Monday, October 12, 2009

ਕੂੰਜਾਂ : ਮੈਂ ਕਿੰਜ ਆਵਾਂਗਾ

(ਟੋਰਾਂਟੋ ਹਵਾਈ ਅੱਡੇ ਤੇ ਵਾਪਸੀ ਦਾ ਜਹਾਜ਼ ਉਡੀਕਦਿਆਂ)

ਤੁਰਨ ਲੱਗੇ ਨੂੰ ਦੋਸਤ ਤਾਕੀਦ ਕਰਦੇ ਨੇ
ਅਗਲੀ ਵਾਰ ਆਇਆ ਤਾਂ
ਲੈ ਕੇ ਆਵੀਂ
ਮੌਸਮਾਂ ਦੀ ਸੁਗੰਧ ਦਾ ਇੱਕ ਚੱਪਾ
ਲਿਪੇ ਘਰ ਦੀ ਖੁਸ਼ਬੋ, ਹਲਾਂ ਦੇ ਗੀਤ
ਘਿਓ ਦੇ ਤੜਕੇ ਦੀ ਮਹਿਕ
ਧਰਤੀ ਦੇ ਕਿਣਕੇ।
ਬੇਬੇ ਦੇ ਲੰਬੀ ਹੇਕ ਦੇ ਗੀਤ
ਕੱਚਿਆਂ ਕੋਠਿਆਂ ਦੀਆਂ ਤਸਵੀਰਾਂ
ਘਰ ਦੇ ਮੱਖਣ ਦੀ ਮਹਿਕ
ਸਾਜ੍ਹਰੇ ਮਧਾਣੀ ਦੀ ਲੈਅ ਨਾਲ
ਪਾਠ ਕਰਦੀ ਬੇਬੇ ਦੀ ਯਾਦ
ਬਾਹਰਲੇ ਘਰੋਂ ਆਉਂਦੀ ਗੋਹੇ ਦੀ ਮੁਸ਼ਕ
ਰੂੜੀਆਂ ਤੇ ਉੱਗੀ ਇਟਸਿਟ ਦੀ ਯਾਦ....

