Tuesday, September 1, 2009
ਬਿਨਾਂ ਪਤੇ ਵਾਲਾ ਖ਼ਤ ਕਵਿਤਾ
ਹੁਣ ਤਾਂ ਯਾਦ ਨਹੀਂ
ਕਿ ਉਹ ਕਿਹੜਾ ਮੇਲਾ ਸੀ
ਜਿਸ 'ਚ ਅਸੀਂ ਇੱਕ ਦੂਜੇ ਨੂੰ ਖਰੀਦਿਆ ਸੀ
ਅੱਖਾਂ ਦੀ ਸਿੱਲ੍ਹ ਦੇ ਭਾਅ
ਨਾ ਹੀ ਯਾਦ ਹੈ
ਕਿ ਅੱਕਾਂ ਦੀਆਂ 'ਬੁੱਢੀਆਂ ਮਾਈਆਂ' ਵਾਂਗ
ਅਸੀਂ ਹਵਾ 'ਚ ਤਰਦੇ ਤਰਦੇ ਕਿੰਝ ਮਿਲੇ ਸਾਂ
ਤੇ ਕਿਵੇਂ ਉਸਦੀ ਸ਼ਰਮਾਕਲ ਮੁਸਕਣੀ ਨੇ
ਚੁੰਮ ਲਈਆਂ ਸਨ ਮੇਰੀਆਂ ਅੱਖਾਂ ਦੀਆਂ ਤਲੀਆਂ.......।
ਸਿਰਫ਼ ਏਨਾ ਕੁ ਹੀ ਯਾਦ ਹੈ
-ਕਿ ਪ੍ਰੋਮੀਥੀਅਸ* ਨੇ ਜੋ ਅੱਗ
ਰੱਬ ਦੇ ਘਰੋਂ ਚੋਰੀ ਕੀਤੀ ਸੀ
ਸਾਰੀ ਦੀ ਸਾਰੀ
ਝੋਕ ਦਿੱਤੀ ਸੀ ਉਸ ਅੰਦਰ
-ਕਿ ਪਿੰਡ ਦੀ ਜੂਹ ਤੇ ਲੱਗੇ
ਬੁੱਢੇ ਬੋਹੜ ਦੀ ਖੋੜ 'ਚੋਂ
ਹਾਲ ਤੱਕ ਆਉਂਦੀ ਹੋਣੀ ਏ
ਉਨ੍ਹਾਂ ਰੋਕਿਆਂ ਦੀ ਮਹਿਕ
ਜਿਹੜੇ ਕਦੇ ਅਸੀਂ ਵਟਾਏ ਸੀ........।
-ਕਿ ਸਾਹਾਂ ਦੇ ਕੁਹਾੜੇ
ਉਮਰਾਂ ਦਾ ਰੁੱਖ ਵੱਢਦੇ ਰਹੇ
ਤੇ ਉਹ ਤੇ ਮੈਂ
ਆਪਣੇ ਆਪਣੇ ਦਾਇਰਿਆਂ 'ਚ ਕੈਦ
ਖੇੜਿਆਂ ਦੇ ਗੀਤ ਗਾਉਂਦੇ ਰਹੇ........।
ਜਾਂ ਫਿਰ ਇਹ ਯਾਦ ਏ
ਕਿ ਰੱਬ ਦੇ ਆਦਮਜ਼ਾਤ ਨੂੰ ਦਿੱਤੇ ਸਰਾਪ ਨੂੰ
ਦਿਲ 'ਚ ਨੀਂਹ ਪੱਥਰ ਵਾਂਗ ਰੱਖ
ਜਦ ਮੈਂ ਤੁਰਿਆ ਸਾਂ ਪ੍ਰਦੇਸੀ ਹੋ
ਤਾਂ ਮੇਰੀਆਂ ਅੱਖਾਂ ਦੀ ਦਹਿਲੀਜ਼ ਤੇ
ਸੁਪਨਿਆਂ ਦੇ ਹੰਝੂ
ਉਨੀਂਦਰੇ ਬਣ ਆਠਰ ਗਏ ਸਨ.....।
ਅੱਜ ਮੁੱਦਤ ਬਾਅਦ, ਮੇਰੇ ਪਤੇ ਤੇ
ਆਇਆ ਹੈ ਫਿਰ
ਇੱਕ ਬਿਨਾ ਪਤੇ ਵਾਲਾ ਖ਼ਤ
ਤੇ ਉਹ ਜੰਮੇ ਹੰਝੂ
ਤ੍ਰੇਲ ਬਣ
ਜ਼ਿਹਨ ਦੀਆਂ ਉਂਗਲਾਂ ਵਿਚਕਾਰ
ਸੂਰਜ-ਰੇਖਾ ਬਣ ਵਹਿ ਪਏ ਨੇ.......।
* ਪ੍ਰੋਮੀਥੀਅਸ - ਯੂਨਾਨੀ ਦੇਵਤਾ
Subscribe to:
Post Comments (Atom)
No comments:
Post a Comment