Monday, October 12, 2009

ਕੂੰਜਾਂ : ਗਰਾਊਜ਼ ਪਹਾੜੀ 'ਤੇ

(ਵੈਨਕੂਵਰ, ਬੀ.ਸੀ.)
ਸੂਰਜ ਹਾਲੇ ਉੱਗ ਰਿਹਾ ਹੈ
ਪਹਾੜੀ ਦੀ ਹਿੱਕ ਤੇ
ਸਰਾਲ ਵਾਂਗ ਵਿਛੀ ਸੜਕ 'ਤੇ
ਸ਼ੂਕਦੀਆਂ ਆਈਆਂ
ਸਾਢੇ ਤਿੰਨ ਸੌ ਹਾਰਸਪਾਵਰ ਵਾਲੀਆਂ,
ਮਰਸਡੀਜ਼ ਕਾਰਾਂ ਦੇ ਇੰਜਣ
ਹੋ ਗਏ ਨੇ ਚੁੱਪ।
ਉਤਾਂਹ ਨੂੰ ਰੁਖਾਂ ਨਾਲ ਢਕੀ
ਹਰੀ ਕਚੂਰ ਪਹਾੜੀ ਹੈ।
ਦੂਰੋਂ ਪੈਂਸਲ ਦੀਆਂ ਲੰਬੀਆਂ ਲੀਕਾਂ 'ਚ
ਲਾਲ ਰੰਗੇ ਜੋ ਬਿੰਦੂ ਦਿਸਦੇ ਸੀ
ਉਹ ਹੁਣ ਪਹਾੜੀ ਤੇ ਉਤਾਂਹ ਤੱਕ ਜਾ ਰਹੇ
ਲੋਹੇ ਦੇ ਰੱਸੇ ਬਣ ਗਏ ਨੇ-
ਜਿੰਨ੍ਹਾਂ ਨਾਲ ਚਿੰਬੜੀਆਂ ਨੇ ਲਾਲ ਰੰਗ ਦੀਆਂ ਟਰਾਲੀਆਂ।
ਪੈਰ ਰੱਖਦਿਆਂ ਹੀ ਸ਼ੂਕਦੀਆਂ ਜਾਂਦੀਆਂ
ਗਿਆਰ੍ਹਾਂ ਸੌ ਮੀਟਰ ਦੀ ਪਹਾੜੀ ਢਲਾਨ 'ਤੇ
ਉਤਾਂਹ ਨੂੰ ਤਿਲਕਦੀਆਂ
ਪਿਛੇ ਛੱਡਦੀਆਂ ਦੁਰਾਡੀਆਂ ਝੀਲਾਂ

-ਆਉਣ ਕੂੰਜਾਂ ਦੇਣ ਬੱਚੇ, ਨਦੀ ਨ੍ਹਾਵਣ ਚੱਲੀਆਂ।
ਇਕ ਪੂਰ ਉਤਰਦਾ, ਇਕ ਚੜ੍ਹਦਾ।

ਦਿਉਦਾਰ ਦੇ ਰੁੱਖਾਂ ਦੀ ਖੁਸ਼ਬੋ ਹੈ
ਹਵਾਂ ਕੰਨਾਂ ਵਿਚ ਸਾਂ ਸਾਂ ਕਰ ਰਹੀ ਹੈ
ਪਲਟੀ ਪਈ ਸਲੇਜ ਗੱਡੀ ਉਪਰ ਬੈਠੀ ਹੈ ਇਕ ਜੋੜੀ
ਧੁੱਪ ਸੇਕਦੀ, ਮੰਤਰ ਮੁਗਧ

ਮੀਂਹ ਪੈਣ ਲੱਗਾ ਹੈ
-ਪਲਾਸਟਕ ਦਾ ਡਿਸਪੋਜ਼ੇਬਲ ਓਵਰਕੋਟ
ਪੰਜ ਡਾਲਰ ਦਾ ਏ, ਲੈ ਹੀ ਲਓ
ਮੰਨ ਲਾਂਗੇ ਇਕ ਬੀਅਰ ਘੱਟ ਪੀਤੀ।
ਭਿੱਜਗੇ ਤਾਂ ਪੰਜਾਹ ਡਾਲੇ ਦੀ ਦਵਾਈ ਖਾਣੀ ਪਊ।'

ਲੂਪਿਨ ਕੈਫੇਟੇਰੀਏ ਦੇ ਬਰਾਂਡੇ 'ਚ ਬੈਠਿਆਂ
ਦਿਸ ਰਹੇ ਨੇ ਹੇਠਾਂ
ਪੈਸੇਫਿਕ ਸਮੁੰਦਰ ਦੀ ਨੰਗੀ ਚਮਕਦੀ ਹਿੱਕ
ਤੇ ਡਲ੍ਹਕਦੀ ਸਵੇਰ ਦੀ ਧੁੱਪ ਵਿਚ
ਵੈਨਕੂਵਰ ਦੇ ਘਰਾਂ ਦੀਆਂ ਛੱਤਾਂ ਦੀ
ਰੰਗਲੀ ਡੱਬੀਆਂ ਵਾਲੀ ਦਰੀ
ਜਿਉਂ ਖਿੰਡੇ ਪਏ ਚਾਨਣ ਦੇ ਮਣਕੇ।