ਮਨ 'ਚ ਸੋਚਦਾ ਹਾਂ
ਅਗਲੀ ਵਾਰ ਆਇਆ
ਤਾਂ ਕਿੰਜ ਆਵਾਂਗਾ।

Wednesday, September 2, 2009

ਬਿਨਾਂ ਪਤੇ ਵਾਲਾ ਖ਼ਤ ਬਾਰੇ

ਜ਼ਿੰਦਗੀ ਅਤੇ ਆਲੇ ਦੁਆਲੇ ਬਾਰੇ ਨਜ਼ਮਾਂ

ਬਿਨਾਂ ਪਤੇ ਵਾਲਾ ਖ਼ਤ ਬਾਰੇ

ਕੰਵਲਜੀਤ ਢੁੱਡੀਕੇ ਦਾ ਇਹ ਪਲੇਠਾ ਕਾਵਿ ਸੰਗ੍ਰਹਿ 1997 ਵਿਚ ਛਪਿਆ।
ਪੰਜਾਬ ਦੇ ਹਾਲਾਤਾਂ ਤੋਂ ਲੈ ਕੇ ਜ਼ਿੰਦਗੀ ਦੀਆਂ ਘੁੰਮਣਘੇਰੀਆਂ ਬਾਰੇ ਲਿਖੀਆਂ ਇਨ੍ਹਾਂ ਨਜ਼ਮਾਂ ਦਾ ਕਈ ਜ਼ੁਬਾਨਾਂ ਵਿਚ ਤਰਜਮਾ ਹੋ ਚੁੱਕਿਆ ਹੈ। ਰਿਲੀਜ਼ ਸਮਾਰੋਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਦਿਆਰਥੀ ਭਵਨ ਵਿਚ ਹੋਇਆ। ਗੋਸ਼ਟੀ ਦੌਰਾਨ ਡਾ. ਸੁਤਿੰਦਰ ਸਿੰਘ ਨੂਰ, ਸੁਰਜੀਤ ਪਾਤਰ, ਨਿਰੰਜਣ ਤਸਨੀਮ, ਸਵ. ਨਰੂਲਾ ਸਾਹਿਬ ਪ੍ਰਧਾਨਗੀ ਮੰਡਲ ਵਿਚ ਸ਼ਾਮਲ ਹੋਏ। ਅਮਰਜੀਤ ਗਰੇਵਾਲ, ਡਾ. ਸਰਬਜੀਤ ਸਿੰਘ ਅਤੇ ਪ੍ਰੋ. ਰਮਨ ਨੇ ਪਰਚੇ ਪੜ੍ਹੇ। ਸਟੇਜ ਸੰਚਾਲਨ ਜਸਵੰਤ ਜ਼ਫਰ ਨੇ ਕੀਤਾ। ਗਾਇਕ ਵੀਰ ਸੁਖਵੰਤ ਤੇ ਕੁਝ ਹੋਰ ਦੋਸਤਾਂ ਨੇ ਕੁਝ ਗੀਤਾਂ ਤੇ ਗਜ਼ਲਾਂ ਨੂੰ ਖੂਬਸੂਰਤੀ ਨਾਲ ਗਾਇਆ। ਬਲਦੇਵ ਸਿੰਘ 'ਸੜਕਨਾਮਾ', ਪ੍ਰਿੰ. ਗੁਰਮੇਲ ਸਿੰਘ, ਲੇਖਕ ਦੇ ਪਿਤਾ ਗਿਆਨੀ ਕਿਰਪਾਲ ਸਿੰਘ, ਪ੍ਰਿੰ. ਹਰੀ ਸਿੰਘ, ਜਗਦੇਵ ਸਿੰਘ ਜੱਸੋਵਾਲ, ਗੁਰਭਜਨ ਗਿੱਲ, ਸੰਤੋਖ ਔਜਲਾ, ਦਲਜੀਤ ਸਿੰਘ ਜੱਸਲ, ਸਵਰਨਜੀਤ ਸਵੀ, ਪ੍ਰਿੰ. ਸੁਰਿੰਦਰਬੀਰ ਸਿੰਘ ਤੇ ਕਈ ਹੋਰ ਸਾਹਿਤਕ ਦੋਸਤ ਮਿੱਤਰ ਸ਼ਾਮਲ ਹੋਏ। ਇਸ ਬਲਾਗ ਵਿਚ ਇਸ ਕਾਵਿ ਸੰਗ੍ਰਹਿ ਵਿਚਲੀਆਂ ਨਜ਼ਮਾਂ ਨੂੰ ਪੇਸ਼ ਕੀਤਾ ਗਿਆ ਹੈ।


