆਏ ਨੇ,
ਕੋਈ ਸ਼ੈਅ ਸਸਤੀ
ਕੁਝ ਕਰਨ ਆਏ ਸਿਰਫ ਮਸਤੀ।
ਕਿਸੇ ਮੰਜ਼ਿਲ 'ਤੇ
ਜਨਾਨੀਆਂ ਦੀ ਨਿੱਕਸੁੱਕ
ਕਿਤੇ ਨਿਆਣਿਆਂ ਲਈ ਕੱਪੜੇ
ਕਿਤੇ ਵੱਡਿਆਂ ਲਈ
ਇਕੱਲ ਨੂੰ ਮਿਟਾਉਣ ਲਈ ਖਿਡੌਣੇ।
ਵੀਡੀਓ ਗੇਮਾਂ, ਦਿਲ ਪਰਚਾਵੇ ਦਾ
ਬਹੁਤ ਸਾਰਾ ਮਾਲ ਹੈ
ਮਾਲ ਬਹੁਤ ਵਿਸ਼ਾਲ ਹੈ।

ਪਰ ਬਟੂਆ ਜੇ ਟਾਈਟ ਹੈ
ਪੌਪ ਕਾਰਨ ਲੈ ਕੇ
ਤੁਰੇ ਫਿਰਨਾ ਰਾਈਟ ਹੈ।
(ਫਰੈਂਡਸ਼ਿਪ ਬੈਂਡ - ਦੋਸਤੀ ਦੀ ਨਿਸ਼ਾਨੀ, ਪੌਪ ਕਾਰਨ-ਭੁੱਜੀ ਮੱਕੀ ਦੀਆਂ ਖਿੱਲਾਂ)
(ਫੈਂਗਸ਼ੂਈ - ਘਰਾਂ ਵਿਚ ਸੁੱਖ ਸ਼ਾਂਤੀ ਰੱਖਣ ਵਾਲਾ ਚੀਨੀ ਗਿਆਨ ਸ਼ਾਸਤਰ।)

ਕੂੰਜਾਂ : ਸਟੋਰ ਵਾਲਾ ਚੀਨਾ

(ਟੋਰਾਂਟੋ ਡਾਊਨਟਾਊਨ ਦੇ ਬਾਜ਼ਾਰ ਵਿਚ)
ਸਟੋਰ ਵਾਲਾ ਚੀਨਾ
ਬੜਾ ਹੈਰਾਨ ਹੈ
ਬੜਾ ਪਰੇਸ਼ਾਨ ਹੈ
ਮੈਨੂੰ ਵਾਰ-ਵਾਰ ਕਹਿੰਦਾ
-ਸਾਹਮਣੇ ਕਾਊਂਟਰ 'ਤੇ ਵੀ ਜਾਓ।'
ਪਰ ਮੈਂ ਕਿਤਾਬਾਂ ਵਾਲੇ ਕਾਊਂਟਰ 'ਤੇ ਹੀ ਉਲਝਿਆ ਹਾਂ
ਉਹ ਫਿਰ ਕਹਿੰਦਾ ਹੈ
ਤਾਂ ਮੈਂ ਉਸਨੂੰ ਦਸਦਾ ਹਾਂ -
ਮੈਨੂੰ ਇਲੈਕਟ੍ਰਾਨਿਕਸ ਦੇ ਸਮਾਨ ਵਿੱਚ
ਕੋਈ ਦਿਲਚਸਪੀ ਨਹੀਂ
ਸਭ ਕੁਝ ਇੰਡੀਆ ਮਿਲਦਾ ਹੈ।

ਉਹ ਚੋਰੀ ਜਿਹੀ ਬੁੜਬੜਾਇਆ -
ਦੈਨ ਵਾਇ੍ਹ ਆ ਯੂ ਹੇਅਰ!

ਮੇਰੀ ਮੁਸਕਰਾਹਟ ਤੱਕ
ਉਹ ਸਾਹਮਣੇ ਕਾਊਂਟਰ ਤੇ ਪਈਆਂ
ਚੀਜ਼ਾਂ ਨੂੰ ਤੱਕਣ ਲੱਗ ਜਾਂਦਾ ਹੈ।
(ਦੈਨ ਵਾਇ੍ਹ ਆ ਯੂ ਹੇਅਰ-ਫਿਰ ਇਧਰ ਕੀ ਕਰਨ ਆਇਆਂ?)

ਕੂੰਜਾਂ : ਬੋਨਟ 'ਤੇ ਚਮਕਦੀਆਂ ਬੱਤੀਆਂ


ਨਿਆਗਰਾ ਝਰਨੇ ਦੀਆਂ
ਦਿਓ ਕੱਦ ਪਾਣੀ ਦੀਆਂ ਝਾਲਰਾਂ
ਸਦੀਆਂ ਤੋਂ ਵਹਿ ਰਹੀਆਂ
ਸ਼ੇਰ ਵਾਂਗ ਗਰਜਦੀਆਂ ਲਗਾਤਾਰ
ਨਿਆਗਰਾ ਕੈਸੀਨੋ ਦੇ ਪੋਰਚ ਵਿਚ
ਅਸੀਂ ਕਾਰ ਖੜ੍ਹਾਈ
ਉਪਰ ਲੱਗੀਆਂ ਸੈਂਕੜੇ ਬੱਤੀਆਂ
ਕਾਰ ਦੇ ਬੋਨਟ ਵਿਚ ਚਮਕਣ ਲੱਗੀਆਂ
ਕੈਸੀਨੋ-
ਜਿਥੇ ਆਮ ਜਿਹੀ ਜ਼ਿੰਦਗੀ ਜਿਊਂਦਾ ਬੰਦਾ
ਕੁਝ ਡਾਲਰ ਦੀ ਟਿਕਟ ਲੈ ਅੰਦਰ ਵੜਦਾ
ਸੇਵਾ ਹੁੰਦੀ ਨਵਾਬਾਂ ਵਾਂਗ
ਜੂਆ ਘਰ ਵਿਚ
ਬੰਦੇ ਦੀ ਦਿੱਖ ਤੋਂ ਜ਼ਿਆਦਾ
ਰਿਸਕ ਦੀ ਕਦਰ ਪੈਂਦੀ।
ਛੱਤ ਉਪਰ ਲੱਗੇ ਨੇ ਥਾਂ ਥਾਂ ਖੁਫੀਆ ਕੈਮਰੇ
ਸਲਾਟ ਮਸ਼ੀਨਾਂ, ਤਾਸ਼, ਕੂਪਨਾਂ ਦਾ ਜੂਆ
ਤੇਜ਼ ਸੰਗੀਤ ਹੈ
ਧੂੰਏ ਦੇ ਕਸ਼ ਹਨ
ਵਾਈਨ ਤੇ ਬੀਅਰ ਦੇ ਕੁਝ ਮੱਘੇ ਮੁਫਤ ਨੇ
ਖੁੱਲ੍ਹੀਆਂ ਮਟਕਦੀਆਂ ਮਸਕਾਰੀਆਂ ਅੱਖਾਂ
ਫਸੀਆਂ ਸਕਰਟਾਂ
ਮੁਸਕਰਾਹਟਾਂ ਵਾਲੀਆਂ ਕੁੜੀਆਂ
ਰੱਖ ਰਹੀਆਂ ਨੇ ਸਭ 'ਤੇ ਨਿਗ੍ਹਾ
-ਆਹ ਖੇਡੋ, ਆਹ ਵੀ ਖੇਡੋ,
ਆਹ ਬਹੁਤ ਵਧੀਆ, ਆਹ ਜ਼ਰੂਰ ਖੇਡੋ
ਚਲੋ ਅੱਜ ਮੇਰੇ ਲਈ ਹੀ ਖੇਡੋ।'
ਮੇਰੇ ਮਿੱਤਰ ਹਰ ਵੀਕ ਐਂਡ ਇਥੇ ਆਉਂਦੇ
ਪਿਛਲੀ ਵਾਰੀ ਪੰਜ ਸੌ ਡਾਲਰ ਜਿੱਤਿਆ
ਅਗਲੇ ਦਾਅ 'ਤੇ ਰਿਸਕ ਲਿਆ
ਛੇ ਸੌ ਉਡਾ ਲਿਆ।
-ਵੀਹ ਸਾਲ ਹੋ ਗਏ
ਹਾਲੇ ਤੱਕ ਕਿਤੇ ਫਾਇਦਾ ਨਹੀਂ ਹੋਇਆ।
ਉਂਜ ਆਈਦਾ ਪੱਕਾ
ਕਾਟੋ......ਖੁਸ਼ ਹੋ ਜਾਂਦੀ।'

ਅਚਾਨਕ ਕੈਸੀਨੋ ਵਿਚ ਇਕਦਮ ਹੀ
ਸਾਰੇ ਪਾਸੇ ਰੌਲਾ ਪੈ ਗਿਆ।
ਇਕ ਅੱਧੀਆਂ ਬਾਹਾਂ ਦੀ
ਮੈਲੀ ਘਸਮੈਲੀ ਜਿਹੀ ਟੀ ਸ਼ਰਟ ਤੇ
ਅਣਵਾਹੇ ਜਿਹੇ ਵਾਲਾਂ ਵਾਲਾ ਮੈਕਸੀਕਾ
ਭੰਗੜਾ ਪਾ ਰਿਹਾ
ਖੀਵਾ ਹੋ ਕੇ ਨੱਚ ਰਿਹਾ।
ਉਸ ਨੇ ਜਿੱਤਿਆ ਹੈ ਵੱਡਾ ਦਾਅ
-ਕਈ ਲੱਖ ਡਾਲਰ ਦਾ ਜੈਕਪਾਟ।

ਉਹ ਬੱਸਾਂ ਬਦਲ ਬਦਲ ਕੈਸੀਨੋ ਆਇਆ ਸੀ
ਪਰ ਹੁਣ ਬਣ ਗਿਆ ਹੈ ਕਰੋੜਪਤੀ।
ਸਕਿਉਰਟੀ ਵਾਲੇ ਉਸ ਨੂੰ ਹਿਫਾਜ਼ਤ ਲਈ
ਇੱਜ਼ਤ ਨਾਲ ਲੈ ਗਏ ਨੇ ਅੰਦਰ।
ਨਾਲ ਨੱਚਦੀਆਂ ਮਟਕਦੀਆਂ ਕੁੜੀਆਂ ਦੀ ਡਾਰ
ਜ਼ਿੰਦਗੀ ਕਿਵੇਂ ਰੰਗ ਬਦਲਦੀ ਹੈ....!!

ਉਵੇਂ ਹੀ ਟਿਮਟਿਮਾ ਰਹੀਆਂ ਹਨ
ਬਾਹਰ ਲਾਈਟਾਂ ਗੱਡੀ ਦੇ ਬੋਨਟ 'ਤੇ,
ਉਵੇਂ ਹੀ ਵਹਿ ਰਹੀਆਂ ਹਨ
ਨਿਆਗਰਾ ਝਰਨੇ ਦੀਆਂ
ਦਿਓ ਕੱਦ ਪਾਣੀ ਦੀਆਂ ਝਾਲਰਾਂ
ਸਦੀਆਂ ਤੋਂ
ਸ਼ੇਰ ਵਾਂਗ ਗਰਜਦੀਆਂ।
ਤੇ ਬੰਦਾ ਪਲਾਂ ਵਿਚ ਹੀ
ਹੋਈ ਜਾਂਦਾ
ਲੱਖਾਂ ਤੋਂ ਕੱਖਾਂ
ਤੇ ਕੱਖਾਂ ਤੋਂ ਲੱਖਾਂ ਦਾ।

ਕੂੰਜਾਂ : ਤਿੰਨ ਸੌ ਤਰਵੰਜਾ

(353 ਨੰਬਰ ਕੈਬ ਡਰਾਈਵਰ ਲੱਕੀ ਦੀ ਜ਼ੁਬਾਨੀ)

ਟੈਕਸੀ ਚਲਾਉਣ ਦਾ ਕੋਈ ਟਾਈਮ ਨਹੀਂ ਹੁੰਦਾ
ਬਰਫ਼ੀਲੀ ਅੱਧੀ ਰਾਤ ਹੋਵੇ
ਮਨ 'ਚ ਹੰਝੂਆਂ ਦੀ ਬਾਤ ਹੋਵੇ
ਝੱਖੜ ਬਰਸਾਤ ਹੋਵੇ
ਅਸੀਂ ਸੀਟ 'ਤੇ ਚਿਤੜਾਂ ਨੂੰ
ਗੂੰਦ ਵਾਂਗ ਜੋੜੇ ਲਗਾਤਾਰ ਬਹਿੰਦੇ ਹਾਂ
ਹਨੇਰ ਸਵੇਰ ਸੜਕਾਂ ਗਾਹੁੰਦੇ ਹਾਂ
ਪੁਲਿਸ ਦੀਆਂ ਕੰਡਮ ਕਾਰਾਂ ਖਰੀਦ
ਟੈਕਸੀਆਂ ਬਣਾ ਲਗਾਤਾਰ ਭਜਾਉਂਦੇ ਹਾਂ
ਪਿੰਡ ਦੀਆਂ ਪੱਤੀਆਂ ਚਾਹੇ ਨਾ ਯਾਦ ਹੋਣ
ਪਰ ਇਥੇ ਇਕ-ਇਕ ਐਵੀਨਿਊ ਜਾਣਦੇ ਹਾਂ
ਸਾਰਾ ਦਿਨ ਸੜਕਾਂ ਦੀ ਖਾਕ ਛਾਣਦੇ ਹਾਂ

ਕਿਹੜੇ ਗਾਹਕ ਦੀ ਕਿਹੜੀ-ਕਿਹੜੀ ਲੋੜ
ਕਿਥੋਂ ਪੂਰੀ ਹੋਣੀ ਹੈ
ਸਾਨੂੰ ਪਤਾ ਹੈ।
ਕਿਸੇ ਨੂੰ ਏਅਰਪੋਰਟ ਲਾਹੁਣਾ ਹੈ
ਕਿਸੇ ਨੂੰ ਸਟੋਰ ਤੱਕ ਢੋਣਾ ਹੈ
ਕਿਸੇ ਨੂੰ ਡਾਊਨ ਟਾਊਨ ਦੀ ਖਾਸ ਸਟਰੀਟ 'ਚੋਂ
ਲੱਭ ਕੇ ਦੇਣਾ ਹੈ,
ਕਿੰਨੀ ਹੀ ਕਿਸਮ ਦਾ
ਸਸਤਾ, ਸੁੰਦਰ ਤੇ ਭਰੋਸੇਮੰਦ ਮਾਲ।

ਕੇਰਾਂ ਅੱਧੀ ਰਾਤੀਂ
ਬੈਠ ਗਏ
ਟੈਕਸੀ ਵਿਚ ਤਿੰਨ ਕਾਲੇ
ਮੱਥਾ ਤਾਂ ਠਣਕਿਆ
ਪਰ ਚੱਲਣਾ ਹੀ ਪੈਣਾ ਸੀ ਚਾਲੇ
ਇਕ ਸੁੰਨਾ ਮੋੜ ਮੁੜਦਿਆਂ ਹੀ ਇਕ ਨੇ
ਗੱਲ ਵਿੱਚ ਰੱਸੀ ਪਾਈ
ਔਹ ਗਈ ਅਠਾਰਾਂ ਘੰਟੇ ਦੀ ਕਮਾਈ

ਕੇਰਾਂ ਤੜਕੇ ਸਾਜਰੇ ਏਅਰਪੋਰਟ ਤੋਂ
ਇਕ ਗੋਰੀ ਬਹਿ ਗਈ
ਸੋਚਿਆ ਬੋਹਣੀ ਚੰਗੀ ਹੋ ਗਈ
ਘੰਟੇ ਦੀ ਡਰਾਈਵ ਕਰ
ਉਸਨੂੰ ਘਰ ਲਾਹਿਆ
ਕਹਿੰਦੀ ਮਨੀ ਤਾਂ ਹੈ ਨਹੀਂ
ਤੂੰ ਹੀ ਅੰਦਰ ਆ ਜਾ
ਸਾਰਾ ਦਿਨ ਗਾਲਾਂ ਕੱਢਦੇ ਹੀ ਲੰਘਾਇਆ

ਕਾਰ 'ਚ ਚਲਦੇ ਪੰਜਾਬੀ ਰੇਡੀਓ 'ਚੋਂ
ਸਾਰਾ ਦਿਨ ਡੁਲ੍ਹਦੇ ਨੇ ਲਗਾਤਾਰ
ਖ਼ਬਰਾਂ, ਟੋਟਕੇ, ਗੀਤ ਸਦਾ ਬਹਾਰ

ਤੇ ਹਾਂ
ਸਾਡਾ ਕੋਈ ਨਾਮ ਨਹੀਂ ਹੁੰਦਾ
ਨੰਬਰ ਨਾਲ ਹੀ ਸਾਡੀ ਪਛਾਣ ਹੈ।
ਕੈਬ ਸਟੈਂਡ ਆ ਕੇ ਜੇ ਪੁਛੋਗੇ
ਕਿ ਲੱਕੀ ਕਿਥੇ ਮਿਲੂ -
ਕੋਈ ਨਹੀਂ ਜਾਣਦਾ।
ਪੁਛੋ 353 ਕਿਥੇ ਹੈ
ਫੱਟ ਦੱਸ ਦੇਣਗੇ।

ਹੁਣ ਤਾਂ ਅਸੀਂ ਵੀ ਗੱਲਾਂ ਕਰਦੇ
ਭੁੱਲ ਜਾਂਦੇ ਹਾਂ ਆਪਣੇ ਨਾਮ,
-430 ਦਾ ਵਿਆਹ ਹੈ ਇੰਡੀਆ, ਟਿਕਟ ਤਿਆਰ ਹੈ।
-239 ਦੀ ਘਰਵਾਲੀ ਬੀਮਾਰ ਹੈ।
-635 ਨੇ ਮੁੰਡੇ ਦੀ ਪਾਰਟੀ 'ਚ ਬਕਾਰਡੀ ਪਿਆਈ।
-3255 ਦੇ ਮੁੰਡੇ ਕੋਲ ਹਮਰ ਏ
ਉਹਨੇ ਬੇਰੀਆਂ ਤੋੜ ਕੇ ਤਾਂ ਨੀਂ ਬਣਾਈ!
-ਕੱਲ੍ਹ 432 ਤੇ 506 ਖਹਿਬੜ ਪਏ,
ਆਰ ਸੀ ਐੱਮ ਪੀ ਆਈ।
-2113 ਦੀ ਗੱਡੀ ਵਿਕਾਊ ਹੈ....।
-136 ਵਾਲਾ ਆਪਣੇ ਧੰਦੇ 'ਚ ਮਸਾਂ ਹੀ ਚੱਲੂ
ਬਾਹਲਾ ਹੀ ਸਾਊ ਹੈ।

ਨਾਮ ਪੂਰੇ ਹੀ ਮਨਫੀ ਹੋ ਗਏ ਹਨ
ਸਾਡੀਆਂ ਪਛਾਣਾਂ ਵਾਂਗ।
(ਮਨੀ-ਪੈਸੇ, ਧੇਲੇ।)
(ਕੈਬ ਸਟੈਂਡ : ਟੈਕਸੀ ਸਟੈਂਡ, ਆਰ. ਸੀ. ਐਮ. ਪੀ.- ਕਨੇਡੀਅਨ ਪੁਲਿਸ,)
(ਹਮਰ : ਮਹਿੰਗੀ ਸ਼ੌਕੀਨੀ ਵਾਲੀ ਗੱਡੀ)

ਕੂੰਜਾਂ : ਇਕ ਰਾਤ ਪੱਬ 'ਚ


(ਸਰੀ, ਵੈਨਕੂਵਰ)
ਪੱਬ 'ਚ ਇੰਨੇ ਸਾਰੇ ਮੁੰਡੇ ਕੁੜੀਆਂ
ਨੰਗੀਆਂ ਧੁੰਨੀਆਂ
ਨੰਗੀਆਂ ਲੱਤਾਂ
ਇਹ ਰਾਤ ਦਾ ਕਿਹੜਾ ਪਹਿਰ ਹੈ

ਇਹ ਨੱਚਣਾ ਕਦੋਂ ਬੰਦ ਕਰਨਗੇ
ਕਦੋਂ ਸੌਣਗੇ!
ਕਦੋਂ ਜਾਗਣਗੇ!

