Monday, October 12, 2009

ਕੂੰਜਾਂ : ਮਿਸਟਰ ਮੱਘਰ ਸਿੰਘ

(ਪੰਜਾਬੀ ਗਿਰਗਿਟ ਦੀ ਕਿਸਮ 'ਚੋਂ ਨੇ ਜਿਥੇ ਰਹਿੰਦੇ ਬਹਿੰਦੇ ਉਹੋ ਜਿਹਾ ਰੰਗੇ ਜਾਂਦੇ ਨੇ। )
ਕਈ ਵਰ੍ਹਿਆਂ ਪਿਛੋਂ
ਜਹਾਜ਼ ਜਿਡੀ ਕੋਠੀ 'ਚ
ਆਪਣੇ ਪਿੰਡ ਪਰਤੇ
ਸਰਦਾਰ ਮੱਘਰ ਸਿੰਘ ਕਨੇਡੀਅਨ ਦਾ
ਵਲਾਇਤੀ ਦਾਰੂ ਪੀਂਦੇ ਦਾ
ਬੜਾ ਜੀਅ ਕੀਤਾ
ਬਚਪਨ ਦੇ ਮਿੱਤਰ ਲੱਭੀਏ....!
ਤਾਂ ਅਚਾਨਕ ਯਾਦ ਆਇਆ ਸੁੱਖਾ....

ਕਿਵੇਂ ਉਹ ਘੁਲਦੇ,
ਬੱਤੇ ਖੇਡਦੇ, ਕੌਡੀਆਂ ਪਾਉਂਦੇ,
ਧੁੱਦਲ 'ਚ ਰੁਲਦੇ।

ਉਸ ਨੇ ਕੋਠੀ ਦੀ ਰਾਖੀ ਲਈ ਰੱਖੇ,
(ਪਰ ਮਾਲਕ ਦੀ ਜੂਨ ਹੰਢਾਉਂਦੇ)
ਭਈਏ ਚੂੰਨੀ ਲਾਲ ਰਾਹੀਂ ਘੱਲਿਆ ਸੁਨੇਹਾ

ਸੁੱਖਾ ਆ ਗਿਆ ਹੈ
ਪਰ ਦਰਾਂ 'ਚ ਹੀ ਹੱਥ ਜੋੜੀ ਖੜੋਤਾ ਹੈ।
ਉਹ ਸਰਦਾਰ ਮੱਘਰ ਸਿੰਘ ਦੇ ਜਲੌਅ ਨੂੰ
ਇਕ ਟਕ ਦੇਖੀ ਜਾ ਰਿਹਾ ਹੈ।
ਦਿਹਾੜੀ ਦੱਪਾ ਕਰਦੇ
ਅਧਖੜ੍ਹ ਸੁੱਖੇ ਦਾ
ਕੰਮ ਕਰਕੇ ਨਿਕਲਿਆ ਪਿਆ ਕੁੱਬ।
ਅਣਵਾਹੀ ਦਾੜ੍ਹੀ 'ਚ ਖਿਲਰਿਆ ਚਾਂਦੀ ਦਾ ਤਿੱਲਾ
ਜਾਂਬ੍ਹਾਂ ਜਿੰਨੀਆਂ ਅੰਦਰ, ਅੱਖਾਂ ਓਨੀਆਂ ਬਾਹਰ।
ਦੂਜੀ ਤੇ ਤੀਜੀ ਆਵਾਜ਼ 'ਤੇ ਵੀ
ਸੁੱਖਾ ਦਹੇਲੀ ਨਹੀਂ ਟੱਪਿਆ
ਤਾਂ ਅਚਾਨਕ ਮੱਘਰ ਸਿੰਘ ਦਾ ਚੇਤਾ ਤ੍ਰਭਕਿਆ।
ਯਾਦ ਆਇਆ -
ਕਿ ਕੇਰਾਂ ਪਹਿਲਾਂ ਪਹਿਲਾਂ
ਉਸਦੇ ਅੰਗ੍ਰੇਜ਼ ਮਾਲਕ ਡੇਵਿਡ ਨੇ
ਘਰ ਸੱਦਿਆ ਸੀ ਉਸਨੂੰ
ਤਾਂ ਉਸਦੇ ਪੈਰ ਵੀ ਇੰਜ ਹੀ
ਜੁੜ ਗਏ ਸਨ ਉਸਦੀ ਸਰਦਲ 'ਤੇ....।

