Monday, October 12, 2009

ਕੂੰਜਾ : ਮਾਣ



(ਜੂਨ 2000 ਦੀ ਇੱਕ ਦੁਪਹਿਰ)
ਬ੍ਰਿਟਿਸ਼ ਕੋਲੰਬੀਆ ਦੀ ਰਾਜਧਾਨੀ
ਵਿਕੋਟਰੀਆ ਦੀ ਪਾਰਲੀਮੈਂਟ ਵਿਚ
ਅਸੀਂ ਪੰਜਾਬੀ ਟਰਾਂਸਪੋਰਟ ਮੰਤਰੀ
ਹੈਰੀ ਲਾਲੀ ਦੇ ਸਰਕਾਰੀ ਮਹਿਮਾਨ ਹਾਂ

ਗੇਟ 'ਤੇ ਕੋਈ ਚੈਕਿੰਗ ਨਹੀਂ
ਬਗੈਰ ਰਾਈਫਲ ਵਾਲੇ ਪੁਲਸੀਏ ਦੇ
ਮੂੰਹ 'ਤੇ 'ਗੁੱਡ ਮਾਰਨਿੰਗ' ਹੈ

ਲਾਲੀ ਦੇ ਦਫਤਰ ਵਿਚ
ਗੂੜ੍ਹੀ ਲੱਕੜ ਦੀ ਪੈਨੇਲਿੰਗ ਹੈ
ਕਿਸੇ ਲੰਬਰ ਮਿੱਲ 'ਚੋਂ ਆਈ ਹੋਵੇਗੀ
ਹੋਣਗੇ ਇਸ ਉਪਰ ਵੀ
ਕਿਸੇ ਪੰਜਾਬੀ ਦੇ ਮੁੜ੍ਹਕੇ ਦੇ ਨਿਸ਼ਾਨ

ਗੋਰੀ ਸੈਕਟਰੀ
ਕਾੜ੍ਹਨੀ ਦੇ ਦੁੱਧ ਵਰਗੀ
ਕੌਫੀ ਲਿਆ ਕੇ ਫੜਾਉਂਦੀ ਹੈ
-ਤੁਸੀਂ ਕਿਹੜੇ ਇਲਾਕੇ ਤੋਂ ਜਿੱਤੇ ਹੋ?'
-ਤਾਏ ਕਿਆਂ ਤੋਂ,
ਚਾਚੇ ਇੰਡੀਅਨ ਹੋਏ ਤਾਂ ਫਿਰ
ਰੈਡ ਇੰਡੀਅਨ 'ਤਾਏ ਕੇ' ਹੀ ਹੋਏ ਨਾ!'

ਪਾਰਲੀਮੈਂਟ ਸੈਸ਼ਨ ਸ਼ੁਰੂ ਹੁੰਦੇ ਸਾਰ
ਲਾਲੀ ਸਾਡੇ ਮਾਣ 'ਚ
ਕੁਝ ਸ਼ਬਦ ਆਖਦਾ ਹੈ
ਬੇਗਾਨੀ ਧਰਤੀ 'ਤੇ
ਆਪਣੇ ਲੋਕਾਂ ਦੀ ਧਾਂਕ
ਤਾੜੀਆਂ ਦੇ ਰੂਪ ਵਿਚ
ਗੂੰਜ ਜਾਂਦੀ ਹੈ
ਪਾਰਲੀਮੈਂਟ ਦੇ ਹਾਲ ਵਿਚ।

ਸਾਨੂੰ ਲਗਦਾ ਹੈ
ਸਾਡਾ ਨਹੀਂ,
ਪੰਜਾਬੀ ਦਾ,
ਪੰਜਾਬੀਪੁਣੇ ਦਾ ਮਾਣ ਹੋਇਆ ਹੈ।

No comments:

Post a Comment