-ਅੱਜ ਵੀਕਐਂਡ ਹੈ
ਇਹ ਇੰਜ ਹੀ ਸਾਰੀ ਰਾਤ ਨੱਚਣਗੇ
ਸਾਰੀ ਰਾਤ ਪੀਣਗੇ
ਭੰਬੂਕੇ ਵਾਂਗ ਮੱਚਣਗੇ।

ਰਾਤ ਕਾਫੀ ਬੀਤ ਗਈ ਹੈ
ਵਰ੍ਹਦੇ ਮੀਂਹ 'ਚ ਬਾਹਰ ਖੜ੍ਹੇ
ਜਿਸ ਬੁੱਢੇ ਨੀਗਰੋ ਮੰਗਤੇ ਦੀ
ਫਿੱਡੀ ਪੁੱਠੀ ਟੋਪੀ 'ਚ
ਅਸੀ ਟੂਨੀ ਰੱਖ ਕੇ ਆਏ ਸੀ
ਉਹ ਹੁਣ ਅੰਦਰ ਆ ਗਿਆ ਹੈ
ਨਾਲ ਦੀ ਕੁਰਸੀ ਤੇ ਬੈਠਾ
ਸਿਗਰਟ ਮਘਾਈ, ਬੀਅਰ ਲਾ ਰਿਹਾ ਹੈ
ਸੰਗੀਤ ਨਾਲ ਸਿਰ ਘੁਮਾ ਰਿਹਾ ਹੈ।
ਮੇਰਾ ਦੋਸਤ ਦੱਸਦਾ ਹੈ
-ਮੰਗ ਕੇ ਪੀਂਦਾ ਹੈ, ਲੁੱਟ ਕੇ ਤਾਂ ਨਹੀਂ
ਇਥੇ ਲੁੱਟ ਕੇ ਪੀਣ ਵਾਲੇ ਵੀ ਹਨ!'

ਹੁਣੇ ਇਹ ਲੋਰ ਵਿਚ ਨੱਚੇਗਾ
ਅੜੇ ਥੁੜੇ ਕਿਸੇ ਦਾ ਬਿੱਲ ਵੀ ਦੇਵੇਗਾ ਤਾਰ
ਲਾ ਕੇ ਚਾਰ ਗਲਾਸੀਆਂ
ਹੋਊ ਨਿਹਾਲ ਕਿਸੇ 'ਤੇ
ਪੂਰੀ ਭਾਨ ਦੇਵੇਗਾ ਵਾਰ।

-ਪਰ ਕੱਲ੍ਹ ਸ਼ਾਮੀਂ ਉਵੇਂ ਹੀ ਪੱਬ ਦੇ ਬਾਹਰ
ਫਿਰ ਚੁੱਪਚਾਪ
ਟੋਪੀ ਪੁੱਠੀ ਕਰੀ ਖੜ੍ਹਾ ਮਿਲੇਗਾ
(ਟੂਨੀ - ਦੋ ਡਾਲਰ ਦਾ ਸਿੱਕਾ)

ਕੂੰਜਾਂ : ਸ਼ੂਕਦੇ ਜਹਾਜ਼

ਮੋਗੇ ਵਾਲੇ ਘਰ ਨਾਲ ਦੀ
ਗੱਡੀ ਦੀਆਂ ਲਾਈਨਾਂ ਲੰਘਦੀਆਂ ਸਨ
ਹਰ ਅੱਧੇ ਪੌਣੇ ਘੰਟੇ ਬਾਅਦ
ਭੁਚਾਲ ਆਉਂਦਾ ਸੀ
ਪਰ ਸਾਨੂੰ ਨਾ ਗੱਡੀ ਸੁਣਦੀ ਸੀ, ਨਾ ਭੁਚਾਲ
ਮਹਿਮਾਨਾਂ ਨੂੰ ਇਹ ਫੱਟ ਸੁਣਦੇ ਸਨ।

ਰੰਧਾਵੇ ਹੁਰਾਂ ਨੇ ਮਿਸੀਸਾਗਾ ਦੇ ਬਾਹਰਵਾਰ
ਨਵਾਂ ਘਰ ਲਿਆ ਹੈ
ਉਸ ਉਪਰ ਦੀ ਹਰ ਦਸ ਮਿੰਟ ਬਾਅਦ
ਸ਼ੂਕਦਾ ਜਹਾਜ਼ ਲੰਘਦਾ ਹੈ....
ਮੈਨੂੰ ਹਰ ਵਾਰ ਸੁਣਦਾ ਹੈ -
ਉਤਾਂਹ ਨੂੰ ਨਿਆਣਿਆਂ ਵਾਂਗ ਤੱਕਦਾ ਹਾਂ।

ਦਿਨ ਖੜ੍ਹਾ ਹੈ, 7 ਕੁ ਹੀ ਵਜੇ ਨੇ
ਗੈਰਜ ਦਾ ਦਰਵਾਜ਼ਾ ਰਿਮੋਟ ਨਾਲ
ਉਤਾਂਹ ਚੜ੍ਹ ਗਿਆ ਹੈ।
ਪੰਦਰਾਂ ਕੁਰਸੀਆਂ, ਪੰਜ-ਸੱਤ ਮੇਜ਼
ਗੈਸ ਵਾਲਾ ਬਾਰ-ਬੀ-ਕਿਊ ਹੈ
ਮੋਟੇ ਮੋਟੇ ਲਿਫਾਫਿਆਂ ਵਿਚ ਪਏ ਨੇ -
ਕਈ ਨਾਵਾਂ ਵਾਲੇ ਵਿੰਗਜ਼, ਲੈਂਬ, ਚਾਪਾਂ
ਤੇ ਹੋਰ ਪਤਾ ਨਹੀਂ ਕੀ-ਕੀ।

ਕੁਝ ਮਿੱਤਰ ਅਮਰੀਕਾ ਤੋਂ ਵੀ ਆਏ ਨੇ
ਕੁਝ ਲੋਕਲ ਨੇ
ਇੱਕ ਡੇਢ ਮੀਟਰੀ ਚਿੱਟੀ ਪੱਗ ਵਾਲਾ ਮਖੌਲੀਆ
ਇੱਕ ਪਲੇਟ-ਟਿਕਾਊ-ਢਿੱਡ ਵਾਲਾ,
ਇਕ ਨੇ ਗੰਜ ਲਕੋਣ ਲਈ
ਸਿਰ 'ਤੇ ਨਵਾਂ ਮਹਿੰਗਾ ਝੋਨਾ ਲਵਾਇਆ।
ਇਕ ਨੇ ਟੋਟਣ ਨੂੰ ਤੌਲਾ ਬਣਾਇਆ।
ਗੱਡੀ ਚਲਾਉਣ ਲਈ
ਮਹਿੰਦਰ ਅੱਜ ਸੋਫੀ ਰਹੇਗਾ।
ਉਸ ਨੇ ਇਸ਼ਾਰਾ ਕੀਤਾ
-ਭੱਠੀ ਚਾਲੂ ਹੈ ਜੀ!'
- ਥੋਡੇ ਇਥੇ ਭੱਠੀਆਂ ਵੀ ਚਾਲੂ ਨੇ ?'
ਡੇਢ ਮੀਟਰੀ ਨੇ ਗੱਲ ਦੀ ਗਿੱਚੀ ਮਰੋੜੀ
ਤਾਂ ਗੈਰਜ ਦੀ ਛੱਤ ਨੂੰ ਮਹਿਸੂਸ ਹੋਇਆ
ਪੰਜਾਬੀ ਬੈਠੇ ਨੇ।

ਮਹੌਲ ਬਣ ਗਿਆ ਹੈ
ਜਾਣ ਪਛਾਣ ਆਪੇ ਹੀ
ਤੀਜੇ ਪੈਗ ਤੱਕ ਹੋ ਗਈ।
ਇਕ ਜਣੇ ਦੀ ਪਿਛੋਂ ਪੈਂਟ ਜਮ੍ਹਾਂ ਹੀ ਫਲੈਟ
- ਇਹ ਫਲੈਟੀਆ, ਇਹਨੇ ਸਟਿਪਣੀ ਲੁਹਾਈ ਹੋਈ ਹੈ।'
ਫਲੈਟੀਆ ਦੱਸਦਾ ਹੈ -
ਲਾਂਗ ਵੀਕਐਂਡ ਕਰਕੇ
ਚਾਰ ਕੁ ਦਿਨ ਵਹਿਲੇ ਸੀ
ਸੋਚਿਆ, ਰੰਧਾਵੇ ਹੁਰਾਂ ਕੋਲ
ਕਨੇਡੇ ਦਾਰੂ ਪੀ ਕੇ ਆਉਂਦੇ ਹਾਂ!

ਸੱਤ ਵਜੇ ਦੀ ਬਲੀ ਭੱਠੀ
ਤੜਕੇ ਚਾਰ ਵਜੇ ਉਦੋਂ ਠੰਢੀ ਹੋਈ
ਜਦੋਂ 'ਮੈਂ ਤੇਰਾ ਬਾਈ'
'ਤੂੰ ਮੇਰਾ ਬਾਈ'
-ਅਮਰੀਕਾ ਆਉਣਾ
-ਕੈਨੇਡਾ ਆਉਣਾ
ਕਰਦੇ ਕਰਦੇ ਜੱਫੀਓ ਜੱਫੀ ਹੁੰਦੇ
ਪੱਤਣਾਂ ਦੇ ਤਾਰੂ ਖਿਡਾਰੀ ਵੀ
ਬਾਜੀਆਂ ਪਾ ਗਏ।
ਤੇ ਲੰਘਦੇ ਸ਼ੂਕਦੇ ਜਹਾਜ਼ਾਂ ਦੀਆਂ
ਅਵਾਜ਼ਾਂ ਸੁਨਣੋਂ ਬੰਦ ਹੋ ਗਈਆਂ।

ਕੂੰਜਾਂ : ਭਰਮ

ਸਿੱਧੇ ਟੇਢੇ ਰਾਹਾਂ ਤੇ ਤੁਰ
ਧਰਤ ਬਿਗਾਨੀ ਉੱਪਰ ਪਹੁੰਚਣ
ਸਾਰੀ ਤਰਾਂ ਦੇ ਲੋਕ-
ਡੰਡਾਧਾਰੀ ਰੋਅਬਦਾਰ ਹੈਡਮਾਸਟਰ,
ਚਿੱਟਕਪੜੀਏ ਕਮਾਊ ਡਾਕਟਰ
ਜਰਬਾਂ ਤਕਸੀਮਾਂ ਕਰਦੇ ਇੰਜਨੀਅਰ,
ਹੁਕਮ ਚਲਾਉਂਦੇ ਅਫ਼ਸਰ.....।
ਤੇ ਇਧਰ ਆ
ਲਿਆਕਤਾਂ ਨੂੰ ਛੰਡ
ਮਨ ਨੂੰ ਮਾਰ ਗੰਢ
ਕਰਦੇ ਭਾਂਤ-ਭਾਂਤ ਦੇ ਕੰਮ
ਪਰ ਹਰ ਦੇ ਮਨ ਇਕੋ ਭਰਮ
ਤੇ ਭਰਮ ਇਹ ਉਮਰਾ ਜਿੰਨਾ ਲੰਮਾ....।

ਭਰਮ ਇਹ ਕਿ ਇਕ ਦਿਨ -
ਉੱਠ ਕੇ ਕੈਬ ਦੀ ਡਰਾਈਵਰ ਸੀਟ ਤੋਂ
ਛੱਡ ਕੇ ਏਅਰਪੋਰਟ ਦੀ ਸਫਾਈ ਵਾਲਾ ਪੋਚਾ
ਬੰਦ ਕਰਕੇ ਪੀਜ਼ੇ ਸਟੋਰ
ਸੁੱਟ ਕੇ ਬੇਰੀਆਂ ਦੀ ਟੋਕਰੀ ਖੇਤ 'ਚ ਹੀ
ਉਹ ਬਣ ਜਾਣਗੇ ਫਿਰ ਤੋਂ

-ਉਹੀ ਡੰਡਾਧਾਰੀ ਰੋਅਬਦਾਰ ਹੈਡਮਾਸਟਰ,
-ਉਹੀ ਚਿੱਟਕਪੜੀਏ ਕਮਾਊ ਡਾਕਟਰ
-ਉਹੀ ਜਰਬਾਂ ਤਕਸੀਮਾਂ ਕਰਦੇ ਇੰਜਨੀਅਰ,
-ਉਹੀ ਹੁਕਮ ਚਲਾਉਂਦੇ ਅਫ਼ਸਰ.....!

ਕੂੰਜਾਂ : ਕਲਾਸੀਫਾਈਡ

(ਅੰਗਰੇਜ਼ ਦਾ ਵੀਕ ਐਂਡ - ਐਸ਼ ਕਰੋ।)
(ਪੰਜਾਬੀ ਦਾ ਵੀਕ ਐਂਡ - ਕੈਸ਼ ਕਰੋ।)
ਸਰੀ 'ਚ
ਇੱਕ ਦੁੱਧ ਚਿੱਟਾ ਘਰ
ਘਰ ਦੇ ਮੂਹਰੇ ਲਾਅਨ 'ਚ
ਤਾਰ 'ਤੇ ਸੁੱਕ ਰਹੇ ਸੁੱਥਣਾਂ ਪਜਾਮੇ
ਬਨੈਣ ਕਛਿਹਰਾ ਪਾਈ
ਬੀਬੀ ਦਾੜ੍ਹੀ ਵਾਲਾ ਸਰਦਾਰ
ਵੈਨਕੂਵਰ-ਸਨ ਪੜ੍ਹ ਰਿਹਾ ਹੈ
ਵੀਕ ਐਂਡ
ਦੇ ਓਵਰ ਟਾਈਮ ਲਈ
ਕੋਈ ਕਲਾਸੀਫਾਈਡ ਫੜ ਰਿਹਾ ਏ !
(ਵੈਨਕੂਵਰ ਸਨ - ਕਨੇਡਾ ਦਾ ਪ੍ਰਸਿੱਧ ਅਖ਼ਬਾਰ)

ਕੂੰਜਾਂ : ਰੂਹ ਦਾ ਨਾਚ

(ਪੀਜ਼ਾ ਹੱਟ ਵਾਲੇ ਮਹਿੰਦਰ ਨਾਲ ਇੱਕ ਦੁਪਹਿਰ, ਵੈਨਕੂਵਰ)
(ਮੂੰਹ ਨੂੰ ਜਿੰਦਰੇ, ਮਨ ਨੂੰ ਜਿੰਦਰੇ
ਲੱਗੀ ਪੂਛ ਕਨੇਡਾ ਦੀ)

ਇਧਰ ਆਇਆ ਤਾਂ ਕੋਲ ਸੀ
ਸੁਧਾਰ ਦੇ ਪੁਲ ਤੋਂ ਖਰੀਦਿਆ
ਨਵਾਂ ਅਟੈਚੀ ਕੇਸ
ਵਿਚ ਦੋ ਸੂਟ,
ਦੋ ਪੈਟਾਂ, ਤਿੰਨ ਕਮੀਜ਼ਾਂ, ਇਕ ਖੇਸ
ਖੋਏ ਦੀਆਂ ਪਿੰਨੀਆਂ ਵਾਲਾ ਸੀਲ ਕੀਤਾ ਡੱਬਾ,
ਸ਼ੀਸ਼ਾ, ਪੱਗ 'ਚ ਫੇਰਨ ਵਾਲਾ ਬਾਜ਼
ਪੀਲਾ ਪਰਨਾ,
ਦੋ ਸਵੈਟਰ, ਦੋ ਪੱਗਾਂ
ਅੰਬ ਦਾ ਅਚਾਰ
ਮੇਹਰੂ ਮੋਚੀ ਦੀ ਬਣਾਈ ਧੌੜੀ ਦੀ ਜੁੱਤੀ
ਕੈਂਚੀ ਚੱਪਲਾਂ।

ਕੁੜਤੇ ਦੇ ਬੋਝੇ 'ਚ ਬਟੂਆ-
ਵਿਚ ਗਹਿਣੇ ਕੀਤੀ ਜ਼ਮੀਨ
ਹੰਝੂਆਂ ਭਿੱਜਿਆ ਮਾਂ ਦਾ ਸ਼ਗਨ
ਬਾਪੂ ਦੀਆਂ ਛਲਕਦੀਆਂ ਅੱਖਾਂ ਵਿਚਲੀ ਚਮਕ।

ਤੇ ਦਿਲ ਦੇ ਬੋਝੇ-
ਕਿੰਨੇ ਸੁਪਨੇ
ਕਿੰਨੀਆਂ ਸੋਚਾਂ
ਵਹਿਮ ਭਰਮ
ਵਿਸ਼ਵਾਸ, ਮਨੌਤਾਂ
ਰੀਤ ਰਿਵਾਜ
ਸੁਰ ਅਵਾਜ਼।
ਧੁਨਾਂ ਦੀ ਥਿਰਕਣ
ਪਿਆਰ ਦੀ ਕਿਣ ਮਿਣ।
....