ਸਮਰਪਣ
ਸਿਰੜੀ ਤੇ ਅਣਥੱਕ ਮਾਂ
ਸਵਰਗੀ ਸ੍ਰੀ ਮਤੀ ਅਮਰ ਕੌਰ
ਦੀ ਯਾਦ ਦੇ ਨਾਮ

ਬਿਨਾਂ ਪਤੇ ਵਾਲਾ ਖ਼ਤ : ਆਦਿਕਾ

ਆਦਿਕਾ : - ਸੁਰਜੀਤ ਪਾਤਰ, ਜੂਨ 1997

ਕੰਵਲਜੀਤ, ਜਿਸਦੇ ਨੈਣ ਨਕਸ਼, ਦੂਰਦਰਸ਼ਨ ਦਾ ਨਿਊਜ਼ ਰੀਡਰ ਹੋਣ ਦੇ ਨਾਤੇ, ਪੰਜਾਬ ਲਈ ਜਾਣੇ ਪਛਾਣੇ ਹਨ, ਸਿਰਫ਼ ਖ਼ਬਰਾਂ ਪੜ੍ਹਨ ਦੇ ਹੀ ਸਮਰਥ ਨਹੀਂ, ਖ਼ਬਰਾਂ ਸਿਰਜਣ ਦੇ ਵੀ ਸਮਰਥ ਹੈ। ਆਪਣੇ ਵਿਦਿਆਰਥੀ ਜੀਵਨ ਤੋਂ ਲੈ ਕੇ ਹੁਣ ਤੱਕ ਉਸਨੇ ਮੰਚ-ਅਦਾਕਾਰੀ, ਨਿਰਦੇਸ਼ਨ, ਫੋਟੋਗ੍ਰਾਫੀ ਤੇ ਸਕੈਚਿੰਗ ਦੇ ਖੇਤਰ ਦੀਆਂ ਅਨੇਕਾਂ ਪ੍ਰਤੀਯੋਗਤਾਵਾਂ ਵਿੱਚ ਅੱਵਲ ਰਹਿ ਕੇ ਖ਼ਬਰਾਂ ਸਿਰਜੀਆਂ ਹਨ। ਉਸਦੇ ਅਕਸੀ-ਚਿੱਤਰਾਂ ਦੀਆਂ ਇਕ-ਪੁਰਖੀ ਨੁਮਾਇਸ਼ਾਂ, ਸਲਾਈਡ ਸ਼ੋਅ ਤੇ ਹੁਣ ਉਸਦੇ ਪ੍ਰਥਮ ਕਾਵਿ ਸੰਗ੍ਰਹਿ ਦਾ ਪ੍ਰਕਾਸ਼ਨ ਵੀ ਇਕ ਅਜਿਹੀ ਖ਼ਬਰ ਹੀ ਹੈ।
ਖ਼ਬਰਾਂ ਪੜ੍ਹਨ ਤੇ ਖ਼ਬਰਾਂ ਸਿਰਜਣ ਤੋਂ ਇਲਾਵਾ ਕੰਵਲਜੀਤ ਖ਼ਬਰਾਂ ਨੂੰ ਆਪਣੇ ਸੀਨੇ 'ਤੇ ਝੱਲਣ ਦੀ ਸੰਵੇਦਨਾ ਦਾ ਧਾਰਨੀ ਵੀ ਹੈ। ਉਹ ਖ਼ਬਰਾਂ ਪਿਛਲੇ ਇਤਿਹਾਸ ਨੂੰ ਵੀ ਜਾਣਦਾ ਹੈ ਤੇ ਉਨ੍ਹਾਂ ਦੇ ਭਵਿੱਖ-ਮੁਖੀ ਪਰਛਾਂਵਿਆਂ ਤੋਂ ਵੀ ਸੁਚੇਤ ਹੈ। ਮਰ ਗਿਆਂ ਦੀ ਗਿਣਤੀ ਦੱਸਣ ਵੇਲੇ ਉਹ ਇੱਕ ਇੱਕ ਮ੍ਰਿਤਕ ਨਾਲ ਮਰੇ ਇੱਕ ਇੱਕ ਜਹਾਨ ਦਾ ਮਰਮ ਵੀ ਜਾਣਦਾ ਹੈ। ਏਹੀ ਨਹੀਂ, ਉਸ ਲਈ ਤਾਂ ਇੱਕ ਪੱਤੇ ਦਾ ਟੁੱਟਣਾ ਵੀ ਖ਼ਬਰ ਹੈ, ਇੱਕ ਫੁੱਲ ਦਾ ਖਿੜਨਾ ਵੀ ਤੇ ਰਸਤੇ 'ਤੇ ਸੱਜਰੀ ਪੈੜ ਦਾ ਪੈਣਾ ਵੀ। ਤਦੇ ਹੀ ਤਾਂ ਉਹ ਅਕਸਰ ਸੂਰਜ ਚੜ੍ਹਨ ਤੋਂ ਵੀ ਪਹਿਲਾਂ ਆਪਣਾ ਕੈਮਰਾ ਮੋਢੇ ਲਟਕਾਈ ਅਜਿਹੇ ''ਇਤਿਹਾਸਕ ਛਿਣਾਂ'' ਨੂੰ ਪਕੜਨ ਲਈ ਨਿਕਲ ਤੁਰਦਾ ਹੈ।