ਮੱਘਰ ਸਿੰਘ ਦੇ ਅੰਦਰ
ਡੇਵਿਡ, ਮਲੱਕ ਦੇਣੇ ਵੜ ਗਿਆ।
-ਤੇ ਡੇਵਿਡ ਵਾਂਗ ਟਹਿਲਦਾ ਹੌਲੀ ਹੌਲੀ
ਪੈੱਗ ਚੁੱਕੀ - ਉਹ ਦੇਹਲੀ ਤੱਕ ਗਿਆ
'ਤੇ ਉਸੇ ਸਟਾਈਲ ਵਿਚ ਬੋਲਿਆ
-ਮਿਸਟਰ 'ਮੱਘਰ ਸਿੰਘ'
ਕਮ ਇਨ, ਟੇਕ ਇਟ ਇਜ਼ੀ....!'

ਸੁੱਖਾ ਹੋਰ ਵੀ ਡੌਰ ਭੌਰ ਹੋ ਗਿਆ ਹੈ
ਅੱਡੀਆਂ ਅੱਖਾਂ ਨਾਲ,
ਸਰਦਾਰ ਮੱਘਰ ਸਿੰਘ ਕਨੇਡੀਅਨ
ਨੂੰ ਲਗਾਤਾਰ ਦੇਖੀ ਜਾ ਰਿਹਾ ਹੈ।
ਉਸਦੇ ਮੱਥੇ ਦੀ ਤਿਉੜੀ ਹੋਰ ਡੂੰਘੀ ਹੁੰਦੀ ਜਾ ਰਹੀ ਹੈ।
(ਕਮ ਇਨ ਟੇਕ ਇਟ ਇਜ਼ੀ- ਅੰਦਰ ਆ ਜਾ, ਘਬਰਾ ਨਾ)

1 comment:

 1. ਅਸਲੀਅਤ ਨੂੰ ਬਿਆਨ ਕਰਦੀ ਕਵਿਤਾ,
  ਹੂ-ਬ-ਹੂ ਸੱਚ ਹੀ ਮੰਨਾਂਗਾਂ ਮੈਂ ਤੇ ਏਸ ਕਵਿਤਾ ਨੂੰ ...

  ਕਿਸੇ ਦੀ ਬੀਤੇ ਵੇਲ੍ਹੇ ਦੀ ਯਾਦ ਨੂੰ ਟੋਹ ਕੇ ਉੱਪਰੋਂ ਆਪਣੇਂ ਲਫ਼ਜ਼ਾਂ ਰਾਹੀਂ ਕਵਿਤਾ ਦੇ ਰੂਪ ਚ’ ਇੰਝ ਬਿਆਨ ਕੀਤਾ ਹੈ ਕਿ ਆਪ-ਮੁਹਾਰੇ ਹੀ ਸਭ ਕੁਝ ਅੱਖਾਂ ਮੂਹਰੇ ਚਿੱਤਰ ਜਾਂਦਾ ਹੈ ... ਬਹੁਤ ਸੋਹਣਾਂ ਪ੍ਰੋਫੈਸਰ ਜੀ ...||

  &

  if am right sir jii , there must be written "SUKHA SINGH" on the place of "MAGGHAR SINGH" ... ?

  like,

  "ਮੱਘਰ ਸਿੰਘ ਦੇ ਅੰਦਰ
  ਡੇਵਿਡ, ਮਲੱਕ ਦੇਣੇ ਵੜ ਗਿਆ।
  -ਤੇ ਡੇਵਿਡ ਵਾਂਗ ਟਹਿਲਦਾ ਹੌਲੀ ਹੌਲੀ
  ਪੈੱਗ ਚੁੱਕੀ - ਉਹ ਦੇਹਲੀ ਤੱਕ ਗਿਆ
  'ਤੇ ਉਸੇ ਸਟਾਈਲ ਵਿਚ ਬੋਲਿਆ
  -ਮਿਸਟਰ 'ਸੁੱਖਾ ਸਿੰਘ'
  ਕਮ ਇਨ, ਟੇਕ ਇਟ ਇਜ਼ੀ....!"

  ReplyDelete