-ਕਦੇ ਕਦੇ ਕੁੜਤੇ ਦਾ ਬੋਝਾ ਫੋਲੀਦਾ
ਆਪਣੇ ਹੀ ਗਲ ਲੱਗ ਹੁੱਭਕੀਂ-ਹੁੱਭਕੀਂ ਰੋਈਦਾ
ਸਾਰੀ ਸਾਰੀ ਰਾਤ ਉਨੀਂਦਰਾ ਹੀ ਢੋਈਦਾ।'

-ਕਦੇ-ਕਦੇ ਦਿਲ ਦਾ ਬੋਝਾ ਫੋਲੀਦਾ
ਇਕੱਲੇ ਜਿਹੇ, ਸਾਰੇ ਬੂਹੇ ਭੇੜ
ਸੋਚਾਂ ਨੂੰ ਉਹ ਆਉਂਦਾ ਰੰਗਲਾ ਗੇੜ।
ਕਿ ਸਾਰੀ ਰਾਤ ਮਨ 'ਚ ਪੈਂਦੀਆਂ ਧਮਾਲਾਂ
ਤੇ ਮੋਰ ਬਣ ਬਣ ਨੱਚੀਦਾ
ਪਾਈਦੀਆਂ ਪੈਲਾਂ।'

ਕੂੰਜਾਂ : ਫਿਰ ਅੱਠੋ ਅੱਠ


ਅਸੀਂ ਵੈਨਕੂਵਰ ਦੀ ਭੀੜ ਭੜੱਕੇ ਵਾਲੀ
ਸੜਕ ਤੋਂ ਲੰਘ ਰਹੇ ਹਾਂ।
ਸਾਡਾ ਦੋਸਤ ਮੇਜਰ ਦੱਸ ਰਿਹਾ ਹੈ
-ਬਾਬਿਓ ਆਪਣਾ ਕੰਮ ਵਧੀਆ,
ਦਿਮਾਗ ਜਮ੍ਹਾਂ ਹੀ ਨੀ ਖਰਚੀਦਾ
ਹੱਥਾਂ ਨਾਲ ਹੀ ਕੰਮ ਚਲਾਈਦਾ
ਬੱਤੀ ਟਾਇਰਾਂ ਵਾਲਾ ਟਰਾਲਾ ਭਜਾਈਦਾ।'

ਉਹ ਪੰਜ ਲੱਖ ਏਜੰਟ ਨੂੰ ਦੇ ਕੇ
ਤੁਰਕੀਓਂ, ਗਰੀਸ ਪਹੁੰਚਿਆ ਸੀ
ਫਿਰ ਕੰਟੇਨਰ 'ਚ ਵੜ
ਡੰਗਰਾਂ ਵਾਂਗ ਦੜ
ਕਨੇਡਾ ਪਹੁੰਚੇ ਕੁਝ ਕੁ ਜਿਉਂਦੇ ਬਚੇ
ਲੋਕਾਂ 'ਚੋਂ ਉਹ ਇਕ ਸੀ।
ਚਲਦੀ ਕਾਰ 'ਚੋਂ ਉਹ ਦਿਖਾਉਂਦਾ
-ਫੜੇ ਜਾਣ 'ਤੇ ਏਥੇ ਡੂਢ ਸਾਲ ਜੇਲ੍ਹ ਕੱਟੀ
ਜੇਲ੍ਹ ਕਾਹਦੀ, ਗੈਸਟ ਹਾਊਸ ਹੀ ਆ
ਰੋਟੀ ਦਾ ਜੁਗਾੜ ਵਧੀਆ
ਇਕੋ ਹੀ ਡਰ ਸੀ-ਬਈ ਡਿਪੋਰਟ ਨਾ ਕਰ ਦੇਣ।
ਜੇਲ੍ਹ 'ਚ ਹੀ ਸਿੱਖ ਲਏ
ਵਕੀਲਪੁਣੇ ਦੇ ਅਜਿਹੇ ਦਾਅਪੇਚ
ਕਿ ਹੁਣ ਤਾਂ ਨਵੇਂ ਰਫੂਜੀਆਂ ਦੇ
ਕਾਗਤ ਵੀ ਭਰਦਾਂ।'

ਸ਼ਹਿਰੋਂ ਨਿਕਲ
ਹਾਈਵੇ ਦੇ ਆਠਿਆਂ 'ਚੋਂ ਦੀ ਲੰਘਦੀ
ਸ਼ਾਮ ਢਲਦੇ ਢਲਦੇ ਗੱਡੀ
ਹਾਈਵੇ ਤੋਂ ਲਾਂਭੇ ਸੁੰਨਸਾਨ ਜਿਹੇ
ਰਾਹ ਤੇ ਪੈ ਕੇ
ਕਿਸੇ ਕਸਬੇ ਦੇ ਪੈਂਚਰ ਲਾਉਣ ਵਾਲੇ ਖੋਖੇ ਵਰਗੇ
ਇਕ ਗਰੀਬੜੇ ਜਿਹੇ ਗੈਸ ਸਟੇਸ਼ਨ 'ਤੇ ਰੁਕ ਗਈ।

-ਇਥੇ ਇਕ ਆਪਣਾ ਬਾਈ ਟਿਕਾਇਆ
ਰਫੂਜੀ ਆਇਆ, ਤਿੰਨ ਡਾਲੇ 'ਤੇ ਲਵਾਇਆ।
ਹਾਲ ਦੀ ਘੜੀ ਕਰਮਾਂ ਨੂੰ ਰੋਂਦਾ
ਵਾਸ਼ਰੂਮ ਵਿਚਲੀ ਪੜਛੱਤੀ 'ਤੇ ਹੀ ਸੌਂਦਾ।'

ਗੱਡੀ ਦੇਖ ਕੇ
ਰਫੂਜੀ ਬੰਟੀ ਭਜਿਆ ਆਇਆ
ਸਾਰਿਆਂ ਦੇ ਗੋਡੀਂ ਹੱਥ ਲਾਇਆ
ਛਲਕਦੀਆਂ ਅੱਖਾਂ ਨਾਲ ਹੱਥ ਮਿਲਾਇਆ
ਹਾਲ ਚਾਲ ਇਕੋ ਸਾਹ ਸੁਣਿਆ-ਸੁਣਾਇਆ।
ਵਿਚੇ ਹੀ ਪੰਪ 'ਤੇ ਆਇਆ
ਇੱਕ ਗਾਹਕ ਭੁਗਤਾਇਆ।

-ਇਹਨੇ ਕਨੇਡਾ ਇੰਨੀ ਕੁ ਦੇਖੀ
ਜਿੰਨੀ ਇਥੋਂ ਖੜ੍ਹ ਕੇ ਦਿਸਦੀ।'

-ਚੱਲ, ਬਾਈ ਕੱਢ ਸ਼ੀਸ਼ੀ
ਏਹਨੂੰ ਦੋ ਕੁ ਲੰਡੂ ਜਿਹੇ ਲਵਾਈਏ
ਇਹਦੀ ਕਾਟੋ ਦਾ ਜੀਅ ਭੋਰਾ ਪਰਚਾਈਏ....!'

-ਏਹਦਾ ਤੋਰੀ ਫੁਲਕਾ ਚਲਾਇਆ ਹੋਇਆ
ਕੇਸ ਲਾਇਆ ਹੋਇਆ
ਚਾਰ ਪੰਜ ਸਾਲ ਹੋਰ ਝੋਕੂ ਭੱਠ
ਫੇਰ ਸਾਰੀ ਉਮਰ ਅੱਠੋ ਅੱਠ।'
(ਡਿਪੋਰਟ- ਵਾਪਸ ਮੁਲਕ ਭੇਜ ਦੇਣਾ)

ਕੂੰਜਾਂ : ਸ਼ੁਗਲ ਮੇਲਾ

ਕਨੇਡਾ ਦੀ ਜ਼ਿੰਦਗੀ ਬਾਰੇ ਮੇਰਾ ਦੋਸਤ
ਦੱਸ ਰਿਹਾ ਹੈ-
ਆਪਣਿਆਂ ਨੇ ਤਾਂ
ਬਾਥਰੂਮ ਵਿਚ ਬੱਲਬ ਵੀ ਬਦਲਣਾ ਹੋਵੇ
ਤਾਂ ਦਸ ਦਿਨ ਸੋਚੀ ਹੀ ਜਾਣਗੇ...!
ਗੋਰੇ ਜਮ੍ਹਾਂ ਈ ਨਹੀਂ ਡਰਦੇ।
ਸੜਕਾਂ ਤੇ ਸਕੇਟ ਬੋਰਡ ਪਾਈ ਫਿਰਨਗੇ
ਬੰਗੀ ਜੰਪ ਲਾਉਂਦੇ
ਕਦੇ ਚੜ੍ਹਾਈ ਵੀ ਕਰ ਜਾਣਗੇ.....!
ਪੰਜਾਹਾਂ ਨੂੰ ਢੁੱਕੀਆਂ ਗੋਰੀਆਂ
ਭੋਰਾ ਭੋਰਾ
ਅੰਗੀਆਂ ਚੱਡੀਆਂ ਜਿਹੀਆਂ ਪਾ ਕੇ
ਪਹਾੜੀਂ ਤੁਰ ਜਾਣਗੀਆਂ।
-ਘਰ ਦੇ ਅੰਦਰ ਬਾਹਰ ਬਗੀਚੇ ਸੰਵਾਰਦੀਆਂ
ਮੁਰਗੀਆਂ ਵਾਂਗ
ਬੁੜ੍ਹਕਦੀਆਂ ਫਿਰਨਗੀਆਂ।
ਅੰਗਰੇਜ਼ ਹਰ ਵੀਕਐਂਡ
ਕਿਧਰੇ ਛੁੱਟੀ ਮਨਾਉਣਗੇ
ਆਪਣੀਆਂ ਖੁਦ ਦੀਆਂ ਹਾਊਸ ਬੋਟਾਂ ਚਲਾਉਣਗੇ
ਵਾਟਰ ਸਕੂਟਰ ਭਜਾਉਣਗੇ
ਮਹਿੰਗੇ ਥਾਂ ਮਾਲਸ਼ਾਂ ਕਰਾਉਣਗੇ
ਹਫਤੇ ਦੀ ਸਾਰੀ ਕਮਾਈ ਉਡਾਉਣਗੇ
ਪਰ ਸ਼ੁਗਲ ਪੂਰਾ ਲਾਉਣਗੇ।

ਤੇ ਆਪਣਿਆਂ ਦੀ ਸੁਣ ਲਓ
ਸਭ ਤੋਂ ਵੱਡਾ ਸ਼ੁਗਲ ਮੇਲਾ
ਕਿਸੇ ਬੀਚ 'ਤੇ ਚਲੇ ਜਾਣਗੇ
ਡਕਾਰੀ ਜਾਣਗੇ ਬੋਤਲਾਂ ਸਕਾਚ ਦੀਆਂ
ਬੱਸ ਕਰਾ ਦੇਣਗੇ ਮੁਰਗਿਆਂ ਦੀ
ਲੈਂਡਕਰੂਜ਼ਰ ਦੀ ਟੇਪ ਰਿਕਾਰਡ 'ਤੇ
ਆਵਾਜ਼ ਦਾ ਨੱਕਾ ਫੁੱਲ ਛੱਡਣਗੇ।
ਕੱਢਣਗੇ ਆਪੋ ਵਿਚ ਹੀ ਧੜੀ-ਧੜੀ ਦੀਆਂ ਗਾਲ੍ਹਾਂ
-ਕਦੇ ਅਕਾਲੀਆਂ-ਕਾਂਗਰਸੀਆਂ ਤੋਂ ਸ਼ੁਰੂ ਹੋ ਕੇ
ਆਪਣੇ ਸੱਸ ਸਹੁਰੇ 'ਤੇ ਖਤਮ ਹੋਣਗੇ।
ਕਦੇ ਅੰਗਰੇਜ਼ਾਂ ਦੀ ਮਾਂ-ਧੀ ਇਕ ਕਰਨਗੇ।
ਕਦੇ ਆਪੋ 'ਚ ਹੀ ਗਾਲ੍ਹਾਂ ਕੱਢ
ਅੱਧਾ ਬੀਚ ਖਾਲੀ ਕਰਾ ਦੇਣਗੇ।
ਫਿਰ ਖਾਲੀ ਬੋਤਲ ਭੰਨਣ ਲਈ ਕੰਧ ਲੱਭਦੇ ਫਿਰਨਗੇ।
ਕੰਧ ਨਹੀਂ ਲੱਭਦੀ ਤਾਂ ਕਨੇਡਾ ਨੂੰ ਕੋਸਣਗੇ
-ਇਦੂੰ ਤਾਂ ਇੰਡੀਆ ਹੀ ਵਧੀਆ ਸੀ
ਜਿਥੇ ਮਰਜ਼ੀ ਭੰਨੋ।'

ਜੇ ਘਸੁੰਨ ਮੁੱਕੀ ਹੋਣੋਂ ਬਚ ਵੀ ਜਾਣ
ਤਾਂ ਇਕ ਦੂਏ ਨੂੰ ਘਰੋ ਘਰੀ
ਸਵੇਰ ਤੱਕ ਲਾਹੁੰਦੇ ਫਿਰਨਗੇ।
ਅੱਧਿਆਂ ਨੂੰ ਮਿਲੀਆਂ ਹੁੰਦੀਆਂ ਨੇ ਟਿਕਟਾਂ
ਅੱਧਿਆਂ ਨੂੰ ਘਰ-ਦੀ ਦੀਆਂ ਗਾਲ੍ਹਾਂ।
ਫਿਰ ਸਾਰਾ ਹਫ਼ਤਾ ਕੋਈ ਕਿਸੇ ਨੂੰ ਫੋਨ ਨਹੀਂ ਕਰਦਾ।
(ਸਕੇਟਬੋਰਡ- ਫਰਸ਼ ਉਤੇ ਰਿੜ੍ਹਨ ਲਈ ਪਹੀਏਦਾਰ ਜੁੱਤੀ)
(ਬੰਗੀ ਜੰਪ-ਉਚਾਈ ਤੋਂ ਪੈਰਾਂ ਨੂੰ ਰਬੜ ਦਾ ਰੱਸਾ ਬੰਨ੍ਹ ਕੇ ਸ਼ੁਗਲ ਲਈ ਪੁੱਠੀ ਛਾਲ ਮਾਰਨਾ)
(ਲੈਂਡਕਰੂਜ਼ਰ-ਮਹਿੰਗੀ ਵੱਡੀ ਗੱਡੀ, ਟਿਕਟਾਂ-ਚਲਾਨ)

ਕੂੰਜਾਂ : ਗੱਡਾ ਕੱਢ ਪੰਜਾਬੀ


ਨਿਆਗਰਾ ਜਾਂਦਿਆਂ
ਦੋਸਤ ਦੇ ਡੈਡ ਦੱਸ ਰਹੇ ਨੇ
ਇਧਰ ਪੰਜਾਬੀਆਂ ਦੀਆਂ
ਕਈ ਕਿਸਮਾਂ ਨੇ
-ਮੋਨੇ ਪੰਜਾਬੀ
-ਪੱਗਾਂ ਵਾਲੇ ਪੰਜਾਬੀ
-ਦਾਜ 'ਚ ਆਏ ਹੋਏ ਪੰਜਾਬੀ
-ਬੇਅਕਲੇ ਪੰਜਾਬੀ
-ਵਿਹਲੜ ਪੰਜਾਬੀ
-ਪੁਰਾਣੇ ਖਾਨਦਾਨੀ ਪੰਜਾਬੀ
-ਨਵੇਂ ਦਾਨ-ਖਾਣੇ ਪੰਜਾਬੀ
-ਖਾਲਿਸਤਾਨੀ ਪੰਜਾਬੀ
-ਐਂਟੀ ਖਾਲਿਸਤਾਨੀ ਪੰਜਾਬੀ।

ਹੋਰ ਵੀ ਕਈ ਵੰਨ ਸੁਵੰਨੇ ਪੰਜਾਬੀ ਨੇ
-ਜੁਗਾੜੂ ਪੰਜਾਬੀ
-ਡਰੱਗੀ ਪੰਜਾਬੀ
-ਕਬੂਤਰ ਪੰਜਾਬੀ
-ਰਫੂਜੀ ਪੰਜਾਬੀ
-ਚੋਣਾਂ 'ਚ ਜਿੱਤੇ
ਝੰਡੇ ਗੱਡ ਪੰਜਾਬੀ।

ਸਾਰੇ ਹੀ ਆਪਣੇ ਆਪਣੇ ਹਿਸਾਬ ਨਾਲ ਚੰਗੇ ਨੇ
ਪਰ ਬਥੇਰੇ ਨੇ ਅਜਿਹੇ
ਜਿਨ੍ਹਾਂ ਇਧਰ ਵੱਸਣ ਲਈ
ਆਪਣਾ ਫਸਿਆ ਗੱਡਾ ਕੱਢਣ ਲਈ
ਮਧੋਲਿਆ ਹੈ ਹਰ ਉਹ ਰਿਸ਼ਤਾ
ਜੋ ਦੁਨੀਆ ਵਿਚ ਸਭ ਤੋਂ ਪਵਿੱਤਰ।
ਇਹੋ ਜਿਹਿਆਂ ਨੂੰ ਕੀ ਨਾਮ ਦੇਵੇਂਗਾ?
....
ਮੈਂ ਚੁੱਪ ਚਾਪ ਕਾਰ 'ਚੋ ਬਾਹਰ ਦੇਖਣ ਲੱਗ ਜਾਂਦਾ ਹਾਂ।

ਕੂੰਜਾਂ : ਸੀ-ਫੂਡ


(ਟਰਾਂਟੋ ਦੇ ਇਕ ਸਮੁੰਦਰੀ ਚੀਨੀ ਖਾਣੇ ਵਾਲੇ ਰੈਸਟੋਰੈਂਟ ਵਿਚ)
ਮੇਰੇ ਮਿੱਤਰ ਮੈਨੂੰ
ਚੀਨੀ ਸੀ-ਫੂਡ, ਸਮੁੰਦਰੀ ਖਾਣਾ ਖਵਾਉਣ ਲਿਆਏ ਨੇ
-ਇਥੇ ਵੀ ਰੋਟੀਆਂ ਹੀ ਭਾਲੀ ਜਾਨਾਂ
ਅੱਜ ਦੇਖੀਂ ਨਵੀਂ ਕਿਸਮ ਦਾ ਨਜ਼ਾਰਾ।'

ਰੈਸਟੋਰੈਂਟ ਦਾ ਦਰਵਾਜ਼ਾ ਵੜਦੇ ਹੀ
ਤਿੱਖੀ ਹਵਾੜ ਦਿਮਾਗ ਤੱਕ ਚੜ੍ਹ ਜਾਂਦੀ ਹੈ।
-ਪਰ ਨੱਕ ਤੇ ਰੁਮਾਲ ਰੱਖਣਾ ਹੱਤਕ ਹੈ
ਹੁਣੇ ਹੀ ਆਦੀ ਹੋ ਜਾਵੇਂਗਾ।'

ਮੇਜ਼ਾਂ ਤੇ ਦੂਰ ਤੱਕ ਸਜਾਏ ਹੋਏ ਨੇ ਬਫੇ
ਉਪਰ ਬੇਸਿਰ-ਪੈਰੇ ਨਾਵਾਂ ਵਾਲੀਆਂ
ਚੀਨੀ ਭਾਸ਼ਾ ਦੇ ਅਰਥਾਂ ਵਾਲੀਆਂ ਤਖਤੀਆਂ ਨੇ।
ਸੱਪ ਸਲੂਤੀਆਂ, ਦੇਖਣ ਨੂੰ ਹੀ ਕਸੂਤੀਆਂ,
ਉਨ੍ਹਾਂ ਦਾ ਹੀ ਲੱਗਿਆ ਹੈ ਮੇਲਾ।

