Monday, October 12, 2009

ਕੂੰਜਾਂ : ਤਿੰਨ ਸੌ ਤਰਵੰਜਾ

(353 ਨੰਬਰ ਕੈਬ ਡਰਾਈਵਰ ਲੱਕੀ ਦੀ ਜ਼ੁਬਾਨੀ)

ਟੈਕਸੀ ਚਲਾਉਣ ਦਾ ਕੋਈ ਟਾਈਮ ਨਹੀਂ ਹੁੰਦਾ
ਬਰਫ਼ੀਲੀ ਅੱਧੀ ਰਾਤ ਹੋਵੇ
ਮਨ 'ਚ ਹੰਝੂਆਂ ਦੀ ਬਾਤ ਹੋਵੇ
ਝੱਖੜ ਬਰਸਾਤ ਹੋਵੇ
ਅਸੀਂ ਸੀਟ 'ਤੇ ਚਿਤੜਾਂ ਨੂੰ
ਗੂੰਦ ਵਾਂਗ ਜੋੜੇ ਲਗਾਤਾਰ ਬਹਿੰਦੇ ਹਾਂ
ਹਨੇਰ ਸਵੇਰ ਸੜਕਾਂ ਗਾਹੁੰਦੇ ਹਾਂ
ਪੁਲਿਸ ਦੀਆਂ ਕੰਡਮ ਕਾਰਾਂ ਖਰੀਦ
ਟੈਕਸੀਆਂ ਬਣਾ ਲਗਾਤਾਰ ਭਜਾਉਂਦੇ ਹਾਂ
ਪਿੰਡ ਦੀਆਂ ਪੱਤੀਆਂ ਚਾਹੇ ਨਾ ਯਾਦ ਹੋਣ
ਪਰ ਇਥੇ ਇਕ-ਇਕ ਐਵੀਨਿਊ ਜਾਣਦੇ ਹਾਂ
ਸਾਰਾ ਦਿਨ ਸੜਕਾਂ ਦੀ ਖਾਕ ਛਾਣਦੇ ਹਾਂ

ਕਿਹੜੇ ਗਾਹਕ ਦੀ ਕਿਹੜੀ-ਕਿਹੜੀ ਲੋੜ
ਕਿਥੋਂ ਪੂਰੀ ਹੋਣੀ ਹੈ
ਸਾਨੂੰ ਪਤਾ ਹੈ।
ਕਿਸੇ ਨੂੰ ਏਅਰਪੋਰਟ ਲਾਹੁਣਾ ਹੈ
ਕਿਸੇ ਨੂੰ ਸਟੋਰ ਤੱਕ ਢੋਣਾ ਹੈ
ਕਿਸੇ ਨੂੰ ਡਾਊਨ ਟਾਊਨ ਦੀ ਖਾਸ ਸਟਰੀਟ 'ਚੋਂ
ਲੱਭ ਕੇ ਦੇਣਾ ਹੈ,
ਕਿੰਨੀ ਹੀ ਕਿਸਮ ਦਾ
ਸਸਤਾ, ਸੁੰਦਰ ਤੇ ਭਰੋਸੇਮੰਦ ਮਾਲ।

ਕੇਰਾਂ ਅੱਧੀ ਰਾਤੀਂ
ਬੈਠ ਗਏ
ਟੈਕਸੀ ਵਿਚ ਤਿੰਨ ਕਾਲੇ
ਮੱਥਾ ਤਾਂ ਠਣਕਿਆ
ਪਰ ਚੱਲਣਾ ਹੀ ਪੈਣਾ ਸੀ ਚਾਲੇ
ਇਕ ਸੁੰਨਾ ਮੋੜ ਮੁੜਦਿਆਂ ਹੀ ਇਕ ਨੇ
ਗੱਲ ਵਿੱਚ ਰੱਸੀ ਪਾਈ
ਔਹ ਗਈ ਅਠਾਰਾਂ ਘੰਟੇ ਦੀ ਕਮਾਈ

