Wednesday, September 2, 2009

ਬਿਨਾਂ ਪਤੇ ਵਾਲਾ ਖ਼ਤ : ਆਦਿਕਾ

ਆਦਿਕਾ : - ਸੁਰਜੀਤ ਪਾਤਰ, ਜੂਨ 1997

ਕੰਵਲਜੀਤ, ਜਿਸਦੇ ਨੈਣ ਨਕਸ਼, ਦੂਰਦਰਸ਼ਨ ਦਾ ਨਿਊਜ਼ ਰੀਡਰ ਹੋਣ ਦੇ ਨਾਤੇ, ਪੰਜਾਬ ਲਈ ਜਾਣੇ ਪਛਾਣੇ ਹਨ, ਸਿਰਫ਼ ਖ਼ਬਰਾਂ ਪੜ੍ਹਨ ਦੇ ਹੀ ਸਮਰਥ ਨਹੀਂ, ਖ਼ਬਰਾਂ ਸਿਰਜਣ ਦੇ ਵੀ ਸਮਰਥ ਹੈ। ਆਪਣੇ ਵਿਦਿਆਰਥੀ ਜੀਵਨ ਤੋਂ ਲੈ ਕੇ ਹੁਣ ਤੱਕ ਉਸਨੇ ਮੰਚ-ਅਦਾਕਾਰੀ, ਨਿਰਦੇਸ਼ਨ, ਫੋਟੋਗ੍ਰਾਫੀ ਤੇ ਸਕੈਚਿੰਗ ਦੇ ਖੇਤਰ ਦੀਆਂ ਅਨੇਕਾਂ ਪ੍ਰਤੀਯੋਗਤਾਵਾਂ ਵਿੱਚ ਅੱਵਲ ਰਹਿ ਕੇ ਖ਼ਬਰਾਂ ਸਿਰਜੀਆਂ ਹਨ। ਉਸਦੇ ਅਕਸੀ-ਚਿੱਤਰਾਂ ਦੀਆਂ ਇਕ-ਪੁਰਖੀ ਨੁਮਾਇਸ਼ਾਂ, ਸਲਾਈਡ ਸ਼ੋਅ ਤੇ ਹੁਣ ਉਸਦੇ ਪ੍ਰਥਮ ਕਾਵਿ ਸੰਗ੍ਰਹਿ ਦਾ ਪ੍ਰਕਾਸ਼ਨ ਵੀ ਇਕ ਅਜਿਹੀ ਖ਼ਬਰ ਹੀ ਹੈ।
ਖ਼ਬਰਾਂ ਪੜ੍ਹਨ ਤੇ ਖ਼ਬਰਾਂ ਸਿਰਜਣ ਤੋਂ ਇਲਾਵਾ ਕੰਵਲਜੀਤ ਖ਼ਬਰਾਂ ਨੂੰ ਆਪਣੇ ਸੀਨੇ 'ਤੇ ਝੱਲਣ ਦੀ ਸੰਵੇਦਨਾ ਦਾ ਧਾਰਨੀ ਵੀ ਹੈ। ਉਹ ਖ਼ਬਰਾਂ ਪਿਛਲੇ ਇਤਿਹਾਸ ਨੂੰ ਵੀ ਜਾਣਦਾ ਹੈ ਤੇ ਉਨ੍ਹਾਂ ਦੇ ਭਵਿੱਖ-ਮੁਖੀ ਪਰਛਾਂਵਿਆਂ ਤੋਂ ਵੀ ਸੁਚੇਤ ਹੈ। ਮਰ ਗਿਆਂ ਦੀ ਗਿਣਤੀ ਦੱਸਣ ਵੇਲੇ ਉਹ ਇੱਕ ਇੱਕ ਮ੍ਰਿਤਕ ਨਾਲ ਮਰੇ ਇੱਕ ਇੱਕ ਜਹਾਨ ਦਾ ਮਰਮ ਵੀ ਜਾਣਦਾ ਹੈ। ਏਹੀ ਨਹੀਂ, ਉਸ ਲਈ ਤਾਂ ਇੱਕ ਪੱਤੇ ਦਾ ਟੁੱਟਣਾ ਵੀ ਖ਼ਬਰ ਹੈ, ਇੱਕ ਫੁੱਲ ਦਾ ਖਿੜਨਾ ਵੀ ਤੇ ਰਸਤੇ 'ਤੇ ਸੱਜਰੀ ਪੈੜ ਦਾ ਪੈਣਾ ਵੀ। ਤਦੇ ਹੀ ਤਾਂ ਉਹ ਅਕਸਰ ਸੂਰਜ ਚੜ੍ਹਨ ਤੋਂ ਵੀ ਪਹਿਲਾਂ ਆਪਣਾ ਕੈਮਰਾ ਮੋਢੇ ਲਟਕਾਈ ਅਜਿਹੇ ''ਇਤਿਹਾਸਕ ਛਿਣਾਂ'' ਨੂੰ ਪਕੜਨ ਲਈ ਨਿਕਲ ਤੁਰਦਾ ਹੈ।
ਕਿ ਉਸ ਲਈ ਤਿਤਲੀ ਦਾ ਮੁਰਝਾਏ ਫੁੱਲ ਕੋਲ ਬੈਠਣਾ ਵੀ ਇਕ ਖ਼ਬਰ ਹੈ, ਖ਼ਬਰ ਹੀ ਨਹੀਂ ਪੂਰਾ ਅਧਿਆਇ ਹੈ, ਅਧਿਆਇ ਹੀ ਨਹੀਂ ਪੂਰਾ ਦਰਸ਼ਨ ਹੈ, ਇਸ ਗੱਲ ਦਾ ਪਤਾ ਮੈਨੂੰ ਇਕ ਕਾਵਿ-ਸੰਗ੍ਰਹਿ ਦੀਆਂ ਕਵਿਤਾਵਾਂ ਪੜ੍ਹ ਕੇ ਲੱਗਾ। ਇਸ ਕਾਵਿ-ਸੰਗ੍ਰਹਿ ਵਿੱਚ ਕਈ ਰੰਗਾਂ ਦੀਆਂ ਕਵਿਤਾਵਾਂ ਹਨ, ਪਰ ਹਰੇਕ ਰੰਗ ਵਿੱਚ ਉਸ ਦੀਆਂ ਆਪਣੀਆਂ ਮੌਲਿਕ ਤੇ ਸੱਜਰੀਆਂ ਛੋਹਾਂ ਹਨ। ਕੁਝ ਕਵਿਤਾਵਾਂ ਵਿੱਚ ਤਾਂ ਉਹ ਬਿਲਕੁਲ ਨਿਵੇਕਲੇ ਤੇ ਨਿੱਜੀ ਅੰਦਾਜ਼ ਵਿੱਚ ਉਦੈ ਹੁੰਦਾ ਹੈ। ਇਨ੍ਹਾਂ ਕਵਿਤਾਵਾਂ ਵਿੱਚ ''ਫਿਰ ਤੋਂ ਖਿੜ'', 'ਚਿੜੀ ਦਾ ਐਲਾਨ'', ''ਔਰਤ ਬਨਾਮ ਔਰਤ'', ''ਕਸੂਤੀ ਜਿਹੀ ਗਾਲ੍ਹ'', ''ਇੱਕ ਸਵੇਰ'', ''ਚੀਕ'', ''ਪੰਖੇਰੂ ਤੇ ਪਰਵਾਜ਼'', ''ਪੀ ਸੀ ਓ ਕਵਿਤਾ'' ਪ੍ਰਮੁੱਖ ਹਨ।
ਸਿਰਫ਼ ਅੰਦਾਜ਼ ਹੀ ਨਹੀਂ ਇਨ੍ਹਾਂ ਕਵਿਤਾਵਾਂ ਦੀ ਸੰਵੇਦਨਾ ਤੇ ਸੁਨੇਹਾ ਵੀ ਬਹੁਤ ਵੱਖਰਾ, ਨਵਾਂ ਤੇ ਹਾਂ-ਮੁਖੀ ਹੈ। ਮਿਸਾਲ ਦੇ ਤੌਰ ਤੇ ਕਵਿਤਾ ''ਫਿਰ ਤੋਂ ਖਿੜ'' ਇਹ ਸੁਨੇਹਾ ਦਿੰਦੀ ਪ੍ਰਤੀਤ ਹੁੰਦੀ ਹੈ ਕਿ ਜ਼ਿੰਦਗੀ ਨੂੰ ਯੋਗਦਾਨ ਸਿਰਫ਼ ਜਾਂਬਾਜ਼ੀ, ਬਹਾਦਰੀ ਤੇ ਬਲੀਦਾਨ ਨਾਲ ਹੀ ਨਹੀਂ ਦਿੱਤਾ ਜਾਂਦਾ, ਕਿਸੇ ਨੂੰ ਖ਼ੂਬਸੂਰਤ ਪ੍ਰੇਰਣਾ ਦੇ ਕੇ ਵੀ ਦਿੱਤਾ ਜਾ ਸਕਦਾ ਹੈ। ਤਿਤਲੀ ਝੱਖਣ ਨਾਲ ਮੱਥਾ ਨਹੀਂ ਲਾ ਸਕਦੀ ਪਰ ਉਹ ਕਿਸੇ ਫੁੱਲ ਨੂੰ ਖਿੜਨ ਦੀ ਪ੍ਰੇਰਣਾ ਤਾਂ ਦੇ ਹੀ ਸਕਦੀ ਹੈ-
ਉਸ ਨੇ ਝੱਖੜ ਨਾਲ ਮੱਥਾ ਨਹੀਂ ਲਾਇਆ
ਲਿਖ ਭੇਜਿਆ ਐਲਾਨਨਾਮਾ
ਹਾਰ ਮੰਨਣ ਦਾ-
ਤੇ ਲਿਖ ਭੇਜਿਆ
ਕਿ ਉਸ ਕੋਲ ਕਰਨ ਲਈ
ਹੈ ਇੱਕ ਬਹੁਤ ਜ਼ਰੂਰੀ ਕੰਮ

ਖੰਭਾਂ ਤੇ ਉਸਨੇ
ਲਿਖਿਆ ਸਿਰਨਾਵਾਂ
ਆਕਾਸ਼ ਦਾ ਅਤੇ ਝਰਨੇ ਦਾ
ਉੱਡੀ ਉਹ ਨਦੀਆਂ ਤੋਂ ਦੀ
ਉੱਡੀ ਉਹ ਪਹਾੜਾਂ ਤੋਂ ਦੀ
ਉਹ ਨਿੱਕੀ ਜਿਹੀ ਜਾਨ ਤਿਤਲੀ
ਬਗੈਰ ਅੱਕਿਓਂ
ਬਗੈਰ ਥੱਕਿਓਂ
ਪਹੁੰਚੀ ਇੱਕ ਮੁਰਝਾਏ ਫੁੱਲ ਕੋਲ......
ਬੇਸ਼ਕ ਕੰਵਲਜੀਤ ਦੀ ਇੱਕ ਹੋਰ ਨਜ਼ਮ ''ਬਲਦਾ ਜੰਗਲ'' ਕਲਾਕਾਰ ਦੀ ਓੜਕੀ ਪ੍ਰਤੀਬੱਧਤਾ ਵਲ ਵੀ ਸੰਕੇਤ ਕਰਦੀ ਹੈ ਜਿਸ ਮੁਤਾਬਿਕ ਇੱਕ ਕਲਾਕਾਰ ਪਹਿਲਾਂ ਸਾਜ਼, ਕਲਮ ਤੇ ਬੁਰਸ਼ ਨਾਲ ਕੋਸ਼ਿਸ਼ ਕਰਦਾ ਹੈ ਪਰ ਅੰਤ ਉਹ ਸਾਜ਼, ਕਲਮ ਤੇ ਬੁਰਸ਼ ਇੱਕ ਪਾਸੇ ਰੱਖ ਕੇ ਬਲਦੇ ਜੰਗਲ ਵੱਲ ਤੁਰ ਪੈਂਦਾ ਹੈ। ਏਹੀ ਭਾਵਨਾ ''ਕਵੀ'' ਨਾਮੀ ਇੱਕ ਹੋਰ ਕਵਿਤਾ ਵਿੱਚ ਵੀ ਪ੍ਰਗਟ ਕੀਤੀ ਗਈ ਹੈ। ਪਰ ਜਿਵੇਂ ਕਿ ਬ੍ਰੈਖ਼ਤ ਦੀ ਇੱਕ ਕਵਿਤਾ ਦੀਆਂ ਸਤਰਾਂ ਹਨ :
ਬਦਨਸੀਬ ਹੈ ਉਹ ਧਰਤੀ ਜਿਸ ਕੋਲ ਨਾਇਕ ਨਹੀਂ
ਬਦਨਸੀਬ ਹੈ ਉਹ ਧਰਤੀ ਜਿਸ ਨੂੰ ਨਾਇਕਾਂ ਦੀ ਲੋੜ ਹੈ
