Monday, October 12, 2009

ਕੂੰਜਾਂ : ਕਨੇਡਾ ਵਾਲੇ

ਕਨੇਡਾ ਦੀ ਨਵੀਨ ਸਭਿਅਤਾ ਦੀ ਉਮਰ 140 ਕੁ ਵਰ੍ਹੇ ਹੈ। ਇੰਨੇ ਕੁ ਹੀ ਦੇਸ਼ਾਂ ਦੇ ਲੋਕ ਇਥੇ ਆ ਵਸੇ ਹਨ। ਧਰਤੀ 13 ਰਾਜਾਂ 'ਚ ਵੰਡੀ ਏ, ਟੋਰਾਂਟੋ, ਬ੍ਰਿਟਿਸ਼ ਕੋਲੰਬੀਆ ਤੇ ਐਡਮੰਟਨ 'ਚ ਪੰਜਾਬੀਆਂ ਦੀ ਝੰਡੀ ਏ। ਟੋਰਾਂਟੋ ਸਿੱਧੇ ਲੋਟ ਖੜ੍ਹਾ, ਵੈਨਕੂਵਰ ਸਰਾਲ੍ਹ ਵਾਂਗ ਪਸਰਿਆ, ਸਰੀ ਡੈਲਟੇ 'ਚ ਤਾਰਾਂ 'ਤੇ ਸੁੱਕਣੇ ਪਾਏ ਸੂਟ ਪਜਾਮੇ ਦੇਖ ਕੇ ਪਤਾ ਲਗ ਜਾਂਦਾ ਕਿ ਪੰਜਾਬੀਆਂ ਨੇ ਇਥੇ ਧੂਣਾ ਲਾਇਆ ਹੋਇਆ।
ਸਮੁੰਦਰ ਦੀ ਹਿੱਕ 'ਤੇ ਅੰਧ ਮਹਾਂਸਾਗਰ ਤੋਂ ਲੈ ਕੇ ਸ਼ਾਂਤ ਮਹਾਂਸਾਗਰ ਤੱਕ ਫੈਲਿਆ ਕਨੇਡਾ ਫਰਾਂਸੀਸੀਆਂ ਤੇ ਅੰਗਰੇਜ਼ਾਂ ਨੇ ਇਥੋਂ ਦੇ ਮੂਲ ਵਾਸੀਆਂ ਨੂੰ ਮਧੋਲ ਕੇ ਵਰੋਸਾਇਆ। ਪਹਿਲੋ ਪਹਿਲ ਰਾਣੀ ਐਲਿਜਾਬੈਥ ਦੀ ਤਾਜਪੋਸ਼ੀ ਮੌਕੇ ਅੰਗਰੇਜ਼ਾਂ ਦੀ ਫੌਜ ਵਿਚਲੇ ਗਏ ਸਿੱਖ ਆਉਂਦੇ ਹੋਏ ਕਨੇਡਾ ਦੇਖ ਆਏ। ਫਿਰ ਚਲੋ ਚਾਲ ਕੱਲ ਮੁਕੱਲੇ, ਛੜੇ ਛਟਾਂਕ ਪੰਜਾਬੀ, ਕਰਜ਼ੇ ਚੁੱਕ, ਜ਼ਮੀਨਾਂ ਗਹਿਣੇ ਰੱਖ, ਵਿਦੇਸ਼ੀ ਧਰਤੀਆਂ ਵੱਲ ਨਿਕਲ ਤੁਰੇ। ਅਣਖ ਨੂੰ ਪਿੰਡ 'ਚ ਹੀ ਤੂਤ ਦੀ ਖੁੰਘੀ 'ਤੇ ਟੰਗ ਤਾਂ ਆਏ, ਪਰ ਰੋਏ ਤੜਫੇ ਬਹੁਤ। ਲੰਬਰ ਮਿੱਲਾਂ ਦੇ ਕੁੱਕ ਹਾਊਸਾਂ ਵਿਚ ਸੌਂਦੇ, ਆਪਣੇ 'ਚੋਂ ਕਿਸੇ ਨੂੰ ਬਣਾਉਂਦੇ ਰਸੋਈਆ, 'ਕੱਠ ਕਰਦੇ, ਲੰਗਰ ਛਕਦੇ, ਨਸਲੀ ਵਿਤਕਰੇ ਸਹਿੰਦੇ, ਗੱਪਾਂ ਮਾਰਦੇ, ਬਹਿਸਦੇ, ਇਕੱਲਪੁਣੇ ਨੂੰ ਭਜਾਉਣ ਲਈ ਹੀਰ ਦੇ ਟੱਪੇ ਗਾਉਂਦੇ, ਨਿਆਣਿਆਂ ਨੂੰ ਯਾਦ ਕਰਦੇ, ਸੰਦੂਕ 'ਚ ਪਏ ਡਾਲੇ ਗਿਣਦੇ, ਜਰਬਾਂ ਕਰ ਕਰ ਦੇਖਦੇ, ਸੁਪਨੇ ਬੁਣਦੇ, ਕਿੱਸੇ ਸੁਣਦੇ-ਸੁਣਾਉਂਦੇ, ਲੁੱਚੀਆਂ ਗਾਲ੍ਹਾਂ ਲੱਛਿਆਂ ਵਾਂਗ ਵਰਤਾਉਂਦੇ ਕਿ ਕਿਹੜਾ ਕਿਸੇ ਨੂੰ ਸਮਝ ਲੱਗਣੀਆਂ।
ਹੁਣ ਕੋਈ ਅਣਖ ਦਾ ਬਹੁਤਾ ਰੌਲਾ ਨਹੀਂ, ਪਰ ਹਾਲੇ ਵੀ ਉਹ ਤੂਤ ਦੀ ਖੁੰਘੀ ਦਿਲ ਵਿਚ ਕਿਧਰੇ ਖਾਸੀ ਡੂੰਘੀ ਖੁੱਭੀ ਪਈ ਹੈ। ਉਂਜ ਹੁਣ ਚੁਣੌਤੀਆਂ ਬਦਲ ਗਈਆਂ ਹਨ।
ਸ਼ੁਰੂ ਵਿਚ ਆਏ ਅੱਧ ਪੜ੍ਹ ਜਾਂ ਅਨਪੜ੍ਹ ਪੰਜਾਬੀਆਂ ਦੇ ਤਿੰਨ ਦੁਸ਼ਮਣ ਰਹੇ-ਘੱਟ ਪੜ੍ਹਾਈ, ਪਾਟੋ-ਧਾੜ, ਦੂਰ ਅੰਦੇਸ਼ੀ ਤੋਂ ਸੱਖਣੇ। ਉਨ੍ਹਾਂ ਲੱਕੜਾਂ ਚੀਰੀਆਂ, ਫੱਟੇ ਖਿੱਚੇ, ਬੇਰੀਆਂ ਤੋੜੀਆਂ, ਪਟੜੀਆਂ ਵਿਛਾਈਆਂ, ਸੜਕਾਂ ਬਣਾਈਆਂ, ਲੋਹੇ-ਕੋਲੇ ਦੀਆਂ ਖਾਨਾਂ 'ਚ ਉਮਰਾਂ ਬਿਤਾਈਆਂ, ਖਪਾਈਆਂ। ਇਕੋ ਹੀ ਸੰਕਲਪ ਮਨ ਵਿਚ ਸੀ ਕਿ -
ਕਿਸੇ ਦੀ ਪੌੜੀ ਨਾ ਚੜ੍ਹਕੇ
ਕਿਸੇ ਦੇ ਸਿਰ ਤੇ ਨਾ ਖੜ੍ਹਕੇ
ਹਰ ਝੱਖੜ ਮੂਹਰੇ ਅੜਕੇ
ਇਸੇ ਹੀ ਧਰਤ ਤੇ ਖੜ੍ਹਕੇ
ਅਰਸ਼ ਨੂੰ ਛੋਹ ਦਿਖਾਵਾਂਗਾ

ਖਿਆਲ ਇਕ ਰੂਹ ਦੇ ਵਿਚ ਫੜ ਕੇ
ਚਿਣਗ ਅੱਖੀਆਂ ਦੇ ਵਿੱਚ ਰੜਕੇ
