Tuesday, October 13, 2009

ਕੂੰਜਾਂ : ਦੋਹਰੇ


ਇਸ ਪਾਸੇ ਰੰਗੀਨੀਆਂ, ਮੋਹ ਪਿੰਡ ਦਾ ਉਸ ਪਾਰ ।
ਵਾਂਗ ਮਧਾਣੀ ਰਿੜਕਦੇ, ਦੋਹੇਂ ਵਾਰੋ ਵਾਰ ॥

ਮੁੱਦਤ ਹੋਈ ਪਿੰਡ ਛੱਡਿਆਂ, ਹੋਏ ਅਸੀਂ ਉਡਾਰ ।
ਪਰ ਰੂਹ ਦੀ ਤੇ ਜਿਸਮ ਦੀ, ਪਿੰਡ 'ਚ ਖੜਕੇ ਤਾਰ ॥

ਟੱਪ ਕੇ ਨਹੀਂ ਸੀ ਦੇਖਿਆ, ਜਿਨ੍ਹਾਂ ਪਿੰਡ ਦਾ ਬਾਰ ।
ਸਿੱਧੀ ਛਾਲ ਪੰਜਾਬ ਤੋਂ, ਸੱਤ ਸਮੁੰਦਰ ਪਾਰ ॥

'ਪਾ ਲਿਆ' ਰਲ ਕੇ ਗੁਰੂ ਘਰ, ਪਿੰਡ ਜੋ ਵੇਚਣ 'ਫੀਮ ।
ਮਨ ਗੋਲਕ ਵਿੱਚ, ਉਪਰੋਂ, ਪੂਜਣ ਰਾਮ ਰਹੀਮ ॥

ਸੱਦੇ ਮਾਪੇ ਸੈਰ ਨੂੰ, ਵਿਚ ਸ਼ਰੀਕੇ ਧਾਕ ।
ਬੇਬੇ ਨਿਆਣੇ ਪੂੰਝਦੀ, ਬੇਰੀ ਤੋੜੇ ਬਾਪ ॥

ਘੁੰਮਦੀ ਪਈ ਚੰਡੋਲ ਹੈ, ਹਰ ਗੇੜੇ ਨਾਲ ਦੇਸ ।
ਕਈ ਚੁਰਾਸੀਆਂ ਕਟਦੇ, ਤੁਰਦੇ ਜੋ ਪਰਦੇਸ ॥

ਵਿਚ ਅਸਮਾਨੀਂ ਉਡਣ ਦਾ, ਸੁਪਨਾ ਹੋਇਆ ਖੇਹ ।
ਬਣ ਗਏ ਖੁੱਡੇ ਕੁਕੜੀ, ਖਾਏ ਤੇ ਆਂਡੇ ਦੇਹ ॥

ਹਰਿਆ ਭਰਿਆ ਬੰਗਲਾ, ਗੈਰੇਜ ਦੇ ਵਿਚ ਕਾਰ ।
ਕਿਸੇ ਚੀਜ਼ ਦੀ ਘਾਟ ਨੀਂ, ਕਿਸ਼ਤਾਂ ਦਾ ਸੰਸਾਰ ॥

ਸਿਰ ਤੋਂ ਲਾਂਭੇ ਨਾ ਹਟੇ ਕਿਸ਼ਤਾਂ ਦੀ ਤਲਵਾਰ ।
ਹਰ ਸਿਆਲੇ ਪਿੰਡ ਜਾਂਵਦੇ, ਬਣ ਠਣ ਕੇ ਸਰਦਾਰ ॥

ਕੱਢਵੀਂ ਜੁੱਤੀ, ਚਾਦਰਾ, ਤੁਰਲ੍ਹੇ ਵਾਲੀ ਪੱਗ ।
ਬਿੰਦ ਕੁ ਚੇਤੇ ਆਂਵਦੇ, ਜਿਉਂ ਪਾਣੀ ਦੀ ਝੱਗ ॥

ਦਿਨ ਹੋਵੇ ਵੱਡੇ ਤੋਂ ਵੱਡਾ ਰਾਤ ਛੋਟੀ ਤੋਂ ਛੋਟੀ ।
ਬੇਬੇ ਹੋਵੇ ਪੋਤਾ ਸਾਂਭੇ ਨਾਲ ਕਮਾਵੇ ਰੋਟੀ ॥

ਕਾਹਲੀ ਸੌਂ ਤੇ ਕਾਹਲੀ ਜਾਗ, ਕਾਹਲੀ ਕਾਹਲੀ ਖਾ ।
ਕਾਹਲੀ ਹੀ ਤਾਂ ਧਰਮ ਹੈ, ਕਾਹਲੀ ਮੋਕਸ਼ ਪਾ ॥

ਸੁਪਨੇ ਆਵਣ ਪਿੰਡ ਦੇ, ਇਥੇ ਕੋਈ ਨਾ ਤੋਟ ।
ਜਿੰਦ ਨਿਮਾਣੀ ਇੱਕ ਹੈ, ਕੱਟਾਂ ਕਿਹੜੇ ਲੋਟ ॥

ਸੁਖ ਦੀ ਨੀਂਦਰ ਸੌਣ ਦਾ, ਸੁਪਨਾ ਸੀ ਲੈ ਆਏ।
ਰਾਤ ਉਨੀਂਦੀ ਲੰਘਦੀ, ਦਿਨ ਤੇ ਦਿਲ ਕੁਮਲਾਏ ॥

ਜੀਅ ਕਰਦਾ ਮੁੜ ਚੱਲੀਏ, ਸਭ ਕੁਝ ਇਧਰੋਂ ਪੁੱਟ ।
ਵਤਨੀਂ ਪੈਰ ਰਖੇਂਦਿਆਂ, ਸਭ ਸੋਚਣ ਲਈਏ ਲੁੱਟ ॥

No comments:

Post a Comment