ਕਿ ਉਸ ਲਈ ਤਿਤਲੀ ਦਾ ਮੁਰਝਾਏ ਫੁੱਲ ਕੋਲ ਬੈਠਣਾ ਵੀ ਇਕ ਖ਼ਬਰ ਹੈ, ਖ਼ਬਰ ਹੀ ਨਹੀਂ ਪੂਰਾ ਅਧਿਆਇ ਹੈ, ਅਧਿਆਇ ਹੀ ਨਹੀਂ ਪੂਰਾ ਦਰਸ਼ਨ ਹੈ, ਇਸ ਗੱਲ ਦਾ ਪਤਾ ਮੈਨੂੰ ਇਕ ਕਾਵਿ-ਸੰਗ੍ਰਹਿ ਦੀਆਂ ਕਵਿਤਾਵਾਂ ਪੜ੍ਹ ਕੇ ਲੱਗਾ। ਇਸ ਕਾਵਿ-ਸੰਗ੍ਰਹਿ ਵਿੱਚ ਕਈ ਰੰਗਾਂ ਦੀਆਂ ਕਵਿਤਾਵਾਂ ਹਨ, ਪਰ ਹਰੇਕ ਰੰਗ ਵਿੱਚ ਉਸ ਦੀਆਂ ਆਪਣੀਆਂ ਮੌਲਿਕ ਤੇ ਸੱਜਰੀਆਂ ਛੋਹਾਂ ਹਨ। ਕੁਝ ਕਵਿਤਾਵਾਂ ਵਿੱਚ ਤਾਂ ਉਹ ਬਿਲਕੁਲ ਨਿਵੇਕਲੇ ਤੇ ਨਿੱਜੀ ਅੰਦਾਜ਼ ਵਿੱਚ ਉਦੈ ਹੁੰਦਾ ਹੈ। ਇਨ੍ਹਾਂ ਕਵਿਤਾਵਾਂ ਵਿੱਚ ''ਫਿਰ ਤੋਂ ਖਿੜ'', 'ਚਿੜੀ ਦਾ ਐਲਾਨ'', ''ਔਰਤ ਬਨਾਮ ਔਰਤ'', ''ਕਸੂਤੀ ਜਿਹੀ ਗਾਲ੍ਹ'', ''ਇੱਕ ਸਵੇਰ'', ''ਚੀਕ'', ''ਪੰਖੇਰੂ ਤੇ ਪਰਵਾਜ਼'', ''ਪੀ ਸੀ ਓ ਕਵਿਤਾ'' ਪ੍ਰਮੁੱਖ ਹਨ।
ਸਿਰਫ਼ ਅੰਦਾਜ਼ ਹੀ ਨਹੀਂ ਇਨ੍ਹਾਂ ਕਵਿਤਾਵਾਂ ਦੀ ਸੰਵੇਦਨਾ ਤੇ ਸੁਨੇਹਾ ਵੀ ਬਹੁਤ ਵੱਖਰਾ, ਨਵਾਂ ਤੇ ਹਾਂ-ਮੁਖੀ ਹੈ। ਮਿਸਾਲ ਦੇ ਤੌਰ ਤੇ ਕਵਿਤਾ ''ਫਿਰ ਤੋਂ ਖਿੜ'' ਇਹ ਸੁਨੇਹਾ ਦਿੰਦੀ ਪ੍ਰਤੀਤ ਹੁੰਦੀ ਹੈ ਕਿ ਜ਼ਿੰਦਗੀ ਨੂੰ ਯੋਗਦਾਨ ਸਿਰਫ਼ ਜਾਂਬਾਜ਼ੀ, ਬਹਾਦਰੀ ਤੇ ਬਲੀਦਾਨ ਨਾਲ ਹੀ ਨਹੀਂ ਦਿੱਤਾ ਜਾਂਦਾ, ਕਿਸੇ ਨੂੰ ਖ਼ੂਬਸੂਰਤ ਪ੍ਰੇਰਣਾ ਦੇ ਕੇ ਵੀ ਦਿੱਤਾ ਜਾ ਸਕਦਾ ਹੈ। ਤਿਤਲੀ ਝੱਖਣ ਨਾਲ ਮੱਥਾ ਨਹੀਂ ਲਾ ਸਕਦੀ ਪਰ ਉਹ ਕਿਸੇ ਫੁੱਲ ਨੂੰ ਖਿੜਨ ਦੀ ਪ੍ਰੇਰਣਾ ਤਾਂ ਦੇ ਹੀ ਸਕਦੀ ਹੈ-
ਉਸ ਨੇ ਝੱਖੜ ਨਾਲ ਮੱਥਾ ਨਹੀਂ ਲਾਇਆ
ਲਿਖ ਭੇਜਿਆ ਐਲਾਨਨਾਮਾ
ਹਾਰ ਮੰਨਣ ਦਾ-
ਤੇ ਲਿਖ ਭੇਜਿਆ
ਕਿ ਉਸ ਕੋਲ ਕਰਨ ਲਈ
ਹੈ ਇੱਕ ਬਹੁਤ ਜ਼ਰੂਰੀ ਕੰਮ