ਸਿੱਪੀਆਂ-ਘੋਗਿਆਂ ਦੀਆਂ ਸਬਜ਼ੀਆਂ
ਤਲੇ ਹੋਏ ਕੇਕੜੇ ਨੇ
ਭੁਜੀਏ ਵਰਗੀਆਂ ਪਤਲੀਆਂ ਮੋਟੀਆਂ ਸੁੰਡੀਆਂ ਨੇ।
ਨਿੱਕੇ ਨਿੱਕੇ ਤੰਦੂਏ ਪਏ ਨੇ
ਆਪਣੀਆਂ ਅੱਠ ਅੱਠ ਲੱਤਾਂ ਪਲੇਟਾਂ 'ਚੋਂ ਲਮਕਾਈ।
ਸਜੀਆਂ ਨੇ ਸਲਾਦ ਦੇ ਬਿਸਤਰ 'ਤੇ
ਨਿੱਕੀਆਂ ਵੱਡੀਆਂ ਉਬਲੀਆਂ ਮੱਛੀਆਂ।
ਨਾਲ ਬਣੇ ਤਲਾਅ ਵਿਚੋਂ ਇਹ ਨਜ਼ਾਰੇ
ਦੇਖ ਰਹੀਆਂ ਨੇ ਕੁਝ
ਜਿਉਂਦੀਆਂ ਰੰਗਲੀਆਂ ਮੱਛੀਆਂ।
ਥਾਂ ਥਾਂ ਲੱਗੇ ਫੈਂਗ ਸ਼ੂਈ ਝਰਨੇ
ਇਨ੍ਹਾਂ ਹੇਠਾਂ ਨਹਾ ਰਹੇ
ਚੀਨੀ ਮਿੱਟੀ ਦੇ ਬਣੇ
ਨਿੱਕੇ ਨਿੱਕੇ ਬੁੱਢੇ ਸੰਤ।
....
ਮੇਰੀ ਜੱਕੋ ਤੱਕੀ ਵੇਖ
ਮੇਰਾ ਮਿੱਤਰ ਹੁਕਮ ਲਾਉਂਦਾ ਹੈ
-ਸ਼ਕਲ ਨਾ ਦੇਖ, ਅੱਖਾਂ ਮੀਚ ਤੇ ਖਾ ਕੇ ਦੇਖ।'
-ਇਕ ਸਿੱਪੀ ਦਾ ਚੁੱਕਿਆ ਘੁੰਡ
ਵਿਚ ਬੈਠਾ ਲੇਸਲਾ ਜਿਹਾ ਸੁੰਡ।
ਘੁੰਡ ਸੁੱਟ ਮੈਂ ਬੁੜਬੜਾਇਆ
ਇਹ ਤਾਂ ਚਾਰ ਮੋਟੇ ਮੋਟੇ ਲਾ ਕੇ ਵੀ ਨਹੀਂ ਜਾਣਾ ਖਾਇਆ।
....
ਖੈਰ, ਪਾਣੀ ਵਰਗੀ ਚਾਈਨਜ਼ ਚਾਹ ਹੈ,
ਕੌੜੀ ਕੌਫੀ ਹੈ, ਬੀਅਰ ਹੈ, ਵਾਈਨ ਹੈ,
ਖਾਣੇ ਅਤੇ ਹਵਾੜ ਨੂੰ ਛੱਡ ਬਾਕੀ ਸਭ ਫਾਈਨ ਹੈ।

ਇਕ ਪਾਸੇ ਪਏ
ਕੱਚ ਵਾਲੇ ਪਾਣੀ ਦੇ ਟੈਂਕ
ਵਿਚ ਤੈਰਦੇ ਨਿੱਕੀਆਂ ਨਿੱਕੀਆਂ ਅੱਖਾਂ ਵਾਲੇ ਕਰੈਬ
ਉਪਰ ਲੱਗੇ ਰੇਟ
60 ਡਾਲੇ, 80 ਡਾਲੇ, ਇਹ ਸਪੈਸ਼ਲ ਡਿਸ਼ ਨੇ।
ਮੇਰੇ ਮਾਣ ਲਈ ਮੇਰਾ ਮਿੱਤਰ ਪੁੱਛਦਾ ਹੈ
-ਇਹ ਛਕੀਏ ਕਿ ਓਹ ਛਕੀਏ ?
ਇਹ ਆਪਣੇ ਸਾਹਮਣੇ ਮੇਜ਼ ਤੇ ਹੀ ਕੜਾਹੀ ਧਰਨਗੇ,
ਮਸਾਲੇ ਮਲਣਗੇ, ਜਿਉਂਦੇ ਨੂੰ ਹੀ ਤਲਣਗੇ,
-ਬਾਬਿਓ ਕਿਆ ਸਵਾਦ ਹੁੰਦਾ
ਬਿਲਕੁਲ ਤਾਜ਼ਾ, ਪੋਲਾ ਪੋਲਾ।'

ਮੇਰੇ ਸਿਰ ਤੋਂ ਪੈਰਾਂ ਤੱਕ ਇਕ
ਝਰਨਾਹਟ ਜਿਹੀ ਲੰਘ ਗਈ।
ਲੱਗਿਆ ਉਹਨਾਂ
ਮੈਨੂੰ ਹੀ ਸੁੱਟ ਦਿੱਤਾ ਹੈ ਉਬਲਦੀ ਕੜਾਹੀ 'ਚ।
(ਬਫੇ- ਡੌਂਗਿਆਂ ਵਿਚ ਪਾ ਕੇ ਰੱਖੇ ਤਰਾਂ ਤਰਾਂ ਦੇ ਪਕਵਾਨ, ਜੋ ਮਰਜ਼ੀ ਲਵੋ।)

ਕੂੰਜਾਂ : ਹਸੀਨ ਸ਼ਾਮ

ਗਰੈਜੂਏਸ਼ਨ ਦੀ ਪਾਰਟੀ ਦਿੰਦਾ
ਹਰਦੀਪ ਦੇ ਬੇਟੇ ਦਾ ਕਨੇਡੀਅਨ ਦੋਸਤ ਦੱਸਦਾ ਹੈ-
ਕਿੰਨੀ ਹੁਸੀਨ ਸ਼ਾਮ ਹੈ
ਤੇ ਕਿੰਨੀ ਖੁਸ਼ਨਸੀਬ ਵੀ।

-ਮੇਰੇ ਮੰਮੀ ਦਾ ਹਸਬੈਂਡ ਵੀ ਆਇਆ ਏ
ਤੇ ਪਾਪਾ ਵੀ ਆਪਣੀ ਵਾਈਫ ਨਾਲ ਆਏ ਨੇ।'

ਕੂੰਜਾਂ : ਗਊਸ਼ਾਲਾ

ਮੇਰੇ ਡੈਡੀ ਜੀ ਦੇ ਜਮਾਤੀ
30 ਵਰ੍ਹੇ ਪਹਿਲਾਂ ਕਨੇਡਾ ਆਏ
ਔਲਾਦ ਦੋ ਬੇਟੇ, ਇਕ ਬੇਟੀ
ਛੋਟਾ ਯਹੂਦਣ ਨਰਸ ਲਿਆਇਆ
ਕੁੜੀ ਨੇ ਬੇਵਾਹਰੀ ਹੋ
ਨਾਲ ਪੜ੍ਹਦੇ ਗੋਰੇ ਨਾਲ ਘਰ ਵਸਾਇਆ
ਵੱਡਾ ਹੀ ਮੇਰੀ ਜ਼ਿੱਦ ਨਾਲ ਇੰਡੀਆ ਵਿਆਹਿਆ
ਉਸੇ ਤੋਂ ਹੀ ਸਭ ਦੁੱਖ ਪਾਇਆ
ਨੂੰਹ ਨੇ ਗਲ ਕਨੂੰਨ ਦਾ ਅੰਗੂਠਾ ਰੱਖ
ਸਾਰਾ ਟੱਬਰ ਸਪਾਂਸਰ ਕਰਵਾਇਆ
ਹੁਣ ਮੁੰਡੇ ਨੂੰ ਵੀ ਮਿਲਣੋਂ ਕਾਟਾ ਫਿਰਵਾਇਆ....
ਮੇਰੇ ਇਕ ਸੁਆਲ 'ਤੇ
ਉਹ ਮਿੰਨ੍ਹਾ ਜਿਹਾ ਮੁਸਕਰਾਉਂਦੇ ਨੇ
-ਬਚਾਇਆ ਬਚੂਇਆ ਕੁਝ ਨਹੀਂ,
ਬਸ ਵਤਨੋਂ ਆਇਆਂ ਲਈ
ਜਾਂ ਵਤਨ ਜਾ ਕੇ ਦਿਖਾਉਣ ਲਈ
ਕੁਝ ਹਾਸੇ ਵਾਲੇ ਮੁਖੌਟੇ ਰੱਖੇ ਨੇ ਬਚਾ ਕੇ।'

-ਹੋਰ ਸੁਣ, ਗਾਂ ਬਲਦ ਬੁੱਢੇ ਹੋ ਜਾਣ
ਤਾਂ ਗਊਸ਼ਾਲਾ ਭੇਜ ਦਿੰਦੇ ਨੇ।
ਨਿਆਣੇ ਲੈ ਰਹੇ ਬਦਲਾ
ਛੋਟੇ ਹੁੰਦੇ ਤੁਸੀਂ ਸਾਨੂੰ ਕਰੈਚ ਵਿਚ ਰੱਖਿਆ,
ਹੁਣ ਅਸੀਂ ਵਾਰੀ ਦਾ ਵੱਟਾ ਲਾਹੁੰਦੇ ਹਾਂ..
ਸੋ, ਹੁਣ ਅਸੀਂ ਗਊਸ਼ਾਲਾ ਰਹਿੰਦੇ ਹਾਂ।'

ਕੂੰਜਾਂ : ਸੂਹਾ ਗੁਲਾਬ

ਮੈਪਲ ਦੇ ਪੱਤਿਆਂ ਵਿਚਦੀ
ਦਿਸਦਾ ਹੈ ਡਿਕਸੀ ਗੁਰੂ ਘਰ ਦਾ ਸੁਨਹਿਰਾ ਗੁੰਬਦ
ਮਿਸੀਸਾਗਾ ਦਾ ਓਨਟਾਰੀਓ ਖਾਲਸਾ ਦਰਬਾਰ
ਬਾਹਰ ਬੈਠੇ ਨੇ ਸੀਮੈਂਟੀ ਸ਼ੇਰ

ਹਰੇਕ ਵੀਕਐਂਡ ਨੂੰ
ਵੱਡੀਆਂ ਵੱਡੀਆਂ ਕਾਰਾਂ 'ਚੋਂ ਨਿਕਲਦੇ
ਪੂਰੇ ਗੁਰਸਿੱਖ ਨਿਤਨੇਮੀ
ਕਲੀਨ ਸ਼ੇਵ ਗੋਰੇ ਚਿੱਟੇ ਵੀ
ਤੇ ਪੂਰਨ ਗੁਰਸਿੱਖ ਗੱਭਰੂ ਵੀ
ਤਿੰਨ ਲੱਤੇ ਬੁੱਢੇ ਬੁੱਢੀਆਂ ਵੀ
ਤੇ ਤਿਤਲੀਆਂ ਵਰਗੇ ਨਿਆਣੇ ਵੀ
ਗੁਰਮੁਖ ਸਿਆਣੇ ਵੀ....
ਦੁੱਖ ਸੁੱਖ ਕਰਨ
ਰਗੜਨ ਨੱਕ
ਕਰਨ ਅਰਦਾਸਾਂ ਕਮਾਈ 'ਚ ਵਾਧੇ ਦੀਆਂ
ਭਰਨ ਜੇਬ੍ਹਾਂ ਪੰਜਾਬੋਂ ਗਏ ਰਾਗੀਆਂ ਦੀਆਂ।

ਲੰਗਰ ਹਾਲ 'ਚ ਲੱਗੀਆਂ ਸ਼ਹੀਦਾਂ ਦੀਆਂ ਫੋਟੋਆਂ
ਪ੍ਰਸ਼ਾਦ ਲੈਣ ਤੋਂ ਪਹਿਲਾਂ ਕਲੀਨਿਕਸ ਹੈ
ਸੰਗਮਰਮਰੀ ਰਹਿਮਤ ਹੈ।

ਲੰਗਰ ਚਲਦੇ ਅਤੁੱਟ
ਲੰਗਰ ਗੁਰਬਾਣੀ ਦੇ,
ਲੰਗਰ ਕੀਰਤਨ ਦੇ
ਲੰਗਰ ਹਰਮੋਨੀਅਮ ਤਬਲੇ ਦੇ
ਲੰਗਰ ਰੱਬੀ ਰਹਿਮਤ ਦੇ।

ਨਿੱਕੀ ਨਿੱਕੀ ਕਣੀ ਦਾ ਮੀਂਹ ਪਿਆ ਪੈਂਦਾ
ਡਾਲਰ ਡਾਲਰ, ਕਿਣਕਾ ਕਿਣਕਾ
ਵਰ੍ਹਦੀ ਰਹੀ ਤੇ ਵਰ੍ਹਦੀ ਰਹਿਣੀ
ਇਵੇਂ ਹੀ ਸ਼ਰਧਾ....।

ਪੰਜਾਬੀਆਂ ਸਿਰਜ ਲਿਆ ਇਥੇ ਵੀ
ਘਰ ਬਾਬੇ ਨਾਨਕ ਦਾ
ਇੱਟ ਇੱਟ ਏਕੜ ਏਕੜ....।
ਰੋੜਾਂ ਵਾਲੀ ਧਰਤੀ 'ਤੇ
ਉਗਾ ਲਿਆ ਸੂਹਾ ਗੁਲਾਬ।
(ਮੈਪਲ-ਕਨੇਡਾ ਦਾ ਰੁੱਖ, ਜਿਸ ਦਾ ਪੱਤਾ ਰਾਸ਼ਟਰੀ ਚਿੰਨ੍ਹ ਹੈ।)
(ਕਲੀਨਿਕਸ-ਹੱਥ ਪੂੰਝਣ ਲਈ ਕਾਗਜ਼ੀ ਰੁਮਾਲ।)

ਕੂੰਜਾਂ : ਭੂਆ ਕੇ ਫੋਨ


(ਬਲਰਾਜ ਦੀ ਜ਼ੁਬਾਨੀ, ਮਾਲਟਨ)
ਵੈਸੇ ਤਾਂ ਆਪ ਹੀ ਕਰੀਦਾ,
ਪਰ ਅੱਜ
ਪਿੰਡੋਂ ਫੋਨ ਆਇਆ ਹੈ
-ਜੰਟਿਆ ਫੋਨ ਕਰੀਂ, ਭੂਆ ਕੇ.... ਜ਼ਰੂਰੀ ਹੈ।'

ਫੋਨ ਕਾਹਦਾ
ਮਨ ਵਿੱਚ ਚੱਲ ਪੈਂਦੀ ਫਿਲਮ
-ਨਿੱਕੀ ਮੰਗੀ ਹੋਈ ਸੀ
ਉਹਦਾ ਵਿਆਹ ਤਾਂ ਨੀ
ਮੰਗ ਲਿਆ ਹੋਊ ਅਗਲਿਆਂ।
-ਬੇਬੇ ਤਾਂ ਠੀਕ ਹੀ ਸੀ
-ਫੱਤਾ ਵੀ ਦਸਵੀਂ 'ਚ ਏ
ਕਾਲਜ ਤਾਂ ਹਾਲੇ ਦੂਰ ਦੀ ਗੱਲ ਏ।
-ਨਾਲ ਵਾਲੇ ਦੋ ਕਿੱਲੇ ਤਾਂ ਪਿਛਲੇ ਸਾਲ ਲੈ ਲਏ ਸਨ
ਨਾਲੇ ਪੈਲੀ ਤਾਂ ਹੈ ਵੀ ਠੇਕੇ 'ਤੇ।
-ਕਿਤੇ ਛੋਟਾ ਭਿੰਦਰ
ਚੜ੍ਹ ਨਾ ਗਿਆ ਹੋਵੇ ਕਿਸੇ ਏਜੰਟ ਦੇ ਢੇਕੇ।

ਪਿੰਡੋਂ ਆਏ ਹਰ ਅਜਿਹੇ ਫੋਨ 'ਤੇ
ਅਕਸਰ ਲਗਦਾ, ਇਹੀ ਕਹਿਣਗੇ
-ਪੈਸੇ ਘਲਾਈਂ ਮਾੜੇ ਜਿਹੇ ....।'

ਮਨ ਵਿਚ ਫਿਲਮ ਬੜੀ ਤੇਜ਼ੀ ਨਾਲ ਚਲਦੀ ਹੈ।
ਨਹੀਂ ਨਹੀਂ, ਹੋਰ ਵੀ ਕੋਈ ਕਾਰਨ ਹੋ ਸਕਦਾ।
-ਵੱਡਾ ਪ੍ਰਾਹੁਣਾ ਬਾਹਲੀ ਪੀਣ ਲੱਗ ਗਿਆ ਸੀ
ਕੋਈ ਚੰਦ ਨਾ ਚਾੜ੍ਹ ਲਿਆ ਹੋਵੇ।
-ਪਸ਼ੂ ਡੰਗਰ ਨਾ ਕੋਈ ਭੁਗਤ ਗਿਆ ਹੋਵੇ।
-ਕਿਤੇ ਕੋਈ ਐਕਸੀਡੈਂਟ ਨਾ ਹੋ ਗਿਆ ਹੋਵੇ।

ਫਿਰ ਇਕ ਦਮ ਮਨ ਵਿੱਚ ਆਉਂਦਾ ਖਿਆਲ
ਕਿ ਬੀਬੀ ਹੁਰਾਂ ਦੇ ਕਾਗਜ਼ ਭਰੇ ਸੀ,
ਮੈਡੀਕਲ ਆਉਣਾ ਸੀ,
ਉਹੀ ਨਾ ਆ ਗਿਆ ਹੋਵੇ....।

ਮਨ ਦੇ ਰੁੱਖ ਦੀ ਟਾਹਣੀ 'ਤੇ ਅਚਾਨਕ
ਇਕ ਸੂਹੀ ਕਰੂੰਬਲ ਜਿਹੀ ਫੁੱਟਦੀ ਹੈ।
ਉਹ ਆਵਾਜ਼ ਦਿੰਦਾ ਹੈ
-ਹਨੀ, ਫੋਨ ਫੜਾਈਂ
ਪਿੰਡ ਕਰ ਲੀਏ।'

