Monday, October 12, 2009

ਕੂੰਜਾਂ : ਵਾਨਾ ਵਾੲਹੀਟ


ਵੈਨਕੂਵਰ ਡਾਊਨ ਟਾਊਨ 'ਚ
ਬਜ਼ਾਰ 'ਚੋਂ ਲੰਘਦਿਆਂ
ਮੈਂ ਫੋਟੋ ਖਿੱਚਣ ਲਈ
ਕਾਰ ਦਾ ਸ਼ੀਸ਼ਾ ਨੀਵਾਂ ਕਰਦਾ ਹਾਂ।

ਇਕ ਤਾਂਬੇ ਰੰਗੀ ਤੀਵੀਂ ਕਾਰ ਵੱਲ ਵਧਦੀ ਹੈ
ਚਪਟਾ ਚੌੜਾ ਨੱਕ,
-ਵਾਨਾ ਵਾੲ੍ਹੀਟ ?
ਤ੍ਰਭਕ ਕੇ ਸ਼ੀਸ਼ੇ ਸਣੇ ਹੀ
ਉਪਰ ਹੋ ਜਾਂਦਾ ਹਾਂ
-ਆਹ ਕੀ?'

ਇਹ ਰੈਡ ਇੰਡੀਅਨ ਨੇ
'ਤਾਏ ਕੇ'
ਇਸ ਧਰਤ ਦੇ ਅਸਲ ਮਾਲਿਕ
ਇਥੋਂ ਦੇ ਨੇਟਿਵ।
ਤੇ ਬਾਹਰਲਿਆਂ ਲਈ,
ਹੁਣ ਨੁਮਾਇਸ਼ੀ ਚੀਜ਼।

ਅੰਗਰੇਜ਼ ਜਦੋਂ ਇਥੇ ਉਤਰੇ
ਤਾਂ ਅੰਗਰੇਜ਼ੀ ਬੰਦੂਕਾਂ ਨੇ
ਜਾਨਵਰਾਂ ਵਾਂਗ ਫੁੰਡੇ ਉਹ।
ਦਿਆਰ ਦੇ ਦਿਓ ਕੱਦ ਸੁੱਕੇ ਦਰਖਤਾਂ ਦੇ
ਖੋਖਲੇ ਤਣਿਆਂ 'ਚ
ਲੁਕ ਲੁਕ ਉਹ ਰਹੇ।

ਹੁਣ ਤੱਕ ਸਾਂਭੇ ਪਏ ਨੇ
ਉਹ ਕਾਲੇ ਧੁਆਂਖੇ ਖੋਖਲੇ ਤਣੇ
ਸਟੈਨਲੇ ਪਾਰਕ ਵਿਚ
ਇਡੇ ਇਡੇ ਵੱਡੇ ਕਿ ਚਾਰ ਮੰਜੇ ਡਹਿ ਜਾਣ।

ਤਾਏ-ਕਿਆਂ ਨੂੰ ਟੈਕਸ ਮੁਆਫ਼ ਨੇ
ਕਾਨੂੰਨ ਵੀ ਮੁਆਫ਼ ਨੇ
ਕੁਝ ਨਾ ਕਰੋ
ਪੈਨਸ਼ਨ ਚਰੋ
ਖੁੱਲ੍ਹੇਆਮ ਨਸ਼ੇ ਕਰੋ
ਕਿਸੇ ਤੋਂ ਨਾ ਡਰੋ।
ਉਹ ਸੜਕ ਕੰਢੇ ਢੋਅ ਲਾਈ, ਧੂੰਆਂ ਉਡਾਉਂਦੇ
ਧੁੱਪ ਸੇਕਦੇ, ਖੁਰਦਰੀਆਂ ਗੱਪਾਂ ਲੜਾਉਂਦੇ
ਹੋਰ ਕੌਮਾਂ ਦੇ ਲੋਕ ਇਸੇ 'ਐਸ਼' ਲਈ
ਇਨ੍ਹਾਂ ਨਾਲ ਵਿਆਹ ਪੇਚੇ ਵੀ ਪਾਉਂਦੇ।

ਸ਼ਾਮ ਢਲ ਚੱਲੀ ਹੈ
ਮਾਰਕੀਟ ਵਿਚ ਕੰਧ ਨਾਲ ਭੁੰਜੇ ਅੱਧਾ ਬਸੁਰਤ ਪਿਆ
ਇਕ ਤਾਏ-ਕਾ ਕੂਕ ਮਾਰਦਾ ਹੈ
ਜਵਾਬ 'ਚ ਵਜਦੀਆਂ ਨੇ ਕਈ ਪਾਸਿਓਂ ਕੂਕਾਂ
ਗੂੰਗੇ ਦੀ ਮਾਂ ਗੂੰਗੇ ਦੀ ਰਮਜ਼ ਸਮਝਦੀ ਏ।

ਮੈਂ ਖੜ੍ਹਾ ਖੜ੍ਹਾ ਤ੍ਰਭਕ ਜਾਂਦਾ ਹਾਂ।
ਮੈਨੂੰ ਲੱਗਿਆ ਮੈਂ 50 ਕੁ ਸਾਲ ਵੱਡਾ ਹੋ ਗਿਆ ਹਾਂ
ਤੇ ਪੰਜਾਬ ਦੇ ਇਕ ਬਜ਼ਾਰ 'ਚ ਖੜ੍ਹਾ
ਬਿਲਕੁਲ ਇਹੋ ਜਿਹੀਆਂ ਕੂਕਾਂ ਸੁਣ ਰਿਹਾ ਹਾਂ।
(ਵਾਨਾ ਵਾੲ੍ਹੀਟ-ਸਮੈਕ ਚਾਹੀਦੀ?)
(ਰੈਡ ਇੰਡੀਅਨਜ਼ ਦਾ ਟੋਟਮ ਪੋਲ)

No comments:

Post a Comment