Monday, October 12, 2009

ਕੂੰਜਾਂ : ਕੁੱਕੜੂੰ ਘੜੂੰ(ਬੀਚ ਕੰਢੇ ਇਕ ਪਾਰਟੀ)
ਸੂਰਜ ਹੌਲੀ ਹੌਲੀ ਸਮੁੰਦਰ 'ਚ
ਸੋਨਾ ਘੋਲ ਰਿਹਾ ਹੈ।
ਗੱਡੀ ਦੀ ਡਿੱਕੀ 'ਚੋਂ
ਕੱਢੀਆਂ ਜਾ ਰਹੀਆਂ ਨੇ
ਫੋਲਡਿੰਗ ਕੁਰਸੀਆਂ ਤੇ ਮੇਜ਼,
ਗਲਾਸ, ਬੀਅਰ ਦੀਆਂ ਕੇਨਾਂ,
ਵਾਈਨ ਦੇ ਘੜੇ, ਲੱਕੜ ਦੇ ਕੋਲੇ
ਚੱਕਵਾਂ ਬਾਰ-ਬੀ-ਕਿਊ ।

ਅੱਜ ਵੀਕ ਐਂਡ ਏ।
ਆਪਾਂ ਸਵੇਰ ਤੱਕ ਇਥੇ
ਬੀਚ 'ਤੇ ਹੀ ਇੰਜਾਏ ਕਰਾਂਗੇ।
-ਆਹ ਵੱਡੇ ਵੱਡੇ ਲਿਫਾਫਿਆਂ 'ਚ ਕੀ ਹੈ?'
-ਕੁੱਕੜ ; ਚਿਕਨ ਵਿੰਗਜ਼ ਤੇ ਲੈਗ ਪੀਸ।'
-ਕੁਝ ਵੈਜ ਵੀ ਹੈ ?'
ਕੁਰਸੀ ਰੇਤ 'ਚ ਧਸਾਉਂਦਾ ਮੇਰਾ ਮਿੱਤਰ
ਜ਼ੋਰ ਦੀ ਹੱਸ ਪਿਆ ਕੁੜ ਕੁੜ ਕਰਦਾ
-ਜੇ ਪੰਜਾਬੀ ਨਾ ਹੋਣ, ਇਥੇ ਕੁੱਕੜਾਂ ਦਾ ਰਾਜ ਹੋਵੇ।'

ਪੰਜਾਬੀਆਂ ਤੇ ਕੁੱਕੜਾਂ ਦਾ ਰਿਸ਼ਤਾ ਬਹੁਤ ਗੂੜ੍ਹਾ-
ਕੁੱਕੜ ਵਾਂਗ ਸਭ ਤੋਂ ਪਹਿਲਾਂ
ਪੰਜਾਬੀ ਬਾਂਗ ਦਿੰਦੇ
ਤਾਂ ਕਿਤੇ ਖੁਲ੍ਹਦੀ ਕਨੇਡਾ ਦੀ ਅੱਖ
ਤੇ ਜਾਗਦੀਆਂ ਮਸ਼ੀਨਾਂ।

ਚਾਰ ਕੁੱਕੜ ਜੇ ਹੋਣ ਖੁੱਡੇ ਵਿਚ
ਲੜਣ-ਭਿੜਣ ਤੇ ਪੁੱਟਣ ਖੰਭ
ਹੋ ਜਾਣ ਫੱਟੜ
ਕਾਹਦੇ ਲਈ ? ਰੌਲਾ ਕੀ ?
-ਬਈ ਤਕੜਾ ਕੌਣ।

ਹੋਣ ਪੰਜਾਬੀ ਵੀ ਜੱਦ ਕੱਠੇ
ਗੱਲਾਂ ਵਿਚ ਹੀ ਜੂੰਡੇ ਪੁੱਟਣ
ਇਕ ਦੂਜੇ ਦੇ ਡਾਲਰ ਪਰਖਣ
ਗੁੱਝੀਆਂ ਮਾਰਨ
ਗੱਲ ਉਹੀ
-ਬਈ ਤਕੜਾ ਕੌਣ।

ਭਾਲਣ ਘਰ-ਦੀਆਂ
ਮੁਰਗੀਆਂ ਵਰਗੀਆਂ
ਜੋ ਕੁਝ ਨਾ ਕਹਿਣ
ਸਭ ਕੁਝ ਸਹਿਣ
ਕੁੜ-ਕੁੜ ਵੀ ਘੁਟ-ਘੁਟ ਹੀ ਕਹਿਣ
ਕੁਕੜੂੰ ਘੜੂੰ ਦੀ ਹਕੂਮਤ 'ਚ ਰਹਿਣ।
ਆਂਡੇ ਸੇਣ
ਕੁਰਬਾਨੀਆਂ ਦੇਣ।

ਕੁੱਕੜਾਂ ਵਾਂਗ ਪੰਜਾਬੀ ਆਪਣੇ
ਲੜਨ ਭਿੜਨ ਤੇ ਪੱਟਣ ਖੰਭ
ਤਿੜ੍ਹਾਂ ਮਾਰਨ, ਕਰਨ ਦੰਭ।
ਮਾੜੇ ਦੀ ਕਲਗੀ ਨੂੰ ਪੱਟਣ
ਤਕੜੇ ਦੀਆਂ ਲੂਲ੍ਹਾਂ ਨੂੰ ਚੱਟਣ।

ਕੁਕੜਾਂ ਵਾਂਗ ਪੰਜਾਬੀ ਆਪਣੇ
ਖੜ੍ਹੇ ਪੈਰ ਹੀ, ਕਦੋਂ ਨੇ ਸੌਂਦੇ
ਕਦੋਂ ਜਾਗਦੇ, ਕਦੋਂ ਨਾ ਰੋਂਦੇ
ਕੋਈ ਪਤਾ ਨਹੀਂ।

-ਤੇ ਕਿਵੇਂ ਸਾਰੀ ਦਿਹਾੜੀ
ਚੁਗਦੇ ਕੁੱਕੜਾਂ ਵਾਂਗ ਡਾਲੇ,
ਇਹ ਦੇਖਣਾ ਹੈ ਤਾਂ
ਪਾਵਾਂਗੇ ਕਿਸੇ ਬੇਰੀਆਂ ਦੇ ਖੇਤ ਵੱਲ ਚਾਲੇ।
(ਵਾਈਨ ਦਾ ਘੜਾ - ਦੋ ਲੀਟਰ ਵਾਲੀ ਵਾਈਨ ਦੀ ਗੋਲ ਬੋਤਲ,)
(ਬਾਰ-ਬੀ-ਕਿਊ- ਲੱਕੜ ਦੇ ਕੋਲੇ ਮਘਾ ਕੇ ਕੁੱਕੜ ਜਾਂ ਪਨੀਰ ਵਗੈਰਾ ਨੂੰ ਭੁੰਨਣ ਵਾਲੀ ਭੱਠੀ)
(ਇੰਜਾਏ-ਮੌਜਮਸਤੀ)

No comments:

Post a Comment