Tuesday, September 1, 2009

ਬਿਨਾਂ ਪਤੇ ਵਾਲਾ ਖ਼ਤ : ਸਾਹਾਂ ਦੀ ਮਹਾਂਭਾਰਤ

ਅੰਤਰਮਨ ਦੀ ਮਹਾਂਭਾਰਤ
ਚਲਦੀ ਹੈ ਨਿਰੰਤਰ
ਜਿਥੇ ਸਾਹਾਂ ਲਈ
ਰੋਜ਼ ਲੜੀ ਜਾਂਦੀ ਹੈ ਇੱਕ ਲੜਾਈ

ਇਸ ਸ਼ਹਿਰ 'ਚ
ਕਿੰਨੇ ਹੀ ਸ਼ਕੁਨੀ ਨੇ
ਜਿਨ੍ਹਾਂ ਲਈ
ਸਾਰੀਆਂ ਧੀਆਂ ਦਰੋਪਦੀਆਂ

ਧ੍ਰਿਤਰਾਸ਼ਟਰ ਦੇ ਉੱਗ ਆਈਆਂ ਨੇ ਅੱਖਾਂ
ਦਰੋਪਦੀ ਦੇ ਚੀਰਹਰਨ ਵੇਲੇ
ਉਹ ਮਾਰਦਾ ਹੈ ਤਾੜੀਆਂ
ਤੇ ਟੈਲੀਵੀਜ਼ਨ ਦੇ ਪ੍ਰਾਈਮ-ਟਾਈਮ ਤੇ
ਇਹ ਤਮਾਸ਼ਾ ਦਿਖਾਉਣ ਲਈ
ਦਿੰਦਾ ਹੈ ਇੱਕ ਇਸ਼ਤਿਹਾਰ

ਭਗਵਾਨ ਨੂੰ ਵਿਹਲ ਨਹੀਂ ਲੱਗਦੀ-
ਉਸ ਨੂੰ ਤਾਂ ਉਲਝਾਈ ਰੱਖਦਾ ਏ
ਕਿਸੇ ਮੰਦਰ ਜਾਂ ਦਵਾਰੇ ਚੋਂ
ਚੜ੍ਹਾਵਾ ਸਾਂਭਦਾ
ਧਰਮ ਦਾ ਕੋਈ ਮਸ਼ਹੂਰ ਠੇਕੇਦਾਰ

ਸ਼ਹਿਰ 'ਚ ਘਰ ਨੇ ਲਾਖ਼ ਦੇ
ਜਿਨ੍ਹਾਂ ਨੂੰ ਕਰਨ ਲਈ ਰਾਖ਼ ਦੇ
ਭਾੜੇ ਤੇ ਮਿਲਦਾ ਹੈ
ਕਲੈਸ਼ਨੀਕੋਵ*

ਦਰੋਪਦੀ ਦੀਆਂ ਕਈ 'ਕਿਸਮਾਂ' ਨੇ
ਮੋਟੇ ਤੌਰ ਤੇ ਘਰੇਲੂ ਤੇ ਬਾਜ਼ਾਰੂ
ਤੇ ਵਿਚ ਵਿਚਾਲੇ ਕਿੰਨੀਆਂ ਹੀ ਹੋਰ
ਅਲੱਗ ਅਲੱਗ ਰੰਗ ਰੂਪ ਤੇ ਤੋਰ

ਇੱਕ ਦਰੋਪਦੀ
ਕਿਸੇ ਕੌਰਵ ਦੇ
ਦੂਰ ਤੱਕ ਵਿਛੇ
ਚੌਸਰ ਦੇ ਖ਼ਾਨਿਆਂ ਵਾਲੇ ਮਹਿਲ ਦੇ
ਕਾਲੇ ਖ਼ਾਨਿਆਂ 'ਚ ਪੈਰ ਰੱਖਦੀ
ਮਟਕਦੀ
ਗੁੰਮ ਹੋ ਜਾਂਦੀ ਹੈ

ਭਗਵਾਨ ਨੂੰ ਅੰਦਰ ਜਾਣ ਤੋਂ
ਰੋਕ ਦਿੰਦਾ ਹੈ
ਇੱਕ ਵਰਦੀਧਾਰੀ ਕਮਾਂਡੋ

ਸ਼ਕੁਨੀ ਯੁਧਿਸ਼ਟਰ ਤੋਂ
ਜਿੱਤਦਾ ਹੈ ਹਰ ਵਾਰ
ਯੁਧਿਸ਼ਟਰ ਹਾਰਦਾ ਹੈ
ਸਭ ਕੁਝ ਵਾਰ ਵਾਰ
ਕੋਈ ਵਿਦੁਰ ਨਹੀਂ
ਜੋ ਸਮਝਾਵੇ ਪਾਂਡਵਾਂ ਨੂੰ
ਕੌਰਵਾਂ ਦੀ ਹਰ ਨਵੀਂ ਚਾਲ

ਭੀਸ਼ਮ ਦੀਆਂ ਪਲਕਾਂ ਵਧ ਕੇ
ਢਕ ਲੈਂਦੀਆਂ ਨੇ ਅੱਖਾਂ -
ਜਦ ਉਹ ਦੇਖਦਾ ਹੈ
ਪੁਲਿਸ ਦੀ ਹਿਫ਼ਾਜ਼ਤ 'ਚ
ਕੈਮਰਿਆਂ ਦੀ ਭੀੜ 'ਚੋਂ ਦੀ
ਧੱਕੇ ਮੁੱਕੇ ਸਹਿੰਦਾ
ਅਦਾਲਤ ਨੂੰ ਜਾਂਦਾ
ਕੋਈ ਕੌਰਵ ਜਾਂ ਕੋਈ ਪਾਂਡਵ

ਪਿਤਾਮਾ ਸਭ ਦੇਖਦਾ ਹੈ
ਸਭ ਸੁਣਦਾ ਹੈ
ਗਾਂਧੀ ਦੇ ਤਿੰਨ ਬਾਂਦਰਾਂ ਨੂੰ
ਟੈਲੀਵਿਜ਼ਨ ਉੱਪਰ
ਮੂਧੇ ਕਰਕੇ ਰੱਖਦਾ ਹੈ
ਤੋਂ ਅੱਗੇ ਤੋਂ ਕਦੇ ਵੀ
ਕਿਸੇ ਵੀ ਕਿਸਮ ਦੀ
ਕੋਈ ਵੀ ਪ੍ਰਤੀਗਿਆ
ਨਾ ਕਰਨ ਦੀ
ਪ੍ਰਤਿਗਿਆ ਕਰਦਾ ਹੈ।

ਇਸ ਮਹਾਂਭਾਰਤ ਵਿਚ
ਬਹੁਤ ਕੁਝ
ਅਚਾਨਕ ਹੀ ਵਾਪਰ ਜਾਂਦਾ ਹੈ
ਤੇ ਜੋ ਅਚਾਨਕ ਨਹੀਂ ਵਾਪਰਦਾ
ਉਹ ਅੰਤਰਮਨ 'ਚ
ਬਹੁਤ ਦੇਰ ਸੁਲਘਦਾ ਹੈ।

No comments:

Post a Comment