Tuesday, September 1, 2009

ਬਿਨਾਂ ਪਤੇ ਵਾਲਾ ਖ਼ਤ : ਬੋਲਾ ਗੂੰਗਾ ਸ਼ਹਿਰ

ਪੰਜਾਬ -1988

ਦਿਨ ਦਾ ਹਨ੍ਹੇਰ ਛੁਪਦੇ ਹੀ
ਰਾਤ ਦੀ ਸਰਾਪੀ ਧੁੱਪ ਨਿਕਲਦੀ ਹੈ
ਸ਼ਹਿਰ ਦੀ ਉਦਾਸੀ ਉਬਾਸੀ ਲੈਂਦੀ ਹੈ
ਤੇ ਸ਼ਹਿਰ ਦੀ ਨਬਜ਼ ਖਲੋਅ ਜਾਂਦੀ ਹੈ....

ਮੜ੍ਹੀਆਂ ਦਾ ਦੀਵਾ ਭੜਕਦਾ ਹੈ
ਮਸਾਣਾਂ ਦਾ ਭੂਤ ਵਰਗਾ ਸਾਇਆ
ਸ਼ਹਿਰ ਤੇ ਤਾਂਡਵ ਨਾਚ ਕਰਦਾ ਹੈ
ਸ਼ਹਿਰ ਚੁੱਪ ਦੀ ਬੁੱਕਲ ਮਾਰ ਲੈਂਦਾ ਹੈ ....
ਤੇ ਕਬਰਾਂ ਦੇ ਉੱਲੂ ਦੀ ਕੂਕ ਵਾਂਗਰ
ਵੈਣ ਉਗਲਦੀ ਏ.ਕੇ.ਸੰਤਾਲੀ
ਇਸ ਚੁੱਪ ਨੂੰ ਹੋਰ ਗੂੜ੍ਹਾ ਕਰ ਦਿੰਦੀ ਹੈ
.....................

ਲੋਕ ਕੰਧਾਂ 'ਚ ਤੁਰਦੇ ਨੇ
ਲੋਕ ਕੰਧਾਂ 'ਚ ਜਿਉਂਦੇ ਨੇ
ਕੰਧਾਂ ਸੰਗ ਰਿਸ਼ਤੇ ਪਾਉਂਦੇ ਨੇ
ਦਿਲ 'ਚ ਵੀ ਕੰਧਾਂ ਹੰਢਾਉਂਦੇ ਨੇ
ਤੇ ਦਿਨ ਖੜ੍ਹੇ ਹੀ ਦੁਬਕ ਜਾਂਦੇ ਨੇ
ਪਾਂ ਖਾਧੇ ਕਤੂਰਿਆਂ ਵਾਂਗ
ਆਪੋ ਆਪਣੇ ਘੁਰਨਿਆਂ ਵਿੱਚ
......................
ਸ਼ਹਿਰ ਬੋਲਾ ਹੋ ਗਿਆ ਏ....
ਸ਼ਹਿਰ ਗੂੰਗਾ ਹੋ ਗਿਆ ਏ....
ਪਰ ਪਤਾ ਨਹੀਂ ਕਿਹੜੇ ਗੁਨਾਹ ਦੀ ਸਜ਼ਾ ਹੈ
ਕਿ ਇਹ ਅੰਨ੍ਹਾਂ ਨਹੀਂ ਹੋਇਆ
ਤੇ ਮੇਰੇ ਘਰ ਦੀ ਚੁਗਾਠ 'ਚੋਂ
ਇਹ ਬਾਹਰ ਤੱਕਦਾ ਹੈ
ਕਿ ਅਸੀਂ ਛੋਟੇ ਹੁੰਦੇ
ਜਿਨ੍ਹਾਂ ਫੌਜੀ ਗੱਡੀਆਂ ਨੂੰ
ਘਰੋਂ ਬਾਹਰ ਆ ਕੇ
ਟਾ-ਟਾ ਕਰਦੇ ਹੁੰਦੇ ਸਾਂ
ਮੇਰਾ ਬੱਚਾ ਉਨ੍ਹਾਂ ਦੀ ਆਵਾਜ਼ ਸੁਣ
ਮਾਂ ਦੀ ਬੁੱਕਲ ਵਿੱਚ ਮੂੰਹ ਗੱਡ ਦਿੰਦਾ ਹੈ....

ਸ਼ਹਿਰ ਬੋਲਾ ਹੋ ਗਿਆ ਏ
ਸ਼ਹਿਰ ਗੂੰਗਾ ਹੋ ਗਿਆ ਏ

ਤੇ ਮੈਂ ਇਸ
ਬੋਲੇ ਗੂੰਗੇ ਸ਼ਹਿਰ ਨੂੰ ਕਿਵੇਂ ਦੱਸਾਂ
ਕਿ ਕਦੇ ਪਤਝੜ ਆਉਣ ਨਾਲ
ਪਰਿੰਦੇ ਤਾਂ ਨਹੀਂ ਉੱਜੜਦੇ......!
ਮੈਂ ਇਸ ਬੋਲੇ ਗੂੰਗੇ ਸ਼ਹਿਰ ਨੂੰ ਕਿਵੇਂ ਦੱਸਾਂ
ਕਿ ਕਦੇ ਔੜ 'ਚ
ਨਦੀਆਂ ਦੇ ਕਿਨਾਰੇ ਤਾਂ ਨਹੀਂ ਢਹਿੰਦੇ.....!!
ਮੈਂ ਇਸ ਬੋਲੇ ਗੂੰਗੇ ਸ਼ਹਿਰ ਨੂੰ ਕਿਵੇਂ ਦੱਸਾਂ
ਕਿ ਮੈਨੂੰ ਉਸ ਦੇ ਉਦਾਸੇ ਚਿਹਰੇ ਪਿਛੋਂ ਵੀ
ਇੱਕ ਸੋਨ-ਸਵੇਰ ਦਿਸਦੀ ਹੈ-
ਮਹਿਬੂਬ ਦੀਆਂ ਨਮ ਅੱਖਾਂ 'ਚ
ਛੁਪੀ ਮੂਕ-ਆਵਾਜ਼ ਵਰਗੀ.....!!!!

ਕਿ ਸ਼ਹਿਰ ਬੋਲਾ ਹੋ ਗਿਆ ਏ....
ਕਿ ਸ਼ਹਿਰ ਗੂੰਗਾ ਹੋ ਗਿਆ ਏ....

No comments:

Post a Comment