ਕੂੰਜਾਂ : ਵਾਇਲਨ ਦੀ ਧੁੰਨ


ਸਾਗਰ ਕੰਢੇ,
ਚੀਲ੍ਹ ਦੇ ਰੁੱਖਾਂ ਪਿੱਛੇ
ਛੁਪ ਰਹੇ ਸੂਰਜ ਦੀ ਡੱਬ ਖੜੱਬੀ ਛਾਂ ਹੇਠ
ਪੱਥਰਾਂ ਉਪਰ
ਚਿੱਟੀ ਦਾਹੜੀ ਵਾਲਾ ਬੁੱਢਾ ਅੰਗ੍ਰੇਜ਼
ਕਦੋਂ ਦਾ ਵਾਇਲਨ ਵਜਾ ਰਿਹਾ ਹੈ
ਕੁਝ ਗੁਣਗੁਣਾ ਰਿਹਾ ਹੈ।
ਅੱਧ ਖੁਲ੍ਹੀਆਂ ਅੱਖਾਂ ਨਾਲ
ਵਾਇਲਨ ਵਜਾਉਂਦਾ
ਝੂਮ ਰਿਹਾ ਏ।
ਕੋਲ ਚਾਰ-ਪੰਜ ਬੀਅਰ ਦੇ ਖਾਲੀ ਕੇਨ ਪਏ ਨੇ

ਸਮੁੰਦਰ 'ਚ ਪਾਣੀ ਚੜ੍ਹਨ ਲੱਗਾ ਹੈ
ਹੌਲੀ ਹੌਲੀ ਉਹਦੇ ਗੋਡਿਆਂ ਤੱਕ ਆ ਗਿਆ ਏ।
ਉਹਦੇ ਕੋਲ ਜਾ ਕੇ ਮੇਰਾ ਦੋਸਤ ਚੁੱਪ ਚਾਪ
ਬੀਅਰ ਦੀ ਇਕ ਕੇਨ ਹੋਰ ਰੱਖ ਆਉਂਦਾ ਹੈ।
ਉਸਨੂੰ ਕੋਈ ਖਬਰ ਨਹੀਂ

ਮੈਂ ਉਹਦੇ ਕੋਲ ਜਾ ਕੇ ਬੈਠ ਜਾਂਦਾ ਹਾਂ
ਧੁੰਨ ਸੁਨਣ
ਉਹ ਲਗਾਤਾਰ ਵਜਾਈ ਜਾ ਰਿਹਾ ਹੈ.....!
ਫਿਰ ਉਹ ਵਾਇਲਨ ਸਾਂਭ ਕਿੰਨਾ ਹੀ ਚਿਰ
ਡੁਬਦੇ ਸੂਰਜ ਵੱਲ ਤਕਦਾ ਰਿਹਾ।

ਮੇਰੀਆਂ ਅੱਖਾਂ 'ਚੋਂ ਸਵਾਲ ਪੜ੍ਹ ਕੇ
ਉਹ ਨਮ ਅੱਖਾਂ ਤੇ ਭਰੇ ਗਲੇ ਨਾਲ ਦੱਸਦਾ ਹੈ
-ਇਸੇ ਪੱਥਰ 'ਤੇ ਅਸੀਂ
ਬੈਠੇ ਸੀ ਪਹਿਲੀ ਵਾਰ......
ਪੈਂਤੀ ਵਰ੍ਹੇ ਹੋ ਗਏ ਨੇ ਅੱਜ
ਉਸ ਨੂੰ ਤੁਰ ਗਈ ਨੂੰ।
ਮੈਂ ਹਰ ਵਰ੍ਹੇ ਇਸ ਦਿਨ
ਇਥੇ ਆਉਂਦਾ ਹਾਂ
ਸੂਰਜ ਛਿਪਣ ਤੱਕ
ਇਸੇ ਪੱਥਰ ਤੇ ਬਹਿ
ਗੁਣਗੁਣਾਉਂਦਾ ਹਾਂ
ਵਾਇਲਨ ਵਜਾਉਂਦਾ ਹਾਂ।
ਵਾਇਲਨ ਦੀਆਂ ਇਹ ਧੁੰਨਾਂ
ਉਸਨੂੰ ਬਹੁਤ ਪਸੰਦ ਸਨ....।'

-ਸਮੁੰਦਰ ਦੀ ਛੱਲ ਆਉਂਦੀ ਹੈ
ਤੇ ਪੱਛਮ ਦੇ ਟੁਟਦੇ ਰਿਸ਼ਤਿਆਂ ਬਾਰੇ
ਮੇਰੇ ਸਾਰੇ ਭਰਮਾਂ ਨੂੰ ਵਹਾ ਲੈ ਜਾਂਦੀ ਹੈ।

ਕੂੰਜਾਂ : ਬਚੜਿਆ ਤੇਰਾ ਕਾਰਡ ਆਇਆ!

(ਲਿਖਤੁਮ ਨਸੀਬ ਕੌਰ)
ਮੇਰੇ ਪਿਆਰੇ ਬੇਟੇ-
ਕਿੰਨਾ ਚੰਗਾ ਲੱਗਿਆ ਹੈ
ਅੱਜ ਤੇਰਾ 'ਮਦਰਜ਼ ਡੇਅ' ਵਾਲਾ ਕਾਰਡ
ਡਾਕ ਵਿਚ ਆਇਆ ਹੈ।
-ਖੋਲ੍ਹਣ ਤੋਂ ਪਹਿਲਾਂ ਹੀ
ਚਿੱਠੀ ਦੇ ਮਗਰ
ਆਪਣੀ ਪੋਤੀ 'ਮੈਂਡੀ' ਦੇ ਹੱਥ ਨਾਲ ਲਿਖਿਆ
ਤੇਰਾ ਨਾਮ ਕਿੰਨਾ ਚੰਗਾ ਲੱਗਾ।
ਮੈਂ ਦੱਸ ਵੀ ਨਹੀਂ ਸਕਦੀ, ਮੇਰੇ ਬਚੜਿਆ।'

ਯਾਦ ਕਰਦੀ ਹਾਂ
ਕਿਵੇਂ ਅਧਖੜ ਉਮਰੇ ਤੇਰੇ ਭਵਿੱਖ ਲਈ
ਮੇਰੇ ਨਾਂਹ ਨਾਂਹ ਕਹਿੰਦਿਆਂ
ਵਸਦਾ ਰਸਦਾ, ਦੇਸ ਛੱਡ
ਰੋਂਦਿਆਂ ਕੁਰਲਾਉਂਦਿਆਂ
ਵਰ੍ਹਿਆਂ ਉਡੀਕ ਕੇ ਮਿਲੀ
ਇਮੀਗਰੇਸ਼ਨ ਦੀ ਦਾਤ ਕਬੂਲਦਿਆਂ
ਤੇਰਾ ਬਾਪੂ ਇਥੇ ਆਇਆ
ਕੁਨਬਾ ਵਸਾਇਆ।
ਤਿਲ ਤਿਲ ਨਪੀੜ, ਆਪ ਖਪਿਆ,
ਤੈਨੂੰ ਪੜ੍ਹਾਇਆ
ਅੰਗ੍ਰੇਜ਼ਾਂ ਬਰਾਬਰ ਬਣਾਇਆ।
ਅਖੇ-ਆਪਣੀ ਜ਼ਿੰਦਗੀ ਤਾਂ ਕਰਤਾਰ ਕੁਰੇ ਗਈ
(ਕਿਵੇਂ ਉਥੇ ਮੈਨੂੰ ਤਾਰੋ ਕਹਿੰਦਾ
ਇਥੇ ਕਰਤਾਰ ਕੌਰ ਕਹਿਣ ਲੱਗਾ ਸੀ)
ਉਹਦੀ ਸੋਚ ਸੀ-
ਪਿੰਡ ਦੀਆਂ ਗਲੀਆਂ 'ਚ
ਅਵਾਰਾ ਹੇੜ੍ਹ ਨਾਲ ਫਿਰਦਾ
ਆਪਣਾ 'ਕੱਲਾ ਮਿੰਦਰ -ਤੂੰ
ਕਿਤੇ ਕੁਲ ਨੂੰ ਵੱਟਾ ਨਾ ਲਾ ਦੇਵੇ।

ਦੇਖਿਆ ਤੈਨੂੰ ਪੜ੍ਹਾ ਅਫ਼ਸਰ ਬਣਾ 'ਤਾ
ਡਾਲਰ ਲਾਹੁਣ ਲਾ 'ਤਾ
ਪਟਰ ਪਟਰ ਅੰਗ੍ਰੇਜ਼ੀ ਬੋਲਣ ਲਾ 'ਤਾ,
ਆਪਣਾ ਆਪ ਦਾਅ 'ਤੇ ਲਾ
ਤੈਨੂੰ ਜਿੰਨੀ ਪੌੜ੍ਹੀ ਚੜ੍ਹਾ ਸਕਿਆ ਚੜ੍ਹਾ 'ਤਾ,
ਇਥੇ ਜੰਮੀ ਕੁੜੀ ਨਾਲ ਵਿਆਹ 'ਤਾ।

ਅਗਾਂਹ ਜਿਉਂਦੀ ਵਸਦੀ ਰਹੇ ਆਪਣੀ ਵੱਡੀ ਮੈਂਡੀ
ਤੇ ਛੋਟਾ ਗੈਰੀ।
ਇਹਨਾਂ ਦੇ ਨਾਮ ਨਾਲ ਕੌਰ ਤੇ ਸਿੰਘ ਲਾਉਣ ਲਈ
ਨੂੰਹ ਰਾਣੀ ਨੂੰ ਕਹੀਂ -
ਇਹ ਤਾਂ ਬਾਬੇ ਨੇ ਬਖਸ਼ੇ ਨੇ।
ਪਰ ਇਹ ਨਾ ਦੱਸੀਂ ਕਿ ਮੈਂ ਕਿਹਾ,
ਗੁੱਸਾ ਕਰ ਜੂ ਗੀ।'

-ਮੈਨੂੰ ਪਤਾ ਹੈ
ਤੂੰ ਵੀ ਉਦਾਸ ਹੋਵੇਂਗਾ
ਤੇਰੀ ਜੜ੍ਹ ਲਾ ਤੇਰਾ ਬਾਪ,
ਜੀਹਦਾ ਮੈਂ ਤਾਂ ਕਦੇ ਨਾਮ ਵੀ ਨਹੀਂ ਲੈਂਦੀ।
ਕਿਵੇਂ -ਵਿਤੋਂ ਵੱਧ ਕੰਮ ਕਰਨ ਦੀਆਂ
ਬੀਮਾਰੀਆਂ ਕਰਕੇ ਤੁਰ ਗਿਆ।

ਨਾਲੇ ਸੱਚ............
ਚੱਲ ਛੱਡ ਪਰ੍ਹਾਂ....!'

-ਅੱਛਾ ਤੂੰ ਤੇ ਨੂੰਹ ਰਾਣੀ ਖੁਸ਼ ਹੋ ਨਾ।
ਵਾਹਿਗੁਰੂ ਮਿਹਰ ਰੱਖੇ, ਤੱਤੀ 'ਵਾ ਨਾ ਲਾਵੇ।
ਮੈਂ ਇਥੇ ਬਹੁਤ ਖੁਸ਼ ਹਾਂ....
ਮੈਂਡੀ ਨੇ ਕਿੰਨੀ ਸੋਹਣੀ ਲਿਖਤ ਵਿਚ
ਐਡਰੈਸ ਲਿਖ ਕੇ ਮੈਨੂੰ
'ਤੇਰੇ ਵੱਲੋਂ'
ਮਦਰਜ਼ ਡੇਅ ਦਾ ਕਾਰਡ ਘੱਲਿਆ ਹੈ।
ਜਿਉਂਦੇ ਵਸਦੇ ਰਹੋ ਸਾਰੇ।
ਮੈਂ ਠੀਕ ਠਾਕ ਹਾਂ!!
ਮੈਂਡੀ ਨੂੰ ਕਹਿਓ -
(ਕਿੰਨੀ ਪਿਆਰੀ ਬੱਚੀ ਹੈ)
ਜਦੋਂ ਅਗਲੇ ਸਾਲ ਤੇਰੇ ਵੱਲੋਂ
ਮੈਨੂੰ ਮਦਰਜ਼ ਡੇਅ ਦਾ ਕਾਰਡ ਭੇਜੇ,
ਤਾਂ ਕਾਰਡ ਹੇਠੋਂ, ਕੀਮਤ ਵਾਲਾ
ਸਟਿਕਰ ਲਾਹ ਲਿਆ ਕਰੇ।
ਉਹਨੂੰ ਦੱਸੀਂ
ਕਿਵੇਂ 'ਆਪਾਂ' ਕਿਸੇ ਨੂੰ ਤੋਹਫਾ ਦੇਣ ਲੱਗੇ
ਰੇਟ ਵਾਲੇ ਸਟਿਕਰ ਨੂੰ
ਲਾਹ ਦਿੰਦੇ ਸੀ....
ਮਾਣ ਹੀ ਹੁੰਦਾ।'

-ਨਾਲੇ ਕਿੰਨਾ ਕੁ ਟਾਈਮ ਲਗਦਾ ਹੈ
ਕਾਰਡ ਤੇ ਆਪਣੇ ਹੱਥਾਂ ਨਾਲ
ਉਸ ਜਗ੍ਹਾ ਉਪਰ ਖੁਦ ਪੈਨ ਨਾਲ
ਆਪਣਾ ਨਾਮ ਲਿਖਣਾ
ਜਿਥੇ ਲਿਖਿਆ ਹੁੰਦਾ
'ਤੇਰੇ ਪਿਆਰੇ ਪੁੱਤਰ ਵਲੋਂ।'

ਕਾਰਡ ਸ਼ੈਲਫ 'ਤੇ ਰੱਖਿਆ
ਕਿਸੇ ਕਹਿਣਾ -
ਬੁੜ੍ਹੀ ਨੇ ਆਪੇ ਖਰੀਦ ਕੇ ਰੱਖਿਆ ਹੋਊ।
ਤੇਰੇ ਹੱਥਾਂ ਨਾਲ ਤੇਰਾ ਨਾਮ ਲਿਖਿਆ ਹੋਊ
ਤਾਂ ਸਭ ਨੂੰ ਦਿਖਾਊਂ ....!

-ਗੁੱਸਾ ਨਾ ਕਰੀਂ
ਅਗਲੀ ਵਾਰ ਇੰਜ ਹੀ ਕਰੀਂ
ਕਿ ਇਹਦੇ ਨਾਲ ਇਥੇ
ਓਲਡ ਹੋਮ ਵਿਚ
ਮੇਰੀ ਟੌਹਰ ਬਣ ਜਾਵੇ -
ਕਿ ਬੁੱਢੜੀ ਨਿਪੁੱਤੀ ਨਹੀਂ।'
(ਐਡਰੈਸ-ਘਰ ਦਾ ਪਤਾ, ਮਦਰਜ਼ ਡੇਅ-ਮਾਤਾਵਾਂ ਦੇ ਸਤਿਕਾਰ ਵਿਚ ਮਨਾਇਆ ਜਾਣ ਵਾਲਾ ਦਿਵਸ)

ਕੂੰਜਾਂ : ਮੜ੍ਹੀਆਂ ਤੇ ਲਾਟੂ

(ਅਮਰੀਕ ਸਿੰਘ ਦੀ ਤਲਖੀ)
ਪਿੰਡ ਜਾਈਦਾ
ਨਿੱਤ ਹੀ ਤੁਰੇ ਰਹਿੰਦੇ-
ਅਲੱਗ ਅਲੱਗ ਰੰਗਾਂ ਰੂਪਾਂ ਵਾਲੇ ਮੰਗਤੇ
-ਕੁਝ ਬੀਬੀਆਂ ਦਾੜ੍ਹੀਆਂ ਵਾਲੇ
ਗੁਰੂਘਰ ਦੀ ਪਾਲਕੀ ਤੇ ਸੋਨਾ ਚੜ੍ਹਾਉਣਾ ਚਾਹੁੰਦੇ
-ਕੁਝ ਪਿੰਡ ਦੀ ਫਿਰਨੀ ਪੱਕੀ ਕਰਾਉਣਾ ਚਾਹੁੰਦੇ
-ਕੁਝ ਮੇਰੇ ਨਾਮ ਦੀ ਇੱਟ ਧਰਮਸ਼ਾਲਾ 'ਚ ਲਾਉਣੀ ਚਾਹੁੰਦੇ
-ਖੇਡ ਮੇਲੇ ਵਾਲੇ ਬਾਪੂ ਜੀ ਦੇ ਨਾਮ 'ਤੇ
ਟਰਾਫੀਆਂ ਸਪੌਂਸਰ ਕਰਾਉਣੀਆਂ ਚਾਹੁੰਦੇ।

ਮਨ ਪੁਛਦਾ
-ਮੈਂ ਮਰ ਗਿਆ ਤਾਂ
ਪਿਛੋਂ ਮੇਰੇ ਨਾਮ ਦੀ ਟਰਾਫੀ ਰੱਖੋਗੇ ?'

-ਕਿਹਾ ਸੀ ਸਕੂਲ 'ਚ ਪਾਣੀ ਦਾ ਕੂਲਰ ਲਵਾ ਦਿੰਨਾਂ।'
ਕਹਿੰਦੇ ਨਿਆਣਿਆਂ ਦਾ ਗਲ ਖਰਾਬ ਹੋਜੂ
-ਕਿਹਾ ਸੀ ਕਿਤਾਬਾਂ, ਬੂਟ, ਜਰਸੀਆਂ ਦੇ ਦਿਨਾਂ।'
ਕਹਿੰਦੇ ਵਿਹੜੇ ਵਾਲੇ ਮੱਛਰ ਜਾਣਗੇ।

-ਮਨਾਂ ਵਿੱਚ ਦੀਵੇ ਜਗਾਉਣ ਲਈ
ਕੁਝ ਨਾ ਮੰਗਦੇ
ਮੜ੍ਹੀ 'ਤੇ ਲਾਟੂ ਜਗਾਉਣ ਤੋਂ
ਜਮ੍ਹਾਂ ਨਾ ਸੰਗਦੇ।'

ਕੂੰਜਾਂ : ਮਿਸਟਰ ਮੱਘਰ ਸਿੰਘ

(ਪੰਜਾਬੀ ਗਿਰਗਿਟ ਦੀ ਕਿਸਮ 'ਚੋਂ ਨੇ ਜਿਥੇ ਰਹਿੰਦੇ ਬਹਿੰਦੇ ਉਹੋ ਜਿਹਾ ਰੰਗੇ ਜਾਂਦੇ ਨੇ। )
ਕਈ ਵਰ੍ਹਿਆਂ ਪਿਛੋਂ
ਜਹਾਜ਼ ਜਿਡੀ ਕੋਠੀ 'ਚ
ਆਪਣੇ ਪਿੰਡ ਪਰਤੇ
ਸਰਦਾਰ ਮੱਘਰ ਸਿੰਘ ਕਨੇਡੀਅਨ ਦਾ
ਵਲਾਇਤੀ ਦਾਰੂ ਪੀਂਦੇ ਦਾ
ਬੜਾ ਜੀਅ ਕੀਤਾ
ਬਚਪਨ ਦੇ ਮਿੱਤਰ ਲੱਭੀਏ....!
ਤਾਂ ਅਚਾਨਕ ਯਾਦ ਆਇਆ ਸੁੱਖਾ....