ਖੰਭਾਂ ਤੇ ਉਸਨੇ
ਲਿਖਿਆ ਸਿਰਨਾਵਾਂ
ਆਕਾਸ਼ ਦਾ ਅਤੇ ਝਰਨੇ ਦਾ
ਉੱਡੀ ਉਹ ਨਦੀਆਂ ਤੋਂ ਦੀ
ਉੱਡੀ ਉਹ ਪਹਾੜਾਂ ਤੋਂ ਦੀ
ਉਹ ਨਿੱਕੀ ਜਿਹੀ ਜਾਨ ਤਿਤਲੀ
ਬਗੈਰ ਅੱਕਿਓਂ
ਬਗੈਰ ਥੱਕਿਓਂ
ਪਹੁੰਚੀ ਇੱਕ ਮੁਰਝਾਏ ਫੁੱਲ ਕੋਲ......
ਬੇਸ਼ਕ ਕੰਵਲਜੀਤ ਦੀ ਇੱਕ ਹੋਰ ਨਜ਼ਮ ''ਬਲਦਾ ਜੰਗਲ'' ਕਲਾਕਾਰ ਦੀ ਓੜਕੀ ਪ੍ਰਤੀਬੱਧਤਾ ਵਲ ਵੀ ਸੰਕੇਤ ਕਰਦੀ ਹੈ ਜਿਸ ਮੁਤਾਬਿਕ ਇੱਕ ਕਲਾਕਾਰ ਪਹਿਲਾਂ ਸਾਜ਼, ਕਲਮ ਤੇ ਬੁਰਸ਼ ਨਾਲ ਕੋਸ਼ਿਸ਼ ਕਰਦਾ ਹੈ ਪਰ ਅੰਤ ਉਹ ਸਾਜ਼, ਕਲਮ ਤੇ ਬੁਰਸ਼ ਇੱਕ ਪਾਸੇ ਰੱਖ ਕੇ ਬਲਦੇ ਜੰਗਲ ਵੱਲ ਤੁਰ ਪੈਂਦਾ ਹੈ। ਏਹੀ ਭਾਵਨਾ ''ਕਵੀ'' ਨਾਮੀ ਇੱਕ ਹੋਰ ਕਵਿਤਾ ਵਿੱਚ ਵੀ ਪ੍ਰਗਟ ਕੀਤੀ ਗਈ ਹੈ। ਪਰ ਜਿਵੇਂ ਕਿ ਬ੍ਰੈਖ਼ਤ ਦੀ ਇੱਕ ਕਵਿਤਾ ਦੀਆਂ ਸਤਰਾਂ ਹਨ :
ਬਦਨਸੀਬ ਹੈ ਉਹ ਧਰਤੀ ਜਿਸ ਕੋਲ ਨਾਇਕ ਨਹੀਂ
ਬਦਨਸੀਬ ਹੈ ਉਹ ਧਰਤੀ ਜਿਸ ਨੂੰ ਨਾਇਕਾਂ ਦੀ ਲੋੜ ਹੈ
ਨਾਇਕਤਵ, ਬਲੀਦਾਨ ਤੇ ਕੁਰਬਾਨੀਆਂ ਦੀ ਮਹੱਤਤਾ ਤੋਂ ਕੋਈ ਇਨਕਾਰ ਨਹੀਂ ਕਰ ਸਕਦਾ ਪਰ ਨਿੱਕੀਆਂ ਨਿੱਕੀਆਂ ਮਿਹਰਬਾਨੀਆਂ ਦੇ ਕਾਰਜ ਵੀ ਜ਼ਿੰਦਗੀ ਨੂੰ ਕਿੰਨੀ ਖ਼ੂਬਸੂਰਤ ਤੇ ਜਿਊਣ ਜੋਗੀ ਬਣਾਉਂਦੇ ਹਨ। ਕੰਵਲਜੀਤ ਦੀ ਇੱਕ ਕਵਿਤਾ ''ਔਰਤ ਬਨਾਮ ਔਰਤ'' ਵਿੱਚ ਆਰਥਿਕ ਮਜਬੂਰੀ ਵੱਸ ਆਪਣੀ ਵਿਆਹ ਦੀ ਫੁਲਕਾਰੀ ਵੇਚਣ ਆਈ ਔਰਤ ਕੋਲੋਂ ਮਾਂ ਫੁਲਕਾਰੀ ਖਰੀਦ ਲੈਂਦੀ ਹੈ, ਪੈਸੇ ਗਿਣ ਕੇ ਉਸ ਦੇ ਹੱਥ ਤੇ ਰੱਖਦੀ ਹੈ ਪਰ ਨਾਲ ਹੀ ਉਹ ਫੁਲਕਾਰੀ ਵੀ ਉਸ ਗਰੀਬ ਔਰਤ ਦੇ ਸਿਰ 'ਤੇ ਰੱਖ ਦਿੰਦੀ ਹੈ ।
''ਪੰਖੇਰੂ ਤੇ ਪਰਵਾਜ਼'' ਵਿੱਚ ਰੁੱਖ ਸੁੰਨੇ ਵਿਹੜੇ ਨੂੰ ਦਿਲਾਸਾ ਦਿੰਦਾ ਹੈ। ''ਕਸੂਤੀ ਜਿਹੀ ਗਾਲ੍ਹ'' ਵਿੱਚ ਸਿਪਾਹੀ ਪਤਨੀ ਲਈ ਖਾਧੇ ਪੀਤੇ ਦੀ ਸਿਰਫ਼ ਹਵ੍ਹਾੜ ਲੈ ਕੇ ਆਉਂਦਾ ਹੈ। ਸ਼ੀਸ਼ਾ ਦੇਖਦਾ ਹੈ ਤਾਂ ਸ਼ੀਸ਼ੇ ਨੂੰ ਗਾਲ੍ਹ ਕੱਢਦਾ ਹੈ। ਨਿੱਕੇ ਨਿੱਕੇ ਦ੍ਰਿਸ਼ਾਂ ਜਾਂ ਅਵਲੋਕਨਾਂ (Observations)ਰਾਹੀਂ ਕਵਿਤਾ ਉਸਾਰਨੀ ਕੰਵਲਜੀਤ ਦਾ ਵਿਸ਼ੇਸ਼ ਅੰਦਾਜ਼ ਹੈ। ਇਹ ਦ੍ਰਿਸ਼ ਇੱਕੋ ਸਮੇਂ ਯਥਾਰਥਕ ਵੀ ਹੁੰਦੇ ਹਨ ਤੇ ਪ੍ਰਤੀਕਮਈ ਵੀ :
ਛੋਟੀਆਂ ਬੱਚੀਆਂ ਦੇ
'ਘਰ ਘਰ ਖੇਡਦਿਆਂ ਤੋਂ
ਉਨ੍ਹਾਂ ਦੇ ਪਟੋਲਿਆਂ ਉਪਰੋਂ
ਲੰਘ ਜਾਂਦਾ ਹੈ
ਇੱਕ ਫੌਜੀ ਟਰੱਕ ਦਾ ਟਾਇਰ (ਜੁਗਨੀ)
ਉਸਦੀਆਂ ਹੋਰ ਕਵਿਤਾਵਾਂ ਵਿੱਚ ਵੀ ਅਛੂਤੇ ਖ਼ਿਆਲ, ਬਿੰਬ, ਭਾਵਨਾਵਾਂ ਤੋਂ ਸੰਵੇਦਨਾਵਾਂ ਹਨ :
ਰ ਹੁਣ ਮੇਰੇ ਗਰਾਂ ਵਿੱਚ
ਸਿਰਫ਼ ਦੋ ਤਰ੍ਹਾਂ ਦੇ ਲੋਕ ਬਚੇ ਹਨ
ਇੱਕ ਉਹ
ਜਿਨ੍ਹਾਂ ਨਾਲ ਹਾਦਸਾ 'ਹੋ ਚੁੱਕਾ' ਹੈ
ਤੇ ਇੱਕ ਉਹ
ਜਿਨ੍ਹਾਂ ਨਾਲ ਹਾਦਸਾ 'ਹੋਣ ਵਾਲਾ' ਹੈ (ਹਾਦਸੇ)

