Tuesday, October 13, 2009

ਕੂੰਜਾਂ : ਉਦਾਸੀਆਂ

ਬਾਬੇ ਨੇ ਫਰਮਾਇਆ
-ਪਾਤਾਲਾ ਪਾਤਾਲ, ਲੱਖ ਆਗਾਸਾ ਆਗਾਸ।
ਅਸੀਂ ਤੁਰ ਪਏ ਬਾਬੇ ਦੇ ਰਾਹ
ਲਾ ਉਦਾਸੀਆਂ ਦਾ ਪਾਹ
ਜਿਥੇ ਤੱਕ ਨਿਭੇ ਪੈਰਾਂ ਸੰਗ ਸਾਹ
ਜਿਥੋਂ ਤੱਕ ਗਈ ਨਿਗਾਹ...!

ਕੂੰਜਾਂ : ਸੁਣ ਪਰਦੇਸੀ

ਜੋ ਬੰਦਾ ਪਰਦੇਸੀਂ ਤੁਰਦਾ
ਕੁਝ ਸੁਪਨੇ ਅੱਖੀਂ ਲੈ ਤੁਰਦਾ।
ਸਭ ਤੋਂ ਰੰਗਲਾ ਸੁਪਨਾ ਹੁੰਦਾ -
ਰਹਿਣ ਲਈ ਕੁਝ
ਖਾਣ ਲਈ ਕੁਝ
ਜਿਉਣ ਲਈ ਕੁਝ
ਕਰ ਕੇ ਖੱਟੀ,
ਸਾਂਭ ਕੇ ਹੱਟੀ
ਪੋਚ ਕੇ ਫੱਟੀ,
ਓਸ ਜਗ੍ਹਾ ਨਾਲ ਕਰ ਕੇ ਕੱਟੀ
ਆਪਣੀ ਮਿੱਟੀ ਵੱਲ ਧਾਂਵਾਂਗਾ
ਵਾਪਸ ਘਰ ਨੂੰ ਮੁੜ ਆਂਵਾਂਗਾ
ਆ ਕੇ ਫਿਰ ਸੁਪਨੇ ਬੀਜਾਂਗਾ
ਕਲਪ ਬਿਰਛ ਦੇ ਬਾਗ ਉਗਣਗੇ
ਉਨ੍ਹਾਂ ਦੀ ਛਾਂ ਬਹਿ ਮਾਣਾਂਗਾ
....

ਸੁਣ ਪਰਦੇਸੀ -
ਜੋ ਬੰਦਾ ਪਰਦੇਸੋਂ ਮੁੜਦਾ
ਉਹ ਬੰਦਾ ਪੂਰਾ ਨਾ ਮੁੜਦਾ....!
ਜਿਥੇ ਜਿਥੇ ਬੰਦਾ ਠਹਿਰੇ
ਉਥੇ ਹੀ ਕੁਝ-ਕੁਝ ਕਿਰ ਜਾਂਦਾ।
ਕਿਧਰੇ ਕਿਰਦੇ ਰੂਹ ਦੇ ਹਾਣੀ
ਦੋਸਤੀਆਂ ਦੀ ਰੰਗਲੀ ਢਾਣੀ
ਕਿਧਰੇ ਸੁੱਕਦੀ ਸੂਹੀ ਟਾਹਣੀ
ਖੇਰੂੰ ਹੁੰਦੀ ਯਾਦ ਕਹਾਣੀ

ਸੁਣ ਪਰਦੇਸੀ -
ਰੁੱਖ ਤੇ ਫੁੱਟੇ ਜਦੋਂ ਕਰੂੰਬਲ
ਬਿਨਾਂ ਆਵਾਜ਼ੋਂ ਫੁੱਟੇ
ਪਰ ਰੂਹ ਤੱਕ ਖੜਕਾ ਹੁੰਦਾ
ਜਦ ਇਕ ਪੱਤਾ ਵੀ ਟੁੱਟੇ।
ਇਕ ਪੱਤੇ ਨਾਲ ਫਰਕ ਨਾ ਪੈਂਦਾ
ਰੁੱਖ ਫਿਰ ਵੀ ਸਿਰ ਸੁੱਟੇ