ਕਿਵੇਂ ਉਹ ਘੁਲਦੇ,
ਬੱਤੇ ਖੇਡਦੇ, ਕੌਡੀਆਂ ਪਾਉਂਦੇ,
ਧੁੱਦਲ 'ਚ ਰੁਲਦੇ।

ਉਸ ਨੇ ਕੋਠੀ ਦੀ ਰਾਖੀ ਲਈ ਰੱਖੇ,
(ਪਰ ਮਾਲਕ ਦੀ ਜੂਨ ਹੰਢਾਉਂਦੇ)
ਭਈਏ ਚੂੰਨੀ ਲਾਲ ਰਾਹੀਂ ਘੱਲਿਆ ਸੁਨੇਹਾ

ਸੁੱਖਾ ਆ ਗਿਆ ਹੈ
ਪਰ ਦਰਾਂ 'ਚ ਹੀ ਹੱਥ ਜੋੜੀ ਖੜੋਤਾ ਹੈ।
ਉਹ ਸਰਦਾਰ ਮੱਘਰ ਸਿੰਘ ਦੇ ਜਲੌਅ ਨੂੰ
ਇਕ ਟਕ ਦੇਖੀ ਜਾ ਰਿਹਾ ਹੈ।
ਦਿਹਾੜੀ ਦੱਪਾ ਕਰਦੇ
ਅਧਖੜ੍ਹ ਸੁੱਖੇ ਦਾ
ਕੰਮ ਕਰਕੇ ਨਿਕਲਿਆ ਪਿਆ ਕੁੱਬ।
ਅਣਵਾਹੀ ਦਾੜ੍ਹੀ 'ਚ ਖਿਲਰਿਆ ਚਾਂਦੀ ਦਾ ਤਿੱਲਾ
ਜਾਂਬ੍ਹਾਂ ਜਿੰਨੀਆਂ ਅੰਦਰ, ਅੱਖਾਂ ਓਨੀਆਂ ਬਾਹਰ।
ਦੂਜੀ ਤੇ ਤੀਜੀ ਆਵਾਜ਼ 'ਤੇ ਵੀ
ਸੁੱਖਾ ਦਹੇਲੀ ਨਹੀਂ ਟੱਪਿਆ
ਤਾਂ ਅਚਾਨਕ ਮੱਘਰ ਸਿੰਘ ਦਾ ਚੇਤਾ ਤ੍ਰਭਕਿਆ।
ਯਾਦ ਆਇਆ -
ਕਿ ਕੇਰਾਂ ਪਹਿਲਾਂ ਪਹਿਲਾਂ
ਉਸਦੇ ਅੰਗ੍ਰੇਜ਼ ਮਾਲਕ ਡੇਵਿਡ ਨੇ
ਘਰ ਸੱਦਿਆ ਸੀ ਉਸਨੂੰ
ਤਾਂ ਉਸਦੇ ਪੈਰ ਵੀ ਇੰਜ ਹੀ
ਜੁੜ ਗਏ ਸਨ ਉਸਦੀ ਸਰਦਲ 'ਤੇ....।

ਮੱਘਰ ਸਿੰਘ ਦੇ ਅੰਦਰ
ਡੇਵਿਡ, ਮਲੱਕ ਦੇਣੇ ਵੜ ਗਿਆ।
-ਤੇ ਡੇਵਿਡ ਵਾਂਗ ਟਹਿਲਦਾ ਹੌਲੀ ਹੌਲੀ
ਪੈੱਗ ਚੁੱਕੀ - ਉਹ ਦੇਹਲੀ ਤੱਕ ਗਿਆ
'ਤੇ ਉਸੇ ਸਟਾਈਲ ਵਿਚ ਬੋਲਿਆ
-ਮਿਸਟਰ 'ਮੱਘਰ ਸਿੰਘ'
ਕਮ ਇਨ, ਟੇਕ ਇਟ ਇਜ਼ੀ....!'

ਸੁੱਖਾ ਹੋਰ ਵੀ ਡੌਰ ਭੌਰ ਹੋ ਗਿਆ ਹੈ
ਅੱਡੀਆਂ ਅੱਖਾਂ ਨਾਲ,
ਸਰਦਾਰ ਮੱਘਰ ਸਿੰਘ ਕਨੇਡੀਅਨ
ਨੂੰ ਲਗਾਤਾਰ ਦੇਖੀ ਜਾ ਰਿਹਾ ਹੈ।
ਉਸਦੇ ਮੱਥੇ ਦੀ ਤਿਉੜੀ ਹੋਰ ਡੂੰਘੀ ਹੁੰਦੀ ਜਾ ਰਹੀ ਹੈ।
(ਕਮ ਇਨ ਟੇਕ ਇਟ ਇਜ਼ੀ- ਅੰਦਰ ਆ ਜਾ, ਘਬਰਾ ਨਾ)

ਕੂੰਜਾਂ : ਪਾਖਰ ਸਿੰਹੁ ਦਾ ਚਿੱਤ


(ਸਰੀ ਦੀ ਇਕ ਸ਼ਾਮ)
ਪਾਖਰ ਸਿੰਹੁ ਨੂੰ ਪੈਨਸ਼ਨ ਲੱਗੀ ਹੈ
ਰੋਜ਼ ਦੀ ਤਰਾਂ
ਅੱਜ ਫਿਰ ਸਿਟੀਜ਼ਨ ਹਾਲ ਆਇਆ ਹੈ।
ਰੋਜ਼ ਤੀ ਤਰਾਂ
ਆਉਂਦਾ ਆਉਂਦਾ
ਪੱਬ 'ਚੋਂ ਤਿੰਨ ਗਿਲਾਸੀਆਂ ਲਾ ਆਇਆ ਹੈ
ਨਚਦੀ ਗੋਰੀ ਤੇ ਨਿਹਾਲ ਹੋ ਆਇਆ ਹੈ।
ਰੋਟੀ ਖਾਣ ਜੋਗਾ ਹੋਣ, ਦਾ ਸਮਾਨ ਲੈ ਆਇਆ ਹੈ।
ਰੋਜ਼ ਦੀ ਤਰਾਂ
ਛਤਰੀ ਨਾਲ ਲਿਆਇਆ ਹੈ।
ਰੋਜ਼ ਦੀ ਤਰਾਂ
ਸਿਟੀਜ਼ਨ ਹਾਲ ਵਿਚ
ਮੇਜ਼ਾਂ ਤੇ ਬੁੜ੍ਹਕ ਰਹੀ ਹੈ ਤਾਸ਼
ਨੱਚ ਰਿਹਾ ਹੈ ਟੈਲੀਵੀਜ਼ਨ
ਤੇ ਕਰ ਰਹੇ ਨੇ ਜਵਾਨ ਦਿਲ ਬੁੜ੍ਹੇ
ਕੁਝ ਚੌੜ।
ਰੋਜ਼ ਦੀ ਤਰਾਂ
ਖੂੰਡੀਆਂ ਦੇ ਮੁੱਠਿਆਂ 'ਤੇ
ਠੋਡੀਆਂ ਧਰੀ ਬੈਠੀਆਂ ਨੇ ਕੁਝ ਉਦਾਸੀਆਂ।
ਰੋਜ਼ ਦੀ ਤਰਾਂ
ਸਿਆਸਤ ਨੂੰ ਲੱਗ ਰਿਹਾ ਹੈ ਰਿੜਕਾ।

ਪਰ ਅੱਜ ਰੋਜ਼ ਤੋਂ ਉਲਟ
ਉਹਦੀ ਮਸ਼ਕਰੀ ਕੁਝ ਸਲਾਬ੍ਹੀ ਹੈ।
ਚੁੱਪ ਦੇ ਕੋਨੇ ਬੈਠੇ ਬੈਠੇ
ਅਚਾਨਕ ਚੱਲ ਪਈ ਪਿਛਲੀ ਰੀਲ੍ਹ।
ਬੜੇ ਯਾਦ ਆਏ ਪਿੰਡ ਦੇ ਜੁੱਟ
ਲਾਹਣ ਦੀ ਪਹਿਲੀ ਘੁੱਟ।
ਮੁੰਡੇ ਨੂੰ ਕਨੇਡਾ ਵਿਆਹੁਣਾ
ਪੈਲੀ ਵੇਚ ਕੇ ਦੋਹਾਂ ਦਾ ਕਨੇਡਾ ਆਉਣਾ।
ਚੁੱਪ ਚੁੱਪ ਕੁਰਲਾਉਣਾ-ਹੁਭਕੀਂ ਹੁਭਕੀਂ ਰੋਣਾ।

ਫਿਰ ਪਿੰਡ 'ਚ ਘਰ ਢਾਹ
ਸ਼ਰੀਕਾਂ ਦੀ ਹਿੱਕ ਤੇ ਸੱਪ ਲਿਟਾ
ਕਿਲ੍ਹੇ ਜਿੱਡੀ ਕੋਠੀ ਪਾਉਣਾ।
ਉਹ ਬੁੜਬੁੜਾਇਆ
-ਹੁਣ ਕਿਵੇਂ ਗਏ ਤੋਂ ਅੱਗੇ ਪਿਛੇ ਫਿਰਦੇ ਨੇ
ਪਹਿਲਾਂ ਬੁਖਾਰ ਨੀਂ ਸੀ ਮੰਗਿਆ ਦਿੰਦੇ।'

ਯਾਦਾਂ ਦੀ ਰੀਲ੍ਹ ਉਧੇੜਦਿਆਂ ਯਾਦ ਆਇਆ
-ਕਿਵੇਂ ਉਹਦੀ ਸੀਬੋ
'ਪਾਣੀ' ਤੋਂ 'ਕਾਗਜ਼ਾਂ' 'ਤੇ ਆਈ
ਪਹਿਲਾਂ ਪਹਿਲ ਕਿਵੇਂ ਕੁਰਲਾਈ
-ਅਖੇ ਮੈਂ ਨੀਂ ਡੈਪਰ ਬਦਲਣੇ
ਨੂੰਹ ਦੀ ਗੋਲੀ ਬਣ ਕੇ....!
-ਕਿਵੇਂ ਗੋਲ ਮੋਰੀ 'ਚ ਚੌਰਸ ਗੀਟੀ ਫਿੱਟ ਆਈ।
-ਪਹਿਲੀ ਵਾਰ ਬਰਾਂਡੀ ਪੀ ਕੇ ਕਿਵੇਂ ਲੋਰ 'ਚ ਆਈ।
-ਕਿਵੇਂ ਪੈਂਟ ਪਾ, ਸੱਜ ਵਿਆਹੀ ਵਾਂਗ ਸ਼ਰਮਾਈ।
-ਕਿਵੇਂ ਸੋਨੇ ਦੇ ਫਰੇਮ ਵਾਲੀ ਐਨਕ ਲਵਾ
ਪਿੰਡ 'ਚ ਸਰਦਾਰਨੀ ਅਖਵਾਈ।'
ਹੁਣ ਪੋਤੇ ਲਈ ਸਾਕ ਲੱਭਣ
ਪਿੰਡ ਗਈ ਹੈ।
ਅਚਾਨਕ ਉਹ ਤ੍ਰਭਕਿਆ
ਐਵੇਂ ਕਿਸੇ ਲੰਡੀ ਬੁੱਚੀ ਨੂੰ
ਮੁਫਤ 'ਚ ਹੀ ਨਾਂ ਹਾਂ ਕਰ ਆਵੇ ......

ਉਹਦੇ ਅੰਦਰ ਰਿਕਾਰਡ ਜਿਹਾ ਵੱਜਣ ਲੱਗਾ
-ਸਾਰੀ ਉਮਰ ਹੀ ਧੰਦ ਪਿੱਟੀ ਤੂੰ
ਪਾਖਰਾ ਕੁਝ ਨਾ ਜਹਾਨ ਵਿਚੋਂ ਖੱਟਿਆ।'
ਉਹਦਾ ਜੀਅ ਕੀਤਾ
ਹੁਣੇ ਪਿੰਡ ਫੋਨ ਕਰੇ
ਪਰ ਐਸ ਵੇਲੇ ? ਚਲ ਛੱਡ!
ਉਸਦਾ ਮਨ ਦਿਲਾਸਾ ਦਿੰਦਾ ਹੈ
-ਹੋਰ ਬੰਦੇ ਨੇ ਖੱਟਣਾ ਵੀ ਕੀ ਹੁੰਦਾ?'
ਅੰਦਰ ਚਲਦਾ ਰਿਕਾਰਡ ਬੰਦ ਹੋ ਗਿਆ....!

ਸੋਚਾਂ ਦਾ ਗਿਲਾਫ ਉਥੇ ਹੀ ਲਾਹ
ਉਹ ਘਰ ਨੂੰ ਤੁਰ ਪਿਆ।
ਹਨ੍ਹੇਰਾ ਡੂੰਘਾ ਹੋ ਗਿਆ।
ਇਕ ਗੋਰੀ-ਗੋਰਾ ਚੁੰਬੜੇ ਜਾ ਰਹੇ ਨੇ।
ਬੱਤੀਆਂ ਦੀ ਜਾਗੋ ਨਿਕਲੀ ਹੋਈ ਹੈ।

-ਜਗਮਗ ਜਗਮਗ ਕਰਦੇ ਸ਼ਹਿਰਾਂ 'ਚ ਰਹਿਨੇ ਹਾਂ
ਕੋਈ ਫਿਕਰ ਨੀ
ਪਿੰਡ ਹੁੰਦੇ ਹਾਲੇ ਵੀ ਬਲਦਾਂ ਦੇ ਚੱਡਿਆਂ 'ਚ
ਪਰਾਣੀ ਤੁੰਨੀ ਜਾਣੀ ਸੀ,
ਹੋਰ ਕੀ ਖੱਟਣਾ ਹੁੰਦਾ ਬੰਦੇ ਨੇ....।'

ਤੁਰਿਆ ਜਾਂਦਾ ਉਹ ਆਮ ਵਾਂਗ
ਸਾਈਡ ਵਾਕ 'ਤੇ ਬਹਿ ਜਾਂਦਾ ਹੈ
ਛਤਰੀ 'ਚ ਲਕੋਇਆ ਪਊਆ ਕੱਢ
ਚੁੱਪਚਾਪ ਮੂੰਹ ਨੂੰ ਲਾਉਂਦਾ ਹੈ
ਇਕੋ ਸਾਹੇ ਅੰਦਰ ਲੰਘਾਉਂਦਾ ਹੈ।
ਉਹਦਾ ਚਿੱਤ ਸੂਤ ਹੋ ਜਾਂਦਾ ਹੈ
ਤੇ ਅੰਦਰ ਰਿਕਾਰਡ ਵੱਜਣ ਲੱਗ ਜਾਂਦਾ ਹੈ
-ਤੇਰੇ ਵਰਗਾ ਨੀ ਕਿਸੇ ਬਣ ਜਾਣਾ
ਘਰ ਘਰ ਪੁੱਤ ਜੰਮਦੇ....ਓ ਪਾਖਰਾ....।'
ਉਹਦੀਆਂ ਉਂਗਲਾਂ ਗੋਡੇ ਤੇ ਤਾਲ ਦੇਣ
ਲੱਗ ਜਾਂਦੀਆਂ ਹਨ,
ਪਾਖਰ ਸਿਹੁੰ ਨੂੰ ਕੈਨੇਡਾ ਨਾਲ
ਫਿਰ ਮੋਹ ਜਿਹਾ ਹੋ ਜਾਂਦਾ ਹੈ.....!
(ਡੈਪਰ-ਪੋਤੜੇ )
(ਸਾਈਡ ਵਾਕ-ਸੜਕ ਕਿਨਾਰੇ ਪੈਦਲ ਚੱਲਣ ਵਾਲਿਆਂ ਲਈ ਬਣਿਆ ਉਚਾ ਰਸਤਾ)

ਕੂੰਜਾਂ : ਕਦੋਂ ਦੇ ਖੜ੍ਹੇ ਨੇ


ਮੁੱਦਤਾਂ ਪਹਿਲਾਂ
ਤੁਰਿਆ ਸਾਂ ਜਦੋਂ ਘਰੋਂ
ਪਰਦੇਸ ਨੂੰ,
ਉਦੋਂ ਦੇ ਹੀ
ਚੇਤਿਆਂ ਵਿਚ ਅਟਕੇ ਪਏ ਨੇ ਕਈ ਪਲ -
ਫੋਟੋ ਫਰੇਮਾਂ ਵਾਂਗ।

-ਕਿ ਅੰਗੀਠੀ ਤੇ ਪਏ
ਟਿਕਟਿਕ ਕਰਦੇ ਚਾਬੀ ਵਾਲੇ ਟਾਈਮਪੀਸ ਨੇ
ਵਜਾਏ ਨੇ ਸ਼ਾਮ ਦੇ ਪੂਰੇ ਛੇ,
-ਫਲ੍ਹੇ ਵਿਚਦੀ ਲੰਘਦੇ ਕੇਹਰੂ ਨੇ
ਮਹੀਆਂ ਨੂੰ ਮਾਰਨ ਲਈ
ਚੁੱਕੀ ਹੈ ਪਰਾਣੀ,
-ਛੱਪੜ ਕੰਢੇ ਲੱਗੇ
ਬੋਹੜ ਦੇ ਟਾਹਣ ਤੋਂ
ਨੰਗ ਧੜੰਗੇ ਕਰਮੂ ਨੇ ਮਾਰੀ ਹੈ ਛਾਲ
-ਚਾਚੀ ਕਰਤਾਰੋ ਚੁੰਨੀ ਦੇ ਪੱਲੇ 'ਚੋਂ
ਉਲਟਾਉਣ ਲੱਗੀ ਹੈ ਕਣਕ
ਹੱਂਟੀ ਵਾਲੇ ਲਾਲੇ ਦੀ ਤੱਕੜੀ 'ਚ।
-ਚਿੰਤੋ ਬੇਬੇ ਟੋਕਰੇ 'ਚ ਪਾਥੀਆਂ ਚੁੱਕੀ
ਆਪਣੇ ਬੂਹੇ ਵੜਨ ਲੱਗੀ ਹੈ
-ਗੁਰਦਵਾਰੇ ਦਾ ਸਪੀਕਰ ਖੜਕਿਆ ਹੈ
ਤੇ ਲਮਕਾ ਕੇ ਭਾਈ ਜੀ ਨੇ ਕਿਹਾ ਹੈ
ਵਾ ਹਿ ਗੁ ਰੂ ....!
-ਗੇਂਦੀ ਅਮਲੀ ਦਾ ਨਿਆਣਾ
ਟਾਇਰ ਭਜਾਈ ਆਉਂਦਾ ਅੜ੍ਹਕ ਕੇ
ਡਿੱਗਣ ਲੱਗਾ ਹੈ।
-ਬੀਨ ਵਜਾਉਂਦੇ ਜਾਂਦੇ ਜੋਗੀ ਪਿੱਛੇ
ਭੱਜੀ ਜਾਂਦੀ ਹੈ ਜੁਆਕਾਂ ਦੀ ਹੇੜ੍ਹ
-ਮਾਸਟਰ ਜੀ ਦੇ ਸਾਈਕਲ ਨੂੰ
ਪੈਂਚਰ ਲਾ ਰਿਹਾ ਹੈ ਵੇਦਾ ਬਾਈ,
-ਧਾਰ ਚੋਣ ਬੈਠੀ ਚਾਚੀ ਨੇ
ਨਿੱਕੇ ਗੇਲੀ ਦੇ ਮੂੰਹ ਵੱਲ ਧਾਰ ਮਾਰੀ ਹੈ
ਉਹ ਮੂੰਹ ਅੱਡੀ ਅੱਖਾਂ ਬੰਦ ਕਰੀ ਖੜ੍ਹਾ ਹੈ.....।