ਰ ਦੇ ਦੇ ਨ੍ਹੇਰਾ ਸਾਰਾ ਬੁੱਕਲ ਮਾਰਨ ਲਈ
ਨਹੀਂ ਬਚੀ ਕੋਈ ਛੁਪਣ ਦੀ ਪਿੰਡ 'ਚ ਥਾਂ ਮੇਰੇ। (ਮੌਤ ਪ੍ਰਾਹੁਣੀ)

ਰ ਅੱਜ ਹਥਿਆਰ ਆਪਣੇ ਫਲਾਂ ਤੋਂ
ਮਾਸੂਮ ਨਾਂ ਪੜ੍ਹ ਕੇ
ਬੜੇ ਸਹਿਮੇ ਨੇ ਪੁੱਛਦੇ ਫਿਰਦੇ ਨੇ
ਹਰ ਇੱਕ ਨੂੰ ਫੜ ਫੜ ਕੇ
ਉਨ੍ਹਾਂ ਤੋਂ ਕਿਉਂ, ਕਿਵੇਂ, ਕਿੱਥੇ
ਤੇ ਕੀ ਕਰਵਾ ਗਿਆ ਕੋਈ (ਤੇਰਾ ਸ਼ਹਿਰ)

ਕੰਵਲਜੀਤ ਪੇਸ਼ੇ ਵਜੋਂ ਇਲੈਕਟ੍ਰਾਨਿਕਸ ਇੰਜਨੀਅਰਿੰਗ ਦਾ ਪ੍ਰੋਫੈਸਰ ਹੈ। ਉਸ ਦੀ ਖ਼ੂਬਸੂਰਤ ਫੋਟੋ ਕਲਾ, ਸਕੈਚਿੰਗ, ਅਦਾਕਾਰੀ, ਨਿਰਦੇਸ਼ਨ ਤੇ ਸ਼ਾਇਰੀ ਉਸ ਦੀ ਬਹੁ-ਮੁਖੀ ਪ੍ਰਤਿਭਾਠ ਕਾਵਿਕ-ਦ੍ਰਿਸ਼ਟੀ, ਕਰੁਣਾ, ਕਾਮਨਾ ਤੇ ਸ੍ਰਿਸ਼ਟੀ ਨਾਲ ਉਸ ਦੀ ਸਾਂਝ ਦੇ ਵੱਖਰੇ ਵੱਖਰੇ ਪਸਾਰ ਹਨ ਜਿਹੜੇ ਇੱਕ ਦੂਜੇ ਨੂੰ ਯੋਗਦਾਨ ਦੇ ਰਹੇ ਹਨ। ਉਸ ਦੀ ਸ਼ਾਇਰੀ ਨੂੰ ਵੀ ਉਸ ਦੀ ਬਾਕੀ ਕਲਾ ਖੇਤਰਾਂ ਵਿੱਚੋਂ ਆਉਂਦੀ ਲੋਅ ਰੌਸ਼ਨ ਕਰ ਰਹੀ ਹੈ। ਉਸ ਦੀਆਂ ਨਿਵੇਕਲੀਆਂ ਸਕੈੱਚ-ਕਵਿਤਾਵਾਂ ਏਸੇ ਦੀ ਮੂੰਹ ਬੋਲਦੀ ਤਸਵੀਰ ਹਨ।
ਇਹ ਸੰਗ੍ਰਹਿ ਸਮਕਾਲੀ ਪੰਜਾਬੀ ਕਵਿਤਾ ਵਿੱਚ ਇੱਕ ਸੁਹਜਮਈ, ਸੱਜਰਾ ਤੇ ਮੌਲਿਕ ਵਾਧਾ ਹੈ। ਇਸ ਦੀਆਂ ਕਵਿਤਾਵਾਂ ਕਾਵਿ-ਰਸੀਆਂ ਦਾ ਧਿਆਨ ਆਪਣੀ ਨਿਵੇਕਲੀ ਸਾਰਥਕਤਾ ਵੱਲ ਜ਼ਰੂਰ ਆਕਰਸ਼ਿਤ ਕਰਨਗੀਆਂ ਤੇ ਇਨ੍ਹਾਂ ਨਾਲ ਪੰਜਾਬੀ ਕਾਵਿਕ ਸੰਵੇਦਨਾ, ਜੀਵਨ-ਦ੍ਰਿਸ਼ਟੀ, ਭਾਸ਼ਾ ਯੋਗਤਾ, ਕਾਵਿ-ਤਕਨੀਕਾਂ, ਅਨੁਭਵਾਂ ਤੇ ਹਮਦਰਦੀਆਂ ਦਾ ਘੇਰਾ ਵਿਸ਼ਾਲ ਹੋਵੇਗਾ।
ਕਵਿਤਾ ਕਿਸੇ ਕੌਮ, ਦੇਸ਼ ਜਾਂ ਧਰਤੀ ਦੇ ਲੋਕਾਂ ਨੂੰ ਵਧੇਰੇ ਸੰਵੇਦਨਸ਼ੀਲ ਬਣਾਉਣ, ਉਨ੍ਹਾਂ ਨੂੰ ਆਪਣੀ ਹੋਂਦ ਦੇ ਅਰਥਾਂ ਤੇ ਸੰਭਾਵਨਾਵਾਂ ਪ੍ਰਤੀ ਸੁਚੇਤ ਕਰਨ, ਸੁਪਨਿਆਂ, ਡਰਾਂ ਤੇ ਆਸਾਂ ਨੂੰ ਤਹਿ ਤੇ ਲੈ ਕੇ ਆਉਣ, ਜ਼ਿੰਦਗੀ ਦੀ ਜੰਗ ਤੇ ਜਸ਼ਨ ਵਿੱਚ ਸ਼ਾਮਿਲ ਹੋਣ ਤੇ ਵਧੇਰੇ ਪ੍ਰਮਾਣਿਕ ਜੀਵਨ ਜਿਊਣ ਲਈ ਟੁੰਬਣ ਦੇ ਕਾਰਜ ਵਿਚ ਸਹਾਈ ਹੁੰਦੀ ਹੈ।
ਇਹ ਕਾਰਜ ਕਰਨ ਲਈ ਕਵਿਤਾ ਨੂੰ ਕੋਈ ਉਚੇਚ ਨਹੀਂ ਕਰਨਾ ਪੈਂਦਾ, ਇਹ ਉਸਦਾ ਸਹਿਜ ਜੀਵਨ ਹੈ। ਦਰਖ਼ਤ ਛਾਂ ਤੇ ਫਲ ਦੇਣ ਤੇ ਹਵਾ ਦੀ ਜ਼ਹਿਰ ਨੂੰ ਅੰਮ੍ਰਿਤ ਵਿੱਚ ਬਦਲਣ ਵਿੱਚ ਕੋਈ ਉਚੇਚ ਨਹੀਂ ਕਰਦੇ, ਇਹ ਉਨ੍ਹਾਂ ਦਾ ਸਹਿਜ ਕਰਮ ਹੈ, ਇਸ ਬਿਨਾਂ ਉਹ ਜੀਵਿਤ ਹੀ ਨਹੀਂ ਰਹਿ ਸਕਦੇ।
ਮੈਂ ਕੰਵਲਜੀਤ ਦੀਆਂ ਕਵਿਤਾਵਾਂ ਵਿਚੋਂ ਵੀ ਇਨ੍ਹਾਂ ਦਰੱਖ਼ਤਾਂ ਦੇ ਪੱਤਿਆਂ ਦੀ ਸਰਸਰਾਹਟ ਸੁਣੀ ਹੈ। ਮੈਂ ਉਸਨੂੰ ਮੁਬਾਰਕਬਾਦ ਦਿੰਦਾ ਹਾਂ ਤੇ ਉਸ ਦੇ ਪ੍ਰਥਮ ਕਾਵਿ-ਸੰਗ੍ਰਹਿ ਨੂੰ ਜੀ ਆਇਆਂ ਆਖਦਾ ਹਾਂ।

