Monday, October 12, 2009

ਕੂੰਜਾਂ : ਰੂਹ ਦਾ ਨਾਚ

(ਪੀਜ਼ਾ ਹੱਟ ਵਾਲੇ ਮਹਿੰਦਰ ਨਾਲ ਇੱਕ ਦੁਪਹਿਰ, ਵੈਨਕੂਵਰ)
(ਮੂੰਹ ਨੂੰ ਜਿੰਦਰੇ, ਮਨ ਨੂੰ ਜਿੰਦਰੇ
ਲੱਗੀ ਪੂਛ ਕਨੇਡਾ ਦੀ)

ਇਧਰ ਆਇਆ ਤਾਂ ਕੋਲ ਸੀ
ਸੁਧਾਰ ਦੇ ਪੁਲ ਤੋਂ ਖਰੀਦਿਆ
ਨਵਾਂ ਅਟੈਚੀ ਕੇਸ
ਵਿਚ ਦੋ ਸੂਟ,
ਦੋ ਪੈਟਾਂ, ਤਿੰਨ ਕਮੀਜ਼ਾਂ, ਇਕ ਖੇਸ
ਖੋਏ ਦੀਆਂ ਪਿੰਨੀਆਂ ਵਾਲਾ ਸੀਲ ਕੀਤਾ ਡੱਬਾ,
ਸ਼ੀਸ਼ਾ, ਪੱਗ 'ਚ ਫੇਰਨ ਵਾਲਾ ਬਾਜ਼
ਪੀਲਾ ਪਰਨਾ,
ਦੋ ਸਵੈਟਰ, ਦੋ ਪੱਗਾਂ
ਅੰਬ ਦਾ ਅਚਾਰ
ਮੇਹਰੂ ਮੋਚੀ ਦੀ ਬਣਾਈ ਧੌੜੀ ਦੀ ਜੁੱਤੀ
ਕੈਂਚੀ ਚੱਪਲਾਂ।

ਕੁੜਤੇ ਦੇ ਬੋਝੇ 'ਚ ਬਟੂਆ-
ਵਿਚ ਗਹਿਣੇ ਕੀਤੀ ਜ਼ਮੀਨ
ਹੰਝੂਆਂ ਭਿੱਜਿਆ ਮਾਂ ਦਾ ਸ਼ਗਨ
ਬਾਪੂ ਦੀਆਂ ਛਲਕਦੀਆਂ ਅੱਖਾਂ ਵਿਚਲੀ ਚਮਕ।

ਤੇ ਦਿਲ ਦੇ ਬੋਝੇ-
ਕਿੰਨੇ ਸੁਪਨੇ
ਕਿੰਨੀਆਂ ਸੋਚਾਂ
ਵਹਿਮ ਭਰਮ
ਵਿਸ਼ਵਾਸ, ਮਨੌਤਾਂ
ਰੀਤ ਰਿਵਾਜ
ਸੁਰ ਅਵਾਜ਼।
ਧੁਨਾਂ ਦੀ ਥਿਰਕਣ
ਪਿਆਰ ਦੀ ਕਿਣ ਮਿਣ।
....

-ਕਦੇ ਕਦੇ ਕੁੜਤੇ ਦਾ ਬੋਝਾ ਫੋਲੀਦਾ
ਆਪਣੇ ਹੀ ਗਲ ਲੱਗ ਹੁੱਭਕੀਂ-ਹੁੱਭਕੀਂ ਰੋਈਦਾ
ਸਾਰੀ ਸਾਰੀ ਰਾਤ ਉਨੀਂਦਰਾ ਹੀ ਢੋਈਦਾ।'

-ਕਦੇ-ਕਦੇ ਦਿਲ ਦਾ ਬੋਝਾ ਫੋਲੀਦਾ
ਇਕੱਲੇ ਜਿਹੇ, ਸਾਰੇ ਬੂਹੇ ਭੇੜ
ਸੋਚਾਂ ਨੂੰ ਉਹ ਆਉਂਦਾ ਰੰਗਲਾ ਗੇੜ।
ਕਿ ਸਾਰੀ ਰਾਤ ਮਨ 'ਚ ਪੈਂਦੀਆਂ ਧਮਾਲਾਂ
ਤੇ ਮੋਰ ਬਣ ਬਣ ਨੱਚੀਦਾ
ਪਾਈਦੀਆਂ ਪੈਲਾਂ।'

No comments:

Post a Comment