ਹਰ ਇੱਕ ਰੁੱਖ ਨੂੰ ਪਤਾ ਹੀ ਹੁੰਦਾ
ਸਭ ਪੱਤ ਆਖਰ ਝੜ ਜਾਣੇ ਨੇ
ਕੋਈ ਨਾ ਬੈਠਾ ਰਹਿਣਾ।
ਹਰ ਪੱਤੇ ਦਾ ਰਾਗ ਹੈ ਵੱਖਰਾ
ਹਰ ਪੱਤੇ ਦਾ ਭਾਗ ਹੈ ਵੱਖਰਾ
ਰੁੱਖ ਨੇ ਦੁੱਖ ਸੁੱਖ ਸਹਿਣਾ।
....

ਪਰ ਪਰਦੇਸੀ -
ਵਿਚ ਪਰਦੇਸੀਂ,
ਜਿਸ ਹੱਥੋਂ, ਬੁੱਕ ਪੀਤਾ ਪਾਣੀ
ਜਿਸ ਸੰਘਣੇ ਰੁੱਖ ਦੀ ਛਾਂ ਮਾਣੀ
ਉਸਨੂੰ ਰੱਖੀਏ ਯਾਦ.....!
ਜਿਸ ਰਾਹ ਤੇ ਇਕ ਕਦਮ ਵੀ ਪੱਟੀਏ
ਜਿਸ ਧਰਤੀ ਇਕ ਰਾਤ ਵੀ ਕੱਟੀਏ
ਉਸਨੂੰ ਰੱਖੀਏ ਯਾਦ.....!
ਸਾਰੀ ਧਰਤੀ ਹੀ ਪਰਦੇਸ
ਕੋਈ ਨਾ ਆਪਣਾ ਦੇਸ!

ਕੂੰਜਾਂ : ਪਰਵਾਜ਼

ਕੂੰਜਾਂ : ਭੁੱਖ

ਜੇ ਨਾ ਮਨ ਵਿਚ ਆਉਂਦੀ
ਮਾਇਆ
ਤੇ
ਸਰਦਾਰੀ
ਦੀ ਭੁੱਖ,

ਕਦੇ ਨਹੀਂ
ਬੇਵਤਨ ਸੀ ਹੋਣਾ
ਛੱਡ ਕੇ
ਵਤਨ ਦੇ
ਦੁੱਖ
ਸੁੱਖ
ਤੇ ਰੁੱਖ....

ਕੂੰਜਾਂ : ਵੱਗ 'ਚ ਤੁਰਦਾ ਬੰਦਾ


(ਇਕ ਪੰਜਾਬੀ ਦਾ ਆਪਣੇ ਆਪ ਨਾਲ ਸੰਵਾਦ)
ਗਿੱਲੇ ਸੁੰਗੜੇ ਠਰੇ ਸਵੇਰੇ
ਤੁਰ ਪੈਂਦੇ ਹਾਂ ਨ੍ਹੇਰੇ ਨ੍ਹੇਰੇ

ਵੱਗ ਤੁਰਦਾ ਹੈ
ਵੱਗ 'ਚ ਤੁਰੀਏ
ਸਹੀਏ, ਝੁਰੀਏ।
ਵੱਗ ਦੇ ਟੱਲੀਆਂ
ਟੱਲੀਆਂ ਦੀ ਟੁਣਕਣ
ਟੁਣਕਣ ਸੁਪਨੇ
ਰੋਟੀ ਖਾਤਰ ਜੋ ਵੱਗ ਤੁਰਦਾ
ਉਸ ਵੱਗ ਦਾ ਹਰ ਸੁਪਨਾ ਖੁਰਦਾ !
....
ਤੁਰ ਜਾਂਦੇ ਹਾਂ ਨੇਰ੍ਹੇ ਨੇਰ੍ਹੇ
ਮੁੜ ਆਉਂਦੇ ਹਾਂ ਨੇਰ੍ਹੇ ਨੇਰ੍ਹੇ