ਬਰੇਕਫਾਸਟ ਵਿਚ
ਗਰਮ ਗਰਮ ਕੌਫੀ ਨਾਲ ਚਿਕਨ ਵਿੰਗਸ ਦੇ ਪਕੌੜੇ
ਮੇਰੇ ਮੱਥੇ 'ਤੇ ਸਵਾਲੀਆ ਨਿਸ਼ਾਨ ਪੜ੍ਹ
ਮੇਰਾ ਦੋਸਤ ਸਫਾਈ ਦਿੰਦਾ ਹੈ -
ਬੋਨਲੈਸ ਨੇ, ਆਂਡੇ ਵਾਂਗ ਵੈਜ ਹੀ ਨੇ।

ਇਸੇ ਪਹਾੜੀ 'ਤੇ ਹੀ ਰਹਿੰਦਾ ਹੈ
ਕਲਾਕਾਰ ਗਲੈਨ ਗਰੀਨਸਾਈਡ
ਉਸ ਨੇ ਘੜੇ ਹਨ ਕਨੇਡੀਅਨ ਜੰਗਲਾਂ ਦੇ ਗੀਤ
ਆਪਣੇ ਮਸ਼ੀਨੀ ਲੱਕੜ ਦੇ ਆਰੇ ਨਾਲ
ਇਹ ਆਰਾ ਹੀ ਉਸਦਾ ਬੁਰਸ਼ ਹੈ -
ਤੇ ਰੁੱਖ ਦਾ ਤਣਾ ਕੈਨਵਸ-
ਉਹ ਅੱਠ-ਦਸ, ਫੁੱਟ ਮੋਟੇ
ਉਮਰ ਬਿਤਾ ਚੁੱਕੇ
ਸੁੱਕੇ ਦਿਆਰ ਦੇ ਦਰਖਤਾਂ 'ਚੋਂ
ਪੰਦਰਾਂ ਪੰਦਰਾਂ ਫੁਟੇ ਤਣੇ ਕੱਟ ਕੇ
ਤਰਾਸ਼ਦਾ ਹੈ ਇਨ੍ਹਾਂ ਬੁੱਤਾਂ ਨੂੰ।

ਲੱਕੜ ਦੇ ਇਹਨਾਂ ਬੁੱਤਾਂ ਨੇ
ਮੜ੍ਹ ਦਿੱਤਾ ਏ
ਬਰਫ਼ਾਂ ਲੱਦੀ ਗਰਾਊਜ਼ ਪਹਾੜੀ ਨੂੰ
-ਪਹਾੜੀ ਢਲਾਣਾਂ ਤੋਂ ਉਤਰਦੀਆਂ
ਲੱਕੜ ਦੀਆਂ ਬੱਕਰੀਆਂ,
-ਵਰਦੀ ਧਾਰੀ ਮੁੱਛਲ ਫੌਜੀ
-ਰੁੱਖ ਦੀ ਟਾਹਣੀ ਤੇ ਖੰਭ ਫੈਲਾਈ ਬੈਠਾ
ਉਡੂੰ-ਉਡੂੰ ਕਰਦਾ ਲੱਕੜ ਵਿਚ ਢਲਿਆ ਬਾਜ਼
-ਆਪਣੇ ਟੱਬਰ ਨਾਲ ਤੁਰਿਆ ਜਾਂਦਾ ਰਿੱਛ।
ਸਭ ਖੜ੍ਹੇ ਹਨ ਚੁੱਪ ਚਾਪ ਬਰਫ਼ 'ਚ ਖੁੱਭੇ
ਅਮਰ ਹੋਏ ਬੁਰਸ਼ੀ-ਆਰੇ ਦੀ ਛੋਹ ਨਾਲ।

ਤੇ ਇਨ੍ਹਾਂ ਨੂੰ ਦੇਖਣ ਲਈ ਆਉਂਦੇ ਹਨ
ਦੁਨੀਆ ਭਰ ਤੋਂ ਸੈਲਾਨੀ।
ਕੌਣ ਕਹਿੰਦਾ ਹੈ, ਇਕੱਲਾ ਜਣਾ
ਕੁਝ ਨਹੀਂ ਕਰ ਸਕਦਾ।
(ਚਿਕਨ ਵਿੰਗਸ- ਮੁਰਗੇ ਦੇ ਫੰਘਾਂ ਦੇ ਨਰਮ ਪਕੌੜੇ, ਬੋਨਲੈਸ- ਬਿਨਾਂ ਹੱਡੀ ਦੇ, ਵੈਜ- ਸ਼ਾਕਾਹਾਰੀ।)
(ਗਲੈਨ ਗਰੀਨਸਾਈਡ- ਮਸ਼ੀਨੀ ਆਰੇ ਨਾਲ ਹੀ ਸੁੱਕੇ ਦਰੱਖਤਾਂ ਨੂੰ ਲੱਕੜ ਦੇ ਬੁੱਤਾਂ ਵਿਚ ਬਦਲਣ ਵਾਲਾ ਪ੍ਰਸਿੱਧ ਕਲਾਕਾਰ।)

No comments:

Post a Comment