ਨਾਇਕਤਵ, ਬਲੀਦਾਨ ਤੇ ਕੁਰਬਾਨੀਆਂ ਦੀ ਮਹੱਤਤਾ ਤੋਂ ਕੋਈ ਇਨਕਾਰ ਨਹੀਂ ਕਰ ਸਕਦਾ ਪਰ ਨਿੱਕੀਆਂ ਨਿੱਕੀਆਂ ਮਿਹਰਬਾਨੀਆਂ ਦੇ ਕਾਰਜ ਵੀ ਜ਼ਿੰਦਗੀ ਨੂੰ ਕਿੰਨੀ ਖ਼ੂਬਸੂਰਤ ਤੇ ਜਿਊਣ ਜੋਗੀ ਬਣਾਉਂਦੇ ਹਨ। ਕੰਵਲਜੀਤ ਦੀ ਇੱਕ ਕਵਿਤਾ ''ਔਰਤ ਬਨਾਮ ਔਰਤ'' ਵਿੱਚ ਆਰਥਿਕ ਮਜਬੂਰੀ ਵੱਸ ਆਪਣੀ ਵਿਆਹ ਦੀ ਫੁਲਕਾਰੀ ਵੇਚਣ ਆਈ ਔਰਤ ਕੋਲੋਂ ਮਾਂ ਫੁਲਕਾਰੀ ਖਰੀਦ ਲੈਂਦੀ ਹੈ, ਪੈਸੇ ਗਿਣ ਕੇ ਉਸ ਦੇ ਹੱਥ ਤੇ ਰੱਖਦੀ ਹੈ ਪਰ ਨਾਲ ਹੀ ਉਹ ਫੁਲਕਾਰੀ ਵੀ ਉਸ ਗਰੀਬ ਔਰਤ ਦੇ ਸਿਰ 'ਤੇ ਰੱਖ ਦਿੰਦੀ ਹੈ ।
''ਪੰਖੇਰੂ ਤੇ ਪਰਵਾਜ਼'' ਵਿੱਚ ਰੁੱਖ ਸੁੰਨੇ ਵਿਹੜੇ ਨੂੰ ਦਿਲਾਸਾ ਦਿੰਦਾ ਹੈ। ''ਕਸੂਤੀ ਜਿਹੀ ਗਾਲ੍ਹ'' ਵਿੱਚ ਸਿਪਾਹੀ ਪਤਨੀ ਲਈ ਖਾਧੇ ਪੀਤੇ ਦੀ ਸਿਰਫ਼ ਹਵ੍ਹਾੜ ਲੈ ਕੇ ਆਉਂਦਾ ਹੈ। ਸ਼ੀਸ਼ਾ ਦੇਖਦਾ ਹੈ ਤਾਂ ਸ਼ੀਸ਼ੇ ਨੂੰ ਗਾਲ੍ਹ ਕੱਢਦਾ ਹੈ। ਨਿੱਕੇ ਨਿੱਕੇ ਦ੍ਰਿਸ਼ਾਂ ਜਾਂ ਅਵਲੋਕਨਾਂ (Observations)ਰਾਹੀਂ ਕਵਿਤਾ ਉਸਾਰਨੀ ਕੰਵਲਜੀਤ ਦਾ ਵਿਸ਼ੇਸ਼ ਅੰਦਾਜ਼ ਹੈ। ਇਹ ਦ੍ਰਿਸ਼ ਇੱਕੋ ਸਮੇਂ ਯਥਾਰਥਕ ਵੀ ਹੁੰਦੇ ਹਨ ਤੇ ਪ੍ਰਤੀਕਮਈ ਵੀ :
ਛੋਟੀਆਂ ਬੱਚੀਆਂ ਦੇ
'ਘਰ ਘਰ ਖੇਡਦਿਆਂ ਤੋਂ
ਉਨ੍ਹਾਂ ਦੇ ਪਟੋਲਿਆਂ ਉਪਰੋਂ
ਲੰਘ ਜਾਂਦਾ ਹੈ
ਇੱਕ ਫੌਜੀ ਟਰੱਕ ਦਾ ਟਾਇਰ (ਜੁਗਨੀ)
ਉਸਦੀਆਂ ਹੋਰ ਕਵਿਤਾਵਾਂ ਵਿੱਚ ਵੀ ਅਛੂਤੇ ਖ਼ਿਆਲ, ਬਿੰਬ, ਭਾਵਨਾਵਾਂ ਤੋਂ ਸੰਵੇਦਨਾਵਾਂ ਹਨ :
