Tuesday, October 13, 2009

ਕੂੰਜਾਂ : ਸਾਡੇ ਨਿਆਣੇ

(ਕਾਲੀ ਦਾਲ ਚਿੱਟੇ ਚੌਲ,ਬਣ ਗਈ ਖਿਚੜੀ ਕੁਝ ਨਾ ਬੋਲ)
(ਟੋਰਾਂਟੋ ਦੇ ਡਿਕਸੀ ਮਾਲ 'ਚ ਕੌਫੀ ਦੇ ਮੱਘੇ ਪੀਂਦਿਆਂ)

ਕੰਨਾਂ 'ਚ ਕੁੰਡਲ
ਮਨਾਂ 'ਚ ਵੀ ਕੁੰਡਲ

ਹੱਥਾਂ 'ਚ ਕਾਲੇ ਅੱਧ-ਦਸਤਾਨੇ
ਚਮੜੇ ਦੀਆਂ ਬਿਨਾਂ ਬਾਹਵਾਂ ਵਾਲੀਆਂ ਜਾਕਟਾਂ 'ਚੋਂ
ਝਾਕਦੀਆਂ ਸ਼ੇਵ ਕੀਤੀਆਂ ਹਿੱਕਾਂ,
ਮੋਟੇ ਮੋਟੇ ਮਾਈਕਲ ਜੌਰਡਨੀ ਬੂਟ
ਡੌਲਿਆਂ ਤੇ ਰੰਗ ਬਰੰਗੇ ਸ਼ੇਰਾਂ, ਚਾਮ੍ਹਚੜਿਕਾਂ ਦੇ ਟੈਟੂ
ਕੰਨਾਂ 'ਚ ਆਈਪੌਡ ਦੀਆਂ ਤਣੀਆਂ ਫਸਾਈ,
ਅੰਗ੍ਰੇਜੀ ਧੁਨਾਂ 'ਚ ਗਵਾਚੇ, ਹੱਥ ਪੈਰ ਹਿਲਾਉਂਦੇ
ਲੱਕ ਮਟਕਾਉਂਦੇ, ਸਿਰ ਘੁਮਾਉਂਦੇ।
ਇਹ 'ਆਪਣੇ ਨਿਆਣੇ' ਨੇ।

ਸਿਰ ਤੇ ਸਿੱਧੇ ਕੱਟੇ ਘਾਹ ਵਰਗੇ
ਰੰਗੇ ਹੋਏ ਵਾਲ ਨੇ-
ਗਲ 'ਚ ਮੋਟੀ ਚੈਨ, ਸੋਨੇ ਦੀ ਝਾਲ ਹੈ।
ਉਸ 'ਚ ਲਟਕਦਾ ਭਾਰਾ ਖੰਡਾ ਹੈ।
..... ਹਊ ਅੰਤਰ ਮਨ ਮੇਂ ਕੰਡਾ ਹੈ।
ਅਸੀਂ ਪੰਜਾਬੀ 'ਸੀਖ' ਹੁੰਨੇ ਆਂ-
'ਵੀ ਆਰ ਸੀਖਸ'
-ਸਿੰਘ ਇਜ਼ ਕਿੰਗ, ਸਿੰਘ ਇਜ਼ ਕਿੰਗ!!

ਮਾਪਿਆਂ ਦੀ ਸੁਕੂੰ ਸੁਕੂੰ ਕਰਦੀ
ਸੁਪਨ ਵੇਲ ਦੀਆਂ
ਵਤਨੀਂ ਲੱਗੀਆਂ ਜੜਾਂ ਨੂੰ ਖੁੱਗਣ ਲਈ
ਉਨ੍ਹਾਂ ਕੋਲ ਹੁਣ
ਖਾਸਾ ਸਮਾਨ ਹੈ....
(ਮਾਈਕਲ ਜੌਰਡਨ - ਪ੍ਰਸਿੱਧ ਅਮਰੀਕੀ ਬਾਸਕਿਟਬਾਲ ਖਿਡਾਰੀ)
(ਆਈਪੌਡ-ਕੰਪਿਊਟਰ ਤੋਂ ਸਿੱਧੇ ਗਾਣੇ ਰਿਕਾਰਡ ਕਰਕੇ ਸੁਣਨ ਵਾਲਾ ਯੰਤਰ।)

No comments:

Post a Comment