Monday, October 12, 2009

ਕੂੰਜਾਂ : ਸੀ-ਫੂਡ


(ਟਰਾਂਟੋ ਦੇ ਇਕ ਸਮੁੰਦਰੀ ਚੀਨੀ ਖਾਣੇ ਵਾਲੇ ਰੈਸਟੋਰੈਂਟ ਵਿਚ)
ਮੇਰੇ ਮਿੱਤਰ ਮੈਨੂੰ
ਚੀਨੀ ਸੀ-ਫੂਡ, ਸਮੁੰਦਰੀ ਖਾਣਾ ਖਵਾਉਣ ਲਿਆਏ ਨੇ
-ਇਥੇ ਵੀ ਰੋਟੀਆਂ ਹੀ ਭਾਲੀ ਜਾਨਾਂ
ਅੱਜ ਦੇਖੀਂ ਨਵੀਂ ਕਿਸਮ ਦਾ ਨਜ਼ਾਰਾ।'

ਰੈਸਟੋਰੈਂਟ ਦਾ ਦਰਵਾਜ਼ਾ ਵੜਦੇ ਹੀ
ਤਿੱਖੀ ਹਵਾੜ ਦਿਮਾਗ ਤੱਕ ਚੜ੍ਹ ਜਾਂਦੀ ਹੈ।
-ਪਰ ਨੱਕ ਤੇ ਰੁਮਾਲ ਰੱਖਣਾ ਹੱਤਕ ਹੈ
ਹੁਣੇ ਹੀ ਆਦੀ ਹੋ ਜਾਵੇਂਗਾ।'

ਮੇਜ਼ਾਂ ਤੇ ਦੂਰ ਤੱਕ ਸਜਾਏ ਹੋਏ ਨੇ ਬਫੇ
ਉਪਰ ਬੇਸਿਰ-ਪੈਰੇ ਨਾਵਾਂ ਵਾਲੀਆਂ
ਚੀਨੀ ਭਾਸ਼ਾ ਦੇ ਅਰਥਾਂ ਵਾਲੀਆਂ ਤਖਤੀਆਂ ਨੇ।
ਸੱਪ ਸਲੂਤੀਆਂ, ਦੇਖਣ ਨੂੰ ਹੀ ਕਸੂਤੀਆਂ,
ਉਨ੍ਹਾਂ ਦਾ ਹੀ ਲੱਗਿਆ ਹੈ ਮੇਲਾ।

ਸਿੱਪੀਆਂ-ਘੋਗਿਆਂ ਦੀਆਂ ਸਬਜ਼ੀਆਂ
ਤਲੇ ਹੋਏ ਕੇਕੜੇ ਨੇ
ਭੁਜੀਏ ਵਰਗੀਆਂ ਪਤਲੀਆਂ ਮੋਟੀਆਂ ਸੁੰਡੀਆਂ ਨੇ।
ਨਿੱਕੇ ਨਿੱਕੇ ਤੰਦੂਏ ਪਏ ਨੇ
ਆਪਣੀਆਂ ਅੱਠ ਅੱਠ ਲੱਤਾਂ ਪਲੇਟਾਂ 'ਚੋਂ ਲਮਕਾਈ।
ਸਜੀਆਂ ਨੇ ਸਲਾਦ ਦੇ ਬਿਸਤਰ 'ਤੇ
ਨਿੱਕੀਆਂ ਵੱਡੀਆਂ ਉਬਲੀਆਂ ਮੱਛੀਆਂ।
ਨਾਲ ਬਣੇ ਤਲਾਅ ਵਿਚੋਂ ਇਹ ਨਜ਼ਾਰੇ
ਦੇਖ ਰਹੀਆਂ ਨੇ ਕੁਝ
ਜਿਉਂਦੀਆਂ ਰੰਗਲੀਆਂ ਮੱਛੀਆਂ।
ਥਾਂ ਥਾਂ ਲੱਗੇ ਫੈਂਗ ਸ਼ੂਈ ਝਰਨੇ
ਇਨ੍ਹਾਂ ਹੇਠਾਂ ਨਹਾ ਰਹੇ
ਚੀਨੀ ਮਿੱਟੀ ਦੇ ਬਣੇ
ਨਿੱਕੇ ਨਿੱਕੇ ਬੁੱਢੇ ਸੰਤ।
....
ਮੇਰੀ ਜੱਕੋ ਤੱਕੀ ਵੇਖ
ਮੇਰਾ ਮਿੱਤਰ ਹੁਕਮ ਲਾਉਂਦਾ ਹੈ
-ਸ਼ਕਲ ਨਾ ਦੇਖ, ਅੱਖਾਂ ਮੀਚ ਤੇ ਖਾ ਕੇ ਦੇਖ।'
-ਇਕ ਸਿੱਪੀ ਦਾ ਚੁੱਕਿਆ ਘੁੰਡ
ਵਿਚ ਬੈਠਾ ਲੇਸਲਾ ਜਿਹਾ ਸੁੰਡ।
ਘੁੰਡ ਸੁੱਟ ਮੈਂ ਬੁੜਬੜਾਇਆ
ਇਹ ਤਾਂ ਚਾਰ ਮੋਟੇ ਮੋਟੇ ਲਾ ਕੇ ਵੀ ਨਹੀਂ ਜਾਣਾ ਖਾਇਆ।
....
ਖੈਰ, ਪਾਣੀ ਵਰਗੀ ਚਾਈਨਜ਼ ਚਾਹ ਹੈ,
ਕੌੜੀ ਕੌਫੀ ਹੈ, ਬੀਅਰ ਹੈ, ਵਾਈਨ ਹੈ,
ਖਾਣੇ ਅਤੇ ਹਵਾੜ ਨੂੰ ਛੱਡ ਬਾਕੀ ਸਭ ਫਾਈਨ ਹੈ।

ਇਕ ਪਾਸੇ ਪਏ
ਕੱਚ ਵਾਲੇ ਪਾਣੀ ਦੇ ਟੈਂਕ
ਵਿਚ ਤੈਰਦੇ ਨਿੱਕੀਆਂ ਨਿੱਕੀਆਂ ਅੱਖਾਂ ਵਾਲੇ ਕਰੈਬ
ਉਪਰ ਲੱਗੇ ਰੇਟ
60 ਡਾਲੇ, 80 ਡਾਲੇ, ਇਹ ਸਪੈਸ਼ਲ ਡਿਸ਼ ਨੇ।
ਮੇਰੇ ਮਾਣ ਲਈ ਮੇਰਾ ਮਿੱਤਰ ਪੁੱਛਦਾ ਹੈ
-ਇਹ ਛਕੀਏ ਕਿ ਓਹ ਛਕੀਏ ?
ਇਹ ਆਪਣੇ ਸਾਹਮਣੇ ਮੇਜ਼ ਤੇ ਹੀ ਕੜਾਹੀ ਧਰਨਗੇ,
ਮਸਾਲੇ ਮਲਣਗੇ, ਜਿਉਂਦੇ ਨੂੰ ਹੀ ਤਲਣਗੇ,
-ਬਾਬਿਓ ਕਿਆ ਸਵਾਦ ਹੁੰਦਾ
ਬਿਲਕੁਲ ਤਾਜ਼ਾ, ਪੋਲਾ ਪੋਲਾ।'

ਮੇਰੇ ਸਿਰ ਤੋਂ ਪੈਰਾਂ ਤੱਕ ਇਕ
ਝਰਨਾਹਟ ਜਿਹੀ ਲੰਘ ਗਈ।
ਲੱਗਿਆ ਉਹਨਾਂ
ਮੈਨੂੰ ਹੀ ਸੁੱਟ ਦਿੱਤਾ ਹੈ ਉਬਲਦੀ ਕੜਾਹੀ 'ਚ।
(ਬਫੇ- ਡੌਂਗਿਆਂ ਵਿਚ ਪਾ ਕੇ ਰੱਖੇ ਤਰਾਂ ਤਰਾਂ ਦੇ ਪਕਵਾਨ, ਜੋ ਮਰਜ਼ੀ ਲਵੋ।)

No comments:

Post a Comment