ਕੂੰਜਾਂ : ਖੁਰਿਆ ਸੁਪਨਾ

(ਮੁਖਤਿਆਰ ਸਿੰਘ ਕਨੇਡੀਅਨ ਦੇ ਅਹਿਸਾਸ)
ਜੜ੍ਹਾਂ ਵੀ ਸੁਕੀਆਂ
ਟਾਹਣ ਵੀ ਸੁੰਨੇ
ਉਡ ਗਏ ਚੁਗ ਚੁਗ ਪੰਛੀ।

ਨਾ ਹੇਠਾਂ ਧਰਤੀ ਦਾ ਮੋਢਾ
ਨਾ ਸਿਰ ਤੇ ਅਸਮਾਨ ਦੀ ਛਤਰੀ
ਨਾ ਇਸ ਰੁੱਖ ਦੀ ਛਾਂ ਹੁਣ ਗੂਹੜੀ
ਨਾ ਕੋਈ ਛਾਂ ਨੂੰ ਮਾਣੇ।

ਬੰਦ-ਬੰਦ ਕਮਰੇ, ਬੰਦ-ਬੰਦ ਜਿਉਣਾ
ਜੀਅ ਘਬਰਾਵੇ
ਵਿੱਚ ਖਲਾਅ ਦੇ ਲਟਕੀ ਜਾਵਾਂ
ਕੋਈ ਨਾ ਧੀਰ ਧਰਾਵੇ।

ਅਕਸਰ ਹੀ ਇਕ ਸੁਪਨਾ ਆਵੇ
-ਸੁਪਨੇ ਦੇ ਵਿੱਚ ਪਿੰਡ ਦਾ ਟੋਭਾ
ਨਾਲ ਦੀ ਪਗਡੰਡੀ ਤੇ ਖੋਭਾ
ਜੋ ਕੁਝ ਖੱਟਿਆ ਸਿਰ ਤੇ ਚੁੱਕੀ
ਭੱਜਿਆ ਜਾਵਾਂ ਮਾਰ ਦੁੜਿੱਕੀ

ਤਿਲ੍ਹਕਾਂ ਤੇ ਸਭ ਕੁਝ ਡੁੱਲ੍ਹ ਜਾਵੇ
ਤ੍ਰਭਕਾਂ ਤੇ ਨੀਂਦਰ ਖੁੱਲ੍ਹ ਜਾਵੇ....

ਕੂੰਜਾਂ : ਫ਼ਰਕ


(ਵੈਨਕੂਵਰ ਮਿਲੇ ਮਿੱਤਰ ਪਾਲ ਦਾ ਕਥਨ)
ਹਾਲੇ ਤੱਕ ਵੀ ਲਗਦਾ ਰਹਿੰਦਾ
ਉਥੋਂ ਦਾ ਸੂਰਜ ਸੀ ਹੋਰ
ਇਥੋਂ ਦੇ ਚੰਦ ਤਾਰੇ ਹੋਰ।
ਬਾਹਰ ਚੁੱਪ ਚਾਂ ਪਸਰੀ ਰਹਿੰਦੀ
ਅੰਦਰ ਚੁੱਪ ਦਾ ਡਾਢਾ ਸ਼ੋਰ।
ਦਮ ਲਈਏ ਪਿੱਛੇ ਰਹਿ ਜਾਈਏ
ਤੁਰੀਏ ਸ਼ਤਰਮੁਰਗ ਦੀ ਤੋਰ।

ਹੁੰਦੇ ਜਾਈਏ ਹੋਰ ਦੇ ਹੋਰ
ਹੋਰ ਦੇ ਹੋਰ
ਹੋਰ ਦੇ ਹੋਰ