ਰ ਹੁਣ ਮੇਰੇ ਗਰਾਂ ਵਿੱਚ
ਸਿਰਫ਼ ਦੋ ਤਰ੍ਹਾਂ ਦੇ ਲੋਕ ਬਚੇ ਹਨ
ਇੱਕ ਉਹ
ਜਿਨ੍ਹਾਂ ਨਾਲ ਹਾਦਸਾ 'ਹੋ ਚੁੱਕਾ' ਹੈ
ਤੇ ਇੱਕ ਉਹ
ਜਿਨ੍ਹਾਂ ਨਾਲ ਹਾਦਸਾ 'ਹੋਣ ਵਾਲਾ' ਹੈ (ਹਾਦਸੇ)

ਰ ਦੇ ਦੇ ਨ੍ਹੇਰਾ ਸਾਰਾ ਬੁੱਕਲ ਮਾਰਨ ਲਈ
ਨਹੀਂ ਬਚੀ ਕੋਈ ਛੁਪਣ ਦੀ ਪਿੰਡ 'ਚ ਥਾਂ ਮੇਰੇ। (ਮੌਤ ਪ੍ਰਾਹੁਣੀ)

ਰ ਅੱਜ ਹਥਿਆਰ ਆਪਣੇ ਫਲਾਂ ਤੋਂ
ਮਾਸੂਮ ਨਾਂ ਪੜ੍ਹ ਕੇ
ਬੜੇ ਸਹਿਮੇ ਨੇ ਪੁੱਛਦੇ ਫਿਰਦੇ ਨੇ
ਹਰ ਇੱਕ ਨੂੰ ਫੜ ਫੜ ਕੇ
ਉਨ੍ਹਾਂ ਤੋਂ ਕਿਉਂ, ਕਿਵੇਂ, ਕਿੱਥੇ
ਤੇ ਕੀ ਕਰਵਾ ਗਿਆ ਕੋਈ (ਤੇਰਾ ਸ਼ਹਿਰ)

ਕੰਵਲਜੀਤ ਪੇਸ਼ੇ ਵਜੋਂ ਇਲੈਕਟ੍ਰਾਨਿਕਸ ਇੰਜਨੀਅਰਿੰਗ ਦਾ ਪ੍ਰੋਫੈਸਰ ਹੈ। ਉਸ ਦੀ ਖ਼ੂਬਸੂਰਤ ਫੋਟੋ ਕਲਾ, ਸਕੈਚਿੰਗ, ਅਦਾਕਾਰੀ, ਨਿਰਦੇਸ਼ਨ ਤੇ ਸ਼ਾਇਰੀ ਉਸ ਦੀ ਬਹੁ-ਮੁਖੀ ਪ੍ਰਤਿਭਾਠ ਕਾਵਿਕ-ਦ੍ਰਿਸ਼ਟੀ, ਕਰੁਣਾ, ਕਾਮਨਾ ਤੇ ਸ੍ਰਿਸ਼ਟੀ ਨਾਲ ਉਸ ਦੀ ਸਾਂਝ ਦੇ ਵੱਖਰੇ ਵੱਖਰੇ ਪਸਾਰ ਹਨ ਜਿਹੜੇ ਇੱਕ ਦੂਜੇ ਨੂੰ ਯੋਗਦਾਨ ਦੇ ਰਹੇ ਹਨ। ਉਸ ਦੀ ਸ਼ਾਇਰੀ ਨੂੰ ਵੀ ਉਸ ਦੀ ਬਾਕੀ ਕਲਾ ਖੇਤਰਾਂ ਵਿੱਚੋਂ ਆਉਂਦੀ ਲੋਅ ਰੌਸ਼ਨ ਕਰ ਰਹੀ ਹੈ। ਉਸ ਦੀਆਂ ਨਿਵੇਕਲੀਆਂ ਸਕੈੱਚ-ਕਵਿਤਾਵਾਂ ਏਸੇ ਦੀ ਮੂੰਹ ਬੋਲਦੀ ਤਸਵੀਰ ਹਨ।