ਚੇਤਿਆਂ ਵਿਚ ਹਮੇਸ਼ਾ ਲਈ ਅਟਕੇ ਪਏ ਨੇ
ਇਹ ਪਲ, ਫੋਟੋ ਫਰੇਮਾਂ ਵਾਂਗ....
ਹੁਣ ਵਰ੍ਹਿਆਂ ਪਿਛੋਂ
ਪਿੰਡ ਨੂੰ ਪਰਤਣ ਲੱਗਿਆਂ ਹਾਂ
-ਤਾਂ ਕਿ ਭਰਾਂ ਟਾਈਮਪੀਸ ਨੂੰ ਚਾਬੀ
-ਦੇਖਾਂ ਪਰਾਣੀ ਵਰ੍ਹਨ ਤੇ ਛੜੱਪਾ ਮਾਰਦੀ ਮੱਝ
-ਸੁਣਾਂ ਛੱਪੜ 'ਚ ਛਾਲ ਮਾਰਦੇ ਕਰਮੂ ਕਰਕੇ
ਆਉਂਦੀ ਛਲੱਪ ਦੀ ਆਵਾਜ਼
-ਲਾਲਾ ਤੋਲ ਕੇ ਚਾਚੀ ਕਰਤਾਰੋ ਨੂੰ ਦੱਸੇ
ਕਿੰਨੇ ਦੀ ਬਣੀ ਕਣਕ
-ਚਿੰਤੋ ਬੇਬੇ ਰੱਖ ਕੇ ਟੋਕਰਾ ਇੰਨੂ ਟੰਗੇ ਕਿੱਲੇ 'ਤੇ
-ਵਾਕ ਲਵੇ ਭਾਈ ਜੀ।
-ਗੇਂਦੀ ਦੇ ਨਿਆਣੇ ਦੇ ਛਿੱਲ੍ਹੇ ਗਏ ਗੋਡੇ 'ਤੇ
ਲੱਗੇ 'ਸੀਬਾਜੋਲ' ਦੀ ਗੋਲੀ
-ਜੋਗੀ ਦਿਖਾਵੇ ਨਿਆਣਿਆਂ ਨੂੰ ਸੱਪ ਦਾ ਨਾਚ
-ਵੇਦਾ ਪੈਂਚਰ ਲਾ ਕੇ ਸਾਈਕਲ ਕਰੇ ਸਿੱਧਾ,
ਮਾਸਟਰ ਜੀ ਸਾਈਕਲ ਦੀ ਕਾਠੀ ਤੇ ਹੱਥ ਮਾਰਨ
ਤੇ ਪਹੁੰਚਣ ਘਰੇ
-ਤੇ ਨਿੱਕਾ ਗੇਲੀ ਧਾਰ ਮੂੰਹ 'ਤੇ ਪੈਣ 'ਤੇ ਮਾਰੇ ਚਾਂਭਲ।

ਮੁਕਤ ਹੋਣ ਸਾਰੇ -
ਕਦੋਂ ਦੇ ਖੜ੍ਹੇ
ਮੈਨੂੰ ਉਡੀਕੀ ਜਾ ਰਹੇ ਨੇ

ਕੂੰਜਾਂ : ਮੈਂ ਕਿੰਜ ਆਵਾਂਗਾ

(ਟੋਰਾਂਟੋ ਹਵਾਈ ਅੱਡੇ ਤੇ ਵਾਪਸੀ ਦਾ ਜਹਾਜ਼ ਉਡੀਕਦਿਆਂ)

ਤੁਰਨ ਲੱਗੇ ਨੂੰ ਦੋਸਤ ਤਾਕੀਦ ਕਰਦੇ ਨੇ
ਅਗਲੀ ਵਾਰ ਆਇਆ ਤਾਂ
ਲੈ ਕੇ ਆਵੀਂ
ਮੌਸਮਾਂ ਦੀ ਸੁਗੰਧ ਦਾ ਇੱਕ ਚੱਪਾ
ਲਿਪੇ ਘਰ ਦੀ ਖੁਸ਼ਬੋ, ਹਲਾਂ ਦੇ ਗੀਤ
ਘਿਓ ਦੇ ਤੜਕੇ ਦੀ ਮਹਿਕ
ਧਰਤੀ ਦੇ ਕਿਣਕੇ।
ਬੇਬੇ ਦੇ ਲੰਬੀ ਹੇਕ ਦੇ ਗੀਤ
ਕੱਚਿਆਂ ਕੋਠਿਆਂ ਦੀਆਂ ਤਸਵੀਰਾਂ
ਘਰ ਦੇ ਮੱਖਣ ਦੀ ਮਹਿਕ
ਸਾਜ੍ਹਰੇ ਮਧਾਣੀ ਦੀ ਲੈਅ ਨਾਲ
ਪਾਠ ਕਰਦੀ ਬੇਬੇ ਦੀ ਯਾਦ
ਬਾਹਰਲੇ ਘਰੋਂ ਆਉਂਦੀ ਗੋਹੇ ਦੀ ਮੁਸ਼ਕ
ਰੂੜੀਆਂ ਤੇ ਉੱਗੀ ਇਟਸਿਟ ਦੀ ਯਾਦ....

ਮਨ 'ਚ ਸੋਚਦਾ ਹਾਂ
ਅਗਲੀ ਵਾਰ ਆਇਆ
ਤਾਂ ਕਿੰਜ ਆਵਾਂਗਾ।

Wednesday, September 2, 2009

ਬਿਨਾਂ ਪਤੇ ਵਾਲਾ ਖ਼ਤ ਬਾਰੇ

ਜ਼ਿੰਦਗੀ ਅਤੇ ਆਲੇ ਦੁਆਲੇ ਬਾਰੇ ਨਜ਼ਮਾਂ

ਬਿਨਾਂ ਪਤੇ ਵਾਲਾ ਖ਼ਤ ਬਾਰੇ

ਕੰਵਲਜੀਤ ਢੁੱਡੀਕੇ ਦਾ ਇਹ ਪਲੇਠਾ ਕਾਵਿ ਸੰਗ੍ਰਹਿ 1997 ਵਿਚ ਛਪਿਆ।
ਪੰਜਾਬ ਦੇ ਹਾਲਾਤਾਂ ਤੋਂ ਲੈ ਕੇ ਜ਼ਿੰਦਗੀ ਦੀਆਂ ਘੁੰਮਣਘੇਰੀਆਂ ਬਾਰੇ ਲਿਖੀਆਂ ਇਨ੍ਹਾਂ ਨਜ਼ਮਾਂ ਦਾ ਕਈ ਜ਼ੁਬਾਨਾਂ ਵਿਚ ਤਰਜਮਾ ਹੋ ਚੁੱਕਿਆ ਹੈ। ਰਿਲੀਜ਼ ਸਮਾਰੋਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਦਿਆਰਥੀ ਭਵਨ ਵਿਚ ਹੋਇਆ। ਗੋਸ਼ਟੀ ਦੌਰਾਨ ਡਾ. ਸੁਤਿੰਦਰ ਸਿੰਘ ਨੂਰ, ਸੁਰਜੀਤ ਪਾਤਰ, ਨਿਰੰਜਣ ਤਸਨੀਮ, ਸਵ. ਨਰੂਲਾ ਸਾਹਿਬ ਪ੍ਰਧਾਨਗੀ ਮੰਡਲ ਵਿਚ ਸ਼ਾਮਲ ਹੋਏ। ਅਮਰਜੀਤ ਗਰੇਵਾਲ, ਡਾ. ਸਰਬਜੀਤ ਸਿੰਘ ਅਤੇ ਪ੍ਰੋ. ਰਮਨ ਨੇ ਪਰਚੇ ਪੜ੍ਹੇ। ਸਟੇਜ ਸੰਚਾਲਨ ਜਸਵੰਤ ਜ਼ਫਰ ਨੇ ਕੀਤਾ। ਗਾਇਕ ਵੀਰ ਸੁਖਵੰਤ ਤੇ ਕੁਝ ਹੋਰ ਦੋਸਤਾਂ ਨੇ ਕੁਝ ਗੀਤਾਂ ਤੇ ਗਜ਼ਲਾਂ ਨੂੰ ਖੂਬਸੂਰਤੀ ਨਾਲ ਗਾਇਆ। ਬਲਦੇਵ ਸਿੰਘ 'ਸੜਕਨਾਮਾ', ਪ੍ਰਿੰ. ਗੁਰਮੇਲ ਸਿੰਘ, ਲੇਖਕ ਦੇ ਪਿਤਾ ਗਿਆਨੀ ਕਿਰਪਾਲ ਸਿੰਘ, ਪ੍ਰਿੰ. ਹਰੀ ਸਿੰਘ, ਜਗਦੇਵ ਸਿੰਘ ਜੱਸੋਵਾਲ, ਗੁਰਭਜਨ ਗਿੱਲ, ਸੰਤੋਖ ਔਜਲਾ, ਦਲਜੀਤ ਸਿੰਘ ਜੱਸਲ, ਸਵਰਨਜੀਤ ਸਵੀ, ਪ੍ਰਿੰ. ਸੁਰਿੰਦਰਬੀਰ ਸਿੰਘ ਤੇ ਕਈ ਹੋਰ ਸਾਹਿਤਕ ਦੋਸਤ ਮਿੱਤਰ ਸ਼ਾਮਲ ਹੋਏ। ਇਸ ਬਲਾਗ ਵਿਚ ਇਸ ਕਾਵਿ ਸੰਗ੍ਰਹਿ ਵਿਚਲੀਆਂ ਨਜ਼ਮਾਂ ਨੂੰ ਪੇਸ਼ ਕੀਤਾ ਗਿਆ ਹੈ।


ਸਮਰਪਣ
ਸਿਰੜੀ ਤੇ ਅਣਥੱਕ ਮਾਂ
ਸਵਰਗੀ ਸ੍ਰੀ ਮਤੀ ਅਮਰ ਕੌਰ
ਦੀ ਯਾਦ ਦੇ ਨਾਮ

ਬਿਨਾਂ ਪਤੇ ਵਾਲਾ ਖ਼ਤ : ਆਦਿਕਾ

ਆਦਿਕਾ : - ਸੁਰਜੀਤ ਪਾਤਰ, ਜੂਨ 1997

ਕੰਵਲਜੀਤ, ਜਿਸਦੇ ਨੈਣ ਨਕਸ਼, ਦੂਰਦਰਸ਼ਨ ਦਾ ਨਿਊਜ਼ ਰੀਡਰ ਹੋਣ ਦੇ ਨਾਤੇ, ਪੰਜਾਬ ਲਈ ਜਾਣੇ ਪਛਾਣੇ ਹਨ, ਸਿਰਫ਼ ਖ਼ਬਰਾਂ ਪੜ੍ਹਨ ਦੇ ਹੀ ਸਮਰਥ ਨਹੀਂ, ਖ਼ਬਰਾਂ ਸਿਰਜਣ ਦੇ ਵੀ ਸਮਰਥ ਹੈ। ਆਪਣੇ ਵਿਦਿਆਰਥੀ ਜੀਵਨ ਤੋਂ ਲੈ ਕੇ ਹੁਣ ਤੱਕ ਉਸਨੇ ਮੰਚ-ਅਦਾਕਾਰੀ, ਨਿਰਦੇਸ਼ਨ, ਫੋਟੋਗ੍ਰਾਫੀ ਤੇ ਸਕੈਚਿੰਗ ਦੇ ਖੇਤਰ ਦੀਆਂ ਅਨੇਕਾਂ ਪ੍ਰਤੀਯੋਗਤਾਵਾਂ ਵਿੱਚ ਅੱਵਲ ਰਹਿ ਕੇ ਖ਼ਬਰਾਂ ਸਿਰਜੀਆਂ ਹਨ। ਉਸਦੇ ਅਕਸੀ-ਚਿੱਤਰਾਂ ਦੀਆਂ ਇਕ-ਪੁਰਖੀ ਨੁਮਾਇਸ਼ਾਂ, ਸਲਾਈਡ ਸ਼ੋਅ ਤੇ ਹੁਣ ਉਸਦੇ ਪ੍ਰਥਮ ਕਾਵਿ ਸੰਗ੍ਰਹਿ ਦਾ ਪ੍ਰਕਾਸ਼ਨ ਵੀ ਇਕ ਅਜਿਹੀ ਖ਼ਬਰ ਹੀ ਹੈ।
ਖ਼ਬਰਾਂ ਪੜ੍ਹਨ ਤੇ ਖ਼ਬਰਾਂ ਸਿਰਜਣ ਤੋਂ ਇਲਾਵਾ ਕੰਵਲਜੀਤ ਖ਼ਬਰਾਂ ਨੂੰ ਆਪਣੇ ਸੀਨੇ 'ਤੇ ਝੱਲਣ ਦੀ ਸੰਵੇਦਨਾ ਦਾ ਧਾਰਨੀ ਵੀ ਹੈ। ਉਹ ਖ਼ਬਰਾਂ ਪਿਛਲੇ ਇਤਿਹਾਸ ਨੂੰ ਵੀ ਜਾਣਦਾ ਹੈ ਤੇ ਉਨ੍ਹਾਂ ਦੇ ਭਵਿੱਖ-ਮੁਖੀ ਪਰਛਾਂਵਿਆਂ ਤੋਂ ਵੀ ਸੁਚੇਤ ਹੈ। ਮਰ ਗਿਆਂ ਦੀ ਗਿਣਤੀ ਦੱਸਣ ਵੇਲੇ ਉਹ ਇੱਕ ਇੱਕ ਮ੍ਰਿਤਕ ਨਾਲ ਮਰੇ ਇੱਕ ਇੱਕ ਜਹਾਨ ਦਾ ਮਰਮ ਵੀ ਜਾਣਦਾ ਹੈ। ਏਹੀ ਨਹੀਂ, ਉਸ ਲਈ ਤਾਂ ਇੱਕ ਪੱਤੇ ਦਾ ਟੁੱਟਣਾ ਵੀ ਖ਼ਬਰ ਹੈ, ਇੱਕ ਫੁੱਲ ਦਾ ਖਿੜਨਾ ਵੀ ਤੇ ਰਸਤੇ 'ਤੇ ਸੱਜਰੀ ਪੈੜ ਦਾ ਪੈਣਾ ਵੀ। ਤਦੇ ਹੀ ਤਾਂ ਉਹ ਅਕਸਰ ਸੂਰਜ ਚੜ੍ਹਨ ਤੋਂ ਵੀ ਪਹਿਲਾਂ ਆਪਣਾ ਕੈਮਰਾ ਮੋਢੇ ਲਟਕਾਈ ਅਜਿਹੇ ''ਇਤਿਹਾਸਕ ਛਿਣਾਂ'' ਨੂੰ ਪਕੜਨ ਲਈ ਨਿਕਲ ਤੁਰਦਾ ਹੈ।
ਕਿ ਉਸ ਲਈ ਤਿਤਲੀ ਦਾ ਮੁਰਝਾਏ ਫੁੱਲ ਕੋਲ ਬੈਠਣਾ ਵੀ ਇਕ ਖ਼ਬਰ ਹੈ, ਖ਼ਬਰ ਹੀ ਨਹੀਂ ਪੂਰਾ ਅਧਿਆਇ ਹੈ, ਅਧਿਆਇ ਹੀ ਨਹੀਂ ਪੂਰਾ ਦਰਸ਼ਨ ਹੈ, ਇਸ ਗੱਲ ਦਾ ਪਤਾ ਮੈਨੂੰ ਇਕ ਕਾਵਿ-ਸੰਗ੍ਰਹਿ ਦੀਆਂ ਕਵਿਤਾਵਾਂ ਪੜ੍ਹ ਕੇ ਲੱਗਾ। ਇਸ ਕਾਵਿ-ਸੰਗ੍ਰਹਿ ਵਿੱਚ ਕਈ ਰੰਗਾਂ ਦੀਆਂ ਕਵਿਤਾਵਾਂ ਹਨ, ਪਰ ਹਰੇਕ ਰੰਗ ਵਿੱਚ ਉਸ ਦੀਆਂ ਆਪਣੀਆਂ ਮੌਲਿਕ ਤੇ ਸੱਜਰੀਆਂ ਛੋਹਾਂ ਹਨ। ਕੁਝ ਕਵਿਤਾਵਾਂ ਵਿੱਚ ਤਾਂ ਉਹ ਬਿਲਕੁਲ ਨਿਵੇਕਲੇ ਤੇ ਨਿੱਜੀ ਅੰਦਾਜ਼ ਵਿੱਚ ਉਦੈ ਹੁੰਦਾ ਹੈ। ਇਨ੍ਹਾਂ ਕਵਿਤਾਵਾਂ ਵਿੱਚ ''ਫਿਰ ਤੋਂ ਖਿੜ'', 'ਚਿੜੀ ਦਾ ਐਲਾਨ'', ''ਔਰਤ ਬਨਾਮ ਔਰਤ'', ''ਕਸੂਤੀ ਜਿਹੀ ਗਾਲ੍ਹ'', ''ਇੱਕ ਸਵੇਰ'', ''ਚੀਕ'', ''ਪੰਖੇਰੂ ਤੇ ਪਰਵਾਜ਼'', ''ਪੀ ਸੀ ਓ ਕਵਿਤਾ'' ਪ੍ਰਮੁੱਖ ਹਨ।
ਸਿਰਫ਼ ਅੰਦਾਜ਼ ਹੀ ਨਹੀਂ ਇਨ੍ਹਾਂ ਕਵਿਤਾਵਾਂ ਦੀ ਸੰਵੇਦਨਾ ਤੇ ਸੁਨੇਹਾ ਵੀ ਬਹੁਤ ਵੱਖਰਾ, ਨਵਾਂ ਤੇ ਹਾਂ-ਮੁਖੀ ਹੈ। ਮਿਸਾਲ ਦੇ ਤੌਰ ਤੇ ਕਵਿਤਾ ''ਫਿਰ ਤੋਂ ਖਿੜ'' ਇਹ ਸੁਨੇਹਾ ਦਿੰਦੀ ਪ੍ਰਤੀਤ ਹੁੰਦੀ ਹੈ ਕਿ ਜ਼ਿੰਦਗੀ ਨੂੰ ਯੋਗਦਾਨ ਸਿਰਫ਼ ਜਾਂਬਾਜ਼ੀ, ਬਹਾਦਰੀ ਤੇ ਬਲੀਦਾਨ ਨਾਲ ਹੀ ਨਹੀਂ ਦਿੱਤਾ ਜਾਂਦਾ, ਕਿਸੇ ਨੂੰ ਖ਼ੂਬਸੂਰਤ ਪ੍ਰੇਰਣਾ ਦੇ ਕੇ ਵੀ ਦਿੱਤਾ ਜਾ ਸਕਦਾ ਹੈ। ਤਿਤਲੀ ਝੱਖਣ ਨਾਲ ਮੱਥਾ ਨਹੀਂ ਲਾ ਸਕਦੀ ਪਰ ਉਹ ਕਿਸੇ ਫੁੱਲ ਨੂੰ ਖਿੜਨ ਦੀ ਪ੍ਰੇਰਣਾ ਤਾਂ ਦੇ ਹੀ ਸਕਦੀ ਹੈ-
ਉਸ ਨੇ ਝੱਖੜ ਨਾਲ ਮੱਥਾ ਨਹੀਂ ਲਾਇਆ
ਲਿਖ ਭੇਜਿਆ ਐਲਾਨਨਾਮਾ
ਹਾਰ ਮੰਨਣ ਦਾ-
ਤੇ ਲਿਖ ਭੇਜਿਆ
ਕਿ ਉਸ ਕੋਲ ਕਰਨ ਲਈ
ਹੈ ਇੱਕ ਬਹੁਤ ਜ਼ਰੂਰੀ ਕੰਮ

