Tuesday, October 13, 2009

ਕੂੰਜਾਂ :ਚੀਸ


ਵੈਨਕੂਵਰ ਦੇ ਇਕ ਰੇਡੀਓ ਚੈਨਲ 'ਤੇ
ਸੁਖਮਿੰਦਰ ਚੀਮਾ ਆਪਣੇ ਰੇਡੀਓ ਟਾਕ ਸ਼ੋਅ ਵਿਚ
ਮੇਰੇ ਨਾਲ ਲੰਮੀ ਇੰਟਰਵਿਊ ਕਰ ਰਿਹਾ ਹੈ।
ਇੰਟਰਵਿਊ ਸੁਣ
ਮੇਰੇ ਬਚਪਨ ਦਾ ਮਿੱਤਰ ਗੁਰਚਰਨ
60 ਮੀਲ ਗੱਡੀ ਭਜਾ
ਮਿਲਣ ਦਾ ਮਾਰਾ-
ਰੇਡੀਓ ਸਟੇਸ਼ਨ ਹੈ ਪਹੁੰਚਿਆ।

ਸਟੂਡੀਓ ਦੇ ਬਾਹਰ ਖੜ੍ਹਾ ਹੈ
ਦਰਵਾਜ਼ੇ ਦੇ ਸ਼ੀਸ਼ੇ 'ਚੋਂ ਹੱਥਾਂ ਦਾ ਕੁੱਪਾ ਜਿਹਾ ਬਣਾ
ਅੰਦਰ 'ਬਾਈਸਕੋਪ' ਵਾਂਗ ਦੇਖ ਰਿਹਾ ਹੈ।
ਦਿਲ ਵਿਚ ਡੁੱਲ੍ਹਦਾ ਮੋਹ
ਤ੍ਰਿਪ ਤ੍ਰਿਪ ਹੰਝੂ ਰਹੇ ਨੇ ਚੋਅ।

ਪ੍ਰੋਗਰਾਮ 'ਚ ਬਰੇਕ ਹੁੰਦੀ ਹੈ
ਮੈਂ ਬਾਹਰ ਆ ਕੇ
ਉਹਨੂੰ ਮਿਲਦਾ ਹਾਂ ਧਾਅ
ਨਾ ਉਸ ਤੋਂ ਕੁਝ ਬੋਲ ਹੁੰਦਾ ਨਾ ਮੈਥੋਂ
ਚੁੱਕਿਆ ਨਹੀਂ ਜਾਂਦਾ ਚਾਅ....!

ਇੰਟਰਵਿਊ ਦੇਰ ਰਾਤ ਤੱਕ ਚੱਲਣੀ ਸੀ
ਉਹ ਕੰਮ ਚਲਦਾ ਛੱਡ ਕੇ ਆਇਆ ਸੀ
ਘਰਾਂ ਦੇ ਠੇਕੇ ਲੈਂਦਾ ਹੈ।
ਫੋਨੋ-ਫੋਨੀ ਹੁੰਦੇ
ਅਸੀਂ ਛੇ ਦਿਨ ਬਾਦ
ਵੀਕਐਂਡ ਤੇ ਹੀ ਮਿਲ ਸਕੇ....।
-ਏਹੀ ਜ਼ਿੰਦਗੀ ਆ ਬਾਈ ਇਥੇ।'

ਯਾਦ ਕੀਤੇ ਉਹ ਦਿਨ
ਕਿਵੇਂ ਮੋਗੇ ਆਰੀਆ ਸਕੂਲ ਦਸਵੀਂ ਤੱਕ
ਇਕੱਠੇ ਤੁਰ ਕੇ ਸਕੂਲ ਜਾਂਦੇ
ਮੱਖਣ ਜੀਨ ਦੇ ਬਸਤੇ ਚੁੱਕੀ
ਨਾ ਕੋਈ ਫਿਕਰ ਨਾ ਫਾਕਾ....।

ਉਹ ਬਾਹਰਲੀ ਕੁੜੀ ਦਾ ਲੜ ਫੜ ਕੇ
ਇਧਰ ਆਇਆ,
ਫਿਰ ਆਪਣੀ ਪੂਛ ਲਮਕਾ ਕੇ
ਬੀਜੀ-ਪਾਪਾ ਨੂੰ ਵੀ ਜਹਾਜ਼ੇ ਚੜ੍ਹਾਇਆ।

ਘਰ-ਦੀ ਕੰਮ 'ਤੇ ਜਾਂਦੀ
ਚੰਗੀ ਹੈ ਮੱਥੇ ਵੱਟ ਨਾ ਪਾਉਂਦੀ
ਬੀਜੀ ਨਿਆਣਿਆਂ ਨੂੰ ਨਿੱਤਨੇਮ ਰਟਾਉਂਦੇ
ਪਾਪਾ ਜੀ ਕੰਮ 'ਚ ਹੱਥ ਵਟਾਉਂਦੇ
ਗੋਰਿਆਂ ਦੇ ਨਸਲੀ ਤਾਅਨੇ ਪਿੰਡੇ 'ਤੇ ਹੰਢਾਉਂਦੇ।

ਉਹ ਕਾਹਲੀ-ਕਾਹਲੀ ਲਗਾਤਾਰ ਦੱਸ ਰਿਹਾ ਹੈ
ਉਹ ਕਾਹਲੀ-ਕਾਹਲੀ ਲਗਾਤਾਰ ਪੁੱਛ ਰਿਹਾ ਹੈ
ਦੁੱਖ, ਸੁੱਖ ਦੀ ਕਿਤਾਬ ਦੇ ਪੰਨੇ ਪਲਟਦਿਆਂ
ਉਸਦੀਆਂ, ਮੇਰੀਆਂ ਅੱਖਾਂ ਕਈ ਵਾਰ ਛਲਕੀਆਂ।

ਚਾਹ ਪੀਂਦੇ-ਪੀਂਦੇ ਉਹਨੇ ਹਉਕਾ ਜਿਹਾ ਭਰਿਆ -
ਬਾਈ, ਘੁੰਮਣ ਫਿਰਨ ਨੂੰ
ਇਸ ਮੁਲਕ ਦੀ ਰੀਸ ਨਹੀਂ,
ਪਰ ਰਹਿਣ, ਕੰਮ ਕਰਨ ਤੇ ਜਿਉਣ ਲਈ -
ਇਦੂੰ ਵੱਡੀ ਚੀਸ ਨਹੀਂ।

No comments:

Post a Comment