ਇਹ ਸੰਗ੍ਰਹਿ ਸਮਕਾਲੀ ਪੰਜਾਬੀ ਕਵਿਤਾ ਵਿੱਚ ਇੱਕ ਸੁਹਜਮਈ, ਸੱਜਰਾ ਤੇ ਮੌਲਿਕ ਵਾਧਾ ਹੈ। ਇਸ ਦੀਆਂ ਕਵਿਤਾਵਾਂ ਕਾਵਿ-ਰਸੀਆਂ ਦਾ ਧਿਆਨ ਆਪਣੀ ਨਿਵੇਕਲੀ ਸਾਰਥਕਤਾ ਵੱਲ ਜ਼ਰੂਰ ਆਕਰਸ਼ਿਤ ਕਰਨਗੀਆਂ ਤੇ ਇਨ੍ਹਾਂ ਨਾਲ ਪੰਜਾਬੀ ਕਾਵਿਕ ਸੰਵੇਦਨਾ, ਜੀਵਨ-ਦ੍ਰਿਸ਼ਟੀ, ਭਾਸ਼ਾ ਯੋਗਤਾ, ਕਾਵਿ-ਤਕਨੀਕਾਂ, ਅਨੁਭਵਾਂ ਤੇ ਹਮਦਰਦੀਆਂ ਦਾ ਘੇਰਾ ਵਿਸ਼ਾਲ ਹੋਵੇਗਾ।
ਕਵਿਤਾ ਕਿਸੇ ਕੌਮ, ਦੇਸ਼ ਜਾਂ ਧਰਤੀ ਦੇ ਲੋਕਾਂ ਨੂੰ ਵਧੇਰੇ ਸੰਵੇਦਨਸ਼ੀਲ ਬਣਾਉਣ, ਉਨ੍ਹਾਂ ਨੂੰ ਆਪਣੀ ਹੋਂਦ ਦੇ ਅਰਥਾਂ ਤੇ ਸੰਭਾਵਨਾਵਾਂ ਪ੍ਰਤੀ ਸੁਚੇਤ ਕਰਨ, ਸੁਪਨਿਆਂ, ਡਰਾਂ ਤੇ ਆਸਾਂ ਨੂੰ ਤਹਿ ਤੇ ਲੈ ਕੇ ਆਉਣ, ਜ਼ਿੰਦਗੀ ਦੀ ਜੰਗ ਤੇ ਜਸ਼ਨ ਵਿੱਚ ਸ਼ਾਮਿਲ ਹੋਣ ਤੇ ਵਧੇਰੇ ਪ੍ਰਮਾਣਿਕ ਜੀਵਨ ਜਿਊਣ ਲਈ ਟੁੰਬਣ ਦੇ ਕਾਰਜ ਵਿਚ ਸਹਾਈ ਹੁੰਦੀ ਹੈ।
ਇਹ ਕਾਰਜ ਕਰਨ ਲਈ ਕਵਿਤਾ ਨੂੰ ਕੋਈ ਉਚੇਚ ਨਹੀਂ ਕਰਨਾ ਪੈਂਦਾ, ਇਹ ਉਸਦਾ ਸਹਿਜ ਜੀਵਨ ਹੈ। ਦਰਖ਼ਤ ਛਾਂ ਤੇ ਫਲ ਦੇਣ ਤੇ ਹਵਾ ਦੀ ਜ਼ਹਿਰ ਨੂੰ ਅੰਮ੍ਰਿਤ ਵਿੱਚ ਬਦਲਣ ਵਿੱਚ ਕੋਈ ਉਚੇਚ ਨਹੀਂ ਕਰਦੇ, ਇਹ ਉਨ੍ਹਾਂ ਦਾ ਸਹਿਜ ਕਰਮ ਹੈ, ਇਸ ਬਿਨਾਂ ਉਹ ਜੀਵਿਤ ਹੀ ਨਹੀਂ ਰਹਿ ਸਕਦੇ।
ਮੈਂ ਕੰਵਲਜੀਤ ਦੀਆਂ ਕਵਿਤਾਵਾਂ ਵਿਚੋਂ ਵੀ ਇਨ੍ਹਾਂ ਦਰੱਖ਼ਤਾਂ ਦੇ ਪੱਤਿਆਂ ਦੀ ਸਰਸਰਾਹਟ ਸੁਣੀ ਹੈ। ਮੈਂ ਉਸਨੂੰ ਮੁਬਾਰਕਬਾਦ ਦਿੰਦਾ ਹਾਂ ਤੇ ਉਸ ਦੇ ਪ੍ਰਥਮ ਕਾਵਿ-ਸੰਗ੍ਰਹਿ ਨੂੰ ਜੀ ਆਇਆਂ ਆਖਦਾ ਹਾਂ।

No comments:

Post a Comment