ਬਿਨਾਂ ਪਤੇ ਵਾਲਾ ਖ਼ਤ : ਤਾਰਿਆਂ ਦੀ ਛਾਂ


ਸੂਰਜ ਛਿਪਣ ਤੋਂ ਪਿੱਛੋਂ ਤੇ ਨ੍ਹੇਰਾ ਹੋਣ ਤੋਂ ਪਹਿਲਾਂ
ਰਿਹਰਸਲ ਹੋਣ ਤੋਂ ਪਿੱਛੋਂ ਤੇ ਨਾਟਕ ਹੋਣ ਤੋਂ ਪਹਿਲਾਂ
ਖ਼ਬਰ ਦੇ ਛਪਣ ਤੋਂ ਪਿੱਛੋਂ ਤੇ ਸੈਂਸਰ ਹੋਣ ਤੋਂ ਪਹਿਲਾਂ
ਗੀਤ ਦੇ ਲਿਖਣ ਤੋਂ ਪਿੱਛੋਂ ਤੇ ਸੁਰ ਵਿੱਚ ਹੋਣ ਤੋਂ ਪਹਿਲਾਂ



ਇਹ ਨਜ਼ਮਾਂ ਜ਼ਿੰਦਗੀ ਦੇ ਸੱਚ ਬਾਰੇ

ਬਿਨਾਂ ਪਤੇ ਵਾਲਾ ਖ਼ਤ :ਚਿੜੀ ਦਾ ਐਲਾਨ


ਇਥੇ ਝੱਖੜ ਨਹੀਂ ਲੱਗਦੇ
ਇਥੇ ਮੀਂਹ ਦਾ ਪਾਣੀ ਨਹੀਂ ਅੱਪੜਦਾ
ਇਥੇ ਬਿੱਲੀ ਨਹੀਂ ਆਉਂਦੀ
ਇਥੇ ਕਾਂ-ਜਨੌਰ ਨਹੀਂ ਆਉਂਦੇ -

'ਇਸ ਤੋਂ ਵੱਧ ਮਹਿਫ਼ੂਜ਼ ਜਗ੍ਹਾ
ਹੋਰ ਕਿਹੜੀ ਹੋ ਸਕਦੀ ਹੈ'
ਚਿੜੀ ਨੇ ਐਲਾਨ ਕੀਤਾ....

ਤੇ ਤੋਪ ਦੇ ਮੂੰਹ 'ਚ ਬਣਾਏ
ਆਪਣੇ ਆਲ੍ਹਣੇ 'ਚ
ਬੋਟਾਂ ਨੂੰ ਚੋਗਾ ਦੇਣ ਉੱਤਰ ਗਈ।

Tuesday, September 1, 2009

ਬਿਨਾਂ ਪਤੇ ਵਾਲਾ ਖ਼ਤ : ਬਲਦਾ ਜੰਗਲ

ਜੰਗਲ ਬਲ ਰਿਹਾ ਸੀ
ਉਸ ਕਲਮ ਚੁੱਕੀ
ਨਗ਼ਮਾ ਰੁਮਕਦਾ ਆ ਗਿਆ

ਸਾਜ਼ ਚੁੱਕਿਆ
ਧੁਨ ਥਰਥਰਾਉਂਦੀ
ਲਰਜ਼ਾ ਗਈ

ਬੁਰਸ਼ ਚੁੱਕਿਆ
ਧੁਨ ਵਿੱਚ ਰੰਗ ਭਰੇ ਗਏ

ਉਸ ਰੰਗਲੀ ਧੁਨ ਛੋਹੀ
ਤੇ ਭਰਪੂਰ ਨਗ਼ਮਾ ਗਾਇਆ
ਪੂਰੀ ਤਾਨ ਨਾਲ
ਪੂਰੇ ਰੌਂਅ ਵਿੱਚ
ਅੰਬਰ ਤੋਂ ਧਰਤੀ ਤੱਕ ਗੂੰਜਦਾ...

ਫਿਰ ਰੱਖ ਕੇ ਸਾਜ਼
ਰੱਖ ਕੇ ਬੁਰਸ਼
ਰੱਖ ਕੇ ਕਲਮ
ਉਹ ਬਲਦੇ ਜੰਗਲ ਵੱਲ ਨੂੰ ਤੁਰ ਪਿਆ।