ਖੰਭਾਂ ਤੇ ਉਸਨੇ
ਲਿਖਿਆ ਸਿਰਨਾਵਾਂ
ਆਕਾਸ਼ ਦਾ ਅਤੇ ਝਰਨੇ ਦਾ
ਉੱਡੀ ਉਹ ਨਦੀਆਂ ਤੋਂ ਦੀ
ਉੱਡੀ ਉਹ ਪਹਾੜਾਂ ਤੋਂ ਦੀ
ਉਹ ਨਿੱਕੀ ਜਿਹੀ ਜਾਨ ਤਿਤਲੀ
ਬਗੈਰ ਅੱਕਿਓਂ
ਬਗੈਰ ਥੱਕਿਓਂ
ਪਹੁੰਚੀ ਇੱਕ ਮੁਰਝਾਏ ਫੁੱਲ ਕੋਲ......
ਬੇਸ਼ਕ ਕੰਵਲਜੀਤ ਦੀ ਇੱਕ ਹੋਰ ਨਜ਼ਮ ''ਬਲਦਾ ਜੰਗਲ'' ਕਲਾਕਾਰ ਦੀ ਓੜਕੀ ਪ੍ਰਤੀਬੱਧਤਾ ਵਲ ਵੀ ਸੰਕੇਤ ਕਰਦੀ ਹੈ ਜਿਸ ਮੁਤਾਬਿਕ ਇੱਕ ਕਲਾਕਾਰ ਪਹਿਲਾਂ ਸਾਜ਼, ਕਲਮ ਤੇ ਬੁਰਸ਼ ਨਾਲ ਕੋਸ਼ਿਸ਼ ਕਰਦਾ ਹੈ ਪਰ ਅੰਤ ਉਹ ਸਾਜ਼, ਕਲਮ ਤੇ ਬੁਰਸ਼ ਇੱਕ ਪਾਸੇ ਰੱਖ ਕੇ ਬਲਦੇ ਜੰਗਲ ਵੱਲ ਤੁਰ ਪੈਂਦਾ ਹੈ। ਏਹੀ ਭਾਵਨਾ ''ਕਵੀ'' ਨਾਮੀ ਇੱਕ ਹੋਰ ਕਵਿਤਾ ਵਿੱਚ ਵੀ ਪ੍ਰਗਟ ਕੀਤੀ ਗਈ ਹੈ। ਪਰ ਜਿਵੇਂ ਕਿ ਬ੍ਰੈਖ਼ਤ ਦੀ ਇੱਕ ਕਵਿਤਾ ਦੀਆਂ ਸਤਰਾਂ ਹਨ :
ਬਦਨਸੀਬ ਹੈ ਉਹ ਧਰਤੀ ਜਿਸ ਕੋਲ ਨਾਇਕ ਨਹੀਂ
ਬਦਨਸੀਬ ਹੈ ਉਹ ਧਰਤੀ ਜਿਸ ਨੂੰ ਨਾਇਕਾਂ ਦੀ ਲੋੜ ਹੈ
ਨਾਇਕਤਵ, ਬਲੀਦਾਨ ਤੇ ਕੁਰਬਾਨੀਆਂ ਦੀ ਮਹੱਤਤਾ ਤੋਂ ਕੋਈ ਇਨਕਾਰ ਨਹੀਂ ਕਰ ਸਕਦਾ ਪਰ ਨਿੱਕੀਆਂ ਨਿੱਕੀਆਂ ਮਿਹਰਬਾਨੀਆਂ ਦੇ ਕਾਰਜ ਵੀ ਜ਼ਿੰਦਗੀ ਨੂੰ ਕਿੰਨੀ ਖ਼ੂਬਸੂਰਤ ਤੇ ਜਿਊਣ ਜੋਗੀ ਬਣਾਉਂਦੇ ਹਨ। ਕੰਵਲਜੀਤ ਦੀ ਇੱਕ ਕਵਿਤਾ ''ਔਰਤ ਬਨਾਮ ਔਰਤ'' ਵਿੱਚ ਆਰਥਿਕ ਮਜਬੂਰੀ ਵੱਸ ਆਪਣੀ ਵਿਆਹ ਦੀ ਫੁਲਕਾਰੀ ਵੇਚਣ ਆਈ ਔਰਤ ਕੋਲੋਂ ਮਾਂ ਫੁਲਕਾਰੀ ਖਰੀਦ ਲੈਂਦੀ ਹੈ, ਪੈਸੇ ਗਿਣ ਕੇ ਉਸ ਦੇ ਹੱਥ ਤੇ ਰੱਖਦੀ ਹੈ ਪਰ ਨਾਲ ਹੀ ਉਹ ਫੁਲਕਾਰੀ ਵੀ ਉਸ ਗਰੀਬ ਔਰਤ ਦੇ ਸਿਰ 'ਤੇ ਰੱਖ ਦਿੰਦੀ ਹੈ ।
''ਪੰਖੇਰੂ ਤੇ ਪਰਵਾਜ਼'' ਵਿੱਚ ਰੁੱਖ ਸੁੰਨੇ ਵਿਹੜੇ ਨੂੰ ਦਿਲਾਸਾ ਦਿੰਦਾ ਹੈ। ''ਕਸੂਤੀ ਜਿਹੀ ਗਾਲ੍ਹ'' ਵਿੱਚ ਸਿਪਾਹੀ ਪਤਨੀ ਲਈ ਖਾਧੇ ਪੀਤੇ ਦੀ ਸਿਰਫ਼ ਹਵ੍ਹਾੜ ਲੈ ਕੇ ਆਉਂਦਾ ਹੈ। ਸ਼ੀਸ਼ਾ ਦੇਖਦਾ ਹੈ ਤਾਂ ਸ਼ੀਸ਼ੇ ਨੂੰ ਗਾਲ੍ਹ ਕੱਢਦਾ ਹੈ। ਨਿੱਕੇ ਨਿੱਕੇ ਦ੍ਰਿਸ਼ਾਂ ਜਾਂ ਅਵਲੋਕਨਾਂ (Observations)ਰਾਹੀਂ ਕਵਿਤਾ ਉਸਾਰਨੀ ਕੰਵਲਜੀਤ ਦਾ ਵਿਸ਼ੇਸ਼ ਅੰਦਾਜ਼ ਹੈ। ਇਹ ਦ੍ਰਿਸ਼ ਇੱਕੋ ਸਮੇਂ ਯਥਾਰਥਕ ਵੀ ਹੁੰਦੇ ਹਨ ਤੇ ਪ੍ਰਤੀਕਮਈ ਵੀ :
ਛੋਟੀਆਂ ਬੱਚੀਆਂ ਦੇ
'ਘਰ ਘਰ ਖੇਡਦਿਆਂ ਤੋਂ
ਉਨ੍ਹਾਂ ਦੇ ਪਟੋਲਿਆਂ ਉਪਰੋਂ
ਲੰਘ ਜਾਂਦਾ ਹੈ
ਇੱਕ ਫੌਜੀ ਟਰੱਕ ਦਾ ਟਾਇਰ (ਜੁਗਨੀ)
ਉਸਦੀਆਂ ਹੋਰ ਕਵਿਤਾਵਾਂ ਵਿੱਚ ਵੀ ਅਛੂਤੇ ਖ਼ਿਆਲ, ਬਿੰਬ, ਭਾਵਨਾਵਾਂ ਤੋਂ ਸੰਵੇਦਨਾਵਾਂ ਹਨ :
ਰ ਹੁਣ ਮੇਰੇ ਗਰਾਂ ਵਿੱਚ
ਸਿਰਫ਼ ਦੋ ਤਰ੍ਹਾਂ ਦੇ ਲੋਕ ਬਚੇ ਹਨ
ਇੱਕ ਉਹ
ਜਿਨ੍ਹਾਂ ਨਾਲ ਹਾਦਸਾ 'ਹੋ ਚੁੱਕਾ' ਹੈ
ਤੇ ਇੱਕ ਉਹ
ਜਿਨ੍ਹਾਂ ਨਾਲ ਹਾਦਸਾ 'ਹੋਣ ਵਾਲਾ' ਹੈ (ਹਾਦਸੇ)

ਰ ਦੇ ਦੇ ਨ੍ਹੇਰਾ ਸਾਰਾ ਬੁੱਕਲ ਮਾਰਨ ਲਈ
ਨਹੀਂ ਬਚੀ ਕੋਈ ਛੁਪਣ ਦੀ ਪਿੰਡ 'ਚ ਥਾਂ ਮੇਰੇ। (ਮੌਤ ਪ੍ਰਾਹੁਣੀ)

ਰ ਅੱਜ ਹਥਿਆਰ ਆਪਣੇ ਫਲਾਂ ਤੋਂ
ਮਾਸੂਮ ਨਾਂ ਪੜ੍ਹ ਕੇ
ਬੜੇ ਸਹਿਮੇ ਨੇ ਪੁੱਛਦੇ ਫਿਰਦੇ ਨੇ
ਹਰ ਇੱਕ ਨੂੰ ਫੜ ਫੜ ਕੇ
ਉਨ੍ਹਾਂ ਤੋਂ ਕਿਉਂ, ਕਿਵੇਂ, ਕਿੱਥੇ
ਤੇ ਕੀ ਕਰਵਾ ਗਿਆ ਕੋਈ (ਤੇਰਾ ਸ਼ਹਿਰ)

ਕੰਵਲਜੀਤ ਪੇਸ਼ੇ ਵਜੋਂ ਇਲੈਕਟ੍ਰਾਨਿਕਸ ਇੰਜਨੀਅਰਿੰਗ ਦਾ ਪ੍ਰੋਫੈਸਰ ਹੈ। ਉਸ ਦੀ ਖ਼ੂਬਸੂਰਤ ਫੋਟੋ ਕਲਾ, ਸਕੈਚਿੰਗ, ਅਦਾਕਾਰੀ, ਨਿਰਦੇਸ਼ਨ ਤੇ ਸ਼ਾਇਰੀ ਉਸ ਦੀ ਬਹੁ-ਮੁਖੀ ਪ੍ਰਤਿਭਾਠ ਕਾਵਿਕ-ਦ੍ਰਿਸ਼ਟੀ, ਕਰੁਣਾ, ਕਾਮਨਾ ਤੇ ਸ੍ਰਿਸ਼ਟੀ ਨਾਲ ਉਸ ਦੀ ਸਾਂਝ ਦੇ ਵੱਖਰੇ ਵੱਖਰੇ ਪਸਾਰ ਹਨ ਜਿਹੜੇ ਇੱਕ ਦੂਜੇ ਨੂੰ ਯੋਗਦਾਨ ਦੇ ਰਹੇ ਹਨ। ਉਸ ਦੀ ਸ਼ਾਇਰੀ ਨੂੰ ਵੀ ਉਸ ਦੀ ਬਾਕੀ ਕਲਾ ਖੇਤਰਾਂ ਵਿੱਚੋਂ ਆਉਂਦੀ ਲੋਅ ਰੌਸ਼ਨ ਕਰ ਰਹੀ ਹੈ। ਉਸ ਦੀਆਂ ਨਿਵੇਕਲੀਆਂ ਸਕੈੱਚ-ਕਵਿਤਾਵਾਂ ਏਸੇ ਦੀ ਮੂੰਹ ਬੋਲਦੀ ਤਸਵੀਰ ਹਨ।
ਇਹ ਸੰਗ੍ਰਹਿ ਸਮਕਾਲੀ ਪੰਜਾਬੀ ਕਵਿਤਾ ਵਿੱਚ ਇੱਕ ਸੁਹਜਮਈ, ਸੱਜਰਾ ਤੇ ਮੌਲਿਕ ਵਾਧਾ ਹੈ। ਇਸ ਦੀਆਂ ਕਵਿਤਾਵਾਂ ਕਾਵਿ-ਰਸੀਆਂ ਦਾ ਧਿਆਨ ਆਪਣੀ ਨਿਵੇਕਲੀ ਸਾਰਥਕਤਾ ਵੱਲ ਜ਼ਰੂਰ ਆਕਰਸ਼ਿਤ ਕਰਨਗੀਆਂ ਤੇ ਇਨ੍ਹਾਂ ਨਾਲ ਪੰਜਾਬੀ ਕਾਵਿਕ ਸੰਵੇਦਨਾ, ਜੀਵਨ-ਦ੍ਰਿਸ਼ਟੀ, ਭਾਸ਼ਾ ਯੋਗਤਾ, ਕਾਵਿ-ਤਕਨੀਕਾਂ, ਅਨੁਭਵਾਂ ਤੇ ਹਮਦਰਦੀਆਂ ਦਾ ਘੇਰਾ ਵਿਸ਼ਾਲ ਹੋਵੇਗਾ।
ਕਵਿਤਾ ਕਿਸੇ ਕੌਮ, ਦੇਸ਼ ਜਾਂ ਧਰਤੀ ਦੇ ਲੋਕਾਂ ਨੂੰ ਵਧੇਰੇ ਸੰਵੇਦਨਸ਼ੀਲ ਬਣਾਉਣ, ਉਨ੍ਹਾਂ ਨੂੰ ਆਪਣੀ ਹੋਂਦ ਦੇ ਅਰਥਾਂ ਤੇ ਸੰਭਾਵਨਾਵਾਂ ਪ੍ਰਤੀ ਸੁਚੇਤ ਕਰਨ, ਸੁਪਨਿਆਂ, ਡਰਾਂ ਤੇ ਆਸਾਂ ਨੂੰ ਤਹਿ ਤੇ ਲੈ ਕੇ ਆਉਣ, ਜ਼ਿੰਦਗੀ ਦੀ ਜੰਗ ਤੇ ਜਸ਼ਨ ਵਿੱਚ ਸ਼ਾਮਿਲ ਹੋਣ ਤੇ ਵਧੇਰੇ ਪ੍ਰਮਾਣਿਕ ਜੀਵਨ ਜਿਊਣ ਲਈ ਟੁੰਬਣ ਦੇ ਕਾਰਜ ਵਿਚ ਸਹਾਈ ਹੁੰਦੀ ਹੈ।
ਇਹ ਕਾਰਜ ਕਰਨ ਲਈ ਕਵਿਤਾ ਨੂੰ ਕੋਈ ਉਚੇਚ ਨਹੀਂ ਕਰਨਾ ਪੈਂਦਾ, ਇਹ ਉਸਦਾ ਸਹਿਜ ਜੀਵਨ ਹੈ। ਦਰਖ਼ਤ ਛਾਂ ਤੇ ਫਲ ਦੇਣ ਤੇ ਹਵਾ ਦੀ ਜ਼ਹਿਰ ਨੂੰ ਅੰਮ੍ਰਿਤ ਵਿੱਚ ਬਦਲਣ ਵਿੱਚ ਕੋਈ ਉਚੇਚ ਨਹੀਂ ਕਰਦੇ, ਇਹ ਉਨ੍ਹਾਂ ਦਾ ਸਹਿਜ ਕਰਮ ਹੈ, ਇਸ ਬਿਨਾਂ ਉਹ ਜੀਵਿਤ ਹੀ ਨਹੀਂ ਰਹਿ ਸਕਦੇ।
ਮੈਂ ਕੰਵਲਜੀਤ ਦੀਆਂ ਕਵਿਤਾਵਾਂ ਵਿਚੋਂ ਵੀ ਇਨ੍ਹਾਂ ਦਰੱਖ਼ਤਾਂ ਦੇ ਪੱਤਿਆਂ ਦੀ ਸਰਸਰਾਹਟ ਸੁਣੀ ਹੈ। ਮੈਂ ਉਸਨੂੰ ਮੁਬਾਰਕਬਾਦ ਦਿੰਦਾ ਹਾਂ ਤੇ ਉਸ ਦੇ ਪ੍ਰਥਮ ਕਾਵਿ-ਸੰਗ੍ਰਹਿ ਨੂੰ ਜੀ ਆਇਆਂ ਆਖਦਾ ਹਾਂ।

ਬਿਨਾਂ ਪਤੇ ਵਾਲਾ ਖ਼ਤ : ਤਾਰਿਆਂ ਦੀ ਛਾਂ


ਸੂਰਜ ਛਿਪਣ ਤੋਂ ਪਿੱਛੋਂ ਤੇ ਨ੍ਹੇਰਾ ਹੋਣ ਤੋਂ ਪਹਿਲਾਂ
ਰਿਹਰਸਲ ਹੋਣ ਤੋਂ ਪਿੱਛੋਂ ਤੇ ਨਾਟਕ ਹੋਣ ਤੋਂ ਪਹਿਲਾਂ
ਖ਼ਬਰ ਦੇ ਛਪਣ ਤੋਂ ਪਿੱਛੋਂ ਤੇ ਸੈਂਸਰ ਹੋਣ ਤੋਂ ਪਹਿਲਾਂ
ਗੀਤ ਦੇ ਲਿਖਣ ਤੋਂ ਪਿੱਛੋਂ ਤੇ ਸੁਰ ਵਿੱਚ ਹੋਣ ਤੋਂ ਪਹਿਲਾਂ



ਇਹ ਨਜ਼ਮਾਂ ਜ਼ਿੰਦਗੀ ਦੇ ਸੱਚ ਬਾਰੇ