ਕੇਰਾਂ ਤੜਕੇ ਸਾਜਰੇ ਏਅਰਪੋਰਟ ਤੋਂ
ਇਕ ਗੋਰੀ ਬਹਿ ਗਈ
ਸੋਚਿਆ ਬੋਹਣੀ ਚੰਗੀ ਹੋ ਗਈ
ਘੰਟੇ ਦੀ ਡਰਾਈਵ ਕਰ
ਉਸਨੂੰ ਘਰ ਲਾਹਿਆ
ਕਹਿੰਦੀ ਮਨੀ ਤਾਂ ਹੈ ਨਹੀਂ
ਤੂੰ ਹੀ ਅੰਦਰ ਆ ਜਾ
ਸਾਰਾ ਦਿਨ ਗਾਲਾਂ ਕੱਢਦੇ ਹੀ ਲੰਘਾਇਆ

ਕਾਰ 'ਚ ਚਲਦੇ ਪੰਜਾਬੀ ਰੇਡੀਓ 'ਚੋਂ
ਸਾਰਾ ਦਿਨ ਡੁਲ੍ਹਦੇ ਨੇ ਲਗਾਤਾਰ
ਖ਼ਬਰਾਂ, ਟੋਟਕੇ, ਗੀਤ ਸਦਾ ਬਹਾਰ

ਤੇ ਹਾਂ
ਸਾਡਾ ਕੋਈ ਨਾਮ ਨਹੀਂ ਹੁੰਦਾ
ਨੰਬਰ ਨਾਲ ਹੀ ਸਾਡੀ ਪਛਾਣ ਹੈ।
ਕੈਬ ਸਟੈਂਡ ਆ ਕੇ ਜੇ ਪੁਛੋਗੇ
ਕਿ ਲੱਕੀ ਕਿਥੇ ਮਿਲੂ -
ਕੋਈ ਨਹੀਂ ਜਾਣਦਾ।
ਪੁਛੋ 353 ਕਿਥੇ ਹੈ
ਫੱਟ ਦੱਸ ਦੇਣਗੇ।

ਹੁਣ ਤਾਂ ਅਸੀਂ ਵੀ ਗੱਲਾਂ ਕਰਦੇ
ਭੁੱਲ ਜਾਂਦੇ ਹਾਂ ਆਪਣੇ ਨਾਮ,
-430 ਦਾ ਵਿਆਹ ਹੈ ਇੰਡੀਆ, ਟਿਕਟ ਤਿਆਰ ਹੈ।
-239 ਦੀ ਘਰਵਾਲੀ ਬੀਮਾਰ ਹੈ।
-635 ਨੇ ਮੁੰਡੇ ਦੀ ਪਾਰਟੀ 'ਚ ਬਕਾਰਡੀ ਪਿਆਈ।
-3255 ਦੇ ਮੁੰਡੇ ਕੋਲ ਹਮਰ ਏ
ਉਹਨੇ ਬੇਰੀਆਂ ਤੋੜ ਕੇ ਤਾਂ ਨੀਂ ਬਣਾਈ!
-ਕੱਲ੍ਹ 432 ਤੇ 506 ਖਹਿਬੜ ਪਏ,
ਆਰ ਸੀ ਐੱਮ ਪੀ ਆਈ।
-2113 ਦੀ ਗੱਡੀ ਵਿਕਾਊ ਹੈ....।
-136 ਵਾਲਾ ਆਪਣੇ ਧੰਦੇ 'ਚ ਮਸਾਂ ਹੀ ਚੱਲੂ
ਬਾਹਲਾ ਹੀ ਸਾਊ ਹੈ।

ਨਾਮ ਪੂਰੇ ਹੀ ਮਨਫੀ ਹੋ ਗਏ ਹਨ
ਸਾਡੀਆਂ ਪਛਾਣਾਂ ਵਾਂਗ।
(ਮਨੀ-ਪੈਸੇ, ਧੇਲੇ।)
(ਕੈਬ ਸਟੈਂਡ : ਟੈਕਸੀ ਸਟੈਂਡ, ਆਰ. ਸੀ. ਐਮ. ਪੀ.- ਕਨੇਡੀਅਨ ਪੁਲਿਸ,)
(ਹਮਰ : ਮਹਿੰਗੀ ਸ਼ੌਕੀਨੀ ਵਾਲੀ ਗੱਡੀ)

2 comments:

  1. Wonderful..The truths of life...I liked the definitions here..

    ReplyDelete
  2. no words for dis...

    I love dis... Alumni meet te jadd sunni c, oddo ton hi c k dobara parha ehnu...

    Thankyou sir... :)

    ReplyDelete