Tuesday, September 1, 2009

ਬਿਨਾਂ ਪਤੇ ਵਾਲਾ ਖ਼ਤ : ਲਿਖਤੁਮ ਪੰਜਾਬ

ਲਿਖਤੁਮ ਪੰਜਾਬ

ਹੁਣ ਜਦ ਹਰ ਪਹੇ ਦੇ ਕੰਢੇ
ਕਿਸੇ ਨਾ ਕਿਸੇ ਦੇ
ਪੁੱਤ ਦੀ ਮੜ੍ਹੀ ਦਾ ਮੀਲ-ਪੱਥਰ ਹੈ.....
ਤੇ ਹਰੇਕ ਫੁੱਲ ਬੀਜਣ ਜੋਗੀ ਜਗਾਹ ਤੇ
ਵਿਛਿਆ ਇੱਕ ਸੱਥਰ ਹੈ
ਤਾਂ ਮੈਂ ਸਮਝ ਸਕਦਾ ਹਾਂ ਬੱਲਿਓ
ਕਿ ਤੁਸੀਂ ਨਾਸਮਝ ਕੀ ਚਾਹੁੰਦੇ ਹੋ।
...................
ਥੋਨੂੰ ਕੀ ਪਤਾ
ਕੀ ਮੁੱਲ ਤਾਰਨਾ ਪੈਂਦਾ ਹੈ
ਆਜ਼ਾਦੀ ਦਾ
ਕਿ ਤੁਸੀਂ ਤਾਂ ਹੱਲਿਆਂ ਦੇ ਪਿਛੋਂ ਜੰਮੇ ਹੋ ਨਾ।
ਅੱਖਾਂ ਹਰ ਮਾਹੌਲ ਦਾ ਗਵਾਹ ਹੁੰਦੀਆਂ ਨੇ
ਤੇ ਕੰਨਾਂ 'ਚ ਤਹਿ ਦਰ ਤਹਿ ਜੰਮੇ ਹੋਏ ਵੈਣ
ਉਸ ਮਾਹੌਲ ਦਾ ਦਸਤਾਵੇਜ।
ਸੋ ਮੈਂ ਹਾਜ਼ਿਰ ਹਾਂ -
ਤੁਹਾਡੀ ਖ਼ਾਹਿਸ਼ ਮੁਤਾਬਿਕ
ਆਪਣੇ ਕੰਨਾਂ 'ਚ ਪਾਰਾ ਭਰਵਾਉਣ
ਤੇ ਅੱਖਾਂ ਵਿੱਚ ਬਾਰੂਦ ਦਾ ਮੌਤੀਆ ਪਵਾਉਣ।

ਮੈਨੂੰ ਪਤਾ ਹੈ -ਮੇਰੇ ਲਈ
ਤੁਹਾਡੇ ਕੋਲ ਹੈ ਸਿਰਫ਼ ਛਿਕਲੀ ਤੇ ਡੈਹਾ
ਫਿਰ ਵੀ
ਤੁਹਾਨੂੰ ਤੁਹਾਡੇ ਜਸ਼ਨ ਮੁਬਾਰਕ
(ਕਿਉਂਕਿ ਬਹੁਤ ਭਿਆਨਕ ਹੁੰਦਾ ਹੈ, ਹਾਰ ਦਾ ਅਹਿਸਾਸ.....)

ਮੇਰੀ ਕੀ ਏ ?
ਮੈਂ ਤਾਂ ਹੁਣ ਜਦ ਵੀ ਕੋਈ ਸੁਪਨਾ ਵੇਖਾਂਗਾ-
ਸੋਚਾਂਗਾ ਨਹੀਂ
ਤੇ ਜਦ ਵੀ ਕਦੇ ਸੋਚਾਂਗਾ-
ਮੂੰਹ ਬੰਦ ਰਖਾਂਗਾ
ਤੇ ਜਦ ਵੀ ਕਦੇ ਮੂੰਹ ਖੋਹਲਾਂਗਾ -
ਕੰਨਾਂ 'ਚ ਉਂਗਲੀ ਤੁੰਨ ਲਵਾਂਗਾ
ਤੇ ਜਦ ਵੀ ਕਦੇ ਕੁਝ ਸੁਣਾਂਗਾ -
ਦਿਲ ਤੇ ਪੱਥਰ ਰੱਖ ਲਵਾਂਗਾ
ਤੇ ਬੱਲਿਓ
ਓਸ ਪੱਥਰ ਹੇਠਾਂ
ਅਣਖੀਲੀ ਮਿੱਟੀ ਦੇ
ਉਹ ਬੇਬਸ ਕਿਣਕੇ ਨੇ
ਜਿਨ੍ਹਾਂ 'ਚੋਂ
ਤੋਰੀਏ ਦੀ ਰੁੱਤ 'ਚ
ਤੁਸੀਂ ਅੱਕਾਂ ਵਾਂਗ ਉੱਗ ਆਏ ਹੋ।

No comments:

Post a Comment