ਮੈਂ ਰਾਤਾਂ ਝਾਗ, ਉੱਠ ਤੜਕੇ
ਤੇ ਸੰਗ ਸਭ ਨ੍ਹੇਰਿਆਂ ਲੜਕੇ
ਅਰਸ਼ ਨੂੰ ਛੋਹ ਦਿਖਾਵਾਂਗਾ।
50ਵਿਆਂ ਤੇ 60ਵਿਆਂ 'ਚ ਹੋਣ ਲੱਗੇ ਕਲੀਨ ਸ਼ੇਵ, 1970 ਤੱਕ ਹੋਏ ਇੱਕ ਲੱਖ, ਪਰ ਬਹੁਤੇ ਲਕੀਰ ਦੇ ਫਕੀਰ ਖਪੀ ਗਏ ਲੱਕੜ ਮਿੱਲਾਂ 'ਚ ਆਪਣੇ ਵਡੇਰਿਆਂ ਵਾਂਗ। ਖਾਣੇ ਦੀ ਮਹਿਕ ਤੇ ਨਸਲਵਾਦੀ ਗੋਰਿਆਂ ਦੇ ਸ਼ਿਕਾਰ ਹੋਣ ਦੀ ਗੱਲ ਕਾਫੀ ਹੱਦ ਤੱਕ ਬੀਤੇ ਦੀ ਗੱਲ ਬਣ ਗਈ ਹੈ, ਪਰ ਨਸਲਵਾਦ ਦਾ ਮੁੱਦਾ ਰੂਪ ਵਟਾ ਵਟਾ ਕੇ ਕਦੇ ਕਦੇ ਨਾ ਕਦੇ ਹੁਣ ਵੀ ਸਾਹਮਣੇ ਆਉਂਦਾ ਹੀ ਰਹਿੰਦਾ ਹੈ। 1982 ਤੋਂ ਪਹੁੰਚਣ ਲੱਗੇ ਰਾਜਸੀ ਸ਼ਰਨ ਲੈ ਕੇ। ਮੋਨੇ ਸਿੱਖਾਂ ਦੇ ਬਣਾਏ ਗੁਰੂ ਘਰਾਂ 'ਤੇ ਇਨ੍ਹਾਂ ਨਵੇਂ ਪੱਗਧਾਰੀ ਰਫਿਊਜੀਆਂ ਨੇ ਕਰ ਲਿਆ ਕਬਜ਼ਾ। ਮਨ ਵਿਚ ਖੁੱਭੀਆਂ ਜਦ ਢਹੇ ਅਕਾਲ ਤਖਤ ਸਾਹਿਬ ਦੀਆਂ ਕਿਰਚਾਂ, ਉਗ ਪਏ ਨਵੇਂ ਨਵੇਂ ਕਈ ਨਾਵਾਂ ਵਾਲੇ ਖਾੜਕੂ ਦਲ। ਕੱਟਸਰਡ ਸਿੱਖਾਂ ਨੂੰ ਭਜਾਉਣ ਲਈ ਰੱਖ ਲਏ ਗਏ ਪਾਲਤੂ ਬੰਦੇ, ਡਾਲਰਾਂ ਦੀਆਂ ਪੰਡਾਂ ਪਹੁੰਚਣ ਲੱਗੀਆਂ ਪਾਕਿਸਤਾਨ ਅਤੇ ਪੰਜਾਬ। ਇਹ ਰਫਿਊਜੀ ਵੀ ਜੀਰ ਗਏ ਅਖਬਾਰਾਂ 'ਚ, ਕਾਰਖਾਨਿਆਂ 'ਚ, ਬੇਰੀਆਂ ਦੇ ਖੇਤਾਂ 'ਚ। ਬਹੁਤੇ ਅਖਬਾਰਾਂ ਨੇ ਬੰਨ੍ਹ ਲਈਆਂ ਖਾਲਸਤਾਨੀ ਪੱਗਾਂ। ਕਈ ਬਣ ਗਏ ਧਰਮ ਦੇ ਰਾਖੇ ਅਖਬਾਰਾਂ ਦੇ ਐਡੀਟਰ। ਪਰ 1985 ਦੇ ਕਨਿਸ਼ਕ ਕਾਂਡ ਨੇ ਵਰ੍ਹਿਆਂ ਦੀ ਬਣੀ ਬਣਾਈ ਭੱਲ ਰੋੜ੍ਹ ਦਿੱਤੀ ਮਹਾਂਸਾਗਰ ਦੇ ਪਾਣੀਆਂ ਵਿਚ। ਸੂਰਤ ਹੋ ਗਈ ਧੁੰਦਲੀ। '84 'ਚ ਜਿਨ੍ਹਾਂ ਮੋਨੇ ਸਿੱਖਾਂ ਨੇ ਕੇਸਾਂ ਦੇ ਮਖੌਟੇ ਚੜ੍ਹਾਏ, ਬਹੁਤਿਆਂ ਨੇ ਹੌਲੀ ਹੌਲੀ ਲਾਹ ਦਿੱਤੇ। 1992 ਵਿਚ ਪੰਜਾਬ ਜਿਹੜੇ ਗਧੀ ਗੇੜ 'ਚੋਂ 10 ਕੁ ਸਾਲ ਲਾ ਕੇ ਨਿਕਲ ਗਿਆ ਕਨੇਡਾ ਵਰਗੇ ਮੁਲਕਾਂ ਵਿਚ ਹੁਣ ਤੱਕ ਵੀ ਉਸ ਦੇ ਗੇੜੇ ਆਉਂਦੇ ਨੇ। ਕਈ ਤਾਂ ਉਸ ਠੰਢੀ ਹੋ ਰਹੀ ਅੱਗ ਨੂੰ ਹਾਲੇ ਵੀ ਆਪਣੇ ਆਪਣੇ ਭੂਕਣੇ ਫੜੀ ਮਘਦੀ ਰੱਖਣ ਲਈ ਸਾਹੋ ਸਾਹ ਹੋਏ ਰਹਿੰਦੇ ਨੇ। ਕਈਆਂ ਦਾ ਤੋਰੀ ਫੁਲਕਾ ਇਸੇ ਸਿਰੋਂ ਚਲਦਾ। 1947 'ਚ ਪੰਜਾਬੀਆਂ ਨੂੰ ਵੋਟ ਪਾਉਣ ਦਾ ਹੱਕ ਮਿਲਿਆ ਸੀ ਅਤੇ 1999 ਵਿਚ ਉਨ੍ਹਾਂ ਨੇ ਦੁਸਾਂਝਾਂ ਦੇ ਉਜਲ ਨੂੰ ਬ੍ਰਿਟਿਸ਼ ਕੋਲੰਬੀਆ ਦਾ ਪ੍ਰੀਮੀਅਰ ਬਣਾ ਕੇ ਦਿਖਾ ਦਿੱਤਾ।
ਬ੍ਰਿਟਿਸ਼ ਕੋਲੰਬੀਆ 'ਚ 1996 ਤੋਂ ਪੰਜਾਬੀ ਦੂਜੀ ਭਾਸ਼ਾ ਹੈ। ਬੋਰਡ ਪੰਜਾਬੀ ਵਿਚ ਲੱਗੇ ਹਨ। ਖਾਲਸਾ ਸਕੂਲ ਨੇ। ਦਿੱਲੀ, ਹਰਿਆਣੇ ਤੋਂ ਤਾਂ ਚੰਗੇ ਹੀ ਨੇ ਜਿਥੇ ਪੰਜਾਬੀ ਅਜੇ ਵੀ ਮਤਰੇਈ ਹੈ।
ਪੰਜਾਬੀ ਕਨੇਡਾ ਦੀ ਸਿਆਸਤ ਵਿਚ ਵੀ ਪੌੜੀ ਦੇ ਉਚੇ ਟੰਬਿਆਂ 'ਤੇ ਬਿਰਾਜਮਾਨ ਹੋਏ ਹਨ। ਇਸ ਦੀ ਗਵਾਹੀ ਸਾਡੀ ਵਿਕਟੋਰੀਆ ਦੀ ਫੇਰੀ ਰਹੀ।

No comments:

Post a Comment